ਲੇਖ ਰਚਨਾ : ਵਿਦਿਆਰਥੀ ਅਤੇ ਮੋਬਾਈਲ ਫ਼ੋਨ
ਮੋਬਾਈਲ ਧਾਰਕਾਂ ਦੀ ਵਧ ਰਹੀ ਗਿਣਤੀ : ਵਿਗਿਆਨ ਦੀ ਤਰੱਕੀ ਨਾਲ ਬੀਤੇ ਵਰ੍ਹਿਆਂ ਵਿਚ ਸੰਚਾਰ ਦੇ ਸਾਧਨਾਂ ਨੇ ਹੈਰਾਨੀਜਨਕ ਵਿਕਾਸ ਕੀਤਾ ਹੈ। ਪਹਿਲਾਂ ਜਿੱਥੇ ਸੰਚਾਰ ਦੇ ਸਾਧਨਾਂ ਵਿਚ ਚਿੱਠੀ-ਪੱਤਰ, ਤਾਰ, ਵਾਇਰਲੈੱਸ ਅਤੇ ਲੈਂਡਲਾਈਨ ਟੈਲੀਫ਼ੋਨ ਹੀ ਸ਼ਾਮਿਲ ਸਨ, ਅੱਜ ਇਨ੍ਹਾਂ ਦੀ ਥਾਂ ਮੋਬਾਈਲ ਫ਼ੋਨਾਂ ਨੇ ਮੱਲ ਲਈ ਹੈ। ਫਿਰ ਅਜੋਕਾ ਮੋਬਾਈਲ ਕੇਵਲ ਗੱਲਾਂ-ਬਾਤਾਂ ਸੁਣਨ-ਸੁਣਾਉਣ ਤੇ ਸੁਨੇਹੇ ਭੇਜਣ ਦਾ ਹੀ ਕੰਮ ਨਹੀਂ ਕਰਦਾ, ਸਗੋਂ ਇਹ ਆਪਣੇ ਆਪ ਵਿਚ ਇਕ ਪੂਰਾ ਕੰਪਿਊਟਰ ਹੈ। ਇਸ ਵਿਚ ਇੰਟਰਨੈੱਟ ਦੀਆਂ ਸਾਰੀਆਂ ਸਹੂਲਤਾਂ, ਜੀ.ਪੀ.ਐੱਸ. ਕੈਮਰਾ, ਵੀਡੀਓ, ਡਾਇਰੀ, ਖ਼ਬਰਾਂ, ਕੈਲਕੂਲੇਟਰ, ਫ਼ਿਲਮਾਂ, ਗੀਤ-ਗਾਣੇ ਅਤੇ ਗੇਮਾਂ ਆਦਿ ਸਭ ਕੁੱਝ ਸ਼ਾਮਿਲ ਹੈ। ਫਲਸਰੂਪ ਮੋਬਾਈਲ ਫ਼ੋਨ ਨੇ ਸਭ ਕੁੱਝ ਤੁਹਾਡੀ ਮੁੱਠੀ ਵਿਚ ਬੰਦ ਕਰ ਦਿੱਤਾ ਹੈ। ਇਸ ਪ੍ਰਕਾਰ ਅੱਜ ਇਹ ਸੰਚਾਰ ਦਾ ਸਭ ਤੋਂ ਹਰਮਨ-ਪਿਆਰਾ ਸਾਧਨ ਹੈ ਅਤੇ ਇਸ ਦੀ ਵਰਤੋਂ ਬੱਚੇ ਤੋਂ ਲੈ ਕੇ ਬੁੱਢੇ ਤਕ ਹਰ ਵਰਗ ਦੇ ਲੋਕ ਕਰ ਰਹੇ ਹਨ। ਅੱਜ ਦੁਨੀਆ ਦੀ 8 ਅਰਬ ਅਬਾਦੀ ਵਿਚੋਂ 7 ਅਰਬ 40 ਕਰੋੜ ਲੋਕ ਇਸ ਦੀ ਵਰਤੋਂ ਕਰ ਰਹੇ ਹਨ। ਇਕੱਲੇ ਭਾਰਤ ਵਿਚ ਇਸ ਦੀ 1 ਅਰਬ 40 ਕਰੋੜ ਅਬਾਦੀ ਵਿਚੋਂ ਹੀ ਇਸ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਇਕ ਅਰਬ ਦੋ ਕਰੋੜ ਤੋਂ ਉੱਪਰ ਹੈ।
ਸਕੂਲਾਂ-ਕਾਲਜਾਂ ਵਿਚ ਵਰਤੋਂ : ਅੱਜ ਸਕੂਲਾਂ-ਕਾਲਜਾਂ ਵਿਚ ਪੜ੍ਹਦੇ ਬਹੁਗਿਣਤੀ ਵਿਦਿਆਰਥੀਆਂ ਦੇ ਹੱਥਾਂ ਵਿਚ ਮੋਬਾਈਲ ਫੋਨ ਹੈ। ਇਨ੍ਹਾਂ ਵਿਚ ਬੱਚੇ ਵੀ ਸ਼ਾਮਿਲ ਹਨ ਤੇ ਅਲੜ੍ਹ ਉਮਰ ਦੇ ਮੁੰਡੇ-ਕੁੜੀਆਂ ਵੀ। ਬੇਸ਼ਕ ਇਸਦਾ ਵੱਡਾ ਲਾਭ ਇਹ ਹੈ ਕਿ ਇਨ੍ਹਾਂ ਨਾਲ ਘਰੋਂ ਬਾਹਰ ਗਏ ਬੱਚੇ ਲਗਾਤਾਰ ਆਪਣੇ ਮਾਪਿਆਂ ਤੇ ਸਹਿਯੋਗੀਆਂ ਦੇ ਸੰਪਰਕ ਵਿਚ ਰਹਿੰਦੇ ਹਨ ਅਤੇ ਲੋੜ ਪੈਣ ਤੇ ਉਹ ਤੁਰੰਤ ਇਕ-ਦੂਜੇ ਦੀ ਸਹਾਇਤਾ ਕਰ ਸਕਦੇ ਹਨ। ਇਸ ਤੋਂ ਇਲਾਵਾ ਕਰੋਨਾ ਕਾਲ ਵਿਚ ਜਦੋਂ ਸਕੂਲ-ਕਾਲਜ ਬੰਦ ਸਨ, ਤਾਂ ਆਨਲਾਈਨ ਪੜ੍ਹਾਈ ਦਾ ਕੰਮ ਕੰਪਿਊਟਰਾਂ ਦੇ ਨਾਲ ਮੋਬਾਈਲ ਫੋਨਾਂ ਤੋਂ ਵੀ ਲਿਆ ਗਿਆ। ਇਸ ਕਰਕੇ ਇਹ ਹੁਣ ਲਗਪਗ ਹਰ ਇਕ ਵਿਦਿਆਰਥੀ ਕੋਲ ਹੈ। ਇਸ ਤਰ੍ਹਾਂ ਇਸਦਾ ਬੇਸ਼ਕ ਬਹੁਮੁੱਲਾ ਲਾਭ ਵੀ ਹੋਇਆ ਹੈ, ਪਰੰਤੂ ਇਸਦੇ ਨੁਕਸਾਨ ਵੀ ਘੱਟ ਨਹੀਂ ਕਿਉਂਕਿ ਜਦੋਂ ਇਸਦੀ ਵਰਤੋਂ ਪੜ੍ਹਾਈ ਤੋਂ ਇਲਾਵਾ ਗੇਮਾਂ ਖੇਡਣ, ਸੈਲਫ਼ੀਆਂ ਲੈਣ, ਫੇਸ ਬੁੱਕ ਜਾਂ ਅਣਚਾਹੇ ਸਾਈਟਾਂ ਵਿਚ ਰੁਚੀ ਲੈਣ ਲਈ ਹੋਣ ਲਗਦੀ ਹੈ, ਤਾਂ ਇਹ ਵਿਕਸਿਤ ਹੋ ਰਹੇ ਬੱਚਿਆਂ ਤੇ ਵਿਦਿਆਰਥੀਆਂ ਲਈ ਖ਼ਤਰਨਾਕ ਸਿੱਧ ਹੁੰਦਾ ਹੈ ਤੇ ਇਸ ਗੱਲ ਨੇ ਮਾਪਿਆਂ ਤੇ ਅਧਿਆਪਕਾਂ ਲਈ ਘੋਰ ਪਰੇਸ਼ਾਨੀ ਤੇ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ।
ਸਮੇਂ ਦਾ ਨਾਸ਼ ਤੇ ਮਾਨਸਿਕ ਤਣਾਓ : ਮੋਬਾਈਲ ਫ਼ੋਨ ਦੀ ਜਦੋਂ ਪੜ੍ਹਾਈ ਤੋਂ ਇਲਾਵਾ ਹੋਰ ਕੰਮਾਂ ਲਈ ਵਰਤੋਂ ਕੀਤੀ ਜਾਂਦੀ ਹੈ, ਤਾਂ ਇਸ ਨਾਲ ਵਿਦਿਆਰਥੀ ਦੇ ਕੀਮਤੀ ਸਮੇਂ ਦਾ ਬਹੁਤ ਨੁਕਸਾਨ ਹੁੰਦਾ ਹੈ। ਇਸ ਉੱਪਰ ਪ੍ਰਾਪਤ ਬਹੁਤ ਸਾਰੀਆਂ ਸਾਈਟਾਂ ਨੇ ਬੱਚਿਆਂ ਦੀ ਪੜ੍ਹਾਈ ਦੇ ਸਮੇਂ ਦੇ ਵੱਡੇ ਹਿੱਸੇ ਉੱਤੇ ਆਪਣਾ ਕਬਜ਼ਾ ਜਮਾ ਲਿਆ ਹੈ। ਆਮ ਕਰਕੇ ਵੇਖਿਆ ਜਾਂਦਾ ਹੈ ਕਿ ਜਦੋਂ ਦੀ ਪੜ੍ਹਾਈ ਦੇ ਸਮੇਂ ਦੇ ਵੱਡੇ ਹਿੱਸੇ ਉੱਤੇ ਆਪਣਾ ਕਬਜ਼ਾ ਜਮਾ ਲਿਆ ਹੈ । ਆਮ ਕਰਕੇ ਵੇਖਿਆ ਜਾਂਦਾ ਹੈ ਕਿ ਜਦੋਂ ਸਕੂਲ ਜਾਂ ਕਾਲਜ ਦੇ ਕਲਾਸ ਰੂਮ ਵਿਚ ਅਧਿਆਪਕ ਪੜ੍ਹਾ ਰਿਹਾ ਹੁੰਦਾ ਹੈ, ਤਾਂ ਵਿਦਿਆਰਥੀ ਜਾਂ ਤਾਂ ਈ. ਮੇਲਾਂ ਚੈੱਕ ਕਰ ਰਹੇ ਹੁੰਦੇ ਹਨ ਜਾਂ ਮੋਬਾਈਲ ਫ਼ੋਨ ਲੁਕਾ ਕੇ ਐੱਸ.ਐੱਮ.ਐੱਸ. ਦੇਖ ਜਾਂ ਭੇਜ ਰਹੇ ਹੁੰਦੇ ਹਨ। ਫੇਸ ਬੁੱਕ ਤੇ ਹੋਰ ਸੋਸ਼ਲ ਨੈੱਟਵਰਕਾਂ ਦੀ ਬਿਮਾਰੀ ਨੇ ਨੌਜਵਾਨਾਂ ਦੇ ਦਿਲ-ਦਿਮਾਗ਼ ਨੂੰ ਲਗਪਗ ਗ੍ਰਸ ਹੀ ਲਿਆ ਹੈ। ਇਨ੍ਹਾਂ ਸਾਈਟਾਂ ਉੱਤੇ ਬੱਚਿਆਂ ਤੇ ਨੌਜਵਾਨਾਂ ਦੁਆਰਾ ਪਾਈਆਂ ਟਿੱਪਣੀਆਂ ਤੇ ਤਸਵੀਰਾਂ ਦੇਖ ਕੇ ਬੰਦਾ ਹੈਰਾਨ ਰਹਿ ਜਾਂਦਾ ਹੈ। ਬਹੁਤ ਸਾਰੇ ਬੱਚੇ ਆਪਣੀ ਸਵੇਰ ਦਾ ਆਰੰਭ ਹੀ ਇਨ੍ਹਾਂ ਸਾਈਟਾਂ ਉੱਤੇ ‘ਗੁੱਡ ਮਾਰਨਿੰਗ’ ਲਿਖ ਕੇ ਕਰਦੇ ਹਨ ਤੇ ਰਾਤ ਨੂੰ ਸੌਣ ਲੱਗੇ ‘ਗੁੱਡ ਨਾਈਟ’ ਲਿਖਣਾ ਨਹੀਂ ਭੁੱਲਦੇ। ਇਨ੍ਹਾਂ ਸਾਈਟਾਂ ਉੱਤੇ ਬੱਚਿਆਂ ਦੁਆਰਾ ਸਾਂਝੀ ਕੀਤੀ ਨਿੱਜੀ ਜਾਣਕਾਰੀ ਕਈ ਵਾਰੀ ਬਹੁਤ ਨੁਕਸਾਨਦਾਇਕ ਸਿੱਧ ਹੁੰਦੀ ਹੈ। ਕੁੜੀਆਂ ਦੁਆਰਾ ਇਨ੍ਹਾਂ ਸਾਈਟਾਂ ਉੱਤੇ ਪਾਈ ਨਿੱਜੀ ਜਾਣਕਾਰੀ ਹੋਰ ਵੀ ਖ਼ਤਰਨਾਕ ਸਾਬਤ ਹੁੰਦੀ ਹੈ। ਬਹੁਤੀ ਵਾਰੀ ਬੱਚੇ ਤੇ ਨੌਜਵਾਨ ਆਪਣਾ ਮੋਬਾਈਲ ਨੰਬਰ ਇਨ੍ਹਾਂ ਸਾਈਟਾਂ ਉੱਪਰ ਇਕ ਦੂਸਰੇ ਨੂੰ ਭੇਜਦੇ ਹਨ, ਜੋ ਕਿ ਸਕਿੰਟਾਂ ਵਿਚ ਸੈਂਕੜੇ ਲੋਕਾਂ ਤਕ ਪਹੁੰਚ ਜਾਂਦਾ ਹੈ। ਅਜਿਹਾ ਹੁੰਦੇ ਹੀ ਉਨ੍ਹਾਂ ਨੂੰ ਭੁਚਲਾਊ ਠਗਾਂ, ਮਾਰਕੀਟਿੰਗ ਕਰਨ ਵਾਲੇ ਏਜੰਟਾਂ ਤੇ ਬਹੁਤ ਸਾਰੇ ਮਨਚਲਿਆਂ ਦੀਆਂ ਕਾਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਨ੍ਹਾਂ ਵਿਚ ਕਈ ਵਾਰ ਅਭੱਦਰ ਤੇ ਧਮਕੀਪੂਰਨ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਹੁੰਦੀ ਹੈ। ਇਸ ਨਾਲ ਬੱਚਿਆਂ ਤੇ ਨੌਜਵਾਨਾਂ ਦਾ ਸਮਾਂ ਤਾਂ ਬਰਬਾਦ ਹੁੰਦਾ ਹੀ ਹੈ ਪਰ ਨਾਲ ਹੀ ਮਾਨਸਿਕ ਤਣਾਓ ਵੀ ਪੈਦਾ ਹੋ ਜਾਂਦਾ ਹੈ। ਕਈ ਵਾਰੀ ਉਹ ਠਗੀਆਂ ਦੇ ਸ਼ਿਕਾਰ ਬਣ ਕੇ ਆਪਣਾ ਨੁਕਸਾਨ ਵੀ ਕਰਾ ਬੈਠਦੇ ਹਨ। ਫਿਰ ਅਜਿਹੀਆਂ ਗੱਲਾਂ ਉਹ ਆਪਣੇ ਮਾਪਿਆਂ ਨੂੰ ਵੀ ਨਹੀਂ ਦੱਸਦੇ ਤੇ ਅੰਦਰੋਂ-ਅੰਦਰ ਦੱਬੇ-ਘੁੱਟੇ ਮਾਨਸਿਕ ਤਣਾਓ ਦਾ ਸ਼ਿਕਾਰ ਬਣੇ ਰਹਿੰਦੇ ਹਨ,ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦਾ ਮਨ ਪੜ੍ਹਾਈ ਵਲੋਂ ਉਚਾਟ ਹੋ ਜਾਂਦਾ ਹੈ।
ਗੇਮਾਂ ਖੇਡਣਾ ਤੇ ਪੜ੍ਹਾਈ ਦਾ ਨੁਕਸਾਨ : ਮੋਬਾਈਲ ਫ਼ੋਨ ਉੱਤੇ ਬੱਚੇ ਤੇ ਨੌਜਵਾਨ ਨਵੀਆਂ-ਨਵੀਆਂ ਗੇਮਾਂ ਡਾਊਨਲੋਡ ਕਰ ਕੇ ਖੇਡਦੇ ਹਨ, ਜਿਨ੍ਹਾਂ ਵਿਚ ਇਕ ਵਾਰ ਫਸਿਆ ਵਿਅਕਤੀ ਸਹਿਜੇ ਕਿਤੇ ਬਾਹਰ ਨਹੀਂ ਨਿਕਲ ਸਕਦਾ। ਇਕ ਗੇਮ ਮੁੱਕਣ ‘ਤੇ ਦੂਜੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਤੀਜੀ। ਮੋਬਾਇਲ ਫ਼ੋਨ ਉੱਤੇ ਅਨੇਕਾਂ ਗੀਤ-ਸੰਗੀਤ ਡਾਊਨਲੋਡ ਹੋ ਜਾਂਦੇ ਹਨ, ਜਿਨ੍ਹਾਂ ਨੂੰ ਈਅਰਫ਼ੋਨ ਲਾ ਕੇ ਸੁਣਿਆ ਜਾਂਦਾ ਹੈ। ਪਹਿਲਾਂ ਕਦੇ ਬੱਚਿਆਂ ਨੂੰ ਕਦੇ ਬੱਸਾਂ, ਗੱਡੀਆਂ ਵਿਚ ਸਫ਼ਰ ਕਰਦਿਆਂ ਕਿਤਾਬਾਂ ਪੜ੍ਹਦੇ ਦੇਖਿਆ ਜਾਂਦਾ ਸੀ, ਪਰ ਅੱਜ ਉਹ ਈਅਰਫ਼ੋਨ ਲਾ ਕੇ ਜਾਂ ਤਾਂ ਘਟੀਆ ਪੱਧਰ ਦੇ ਗੀਤ ਸੁਣ ਰਹੇ ਹੁੰਦੇ ਹਨ, ਜਾਂ ਮੋਬਾਈਲ ਫ਼ੋਨ ਉੱਤੇ ਲਗਾਤਾਰ ਕਿਸੇ ਨਾ ਕਿਸੇ ਨਾਲ ਘੰਟਿਆਂ ਬੱਧੀ ਗੱਲਾਂ ਕਰਦੇ ਰਹਿੰਦੇ ਹਨ।
ਧਿਆਨ-ਕੇਂਦ੍ਰਿਤ ਕਰਨ ਵਿਚ ਖ਼ਲਲ : ਮੋਬਾਈਲ ਫ਼ੋਨ ਨੇ ਵਿਦਿਆਰਥੀਆਂ ਦਾ ਧਿਆਨ ਕੇਂਦ੍ਰਿਤ ਕਰਨ ਵਿਚ ਵੀ ਵੱਡਾ ਖ਼ਲਲ ਪਾਇਆ ਹੈ। ਕਈ ਵਾਰੀ ਉਹ ਧਿਆਨ-ਮਗਨ ਹੋ ਕੇ ਪੜ੍ਹ ਰਿਹਾ ਹੁੰਦਾ ਹੈ, ਪਰੰਤੂ ਮੋਬਾਈਲ ਦੀ ਘੰਟੀ ਅਚਾਨਕ ਵੱਜਦੀ ਹੈ, ਤਾਂ ਉਹ ਉਧਰੋਂ ਧਿਆਨ ਹਟਾ ਕੇ ਦੂਸਰੇ ਨਾਲ ਗੱਲ-ਬਾਤ ਕਰਨ ਵਿਚ ਮਗਨ ਹੋ ਜਾਂਦਾ ਹੈ, ਜਿਸ ਨਾਲ ਉਸ ਦਾ ਮਨ ਭਟਕ ਜਾਂਦਾ ਹੈ।
ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਵਿਚ ਵਿਗਾੜ : ਮੋਬਾਈਲ ਫ਼ੋਨ ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਵਿਚ ਵੀ ਵਿਗਾੜ ਪੈਦਾ ਕਰਦਾ ਹੈ। ਮੋਬਾਈਲ ਫ਼ੋਨ ਉੱਤੇ ਗੇਮਾਂ ਤੇ ਫੇਸ ਬੁੱਕ ਉੱਤੇ ਰਾਤ ਨੂੰ ਲੰਮਾ ਸਮਾਂ ਜਾਗਣ ਵਾਲੇ ਬੱਚੇ ਸਵੇਰੇ ਦੇਰ ਨਾਲ ਉੱਠਦੇ ਤੇ ਕਾਹਲੀ ਵਿਚ ਸਕੂਲ-ਕਾਲਜ ਜਾਂਦੇ ਹਨ। ਕਈ ਵਾਰੀ ਹੋਮ-ਵਰਕ ਨਾ ਕਰਨ ਕਰਕੇ ਉਹ ਅੰਦਰੂਨੀ ਡਰ ਤੇ ਅਧਿਆਪਕਾਂ ਦੇ ਗੁੱਸੇ ਦੇ ਸ਼ਿਕਾਰ ਬਣਦੇ ਹਨ। ਕਲਾਸ ਵਿਚ ਮੋਬਾਈਲ ਦੀ ਘੰਟੀ ਜਾਂ ਵਾਈਬ੍ਰੇਸ਼ਨ ਦੀ ਅਵਾਜ਼ ਵੀ ਅਧਿਆਪਕ ਤੇ ਵਿਦਿਆਰਥੀਆਂ ਦੇ ਧਿਆਨ ਨੂੰ ਖੰਡਿਤ ਕਰ ਕੇ, ਤਣਾਓ ਤੇ ਗੁੱਸੇ ਦਾ ਮਾਹੌਲ ਪੈਦਾ ਕਰਦੀ ਹੈ, ਜੋ ਕਿ ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਵਿਚਲੇ ਨਿੱਘ ਨੂੰ ਖ਼ਤਮ ਕਰਦੀ ਹੈ।
ਆਚਰਨਿਕ ਪਤਨ : ਮੋਬਾਈਲ ਫ਼ੋਨ ਦੀ ਵਰਤੋਂ ਨਾਲ ਅਫ਼ਵਾਹਾਂ, ਗ਼ਲਤ ਤਸਵੀਰਾਂ ਅਤੇ ਸੰਦੇਸ਼ ਬੜੀ ਤੇਜ਼ੀ ਨਾਲ ਬੱਚਿਆਂ ਵਿਚ ਫੈਲਦੇ ਹਨ, ਜੋ ਕਿ ਬੱਚਿਆਂ ਵਿਚ ਆਚਰਨਿਕ ਪਤਨ ਦਾ ਕਾਰਨ ਬਣਦੇ ਹਨ। ਅਨੇਕਾਂ ਬੱਚੇ ਅਸ਼ਲੀਲ ਸਾਈਟਾਂ ਤੋਂ ਫ਼ਿਲਮਾਂ ਆਦਿ ਵੇਖਦੇ ਹਨ। ਕਈ ਵਾਰੀ ਵਧੀਆ ਮੋਬਾਈਲ ਫ਼ੋਨ ਖ਼ਰੀਦਣ ਲਈ ਉਹ ਮਾਪਿਆਂ ਅੱਗੇ ਝੂਠ ਬੋਲਦੇ ਹਨ ਜਾਂ ਗ਼ਲਤ ਤਰੀਕਿਆਂ ਨਾਲ ਪੈਸੇ ਪ੍ਰਾਪਤ ਕਰਦੇ ਹਨ।
ਸਿਹਤ ਤੇ ਸੁਰੱਖਿਆ ਵਲੋਂ ਲਾਪਰਵਾਹੀ : ਅੱਜ ਦੇ ਬੱਚੇ ਤੇ ਵਿਦਿਆਰਥੀ ਸਰੀਰਕ ਖੇਡਾਂ ਵਲ ਧਿਆਨ ਦੇਣ ਦੀ ਥਾਂ ਮੋਬਾਈਲ ਦੀ ਭਿੰਨ-ਭਿੰਨ ਪ੍ਰਕਾਰ ਦੀ ਵਰਤੋਂ ਕਰਨ ਵਿਚ ਖਚਿਤ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਦਾ ਨਾ ਤਾਂ ਸਹੀ ਸਰੀਰਕ ਵਿਕਾਸ ਹੁੰਦਾ ਹੈ ਤੇ ਨਾ ਹੀ ਸਿਹਤ ਚੰਗੀ ਰਹਿੰਦੀ ਹੈ। ਮੋਬਾਈਲਾਂ ਵਿਚੋਂ ਨਿਕਲਣ ਵਾਲਾ ਵਿਕੀਰਨ ਵੀ ਉਨ੍ਹਾਂ ਦੇ ਦਿਮਾਗ਼ ਤੇ ਤੰਤੂ ਪ੍ਰਬੰਧ ਦਾ ਨੁਕਸਾਨ ਕਰ ਕੇ ਉਨ੍ਹਾਂ ਨੂੰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਬਣਾਉਂਦਾ ਹੈ। ਕਈ ਵਾਰ ਕੰਨ ਹੇਠ ਮੋਬਾਈਲ ਦਬਾ ਕੇ ਜਾਂ ਈਅਰਫ਼ੋਨ ਲਾ ਕੇ ਡਰਾਈਵਿੰਗ ਕਰਦਿਆਂ ਉਹ ਭਿਆਨਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਆਪਣੀਆਂ ਜਾਨਾਂ ਗੁਆ ਬੈਠਦੇ ਹਨ।
ਬਚਾਓ ਲਈ ਕੁੱਝ ਸੁਝਾਅ : ਅਲੜ੍ਹ ਉਮਰ ਦੇ ਨੌਜਵਾਨਾਂ ਤੇ ਬੱਚਿਆਂ ਨੂੰ ਮੋਬਾਈਲ ਫ਼ੋਨ ਤੋਂ ਹੋਣ ਵਾਲੇ ਅਜਿਹੇ ਨੁਕਸਾਨਾਂ ਤੋਂ ਬਚਾਉਣ ਲਈ ਮਾਪਿਆਂ, ਅਧਿਆਪਕਾਵਾਂ ਤੇ ਬੁੱਧੀਜੀਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਸਰਕਾਰੀ ਪੱਧਰ ਉੱਤੇ ਵੀ ਇਸ ਸੰਬੰਧੀ ਉਪਰਾਲੇ ਹੋਣੇ ਚਾਹੀਦੇ ਹਨ। ਕਲਾਸਾਂ ਵਿਚ ਮੋਬਾਈਲਾਂ ਦੀ ਘੰਟੀ ਵੱਜਣ ਉੱਤੇ ਮੋਬਾਈਲ ਧਾਰਕ ਨੂੰ ਜੁਰਮਾਨਾ ਕਰਨਾ ਚਾਹੀਦਾ ਹੈ। ਮਾਪਿਆਂ ਨੂੰ ਆਪਣੇ ਜਵਾਨ ਹੋ ਰਹੇ ਬੱਚਿਆਂ ਨੂੰ ਸੋਸ਼ਲ ਨੈੱਟਵਰਕ ਤੇ ਇੰਟਰਨੈੱਟ ਦੀ ਗ਼ਲਤ ਵਰਤੋਂ ਕਰਨ, ਆਪਣੇ ਫ਼ੋਨ ਨੰਬਰ ਤੇ ਨਿੱਜੀ ਤਸਵੀਰਾਂ ਆਦਿ ਦਾ ਕਿਸੇ ਨਾਲ ਵਟਾਂਦਰਾ ਕਰਨ ਤੋਂ ਨਿਕਲਣ ਵਾਲੇ ਭਿਆਨਕ ਸਿੱਟਿਆਂ ਤੋਂ ਵੀ ਜਾਣੂ ਕਰਵਾਉਣਾ ਚਾਹੀਦਾ ਹੈ ਤੇ ਉਨ੍ਹਾਂ ਦੀ ਮੋਬਾਈਲ ਫੋਨ ਦੀ ਗ਼ਲਤ ਵਰਤੋਂ ਉੱਤੇ ਕਰੜੀ ਨਜ਼ਰ ਰੱਖਣੀ ਚਾਹੀਦੀ ਹੈ।