ਲੇਖ ਰਚਨਾ : ਸਮੇਂ ਦੀ ਮਹੱਤਤਾ


ਬੀਤਿਆ ਹੋਇਆ ਸਮਾਂ ਵਾਪਸ ਨਹੀਂ ਆਉਂਦਾ


ਮਨੁੱਖੀ ਮਨ ਚੰਚਲ ਹੈ। ਮਨੁੱਖ ਆਪਣੀ ਇਸ ਚੰਚਲਤਾ ਕਾਰਨ ਕਈ ਵਾਰ ਸੱਚਾਈ ਤੋਂ ਬੇਖ਼ਬਰ ਇਹੋ ਜਿਹੀਆਂ ਬੁਰਾਈਆਂ ਵਿੱਚ ਫਸ ਜਾਂਦਾ ਹੈ, ਜਿਸ ਵਿੱਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਮਨੁੱਖ ਦੇ ਅੰਦਰ ਸਤ-ਅਸਤ, ਧਰਮ-ਅਧਰਮ, ਪਾਪ-ਪੁੰਨ ਆਦਿ ਵਿੱਚ ਇੱਕ ਸੰਘਰਸ਼ ਚਲਦਾ ਰਹਿੰਦਾ ਹੈ, ਉਹ ਕਦੀ ਚੰਗਿਆਈ ਤੇ ਕਦੀ ਬੁਰੀਆਂ ਭਾਵਨਾਵਾਂ ਵੱਲ ਵੱਧਦਾ ਹੈ। ਬੁਰਾਈ ਉਸ ਨੂੰ ਗਿਰਾਵਟ ਵੱਲ ਤੇ ਚੰਗਿਆਈ ਤਰੱਕੀ ਵੱਲ ਲੈ ਜਾਂਦੀ ਹੈ।

ਕਦੀ-ਕਦੀ ਮਨੁੱਖ ਬਿਨਾਂ ਸੋਚੇ ਸਮਝੇ ਇਹੋ ਜਿਹੇ ਕੰਮ ਕਰ ਜਾਂਦਾ ਹੈ ਜਿਸ ਕਾਰਨ ਉਸ ਨੂੰ ਜੀਵਨ ਭਰ ਪਛਤਾਉਣਾ ਪੈਂਦਾ ਹੈ। ਪਛਤਾਵੇ ਦੀ ਅੱਗ ਉਸ ਨੂੰ ਸਾੜਦੀ ਰਹਿੰਦੀ ਹੈ। ਜੇ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਮਨੁੱਖ ਸੋਚ-ਸਮਝ ਕੇ ਫ਼ੈਸਲਾ ਲਵੇ ਤਾਂ ਪਿੱਛੋਂ ਹੱਥ ਮਲਣ ਤੋਂ ਬਚ ਸਕਦਾ ਹੈ। ਕੰਮ ਵਿਗੜਣ ਤੋਂ ਬਾਅਦ ਪਛਤਾਵਾ ਕਰਨ ਦਾ ਕੋਈ ਫ਼ਾਇਦਾ ਨਹੀਂ।

ਹੁਣ ਪਛਤਾਵੇ ਕੀ ਹੋਏ,

ਜਦੋਂ ਚਿੜੀਆਂ ਚੁਗ ਗਈ ਖੇਤ।

ਜਿਸ ਤਰ੍ਹਾਂ ਮੂੰਹ ਵਿੱਚੋਂ ਕੱਢੀ ਗੱਲ, ਕਮਾਨ ਵਿੱਚੋਂ ਨਿਕਲਿਆ ਤੀਰ ਅਤੇ ਸਰੀਰ ਵਿੱਚੋਂ ਨਿਕਲੀ ਆਤਮਾ ਵਾਪਸ ਨਹੀਂ ਆਉਂਦੀ ਬਿਲਕੁਲ ਇਸ ਤਰਾਂ ਹੀ ਬੀਤਿਆ ਸਮਾਂ ਵਾਪਸ ਨਹੀਂ ਆਉਂਦਾ। ਭਾਈ ਵੀਰ ਸਿੰਘ ਵੀ ਸਮੇਂ ਬਾਰੇ ਲਿਖਦੇ ਹਨ –

ਇਹ ਠਹਿਰਨ ਜਾਚ ਨਾ ਜਾਣਦਾ,

ਲੰਘ ਗਿਆ ਮੁੜ ਕੇ ਨਾ ਆਂਵਦਾ।

ਇਸ ਲਈ ਸਹੀ ਸਮੇਂ ‘ਤੇ ਸਹੀ ਫ਼ੈਸਲਾ ਕਰਨਾ ਹੀ ਮਨੁੱਖ ਦਾ ਮੁੱਖ ਫਰਜ਼ ਹੈ। ਵਿਚਾਰ ਕਰਕੇ ਅੱਗੇ ਵਧਣਾ ਹੀ ਸਫਲਤਾ ਦਾ ਮੂਲ ਮੰਤਰ ਹੈ।

ਇਤਿਹਾਸ ਇਹੋ ਜਿਹੀਆਂ ਉਦਾਹਰਨਾਂ ਨਾਲ ਭਰਿਆ ਪਿਆ ਹੈ ਜਦੋਂ ਬਿਨਾਂ ਸੋਚੇ ਸਮਝੇ ਕੀਤੇ ਗਏ ਕੰਮਾਂ ਦਾ ਨਤੀਜਾ ਇੰਨਾ ਭਿਅੰਕਰ ਹੋਇਆ ਕਿ ਕਈ ਵਰ੍ਹੇ ਪਛਤਾਵੇ ਦੀ ਅੱਗ ਵਿੱਚ ਸੜਣ ਤੋਂ ਸਿਵਾਏ ਕੋਈ ਚਾਰਾ ਨਹੀਂ ਰਿਹਾ। ਪ੍ਰਿਥਵੀ ਰਾਜ ਚੌਹਾਨ ਨੇ ਸਤਾਰ੍ਹਾਂ ਵਾਰ ਮੁਹੰਮਦ ਗੌਰੀ ਨੂੰ ਹਰਾਇਆ, ਪਰ ਛੱਡ ਦਿੱਤਾ। ਨਤੀਜਾ ਕੀ ਹੋਇਆ? ਅਠਾਰ੍ਹਵੀਂ ਵਾਰ ਮੁਹੰਮਦ ਗੌਰੀ ਨੇ ਜਦੋਂ ਪਹਿਲੀ ਵਾਰ ਪ੍ਰਿਥਵੀ ਰਾਜ ਚੌਹਾਨ ਨੂੰ ਹਰਾਇਆ ਤਾਂ ਉਸ ਨੇ ਉਸ ਨੂੰ ਛੱਡਣ ਦੀ ਬਜਾਇ ਉਸ ਦਾ ਕਤਲ ਕਰ ਦਿੱਤਾ। ਜੇਕਰ ਪ੍ਰਿਥਵੀ ਰਾਜ ਚੌਹਾਨ ਮੁਹੰਮਦ ਗੌਰੀ ਨੂੰ ਛੱਡਣ ਦੀ ਬਜਾਇ ਉਸ ਦੇ ਜ਼ਹਿਰੀਲੇ ਦੰਦਾ ਨੂੰ ਪਹਿਲਾਂ ਹੀ ਤੋੜ ਦੇਂਦਾ ਤਾਂ ਭਾਰਤ ਦਾ ਇਤਿਹਾਸ ਕੁਝ ਹੋਰ ਹੁੰਦਾ। ਮਹਾਰਾਣੀ ਕੈਕਈ ਨੇ ਬਿਨਾਂ ਸੋਚੇ ਸਮਝੇ ਰਾਮ ਲਈ ਚੋਦਾਂ ਵਰ੍ਹਿਆਂ ਦਾ ਬਨਵਾਸ ਅਤੇ ਆਪਣੇ ਪੁੱਤਰ ਲਈ ਰਾਜਗੱਦੀ ਮੰਗ ਲਈ। ਨਤੀਜਾ ਕੀ ਹੋਇਆ? ਸਭ ਲੋਕਾਂ ਨੇ ਉਸ ਦੀ ਨਿੰਦਿਆ ਕੀਤੀ, ਇੱਥੋਂ ਤੱਕ ਕਿ ਉਸ ਦੇ ਆਪਣੇ ਹੀ ਪੁੱਤਰ ਭਰਤ ਨੇ ਉਸ ਦੀ ਵਿਰੋਧਤਾ ਕੀਤੀ। ਕੈਕਈ ਨੂੰ ਆਪਣੀ ਬੇਇਜਤੀ ਦਾ ਦੁੱਖ ਸਹਿਣਾ ਪਿਆ। ਪਛਤਾਵੇ ਦੀ ਅੱਗ ਵਿੱਚ ਸੜਦੀ ਹੋਈ ਕੈਕਈ ਆਪ ਰਾਮ ਨੂੰ ਵਾਪਸ ਲੈਣ ਚਿਤਰਕੂਟ ਗਈ ਪਰ ਰਾਮ ਨਹੀਂ ਆਏ। ਕੈਕਈ ਨੂੰ ਜੀਵਨ ਭਰ ਪਛਤਾਵੇ ਦੀ ਅੱਗ ਵਿੱਚ ਸੜਣਾ ਪਿਆ। ਰਾਵਣ ਵਰਗੇ ਮਹਾਂਪੰਡਿਤ, ਪ੍ਰਤਾਪੀ, ਸ਼ਿਵਭਗਤ ਰਾਜਾ ਨੇ ਬਿਨਾਂ ਸੋਚੇ ਸਮਝੇ ਸੀਤਾ ਦਾ ਹਰਨ ਕਰ ਲਿਆ ਅਤੇ ਉਸ ਦੀ ਇਹ ਭੁੱਲ ਉਸ ਲਈ ਹੀ ਨਹੀਂ, ਉਸ ਦੇ ਪੂਰੇ ਪਰਿਵਾਰ ਲਈ ਤਬਾਹੀ ਦਾ ਕਾਰਨ ਬਣੀ। ਇੱਥੇ ਇਹ ਚੰਗੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਮਨੁੱਖ ਨੂੰ ਸੋਚ-ਸਮਝ ਕੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਬਿਨਾਂ ਵਿਚਾਰੇ ਕੀਤੇ ਕੰਮ ਦਾ ਨਤੀਜਾ ਦੁੱਖਦਾਈ ਹੁੰਦਾ ਹੈ।