ਲੇਖ ਰਚਨਾ : ਸਾਡੀ ਵਿੱਦਿਆ-ਪ੍ਰਣਾਲੀ


ਸਾਡੀ ਵਿੱਦਿਆ-ਪ੍ਰਣਾਲੀ ਜਾਂ ਭਾਰਤੀ ਵਿੱਦਿਅਕ-ਪ੍ਰਬੰਧ


ਪ੍ਰਾਚੀਨ ਵਿੱਦਿਆ ਪ੍ਰਣਾਲੀ : ਪੁਰਾਤਨ ਸਮੇਂ ਯੂਨਾਨ ਵਿੱਚ ਵਿੱਦਿਆ ਕੇਵਲ ਫ਼ੌਜੀ ਸਿੱਖਿਆ ਅਤੇ ਸੰਗੀਤ ਕਲਾ ਦੀ ਹੁੰਦੀ ਸੀ। ਜਿੱਥੇ ਫ਼ੌਜੀ ਸਿੱਖਿਆ ਵਿਦਿਆਰਥੀਆਂ ਨੂੰ ਅਰੋਗ ਤੇ ਅਨੁਸ਼ਾਸਿਤ ਰਹਿਣ ਦੀ ਜਾਚ ਸਿਖਾਉਂਦੀ ਸੀ, ਉੱਥੇ ਸੰਗੀਤ-ਕਲਾ ਉਨ੍ਹਾਂ ਦੀ ਦਿਮਾਗ਼ੀ ਸੂਝ ਵੀ ਵਧਾਉਂਦੀ ਤੇ ਸੁਹਜ-ਸੁਆਦ ਦੇਂਦੀ ਸੀ। ਇਸੇ ਤਰ੍ਹਾਂ ਭਾਰਤ ਵਿੱਚ ਪੁਰਾਤਨ ਸਮੇਂ ਦੀ ਵਿੱਦਿਆ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਧਾਰਮਕ ਤੇ ਦਾਰਸ਼ਨਿਕ ਵਿਚਾਰਾਂ ਦੁਆਰਾ ਆਤਮਕ ਤੌਰ ਤੇ ਉੱਚਿਆਂ ਕਰਨਾ ਸੀ ਨਾ ਕਿ ਕੇਵਲ ਰੋਜ਼ੀ ਕਮਾਉਣ-ਯੋਗ ਬਣਾਉਣਾ ਸੀ। ਇਨ੍ਹਾਂ ਦੋਹਾਂ ਸੱਭਿਅਤਾਵਾਂ ਵਿੱਚ ਵਿੱਦਿਆ ਨੂੰ ਵਿਵਹਾਰਕ ਤਾਂ ਮੰਨਿਆ ਜਾਂਦਾ ਸੀ ਪਰ ਕੇਵਲ ਰੋਜ਼ਗਾਰ ਦਾ ਸਾਧਨ ਨਹੀਂ ਸੀ ਸਮਝਿਆ ਜਾਂਦਾ।

ਲਾਰਡ ਮੈਕਾਲੇ ਦੀ ਵਿੱਦਿਆ ਪ੍ਰਣਾਲੀ : ਭਾਰਤ ਦੀ ਵਰਤਮਾਨ ਵਿੱਦਿਆ-ਪ੍ਰਣਾਲੀ ਅੰਗਰੇਜ਼ੀ ਰਾਜ ਸਮੇਂ ਲਾਰਡ ਮੈਕਾਲੇ ਨੇ ਤਿਆਰ ਕੀਤੀ ਸੀ। ਇਹ ਪ੍ਰਣਾਲੀ ਜਾਣ-ਬੁੱਝ ਕੇ ਅਜਿਹੀ ਬਣਾਈ ਗਈ ਸੀ ਕਿ ਇਸ ਰਾਹੀਂ ਇੱਕ ਤਾਂ ਈਸਟ ਇੰਡੀਆ ਕੰਪਨੀ ਦੀ ਕਲਰਕ-ਲੋੜ ਪੂਰੀ ਹੋ ਜਾਏ ਅਤੇ ਦੂਜੇ ਲੋਕਾਂ ਵਿੱਚ ਵਿਆਪਕ ਜਾਗਰਤੀ ਨਾ ਪੈਦਾ ਹੋ ਜਾਏ। ਇਸ ਸਬੰਧ ਵਿੱਚ ਲਾਰਡ ਮੈਕਾਲੇ ਨੇ ਸਪੱਸ਼ਟ ਕਿਹਾ ਸੀ, ‘ਮੈਂ ਭਾਰਤ ਵਿੱਚ ਚਿੱਟ-ਕਾਲਰੀਏ ਬਾਬੂ (White-collared Clerks) ਤਿਆਰ ਕਰ ਰਿਹਾ ਹਾਂ।’

ਵਿੱਦਿਆ ਪ੍ਰਣਾਲੀ ਪ੍ਰਤੀ ਅਵੇਸਲਾਪਣ : ਅੱਜ ਸਾਨੂੰ ਅਜ਼ਾਦ ਹੋਇਆਂ ਲਗਭਗ ਸੱਤ ਦਹਾਕੇ ਹੋ ਗਏ ਹਨ ਪਰ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਕੁਝ ਕੁ ਨਾਂ-ਮਾਤਰ ਪ੍ਰੀਵਰਤਨਾਂ ਤੋਂ ਛੁੱਟ ਮੈਕਾਲੇ ਦੀ ਚਲਾਈ ਹੋਈ ਵਿੱਦਿਆ-ਪ੍ਰਣਾਲੀ ਹੁਣ ਵੀ ਨਿਰੰਤਰ ਚੱਲ ਰਹੀ ਹੈ। ਰੂਸ ਤੇ ਅਮਰੀਕਾ ਆਦਿ ਦੇਸ਼ ਨਿੱਤ ਨਵੀਆਂ ਕਾਢਾਂ ਕੱਢ ਕੇ ਸਾਨੂੰ ਵਿੱਦਿਆ ਦੇ ਹਰ ਖੇਤਰ ਵਿੱਚ ਪਿੱਛੇ ਛੱਡਦੇ ਚਲੇ ਜਾ ਰਹੇ ਹਨ। ਸਾਡੀ ਤਰੁੱਟੀਆਂ ਭਰੀ ਵਿੱਦਿਆ-ਪ੍ਰਣਾਲੀ ਹੋਣ ਕਰਕੇ ਏਥੋਂ ਦੇ ਵਿਦਿਆਰਥੀ ਆਪਣੀ ਦਿਮਾਗ਼ੀ ਸੂਝ ਸਦਕਾ ਵਿਦੇਸ਼ਾਂ ਵਿੱਚ ਵਿਸ਼ੇਸ਼ਤਾ ਪ੍ਰਾਪਤ ਕਰ ਰਹੇ ਹਨ।

ਬੇਰੁਜ਼ਗਾਰੀ ਵਿੱਚ ਵਾਧਾ : ਜਿਵੇਂ ਕਿ ਅਸੀਂ ਉੱਪਰ ਦੱਸ ਆਏ ਹਾਂ ਕਿ ਇਹ ਵਿੱਦਿਆ-ਪ੍ਰਣਾਲੀ ਕਲਰਕ ਪੈਦਾ ਕਰਨ ਲਈ ਵਿਉਂਤੀ ਗਈ ਸੀ, ਹਾਲਾਂ ਵੀ ਇਹ ਧੜਾ-ਧੜ ਕਲਰਕ ਹੀ ਪੈਦਾ ਕਰ ਰਹੀ ਹੈ। ਹਰ ਸਾਲ ਹਜ਼ਾਰਾਂ ਵਿਦਿਆਰਥੀ ਬੀ. ਏ. ਜਾਂ ਐੱਮ. ਏ. ਆਦਿ ਦੀਆਂ ਡਿਗਰੀਆਂ ਪ੍ਰਾਪਤ ਕਰਦੇ ਹਨ। ਉਹ ਕਲਰਕੀ ਜਾਂ ਦਫ਼ਤਰੀ ਲਿਖਾ-ਪੜ੍ਹੀ ਤੋਂ ਬਿਨਾਂ ਹੋਰ ਕੰਮਾਂ ਲਈ ਅਯੋਗ ਸਿੱਧ ਹੁੰਦੇ ਹਨ। ਫਲਸਰੂਪ ਦੇਸ਼ ਵਿੱਚ ਪੜ੍ਹਿਆਂ ਦੀ ਬੇਰੋਜ਼ਗਾਰੀ ਦਿਨੋਂ-ਦਿਨ ਵਧ ਰਹੀ ਹੈ।

ਕਿੱਤਾਕਾਰੀ ਸਿੱਖਿਆ ਦੀ ਘਾਟ : ਇਸ ਵਿੱਦਿਆ ਪ੍ਰਣਾਲੀ ਵਿੱਚ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਕੋਈ ਤਕਨੀਕੀ ਕੰਮ ਨਹੀਂ ਸਿਖਾਇਆ ਜਾਂਦਾ, ਜਿਸ ਕਰਕੇ ਸਾਡੇ ਪੜੇ ਲਿਖੇ ਹੱਥੀਂ ਕੰਮ ਕਰਨ ਨੂੰ ਆਪਣੀ ਹੇਠੀ ਸਮਝਦੇ ਹਨ। ਉਹ ਤਾਂ ਅਜਿਹਾ ਕੰਮ ਕਰਨਾ ਪਸੰਦ ਕਰਦੇ ਹਨ ਜਿੱਥੇ ਕੁਰਸੀ ‘ਤੇ ਬੈਠ ਕੇ ਕੇਵਲ ਕਲਮ ਚਲਾਉਣੀ ਪਵੇ। ਵਿਕਾਸਸ਼ੀਲ ਦੇਸ਼ਾਂ ਦੇ ਵਿਦਿਆਰਥੀ ਹੱਥੀਂ ਕੰਮ ਕਰਨ ਵਿੱਚ ਆਪਣਾ ਮਾਣ ਸਮਝਦੇ ਹਨ। ਸਾਡੀ ਵਿੱਦਿਆ-ਪ੍ਰਣਾਲੀ ਵਿਦਿਆਰਥੀ-ਜਗਤ ਵਿੱਚ ਹੱਥੀਂ ਕੰਮ ਕਰਨ ਦੀ ਭਾਵਨਾ ਪੈਦਾ ਕਰਨੇ ਅਸਮਰਥ ਸਿੱਧ ਹੋਈ ਹੈ। ਸਾਡਾ ਇੰਜੀਨੀਅਰਿੰਗ ਪਾਸ ਵਿਦਿਆਰਥੀ ਵੀ ਆਪ ਹੱਥੀਂ ਕੰਮ ਕਰਨ ਦੀ ਥਾਂ ਆਪਣੇ ਅਧੀਨ ਕਰਮਚਾਰੀਆਂ ਉੱਤੇ ਅਫ਼ਸਰੀ ਕਰਨੀ ਚਾਹੁੰਦਾ ਹੈ। ਇਸ ਪ੍ਰਣਾਲੀ ਨੇ ਉਸ ਨੂੰ ਮਾਨਸਿਕਤਾ ਹੀ ਅਜਿਹੀ ਬਖ਼ਸ਼ੀ ਹੈ।

ਅਸੰਤੋਸ਼ਜਨਕ ਇਮਤਿਹਾਨੀ ਪ੍ਰਬੰਧ : ਸਾਡੀ ਵਿੱਦਿਆ – ਪ੍ਰਣਾਲੀ ਦਾ ਇਮਤਿਹਾਨੀ ਢੰਗ ਅਵਿਗਿਆਨਕ ਹੈ। ਸਾਲ ਦੇ ਅੰਤ ਵਿੱਚ ਵਿਦਿਆਰਥੀਆਂ ਦੀ ਯੋਗਤਾ ਪਰਖਣ ਲਈ, ਨਿਸ਼ਚਿਤ ਪਾਠ-ਕ੍ਰਮ ਵਿੱਚ ਲਿਖਤੀ ਇਮਤਿਹਾਨ ਲਿਆ ਜਾਂਦਾ ਹੈ। ਕਈ ਵਿਦਿਆਰਥੀ, ਭਾਵੇਂ ਕਿੰਨਾ ਲਾਇਕ ਤੇ ਮਿਹਨਤੀ ਕਿਉਂ ਨਾ ਹੋਵੇ ਜੇ ਬੀਮਾਰੀ ਜਾਂ ਕਿਸੇ ਹੋਰ ਬਿਪਤਾ ਕਾਰਣ ਇਮਤਿਹਾਨ ਨਾ ਦੇ ਸਕੇ ਜਾਂ ਨੀਅਤ ਤਿੰਨਾਂ ਘੰਟਿਆਂ ਵਿੱਚ ਪ੍ਰਸ਼ਨਾਂ ਦੇ ਠੀਕ ਉੱਤਰ ਨਾ ਲਿਖ ਸਕੇ ਤਾਂ ਉਸ ਦਾ ਸਾਲ ਮਾਰਿਆ ਜਾਂਦਾ ਹੈ। ਇਸ ਤਰ੍ਹਾਂ ਦੇ ਇਮਤਿਹਾਨੀ ਪ੍ਰਬੰਧ ਵਿੱਚ ਵਿਦਿਆਰਥੀਆਂ ਨੂੰ ਚੰਗੇ ਨੰਬਰ ਲੈਣ ਲਈ ਨਿਸ਼ਚਿਤ ਪਾਠ-ਪੁਸਤਕਾਂ ਦਾ ਰੱਟਾ ਲਾਉਣਾ ਪੈਂਦਾ ਹੈ; ਅਰਥਾਤ ਉਹਨਾਂ ਨੂੰ ਬਿਨਾਂ ਸਮਝੇ ਜ਼ਬਾਨੀ ਯਾਦ ਕਰਨਾ ਪੈਂਦਾ ਹੈ। ਇਸ ਤਰ੍ਹਾਂ ਵਿਦਿਆਰਥੀ ਨਿਰੋਲ ਕਿਤਾਬੀ ਕੀੜੇ ਬਣ ਜਾਂਦੇ ਹਨ। ਉਨ੍ਹਾਂ ਦੇ ਵਿਅਕਤਿਤਵ ਤੇ ਦਿਮਾਗ਼ੀ ਸੂਝ ਨੂੰ ਵਿਕਾਸ ਦਾ ਅਵਸਰ ਨਹੀਂ ਮਿਲਦਾ। ਇਹ ਆਮ ਵੇਖਣ ਵਿੱਚ ਆਉਂਦਾ ਹੈ ਕਿ ਕਈ ਵਾਰ ਨਲਾਇਕ ਵਿਦਿਆਰਥੀ ਬਹੁਤ ਚੰਗੇ ਨੰਬਰ ਲੈ ਕੇ ਅਤੇ ਲਾਇਕ ਵਿਦਿਆਰਥੀ ਘੱਟ ਨੰਬਰ ਲੈ ਕੇ ਪਾਸ ਹੁੰਦੇ ਹਨ। ਅਮਰੀਕਾ ਵਿੱਚ ਸਾਲ ਵਿੱਚ ਚਾਰ ਇਮਤਿਹਾਨ ਹੁੰਦੇ ਹਨ ਅਤੇ ਸਾਲ ਦੇ ਅੰਤ ਵਿੱਚ ਯੋਗਤਾ ਦਾ ਸਰਟੀਫ਼ਿਕੇਟ ਦੇਣ ਸਮੇਂ ਚੌਹਾਂ ਇਮਤਿਹਾਨਾਂ ਦੇ ਨੰਬਰ ਸਾਹਮਣੇ ਰੱਖੇ ਜਾਂਦੇ ਹਨ।

ਵਿੱਦਿਆ ਪ੍ਰਣਾਲੀ ਵਿੱਚ ਸੁਧਾਰ ਲਈ ਸੁਝਾਅ : ਸਾਡੀ ਵਿੱਦਿਆ-ਪ੍ਰਣਾਲੀ ਨੂੰ ਚੰਗੇਰਾ ਬਣਾਉਣ ਲਈ ਕੁਝ ਨਿਮਨ-ਲਿਖਤ ਸੁਝਾਅ ਵਿਚਾਰੇ ਜਾ ਸਕਦੇ ਹਨ :

1. ਮਾਤ-ਭਾਸ਼ਾ ਨੂੰ ਮਾਧਿਅਮ ਬਣਾਉਣਾ : ਮਾਤ-ਭਾਸ਼ਾ ਨੂੰ ਵਿੱਦਿਆ ਦਾ ਮਾਧਿਅਮ ਬਣਾਉਣਾ ਚਾਹੀਦਾ ਹੈ। ਅੰਗਰੇਜ਼ਾਂ ਨੇ ਅੰਗਰੇਜ਼ੀ ਨੂੰ ਵਿੱਦਿਆ ਦਾ ਮਾਧਿਅਮ ਇਸ ਲਈ ਬਣਾਇਆ ਸੀ ਕਿ ਉਨ੍ਹਾਂ ਨੂੰ ਭਾਰਤੀ ਬੋਲੀਆਂ ਸਿੱਖੇ ਬਗ਼ੈਰ ਭਾਰਤੀਆਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਉੱਤੇ ਹਕੂਮਤ ਕਰਨ ਵਿੱਚ ਅਸਾਨੀ ਰਹੇ। ਅਜੇ ਵੀ ਸਾਡੇ ਦੇਸ਼ ਵਿੱਚ ਸੈਕੰਡਰੀ ਅਤੇ ਯੂਨੀਵਰਸਿਟੀ ਵਿੱਦਿਆ ਦਾ ਮਾਧਿਅਮ ਵਧੇਰੇ ਕਰਕੇ ਅੰਗਰੇਜ਼ੀ ਹੀ ਹੈ। ਅਠਵੀਂ ਤੀਕ ਇੱਕ ਵਿਦਿਆਰਥੀ ਸਭ ਮਜ਼ਮੂਨ ਆਪਣੀ ਮਾਤ-ਭਾਸ਼ਾ ਵਿੱਚ ਪੜ੍ਹਦਾ ਹੈ, ਨੌਵੀਂ ਵਿੱਚ ਆ ਕੇ ਇੱਕਦਮ ਉਸ ਨੂੰ ਅੰਗਰੇਜ਼ੀ ਵਿੱਚ ਪੜ੍ਹਨਾ ਪੈਂਦਾ ਹੈ। ਅੰਗਰੇਜ਼ੀ ਇੱਕ ਵਿਦੇਸ਼ੀ ਬੋਲੀ ਹੈ। ਵਿਦਿਆਰਥੀਆਂ ਦੀ ਇਹ ਯੋਗ ਸ਼ਿਕਾਇਤ ਜ਼ੋਰ ਪਕੜ ਰਹੀ ਹੈ ਕਿ ਉਨ੍ਹਾਂ ਨੂੰ ਅੰਗਰੇਜ਼ੀ ਵਿੱਚ ਕਹੀ ਜਾਂ ਲਿਖੀ ਗੱਲ ਛੇਤੀ ਸਮਝ ਨਹੀਂ ਆਉਂਦੀ। ਇਸ ਤੋਂ ਪਹਿਲਾਂ ਕਿ ਸਾਡੀ ਅੰਗਰੇਜ਼ੀ ਦੀ ਗ਼ੁਲਾਮੀ ਸਾਨੂੰ ਉੱਕਾ ਹੀ ਖੋਖਲਾ ਕਰ ਦੇਵੇ ਤੇ ਵਿਦਿਆਰਥੀ ਆਪਣੀ ਆਈ ‘ਤੇ ਆ ਕੇ ਕੁਝ ਕਰ ਬੈਠਣ, ਸਾਨੂੰ ਹਰ ਪੱਧਰ ਦੀ ਵਿੱਦਿਆ ਮਾਤ ਭਾਸ਼ਾ ਵਿੱਚ ਦੇਣ ਦਾ ਲੋੜੀਂਦਾ ਪ੍ਰਬੰਧ ਕਰ ਲੈਣਾ ਚਾਹੀਦਾ ਹੈ। ਨਿਰਸੰਦੇਹ ਅੱਗੇ ਚੱਲ ਕੇ ਹਿੰਦੀ ਤੇ ਅੰਗਰੇਜ਼ੀ ਨੂੰ ਲੋੜੀਂਦਾ ਮਹੱਤਵ ਦੇਣਾ ਚਾਹੀਦਾ ਹੈ ਪਰ ਮਾਤ-ਭਾਸ਼ਾ ਦਾ ਮਹੱਤਵ ਵਡੇਰਾ ਹੈ।

2. ਭਾਰਤੀ ਸੱਭਿਅਤਾ ਨਾਲ ਸੰਬੰਧਿਤ ਪਾਠ-ਪੁਸਤਕਾਂ : ਸਾਡੀਆਂ ਪਾਠ-ਪੁਸਤਕਾਂ ਪੱਛਮੀ ਦੀ ਥਾਂ ਭਾਰਤੀ ਸੱਭਿਅਤਾ ਤੇ ਸੱਭਿਆਚਾਰ ਸਬੰਧੀ ਗਿਆਨ ਦੇਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਰਮਾਇਣ, ਮਹਾਂਭਾਰਤ, ਗੀਤਾ ਅਤੇ ਹੋਰ ਭਾਰਤੀ ਗ੍ਰੰਥਾਂ, ਗਿਆਨ-ਭੰਡਾਰਾਂ ਵੱਲ ਉਚੇਰਾ ਧਿਆਨ ਦੇਣ ਦੀ ਲੋੜ ਹੈ। ਇਸ ਨਾਲ ਵਿਦਿਆਰਥੀ ਸੱਭਿਆਚਾਰ ਰੂਪ ਵਿੱਚ ਚੇਤੰਨ ਹੋ ਕੇ ਜੀਵਨ ਦਾ ਮਨੋਰਥ ਸਮਝ ਸਕਦਾ ਹੈ।

3. ਵਿਦਿਆਰਥੀਆਂ ਤੇ ਅਧਿਆਪਕਾਂ ਵਿੱਚ ਸਾਂਝ : ਵਿਦਿਆਰਥੀ-ਅਧਿਆਪਕ ਸੰਬੰਧਾਂ ਵਿੱਚ ਪ੍ਰੀਵਰਤਨ ਲਿਆਉਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਵਿੱਦਿਆ ਸੰਸਥਾਵਾਂ ਵਿੱਚ ਅਨੁਸ਼ਾਸਨ-ਹੀਣਤਾ ਵਧਦੀ ਜਾਵੇਗੀ। ਅਧਿਆਪਕ ਤੂੜੀ ਵਾਂਗ ਭਰੀਆ ਜਮਾਤਾਂ ਵਿੱਚ ਲੈਕਚਰ ਦੇ ਕੇ ਆ ਜਾਂਦੇ ਹਨ। ਉਨ੍ਹਾਂ ਲਈ ਵਿਦਿਆਰਥੀ ਨਿਰੇ ਰੋਲ ਨੰਬਰ ਹੀ ਹਨ। ਦੋਹਾਂ ਧਿਰਾਂ ਨੂੰ ਇੱਕ ਦੂਜੇ ਨੂੰ ਸਮਝਣ ਦਾ ਅਵਸਰ ਹੀ ਨਹੀਂ ਮਿਲਦਾ। ਨਾਲ ਵਿਦਿਆਰਥੀਆਂ ਨੂੰ ਅਧਿਆਪਕਾਂ ਦੀ ਕੋਈ ਪ੍ਰਵਾਹ ਨਹੀਂ ਕਿਉਂਕਿ ਉਨ੍ਹਾਂ ਦੇ ਪਾਸ-ਫ਼ੇਲ੍ਹ ਜਾਂ ਚੰਗੇ-ਮਾੜੇ ਦਾ ਨਤੀਜਾ ਅਧਿਆਪਕਾਂ ਨੇ ਨਹੀਂ, ਸਗੋਂ ਯੂਨੀਵਰਸਿਟੀ ਨੇ ਕੱਢਣਾ ਹੁੰਦਾ ਹੈ। ਅਗਾਂਹ-ਵਧੂ ਦੇਸ਼ਾਂ ਵਿੱਚ ਵਿਦਿਆਰਥੀ ਆਪ ਪੜ੍ਹਦੇ ਹਨ, ਅਧਿਆਪਕ ਕੇਵਲ ਇੱਕ ਗਾਈਡ ਦਾ ਹੀ ਕੰਮ ਕਰਦੇ ਹਨ, ਪਰ ਸਾਡੇ ਦੇਸ਼ ਵਿੱਚ ਅਧਿਆਪਕ ਪੜ੍ਹਾਉਂਦੇ ਤੇ ਨੋਟ ਲਿਖਾਂਦੇ ਹਨ ਅਤੇ ਵਿਦਿਆਰਥੀ ਕੇਵਲ ਉਨ੍ਹਾਂ ਨੋਟਾਂ ਨੂੰ ਘੋਟਾ ਲਾਉਂਦੇ ਹਨ।

4. ਪਿੰਡਾਂ ਵਿੱਚ ਵਿੱਦਿਆ ਦਾ ਪ੍ਰਸਾਰ : ਵਿੱਦਿਆ-ਪ੍ਰਾਪਤੀ ਦੇ ਸਾਧਨ ਵਿਸ਼ੇਸ਼ ਕਰਕੇ ਪਿੰਡਾਂ ਵਿੱਚ ਵਧਾਉਣੇ ਚਾਹੀਦੇ ਹਨ। ਸਾਡੇ ਕੋਲ ਵਿੱਦਿਆ ਦਾ ਸਾਧਨ ਕੇਵਲ ਪਾਠ-ਪੁਸਤਕਾਂ ਹੀ ਹਨ, ਜਦ ਕਿ ਯੂਰਪ ਦੇ ਕਈ ਦੇਸ਼ ਸਿਨੇਮੇ, ਰੇਡੀਓ ਅਤੇ ਟੈਲੀਵੀਯਨ ਰਾਹੀਂ ਵਿੱਦਿਆ ਦੇਂਦੇ ਹਨ। ਇਨ੍ਹਾਂ ਸਾਧਨਾਂ ਰਾਹੀਂ ਗ੍ਰਹਿਣ ਕੀਤੀ ਹੋਈ ਵਿੱਦਿਆ ਵਿਦਿਆਰਥੀ ਦੇ ਮਨ ਵਿੱਚ ਛੇਤੀ ਘਰ ਕਰ ਜਾਂਦੀ ਹੈ। ਇਹ ਇੱਕ ਮਨੋਵਿਗਿਆਨਕ ਸਚਾਈ ਹੈ ਕਿ ਅੱਖਾਂ ਨਾਲ ਵੇਖੀ ਅਤੇ ਕੰਨਾਂ ਨਾਲ ਸੁਣੀ ਗੱਲ ਵਧੇਰੇ ਅਸਰਦਾਇਕ ਹੁੰਦੀ ਹੈ। ਇਸ ਲਈ ਸਿਨੇਮਾ, ਰੇਡੀਓ ਤੇ ਟੈਲੀਵੀਯਨ ਵਿੱਦਿਆ ਦੇਣ ਦੇ ਲਾਭਦਾਇਕ ਸਾਧਨ ਸਿੱਧ ਹੋ ਸਕਦੇ ਹਨ। ਨਾਲੇ ਸਾਡੇ ਦੇਸ਼ ਵਿੱਚ ਜਿਹੜੇ ਥੋੜ੍ਹੇ-ਬਹੁਤ ਵਿੱਦਿਆ ਦੇ ਸਾਧਨ ਹਨ, ਉਹ ਸ਼ਹਿਰਾਂ ਵਿੱਚ ਹਨ, ਪਿੰਡਾਂ ਵਿੱਚ ਘੱਟ ਹਨ, ਜਦ ਕਿ ਭਾਰਤ ਦੀ ਜ਼ਿਆਦਾ ਵਸੋਂ ਪਿੰਡਾਂ ਵਿੱਚ ਹੈ।

5. ਇਸਤਰੀਆਂ ਲਈ ਖ਼ਾਸ ਮੌਕੇ : ਵਿੱਦਿਅਕ ਪ੍ਰਣਾਲੀ ਵਿੱਚ ਇਸਤਰੀਆਂ ਨੂੰ ਉੱਨਤੀ ਲਈ ਯੋਗ ਅਵਸਰ ਦੇਣੇ ਚਾਹੀਦੇ ਹਨ। ਇਨ੍ਹਾਂ ਦੇ ਕੁਝ ਕੋਰਸ ਮੁੰਡਿਆਂ ਨਾਲੋਂ ਵੱਖਰੇ ਹੋਣੇ ਚਾਹੀਦੇ ਹਨ। ਇਨ੍ਹਾਂ ਦੀ ਵਿੱਦਿਆ ਅਜਿਹੀ ਹੋਣੀ ਚਾਹੀਦੀ ਹੈ, ਜਿਸ ਨਾਲ ਇਹ ਆਪਣੇ ਘਰ ਨੂੰ ਚੰਗੀ ਤਰ੍ਹਾਂ ਸਾਂਭਣ ਵਿੱਚ ਸਫਲ ਹੋ ਸਕਣ ਅਤੇ ਲੋੜ ਅਨੁਸਾਰ ਰੋਜ਼ੀ ਵੀ ਕਮਾ ਸਕਣ।

6. ਵਿੱਦਿਆ ‘ਤੇ ਸਰਕਾਰੀ ਕਬਜ਼ਾ : ਵਿੱਦਿਆ ਪ੍ਰਬੰਧ ਸਰਕਾਰੀ ਹੱਥਾਂ ਵਿੱਚ ਹੋਣਾ ਚਾਹੀਦਾ ਹੈ; ਪ੍ਰਾਈਵੇਟ ਹੱਥਾਂ ਵਿੱਚ ਹੋਣ ਕਰਕੇ ਸਾਡੇ ਦੇਸ਼ ਵਿੱਚ ਵਿੱਦਿਆ ਪ੍ਰਾਪਤ ਕਰਨੀ ਮਹਿੰਗੀ ਪੈਂਦੀ ਹੈ। ਗ਼ਰੀਬ ਚੰਗੇਰੀ ਤੇ ਉਚੇਰੀ ਵਿੱਦਿਆ ਲੈ ਹੀ ਨਹੀਂ ਸਕਦੇ। ਉਹ ਸਕੂਲਾਂ-ਕਾਲਜਾਂ ਦੀਆਂ ਫ਼ੀਸਾਂ, ਕਿਤਾਬਾਂ-ਕਾਪੀਆਂ ਅਤੇ ਖਾਣ-ਪੀਣ ਦੇ ਖ਼ਰਚ ਦਾ ਭਾਰ ਸਹਿਨ ਨਹੀਂ ਕਰ ਸਕਦੇ। ਜੇ ਸਰਕਾਰੀ ਸੰਸਥਾਵਾਂ ਵਿੱਚ ਵਿੱਦਿਆ ਮੁਫ਼ਤ ਦਿੱਤੀ ਜਾਏਗੀ ਤਾਂ ਹਰ ਕੋਈ ਆਪਣੀ ਇੱਛਾ ਅਨੁਸਾਰ ਪੜ੍ਹ ਕੇ ਤਰੱਕੀ ਕਰ ਸਕੇਗਾ। ਨਾਲੇ ਦੇਸ਼ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਵਿਭਿੰਨ ਕਾਲਜਾਂ ਵਿੱਚ ਸੀਟਾਂ ਰੱਖੀਆਂ ਜਾ ਸਕਣਗੀਆਂ। ਹੁਣ ਤਾਂ ਆਮ ਵੇਖਣ ਵਿੱਚ ਆਉਂਦਾ ਹੈ ਕਿ ਕਿਸੇ ਸਾਲ ਇੰਜੀਨੀਅਰਿੰਗ ਕਾਲਜਾਂ ਵਿੱਚ ਦਾਖ਼ਲਾ ਵਧ ਜਾਂਦਾ ਹੈ, ਕਿਸੇ ਸਾਲ ਮੈਡੀਕਲ ਕਾਲਜਾਂ ਅਤੇ ਕਿਸੇ ਸਾਲ ਟਰੇਨਿੰਗ ਕਾਲਜਾਂ ਆਦਿ ਵਿੱਚ। ਇਸ ਤਰ੍ਹਾਂ ਵੱਧ ਦਾਖ਼ਲੇ ਵਾਲੇ ਖੇਤਰ ਵਿੱਚ ਲੋੜ ਤੋਂ ਵੱਧ ਵਿਦਿਆਰਥੀ ਡਿਗਰੀਆਂ ਪ੍ਰਾਪਤ ਕਰ ਲੈਂਦੇ ਹਨ ਅਤੇ ਬੇਰੋਜ਼ਗਾਰੀ ਫੈਲਦੀ ਹੈ।

ਸਿੱਟਾ : ਉਪਰੋਕਤ ਵਿਚਾਰ ਤੋਂ ਸਪੱਸ਼ਟ ਹੈ ਕਿ ਸਾਡੀ ਵਿੱਦਿਆ ਪ੍ਰਣਾਲੀ ਵਿੱਚ ਕਈ ਊਣਤਾਈਆਂ ਹਨ। ਇਹ ਊਣਤਾਈਆਂ ਦੇਸ਼ ਵਿੱਚ ਕਈ ਰਾਜਸੀ, ਆਰਥਿਕ ਤੇ ਸਮਾਜਕ ਸਮੱਸਿਆਵਾਂ ਨੂੰ ਜਨਮ ਦੇ ਰਹੀਆਂ ਹਨ। ਸਾਡੀ ਸਰਕਾਰ ਨੂੰ ਵਿੱਦਿਅਕ ਪ੍ਰਣਾਲੀ ਦੇ ਸੁਧਾਰ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਪੂਰਨ ਆਸ ਹੈ ਕਿ ਇਸ ਸੁਧਾਰ ਨਾਲ ਆਪਣੇ ਆਪ ਕਈ ਬੁਰਾਈਆਂ ਦਾ ਭੋਗ ਪੈ ਜਾਏਗਾ। ਇਸ ਕੰਮ ਲਈ ਕੌਮੀ ਸਹਿਮਤੀ ਪੈਦਾ ਕਰਨ ਦੀ ਵੀ ਲੋੜ ਹੈ ਅਤੇ ਸਹੀ ਰੂਪ ਵਿੱਚ ਵਿੱਦਿਆ-ਸ਼ਾਸਤਰੀਆਂ ਦਾ ਸਹਿਯੋਗ ਪ੍ਰਾਪਤ ਕਰਨ ਦੀ ਵੀ ਜ਼ਰੂਰਤ ਹੈ।