ਲੇਖ ਰਚਨਾ : ਵਿਗਿਆਨ ਦੇ ਚਮਤਕਾਰ
ਵਿਗਿਆਨ ਦੇ ਚਮਤਕਾਰ
ਆਪਣੀਆਂ ਅਦਭੁਤ ਕਾਢਾਂ ਰਾਹੀਂ ਕੀਤਾ ਜਿਸਨੇ ਜੱਗ ਹੈਰਾਨ।
ਸੁੱਖ ਸਾਧਨ ਜਿਸ ਪੈਦਾ ਕੀਤੇ ਉਸ ਨੂੰ ਕਹਿੰਦੇ ਨੇ ਵਿਗਿਆਨ।।
ਜਾਣ-ਪਛਾਣ : ਅਜੋਕੇ ਯੁੱਗ ਨੂੰ ਵਿਗਿਆਨ ਦਾ ਯੁੱਗ ਆਖਿਆ ਜਾਂਦਾ ਹੈ।ਅੱਜ ਵਿਗਿਆਨ ਦੀ ਤਰੱਕੀ ਨਾਲ ਦੁਨੀਆ ਦਾ ਰੰਗ-ਰੂਪ ਹੀ ਬਦਲ ਗਿਆ ਹੈ। ਪੁਰਾਣੀ ਦੁਨੀਆ ਨਾਲੋਂ ਨਵੀਨ ਦੁਨੀਆ ਬੜੀ ਸੋਹਣੀ ਅਤੇ ਵਿਸ਼ਾਲ ਹੋ ਗਈ ਹੈ। ਅੱਜ ਨਿੱਤ-ਨਵੀਆਂ ਅਦਭੁਤ ਕਾਢਾਂ ਨੇ ਤਾਂ ਸਾਨੂੰ ਹੈਰਾਨ ਕਰ ਛੱਡਿਆ ਹੈ। ਸਾਇੰਸ ਦੇ ਚਮਤਕਾਰਾਂ ਨੇ ਸਾਡਾ ਧਿਆਨ ਰੱਬੀ ਸ਼ਕਤੀ ਤੋਂ ਹਟਾ ਕੇ ਮਨੁੱਖੀ ਸ਼ਕਤੀ ਵੱਲ ਲਗਾ ਦਿੱਤਾ ਹੈ।
ਵਿਗਿਆਨ ਦੇ ਲਾਭ : ਸਾਡੇ ਜੀਵਨ ਦੇ ਹਰੇਕ ਪੱਖ ਵਿੱਚ ਵਿਗਿਆਨ ਨੇ ਆਪਣਾ ਯੋਗਦਾਨ ਪਾਇਆ ਹੈ। ਇਸ ਨਾਲ ਜੀਵਨ ਦੇ ਹਰ ਖੇਤਰ ਵਿੱਚ ਨਵੀਨਤਾ ਆ ਗਈ ਹੈ। ਇਸ ਨੇ ਸਮੁੱਚੇ ਜੀਵਨ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ।
ਬਿਜਲੀ ਦੀ ਕਾਢ : ਬਿਜਲੀ ਦਾ ਅੱਜ ਬੜਾ ਹੀ ਮਹੱਤਵਪੂਰਨ ਸਥਾਨ ਹੈ। ਪੱਖੇ, ਕੂਲਰ, ਏ. ਸੀ., ਟੀ. ਵੀ., ਕਾਰਖਾਨੇ ਸਭ ਬਿਜਲੀ ਨਾਲ ਹੀ ਚੱਲਦੇ ਹਨ। ਗਰਮੀਆਂ ਵਿੱਚ ਏ. ਸੀ. ਅਤੇ ਸਰਦੀਆਂ ਵਿੱਚ ਚੱਲਣ ਵਾਲੇ ਹੀਟਰ ਤਾਂ ਸਾਨੂੰ ਗਰਮੀ-ਸਰਦੀ ਦਾ ਪਤਾ ਹੀ ਨਹੀਂ ਲੱਗਣ ਦਿੰਦੇ। ਬਿਜਲੀ ਨਾਲ ਚੱਲਣ ਵਾਲੇ ਕਾਰਖ਼ਾਨਿਆਂ ਨਾਲ ਉਤਪਾਦਨ ਵਿੱਚ ਢੇਰ ਵਾਧਾ ਹੋਇਆ ਹੈ। ਅੱਜ ਬਿਜਲੀ ਤੋਂ ਬਿਨਾਂ ਤਾਂ ਜੀਵਨ ਜਿਊਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।
ਸੰਚਾਰ ਦੇ ਸਾਧਨ : ਅਖ਼ਬਾਰ ਸਾਇੰਸ ਦੀ ਦੇਣ ਹੈ। ਛਾਪੇਖ਼ਾਨੇ ਰਾਤੋਂ ਰਾਤ ਲੱਖਾਂ ਅਖ਼ਬਾਰਾਂ ਛਾਪ ਦਿੰਦੇ ਹਨ। ਟੈਲੀਫੋਨ, ਮੋਬਾਇਲਾਂ ਨਾਲ ਘਰ ਬੈਠੇ ਹੀ ਦੂਰ-ਦੁਰਾਡੇ ਦੇਸਾਂ ਵਿੱਚ ਰਹਿੰਦੇ ਰਿਸ਼ਤੇਦਾਰਾਂ ਤੇ ਮਿੱਤਰਾਂ ਨਾਲ ਗੱਲਾਂ ਹੋ ਜਾਂਦੀਆਂ ਹਨ। ਟੈਲੀਵਿਜ਼ਨ, ਰੇਡੀਓ, ਡਿਸ਼, ਕੇਬਲ, ਟੇਪ-ਰਿਕਾਰਡਰ, ਸਿਨੇਮੇ ਆਦਿ ਸਾਨੂੰ ਬਹੁਤ ਸੁੱਖ ਦਿੰਦੇ ਹਨ। ਇਹ ਸਾਡਾ ਮਨਪ੍ਰਚਾਵਾ ਵੀ ਕਰਦੇ ਹਨ ਤੇ ਆਮ ਵਾਕਫ਼ੀ ਵੀ ਦਿੰਦੇ ਹਨ। ਤਾਰਾਂ, ਵਾਇਰਲੈਸ, ਟੈਲੀਪ੍ਰਿੰਟਰ, ਫੈਕਸ ਆਦਿ ਨਾਲ ਦੁਨੀਆ ਦੇ ਕੋਨੇ-ਕੋਨੇ ਨਾਲ ਜੁੜ ਜਾਈਦਾ ਹੈ।
ਆਵਾਜਾਈ ਦੇ ਸਾਧਨ : ਪਹਿਲਾਂ ਆਵਾਜਾਈ ਦੇ ਸਾਧਨ ਬਹੁਤੇ ਨਹੀਂ ਸਨ ਹੁੰਦੇ। ਉਦੋਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਲਈ ਬਹੁਤ ਸਮਾਂ ਲੱਗਦਾ ਸੀ। ਹੁਣ ਵਿਗਿਆਨਕ ਤਰੱਕੀ ਸਦਕਾ ਆਵਾਜਾਈ ਦੇ ਇੰਨੇ ਤੇਜ਼ ਸਾਧਨ ਬਣ ਗਏ ਹਨ ਕਿ ਅਸੀਂ ਨਾਸ਼ਤਾ ਭਾਰਤ ਵਿੱਚ, ਦੁਪਹਿਰ ਦਾ ਖਾਣਾ ਸਿੰਗਾਪੁਰ ਅਤੇ ਰਾਤ ਦਾ ਖਾਣਾ ਕੈਨੇਡਾ ਕਰ ਸਕਦੇ ਹਾਂ। ਸਕੂਟਰ, ਸਾਈਕਲ, ਮੋਟਰਸਾਈਕਲ, ਕਾਰਾਂ, ਬੱਸਾਂ, ਰੇਲਗੱਡੀਆਂ, ਹਵਾਈ ਜਹਾਜ਼ ਅਤੇ ਸਮੁੰਦਰੀ ਜਹਾਜ਼ ਆਦਿ ਸਭ ਵਿਗਿਆਨ ਦੀਆਂ ਕਾਢਾਂ ਹਨ, ਜਿਨ੍ਹਾਂ ਨੇ ਸਫ਼ਰ ਨੂੰ ਤੇਜ਼ ਅਤੇ ਸੌਖਾ ਕਰ ਦਿੱਤਾ ਹੈ। ਹੁਣ ਤਾਂ ਇੰਝ ਜਾਪਦਾ ਹੈ ਜਿਵੇਂ ਸਾਰੀ ਦੁਨੀਆ ਬਹੁਤ ਹੀ ਨੇੜੇ ਆ ਗਈ ਹੋਵੇ। ਕੁਝ ਹੀ ਸਮੇਂ ਵਿੱਚ ਇੱਕ ਦੇਸ ਤੋਂ ਦੂਜੇ ਦੇਸ ਤੱਕ ਪਹੁੰਚਿਆ ਜਾ ਸਕਦਾ ਹੈ।
ਖੇਤੀਬਾੜੀ ਵਿੱਚ ਲਾਭ : ਵਿਗਿਆਨ ਦੇ ਕਾਰਨ ਖੇਤੀਬਾੜੀ ਦੀ ਨੁਹਾਰ ਹੀ ਬਿਲਕੁਲ ਬਦਲ ਗਈ ਹੈ। ਟਿਊਬਵੈੱਲਾਂ ਰਾਹੀਂ ਸਿੰਚਾਈ, ਟਰੈਕਟਰਾਂ, ਥਰੈਸ਼ਰਾਂ ਰਾਹੀਂ ਖੇਤੀਬਾੜੀ ਬਹੁਤ ਸੌਖੀ ਹੋ ਗਈ ਹੈ। ਵਧੀਆ ਪ੍ਰਕਾਰ ਦੇ ਬੀਜ, ਖਾਦਾਂ ਆਦਿ ਨੇ ਖੇਤਾਂ ਨੂੰ ਹਰਾ-ਭਰਾ ਕਰ ਦਿੱਤਾ ਹੈ ਤੇ ਅੱਜ ਉਤਪਾਦਨ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ। ਹੁਣ ਮਹੀਨਿਆਂ ਦਾ ਕੰਮ ਮਸ਼ੀਨਾਂ ਰਾਹੀਂ ਮਿੰਟਾਂ ਵਿੱਚ ਹੋ ਜਾਂਦਾ ਹੈ।
ਮਨੋਰੰਜਨ ਦੇ ਸਾਧਨ : ਅੱਜ ਵਿਗਿਆਨਕ ਕਾਢਾਂ ਨਾਲ ਮਨੋਰੰਜਨ ਦੇ ਅਨੇਕਾਂ ਸਾਧਨ ਸਾਡੇ ਸਾਹਮਣੇ ਆਏ ਹਨ। ਟੀ. ਵੀ., ਕੇਬਲ, ਡਿਸ਼ ਆਦਿ ਨਾਲ ਦਿਨ-ਰਾਤ, ਭਿੰਨ-ਭਿੰਨ ਪ੍ਰਕਾਰ ਦੇ ਮਨੋਰੰਜਨ ਦੇ ਪ੍ਰੋਗਰਾਮ ਆਉਂਦੇ ਰਹਿੰਦੇ ਹਨ। ਸਾਰੀ ਦੁਨੀਆ ਦੀਆਂ ਖ਼ਬਰਾਂ, ਘਟਨਾਵਾਂ ਤੇ ਮਨੋਰੰਜਨ ਦੇ ਪ੍ਰੋਗਰਾਮ ਵਿਖਾਈ ਦਿੰਦੇ ਰਹਿੰਦੇ ਹਨ। ਸਿਨੇਮਾ, ਖੇਡਾਂ, ਮੋਬਾਇਲਾਂ ਵਿੱਚ ਨੈੱਟ ਆਦਿ ਨਾਲ ਵੀ ਬਹੁਤ ਮਨੋਰੰਜਨ ਹੁੰਦਾ ਹੈ।
ਡਾਕਟਰੀ ਖੇਤਰ ਵਿੱਚ ਪਰਿਵਰਤਨ : ਅੱਜ ਹਰ ਬਿਮਾਰੀ ਦਾ ਇਲਾਜ ਸੰਭਵ ਹੈ। ਸਕੈਨਿੰਗ ਨਾਲ ਸਰੀਰ
ਅੰਦਰਲੀਆਂ ਹਰਕਤਾਂ ਬਾਰੇ ਝੱਟ ਪਤਾ ਲੱਗ ਜਾਂਦਾ ਹੈ। ਡਾਕਟਰੀ ਪੜ੍ਹਾਈ ਦੇਸ-ਵਿਦੇਸ ਵਿੱਚ ਉਪਲੱਭਧ ਹੈ। ਅੱਖਾਂ ਦੇ ਉਪਰੇਸ਼ਨਾਂ ਨਾਲ ਮਨੁੱਖ ਮੁੜ ਕੇ ਚੰਗੀ ਤਰ੍ਹਾਂ ਵੇਖ ਸਕਦਾ ਹੈ। ਜੇ ਘੱਟ ਸੁਣਦਾ ਹੋਵੇ ਤਾਂ ਕੰਨਾਂ ਤੇ ਮਸ਼ੀਨ ਲਗਾ ਲਈ ਜਾਂਦੀ ਹੈ। ਬਨਾਉਟੀ ਦੰਦ ਵੀ ਦੰਦਾਂ ਦੀ ਘਾਟ ਨੂੰ ਪੂਰਾ ਕਰ ਦਿੰਦੇ ਹਨ।
ਕੰਪਿਊਟਰ, ਮੋਬਾਇਲ, ਇੰਟਰਨੈੱਟ : ਅੱਜ ਇਨ੍ਹਾਂ ਤਿੰਨਾਂ ਨੇ ਮਨੁੱਖੀ ਜੀਵਨ ਵਿੱਚ ਮਾਅਰਕੇ ਦੀ ਤਬਦੀਲੀ ਕੀਤੀ ਹੈ। ਕੰਪਿਊਟਰ ਅਤੇ ਮੋਬਾਇਲ ਨਾਲ ਹਰੇਕ ਖੇਤਰ ਪ੍ਰਭਾਵਤ ਹੈ ਤੇ ਮਿੰਟਾਂ ਵਿੱਚ ਕਈ ਮਸਲੇ ਹੱਲ ਹੋ ਜਾਂਦੇ ਹਨ ਉਹ ਵੀ ਘਰ ਬੈਠੇ ਬਿਠਾਏ। ਇੰਟਰਨੈੱਟ ਰਾਹੀਂ ਘਰੇ ਬੈਠੇ ਪੂਰੀ ਦੁਨੀਆ ਨਾਲ ਜੁੜਿਆ ਜਾ ਸਕਦਾ ਹੈ।
ਵਿਗਿਆਨ ਦੀਆਂ ਹਾਨੀਆਂ : ਵਿਗਿਆਨ ਦੇ ਜਿੱਥੇ ਇੰਨੇ ਲਾਭ ਹਨ, ਉੱਥੇ ਕੁਝ ਹਾਨੀਆਂ ਵੀ ਹਨ। ਕੁਝ ਢਾਊ ਕਾਢਾਂ ਨੇ ਮਨੁੱਖ ਨੂੰ ਭੈਭੀਤ ਵੀ ਕਰ ਦਿੱਤਾ ਹੈ। ਐਟਮ ਬੰਬਾਂ ਨਾਲ ਦੁਨੀਆ ਮਿੰਟਾਂ ਵਿੱਚ ਤਬਾਹ ਹੋ ਸਕਦੀ ਹੈ। ਮਸ਼ੀਨੀ ਯੁੱਗ ਆ ਜਾਣ ਦੇ ਕਾਰਨ ਬੇਰੁਜ਼ਗਾਰੀ ਵਿੱਚ ਭਰਵਾਂ ਵਾਧਾ ਹੋਇਆ ਹੈ। ਮਸ਼ੀਨੀ ਯੁੱਗ ਨੇ ਮਨੁੱਖ ਨੂੰ ਨਿਰੀ ਮਸ਼ੀਨ ਬਣਾ ਦਿੱਤਾ ਹੈ। ਉਹ ਪਿਆਰ, ਹਮਦਰਦੀ, ਮੇਲ-ਮਿਲਾਪ ਨੂੰ ਭੁੱਲ ਗਿਆ ਹੈ। ਕਈ ਵਾਰੀ ਤਾਂ ਇੰਝ ਲੱਗਦਾ ਹੈ ਕਿ ਸਾਇੰਸ ਵਰ ਦੀ ਥਾਂ ਸਰਾਪ ਹੀ ਬਣ ਗਈ ਹੋਵੇ।
ਸਾਰ-ਅੰਸ਼ : ਵਿਗਿਆਨ ਨੇ ਮਨੁੱਖ ਨੂੰ ਸੁੱਖ ਵਧੇਰੇ ਪ੍ਰਦਾਨ ਕੀਤੇ ਹਨ ਅਤੇ ਦੁੱਖ ਤਾਂ ਉਸਦੇ ਆਪਣੇ ਹੀ ਸਹੇੜੇ ਹੋਏ ਹਨ। ਹਰੇਕ ਚੀਜ਼ ਵਿੱਚ ਕੁਝ ਖਾਮੀਆਂ ਵੀ ਹੁੰਦੀਆਂ ਹਨ। ਸਾਇੰਸ ਦੀ ਵਰਤੋਂ ਉੱਨਤੀ ਲਈ ਹੀ ਹੋਣੀ ਚਾਹੀਦੀ ਹੈ ਤੇ ਨੁਕਸਾਨ ਲਈ ਨਹੀਂ। ਇਸ ਦੀ ਸ਼ਕਤੀ ਦੀ ਵਰਤੋਂ ਜੰਗਾਂ-ਯੁੱਧਾਂ ਦੀ ਥਾਂ ਉਸਾਰੂ ਕੰਮਾਂ ਲਈ ਹੀ ਹੋਣੀ ਚਾਹੀਦੀ ਹੈ।