ਲੇਖ ਰਚਨਾ : ਵਿਸਾਖੀ ਦਾ ਮੇਲਾ


ਵਿਸਾਖੀ ਦਾ ਮੇਲਾ ਜਾਂ ਕੋਈ ਅੱਖੀਂ ਡਿੱਠਾ ਮੇਲਾ


ਪੱਕ ਪਈਆਂ ਕਣਕਾਂ ਲੁਕਾਠ ਰੱਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ।
ਸਾਈਂ ਦੀ ਨਿਗਾਹ ਜੱਗ ਤੇ ਸਵੱਲੀ ਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ।

ਜਾਣ-ਪਛਾਣ : ਵਿਸਾਖੀ ਦਾ ਮੇਲਾ ਪੰਜਾਬੀਆਂ ਦੀ ਜਾਨ ਹੈ। ਇਸ ਮੇਲੇ ਦਾ ਸੰਬੰਧ ਹਾੜੀ ਦੀ ਫ਼ਸਲ ਨਾਲ ਹੈ। ਜਦੋਂ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਪੱਕੀ ਫਸਲ ਵੇਖ ਕੇ ਜੱਟ ਖ਼ੁਸ਼ੀ ਵਿੱਚ ਭੰਗੜੇ ਪਾਉਣ ਲੱਗਦਾ ਹੈ ਤੇ ਢੋਲ ਦੀ ਅਵਾਜ਼ ਤੇ ਨੱਚਦਾ-ਟੱਪਦਾ ਗੀਤ ਗਾਉਂਦਾ ਮੇਲੇ ਨੂੰ ਤੁਰ ਪੈਂਦਾ ਹੈ।

ਮੇਲੇ ਦਾ ਲੱਗਣਾ : ਵਿਸਾਖੀ ਦਾ ਮੇਲਾ 13 ਅਪਰੈਲ ਨੂੰ ਭਾਰਤ ਵਿੱਚ ਥਾਂ-ਥਾਂ ਲੱਗਦਾ ਹੈ। ਇਹ ਮੇਲਾ ਹਾੜ੍ਹੀ ਦੀ ਫ਼ਸਲ ਪੱਕਣ ‘ਤੇ ਮਨਾਇਆ ਜਾਂਦਾ ਹੈ।

ਮੇਲਾ ਵੇਖਣ ਜਾਣਾ : ਸਾਡੇ ਲਾਗਲੇ ਪਿੰਡ ਵਿੱਚ ਹਰ ਸਾਲ ਵਿਸਾਖੀ ਦਾ ਮੇਲਾ ਲੱਗਦਾ ਹੈ। ਇਸ ਵਾਰ ਮੈਂ ਵੀ ਆਪਣੇ ਵੱਡੇ ਭਰਾ ਨਾਲ ਮੇਲਾ ਵੇਖਣ ਲਈ ਗਿਆ। ਰਸਤੇ ਵਿੱਚ ਮੈਂ ਵੇਖਿਆ ਕਿ ਬਹੁਤ ਸਾਰੇ ਬੱਚੇ, ਬੁੱਢੇ ਤੇ ਨੌਜਵਾਨ ਮੇਲਾ ਵੇਖਣ ਲਈ ਜਾ ਰਹੇ ਸਨ। ਸਾਰਿਆਂ ਨੇ ਨਵੇਂ-ਨਵੇਂ ਕੱਪੜੇ ਪਾਏ ਹੋਏ ਸਨ। ਰਸਤੇ ਵਿੱਚ ਅਸੀਂ ਕੁਝ ਕਿਸਾਨਾਂ ਨੂੰ ਵਾਢੀ ਦਾ ਸ਼ਗਨ ਕਰਦਿਆਂ ਵੀ ਵੇਖਿਆ। ਉਨ੍ਹਾਂ ਦੀ ਪਕੀ ਹੋਈ ਕਣਕ ਇਸ ਤਰ੍ਹਾਂ ਵਿਖਾਈ ਦਿੰਦੀ ਸੀ, ਜਿਵੇਂ ਖੇਤਾਂ ਵਿੱਚ ਸੋਨਾ ਵਿਛਿਆ ਹੋਵੇ।

ਮੇਲੇ ਦਾ ਇਤਿਹਾਸਕ ਪਿਛੋਕੜ : ਵਿਸਾਖੀ ਦਾ ਸੰਬੰਧ ਕੁਝ ਇਤਿਹਾਸਕ ਘਟਨਾਵਾਂ ਨਾਲ ਵੀ ਹੈ। ਇਸੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਸੇ ਦਿਨ 1919 ਈ. ਨੂੰ ਜ਼ਾਲਮ ਜਨਰਲ ਡਾਇਰ ਨੇ ਜਲ੍ਹਿਆਂ ਵਾਲੇ ਬਾਗ਼ ਵਿਖੇ ਗੋਲੀਆਂ ਚਲਾ ਕੇ ਸੈਂਕੜੇ ਨਿਹੱਥੇ ਵਿਖਾਈ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ।

ਮੇਲੇ ਦਾ ਨਜ਼ਾਰਾ : ਮੇਲੇ ਦਾ ਦ੍ਰਿਸ਼ ਬੜਾ ਦਿਲ-ਖਿੱਚਵਾਂ ਸੀ। ਚਹੁੰ ਪਾਸਿਓ ਵਾਜੇ ਵੱਜਣ, ਢੋਲ ਖੜਕਣ, ਪੰਘੂੜਿਆਂ ਦੇ ਚੀਕਣ ਤੇ ਲਾਊਡ ਸਪੀਕਰਾਂ ਦੀ ਅਵਾਜ਼ ਸੁਣਾਈ ਦੇ ਰਹੀ ਸੀ। ਇੱਥੇ ਕਾਫ਼ੀ ਰੌਲਾ-ਰੱਪਾ ਸੀ। ਆਲੇ-ਦੁਆਲੇ ਮਠਿਆਈਆਂ, ਖਿਡੌਣਿਆਂ ਤੇ ਹੋਰ ਕਈ ਦੁਕਾਨਾਂ ਸਜੀਆਂ ਹੋਈਆਂ ਸਨ। ਅਸੀਂ ਜਲੇਬੀਆਂ ਖਾਧੀਆਂ ਤੇ ਅੱਗੇ ਤੁਰ ਪਏ। ਮੇਲੇ ਵਿੱਚ ਬੱਚੇ ਤੇ ਇਸਤਰੀਆਂ ਪੰਘੂੜੇ ਝੂਟ ਰਹੇ ਸਨ। ਮੈਂ ਵੀ ਪੰਘੂੜੇ ਵਿੱਚ ਝੂਟੇ ਲਏ ਤੇ ਫਿਰ ਜਾਦੂਗਰ ਦੀ ਖੇਡ ਵੇਖੀ।

ਭੰਗੜਾ ਅਤੇ ਮੈਚ : ਅਸੀਂ ਥਾਂ-ਥਾਂ ਤੇ ਜੱਟਾਂ ਨੂੰ ਭੰਗੜੇ ਪਾਉਂਦੇ, ਬੜ੍ਹਕਾਂ ਮਾਰਦੇ ਤੇ ਬੋਲੀਆਂ ਪਾਉਂਦੇ ਹੋਏ ਵੇਖਿਆ। ਲੱਗਦਾ ਸੀ ਕਿ ਹੁਣੇ ਕੋਈ ਗੜਬੜ ਹੋ ਜਾਵੇਗੀ, ਪਰ ਭੀੜ ’ਤੇ ਕਾਬੂ ਪਾਉਣ ਲਈ ਪੁਲਿਸ ਵੀ ਪੂਰੀ ਤਰ੍ਹਾਂ ਮੁਸਤੈਦ ਖੜ੍ਹੀ ਸੀ। ਇੱਕ ਪਾਸੇ ਅਸੀਂ ਫੁੱਟਬਾਲ ਦਾ ਮੈਚ ਵੇਖਿਆ ਤੇ ਦੂਜੇ ਪਾਸੇ ਕਬੱਡੀ ਦਾ ਵੀ ਅਨੰਦ ਮਾਣਿਆ।

ਘਰ ਨੂੰ ਪਰਤਣਾ : ਇੰਨੇ ਨੂੰ ਸੂਰਜ ਛਿਪਣ ਲੱਗਾ ਤੇ ਲੋਕ ਆਪਣੇ ਘਰਾਂ ਨੂੰ ਚੱਲ ਪਏ। ਅਸੀਂ ਵੀ ਕੁਝ ਮਠਿਆਈਆਂ ਤੇ ਫਲ ਖਰੀਦੇ ਅਤੇ ਘਰ ਵੱਲ ਨੂੰ ਚੱਲ ਪਏ।

ਸਾਰ-ਅੰਸ਼ : ਵਿਸਾਖੀ ਦਾ ਮੇਲਾ ਸਾਡੇ ਲਈ ਬਹੁਤ ਮਹੱਤਵ ਰੱਖਦਾ ਹੈ। ਇਹ ਮੇਲਾ ਸਾਡਾ ਮਨ – ਪ੍ਰਚਾਵਾ ਤਾਂ ਕਰਦਾ ਹੀ ਹੈ ਨਾਲੇ ਸਾਨੂੰ ਖ਼ੁਸ਼ੀਆਂ ਅਤੇ ਖੇੜੇ ਵੀ ਬਖ਼ਸ਼ਦਾ ਹੈ। ਮੈਨੂੰ ਤਾਂ ਹਰ ਸਾਲ ਇਸ ਮੇਲੇ ਦੀ ਉਡੀਕ ਰਹਿੰਦੀ ਹੈ। ਸਾਨੂੰ ਸਾਰੇ ਮੇਲੇ ਅਤੇ ਤਿਉਹਾਰ ਪਿਆਰ, ਸਤਿਕਾਰ ਅਤੇ ਸ਼ਰਧਾ ਨਾਲ ਮਨਾਉਣੇ ਚਾਹੀਦੇ ਹਨ।