CBSEClass 8 Punjabi (ਪੰਜਾਬੀ)Class 9th NCERT PunjabiEducationNCERT class 10thPunjabi Viakaran/ Punjabi Grammarਲੇਖ ਰਚਨਾ (Lekh Rachna Punjabi)

ਲੇਖ ਰਚਨਾ : ਸਮਾਜ ਸੇਵਕਾ-ਮਦਰ ਟੈਰੇਸਾ


ਸੰਸਾਰ ਭਰ ਵਿੱਚ ਮਨੁੱਖਤਾ ਦੇ ਪਿਆਰ ਨੂੰ ਵੱਡਾ ਧਰਮ ਮੰਨਿਆ ਗਿਆ ਹੈ। ਇਹ ਧਰਮ ਜਾਤੀ, ਕੌਮ, ਦੇਸ਼ ਸਭ ਤੋਂ ਉੱਚਾ ਤੇ ਸੁੱਚਾ ਹੈ। ਇਸ ਧਰਤੀ ‘ਤੇ ਕੁਝ ਅਜਿਹੀਆਂ ਆਤਮਾਵਾਂ ਹੋਈਆਂ ਹਨ ਜਿਨ੍ਹਾਂ ਨੇ ਲੋੜਵੰਦਾਂ ਦੀ ਮਦਦ ਕਰਨ ਵਿੱਚ ਆਪਣਾ ਪੂਰਾ ਜੀਵਨ ਬਤੀਤ ਕੀਤਾ, ਇਨ੍ਹਾਂ ਵਿੱਚੋਂ ਇੱਕ ਸੀ-ਮਦਰ ਟੈਰੇਸਾ। ਆਪ ਨੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਜਾ ਕੇ ਮਨੁੱਖਤਾ ਦੀ ਸੇਵਾ ਕੀਤੀ। ਅਨਾਥਾਂ, ਅਪਾਹਜਾਂ ਅਤੇ ਬੇਸਹਾਰਿਆਂ ਲਈ ਮਦਰ ਹਾਊਸ ਬਣਾਏ ਅਤੇ ਉਨ੍ਹਾਂ ਲਈ ਪੂਰੇ ਪ੍ਰਬੰਧ ਕੀਤੇ।

ਮਦਰ ਟੈਰੇਸਾ ਦਾ ਜਨਮ 27 ਅਗਸਤ, 1910 ਈ. ਵਿੱਚ ਯੂਗੋਸਲਾਵੀਆ ਵਿਖੇ ਹੋਇਆ। ਆਪ ਦੇ ਮਾਤਾ-ਪਿਤਾ ‘ਅਲਬਾਨੀਅਮ’ ਜਾਤੀ ਨਾਲ ਸੰਬੰਧ ਰੱਖਦੇ ਸਨ। ਆਪ ਨੂੰ ਬਚਪਨ ਵਿੱਚ ਹੀ ਧਾਰਮਕ ਕੰਮਾਂ ਵਿੱਚ ਰੁਚੀ ਸੀ ਅਤੇ ਉਹ ਹਮੇਸ਼ਾ ਗਰੀਬ ਬੱਚਿਆਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਸੀ। ਆਪ ਦੀ ਉਮਰ ਕੇਵਲ ਬਾਰ੍ਹਾਂ ਵਰ੍ਹਿਆਂ ਦੀ ਹੀ ਸੀ ਕਿ ਜਦੋਂ ਆਪ ਨੂੰ ਮਿਸ਼ਨਰੀਆਂ ਦੀਆਂ ਸੇਵਾਵਾਂ ਬਾਰੇ ਗਿਆਨ ਹੋਇਆ। ਇਨ੍ਹਾਂ ਨੇ ਬਾਲਪਨ ਵਿੱਚ ਹੀ ਪੱਕਾ ਇਰਾਦਾ ਕਰ ਲਿਆ ਸੀ ਕਿ ਵੱਡੇ ਹੋ ਕੇ ਆਪਣਾ ਸਾਰਾ ਜੀਵਨ ਦੀਨ ਦੁਖੀਆਂ ਦੀ ਸੇਵਾ ਵਿੱਚ ਲਗਾ ਦੇਵਾਂਗੀ। ਬੰਗਾਲ ਦੇ ਮਿਸ਼ਨਰੀਆਂ ਦੀਆਂ ਭਾਰਤ ਬਾਰੇ ਲਿਖੀਆਂ ਕਿਤਾਬਾਂ ਪੜ੍ਹ ਕੇ ਮਦਰ ਟੈਰੇਸਾ ਦੀ ਦਿਲਚਸਪੀ ਭਾਰਤ ਆਉਣ ਲਈ ਜਾਗੀ। ਅਖੀਰ ਉਹ 6 ਜਨਵਰੀ 1929 ਨੂੰ ਕਲਕੱਤਾ ਪਹੁੰਚ ਗਈ। ਭਾਰਤ ਆਉਣ ਪਿੱਛੇ ਉਨ੍ਹਾਂ ਦਾ ਉਦੇਸ਼ ਮਨੁਖਤਾ ਦੀ ਸੇਵਾ ਕਰਨਾ ਹੀ ਸੀ।

ਕਲਕੱਤਾ ਪੁੱਜਣ ‘ਤੇ ਆਪ ਨੇ ਸੇਂਟਮੇਰੀ ਹਾਈ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਇਸ ਸਕੂਲ ਦੀ ਉਹ ਮੁੱਖੀ ਬਣੀ। ਪਰ, ਸਕੂਲ ਦੀ ਚਾਰ ਦੀਵਾਰੀ ਵਿੱਚ ਰਹਿ ਕੇ ਉਨ੍ਹਾਂ ਦਾ ਸੇਵਾ ਕਰਨ ਦਾ ਉਦੇਸ਼ ਪੂਰਾ ਨਹੀਂ ਹੋ ਰਿਹਾ ਸੀ। 10 ਸਤੰਬਰ 1946 ਈ. ਵਿੱਚ ਜਦੋਂ ਉਹ ਆਪਣੀਆਂ ਛੁੱਟੀਆਂ ਦੇ ਦਿਨਾਂ ਵਿੱਚ ਦਾਰਜੀਲਿੰਗ ਜਾ ਰਹੀ ਸੀ ਤਾਂ ਇਨ੍ਹਾਂ ਨੇ ਗਰੀਬਾਂ ਦੀ ਸੇਵਾ ਕਰਨ ਦਾ ਮਨ ਬਣਾਇਆ। ਇਸ ਸੇਵਾ ਭਾਵ ਦੀ ਅਵਾਜ਼ ਨੂੰ ਮਦਰ ਟੈਰੇਸਾ ਯਸੂ ਮਸੀਹ ਦੀ ਪ੍ਰੇਰਨਾ ਸਮਝਦੀ ਸੀ। ਉਹ ਜਦ ਤੱਕ ਜਿੰਦਾ ਰਹੀ 10 ਸਤੰਬਰ ਦੇ ਦਿਨ ਨੂੰ ‘ਪ੍ਰੇਰਨਾ ਦਿਵਸ’ ਦੇ ਰੂਪ ਵਿੱਚ ਮਨਾਉਂਦੀ ਰਹੀ। 1947 ਵਿੱਚ ਉਸ ਨੇ ਕਲਕੱਤਾ ਵਿਖੇ ਝੁੱਗੀ ਝੋਪੜੀ ਦੀ ਬਸਤੀ ਵਿੱਚ ਆਪਣਾ ਪਹਿਲਾ ਸਕੂਲ ਖੋਲ੍ਹਿਆ। ਸਰੀਰਕ ਰੋਗੀਆਂ ਤੇ ਮਾਨਸਿਕ ਰੋਗੀਆਂ ਦੀ ਸੇਵਾ ਲਈ ਕਲਕੱਤਾ ਵਿੱਚ ਇੱਕ ‘ਨਿਰਮਲ ਹਿਰਦਾ ਹੋਮ` ਵੀ ਸਥਾਪਤ ਕੀਤਾ। ਕਲਕੱਤਾ ਵਿੱਚ ਹੀ “ਮਿਸ਼ਨਰੀ ਆਫ਼ ਚੈਰਿਟੀ” ਦਾ ਦਫ਼ਤਰ ਹੈ; ਜੋ ਚੋਵੀ ਘੰਟੇ ਗਰੀਬਾਂ, ਅਨਾਥਾਂ ਤੇ ਬੇਸਹਾਰਿਆਂ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ। ਇੱਥੇ ਹੀ ਬਸ ਨਹੀਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ‘ਮਿਸ਼ਨਰੀ ਆਫ਼ ਚੈਰਿਟੀ’ ਦੀਆਂ ਕਈ ਸ਼ਖਾਵਾਂ ਹਨ। ਭਾਰਤ ਵਿੱਚ ਕਈ ਮਿਸ਼ਨਰੀ ਹਸਪਤਾਲ, ਅਨਾਥ ਬੱਚਿਆਂ ਤੇ ਬੁੱਢਿਆਂ ਦੀ ਦੇਖ-ਭਾਲ ਲਈ ਕੇਂਦਰ ਸਥਾਪਤ ਹਨ। ਇਸ ਸਾਰੀ ਵਿਆਪਕ ਸੇਵਾ ਯੋਜਨਾ ਪਿੱਛੇ ਮਦਰ ਟੈਰੇਸਾ ਦੀ ਮਹਾਨ ਸ਼ਖਸੀਅਤ ਹੈ।

ਮਨੁੱਖਤਾ ਦੀ ਸੇਵਾਵਾਂ ਦੇ ਲਈ ਮਦਰ ਟੈਰੇਸਾ ਨੂੰ 1962 ਵਿੱਚ ਭਾਰਤ ਸਰਕਾਰ ਨੇ ‘ਪਦਮ ਸ੍ਰੀ’ ਇਨਾਮ ਨਾਲ ਸਨਮਾਨਤ ਕੀਤਾ। 19 ਦਸੰਬਰ 1979 ਈ. ਵਿੱਚ ਦੁਨੀਆ ਦਾ ਸਭ ਤੋਂ ਵੱਡਾ ਇਨਾਮ ‘ਨੋਬਲ ਪੁਰਸਕਾਰ’ ਮਿਲਿਆ। ਦੂਲੀਆ ਦੀਆਂ ਕਈ ਯੂਨੀਵਰਸਟੀਆਂ ਨੇ ਵੀ ਮਦਰ ਟੈਰੇਸਾ ਨੂੰ ਡਾਕਟਰੇਟ ਦੀ ਮਾਨਕ ਉਪਾਧੀ ਦੇ ਕੇ ਸਨਮਾਨ ਕੀਤਾ।

ਮਦਰ ਟੈਰੇਸਾ ਦੀ ਮੌਤ 5 ਸਤੰਬਰ 1997 ਈ. ਵਿੱਚ ਰਾਤ ਨੂੰ ਦਿਲ ਦੀ ਧੜਕਣ ਬੰਦ ਹੋਣ ਕਰਕੇ ਹੋਈ। ਆਪ ਭਾਵੇਂ ਕਿਸੇ ਸਰਕਾਰੀ ਪਦ ‘ਤੇ ਨਹੀਂ ਸੀ ਲੇਕਿਨ ਫਿਰ ਵੀ ਪੂਰੇ ਸਰਕਾਰੀ ਸਨਮਾਨ ਨਾਲ ਆਪ ਦਾ ਅੰਤਿਮ ਸਸਕਾਰ ਕੀਤਾ ਗਿਆ।