CBSEclass 11 PunjabiClass 12 PunjabiClass 8 Punjabi (ਪੰਜਾਬੀ)Class 9th NCERT PunjabiEducationNCERT class 10thParagraphPunjab School Education Board(PSEB)

ਲੇਖ ਰਚਨਾ : ਵਰਖਾ ਰੁੱਤ


ਵਰਖਾ ਰੁੱਤ


ਜਾਣ-ਪਛਾਣ : ਭਾਰਤ ਰੁੱਤਾਂ ਦਾ ਦੇਸ ਹੈ। ਇੱਥੇ ਮੁੱਖ ਛੇ ਰੁੱਤਾਂ ਆਉਂਦੀਆਂ ਹਨ— ਗਰਮੀ, ਔੜ, ਵਰਖਾ, ਸਰਦੀ, ਪੱਤਝੜ ਅਤੇ ਬਸੰਤ। ਸਾਰੀਆਂ ਹੀ ਰੁੱਤਾਂ ਆਪਣਾ-ਆਪਣਾ ਮਹੱਤਵ ਰੱਖਦੀਆਂ ਹਨ, ਪਰੰਤੂ ਇਨ੍ਹਾਂ ਸਾਰੀਆਂ ਰੁੱਤਾਂ ਵਿੱਚੋਂ ਵਰਖਾ ਰੁੱਤ ਇਕ ਵਿਸ਼ੇਸ਼ ਅਤੇ ਨਿਰਾਲੀ ਰੁੱਤ ਹੈ। ਗਰਮੀ ਦੇ ਸਤਾਏ ਅਤੇ ਕੁਮਲਾਏ ਲੋਕ ਇਸ ਰੁੱਤ ਦੇ ਆਉਣ ‘ਤੇ ਸੁੱਖ ਦਾ ਸਾਹ ਲੈਂਦੇ ਹਨ। ਕਿਸਾਨਾਂ ਦੀਆਂ ਅੱਖਾਂ ਅਕਾਸ਼ ਵੱਲ ਅੱਡੀਆਂ ਰਹਿੰਦੀਆਂ ਹਨ।

ਵਰਖਾ ਰੁੱਤ ਦੇ ਮਹੀਨੇ : ਵੈਸੇ ਤਾਂ ਕਦੀ-ਕਦੀ ਜੂਨ ਵਿਚ ਹੀ ਮਾਨਸੂਨ ਪੌਣਾਂ ਆ ਕੇ ਆਪਣਾ ਰੰਗ ਵਿਖਾਉਣ ਲੱਗਦੀਆਂ ਹਨ, ਪਰ ਜੁਲਾਈ-ਅਗਸਤ ਦੇ ਮਹੀਨੇ ਤਾਂ ਜ਼ੋਰਦਾਰ ਵਰਖਾ ਦੇ ਮਹੀਨੇ ਅਖਵਾਉਂਦੇ ਹਨ। ਇਨ੍ਹਾਂ ਮਹੀਨਿਆਂ ਵਿਚ ਅਕਾਸ਼ ਤੇ ਹਰ ਵੇਲੇ ਕਾਲੇ ਬੱਦਲ ਛਾਏ ਰਹਿੰਦੇ ਹਨ। ਇਸ ਲਈ ਇਨ੍ਹਾਂ ਮਹੀਨਿਆਂ ਨੂੰ ਅਸੀਂ ਵਰਖਾ ਦੀ ਭਰ ਜੁਆਨੀ ਦੇ ਮਹੀਨੇ ਆਖ ਸਕਦੇ ਹਾਂ। ਕਾਲੀਆਂ ਘਟਾਵਾਂ ਨੂੰ ਵੇਖ ਕੇ ਮੋਰ ਅਤੇ ਪਪੀਹੇ ਮਸਤੀ ਵਿਚ ਆ ਕੇ ਉੱਚੀ-ਉੱਚੀ ਕੂਕਾਂ ਮਾਰਦੇ ਹਨ। ਮਨੁੱਖ ਦੀਆਂ ਜਵਾਨ ਸੱਧਰਾਂ ਮਚਲ ਉੱਠਦੀਆਂ ਹਨ। ਕੁਮਲਾਏ ਅਤੇ ਮੁਰਝਾਏ ਹੋਏ ਸਰੀਰ ਲਿਸ਼ਕਾਰੇ ਮਾਰਨ ਲੱਗ ਪੈਂਦੇ ਹਨ। ਲੰਬੀ ਝੜੀ ਜਦੋਂ ਲੱਗਦੀ ਹੈ ਤਾਂ ਸਭ ਦੇ ਮਨਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਉੱਠਦੀ ਹੈ। ਡੱਡੂਆਂ ਦੀਆਂ ਟਰਾਂ-ਟਰਾਂ ਦੀਆਂ ਅਵਾਜ਼ਾਂ ਆਉਣ ਲੱਗਦੀਆਂ ਹਨ। ਧਰਤੀ ਤੇ ਹਰਾ-ਹਰਾ ਘਾਹ ਵਿਛ ਜਾਂਦਾ ਹੈ। ਰੁੱਖਾਂ ਦੀਆਂ ਸੁੱਕੀਆਂ ਹੋਈਆਂ ਟਹਿਣੀਆਂ ਤੇ ਨਰਮ-ਨਰਮ ਕਰੂੰਬਲਾਂ ਫੁੱਟਣ ਲੱਗਦੀਆਂ ਹਨ।

ਸਾਉਣ ਮਹੀਨੇ ਦੀ ਖ਼ੁਸ਼ੀ : ਸਾਉਣ ਦੀ ਵਰਖਾ ਰੁੱਤ ਦਾ ਮਹੀਨਾ ਹਰੇਕ ਨੂੰ ਪਿਆਰਾ ਲੱਗਦਾ ਹੈ। ਨਵ ਵਿਆਹੀਆਂ ਮੁਟਿਆਰਾਂ ਇਸ ਰੁੱਤੇ ਆਪਣੇ ਪੇਕੇ ਘਰ ਆ ਕੇ ਪੁਰਾਣੀਆਂ ਸਹੇਲੀਆਂ ਨੂੰ ਮਿਲ ਕੇ ਖੂਬ ਨੱਚਦੀਆਂ, ਪੀਂਘਾਂ ਝੂਟਦੀਆਂ, ਗੀਤ ਗਾਉਂਦੀਆਂ ਅਤੇ ਖ਼ੁਸ਼ੀ ਮਨਾਉਂਦੀਆਂ ਹਨ। ਕਈ ਮੁਟਿਆਰਾਂ ਜਿਨ੍ਹਾਂ ਦੇ ਪਤੀ ਨੌਕਰੀ ‘ਤੇ ਗਏ ਹੁੰਦੇ ਹਨ, ਉਹ ਉਨ੍ਹਾਂ ਦੀ ਯਾਦ ਵਿੱਚ ਗੀਤ ਗਾਉਂਦੀਆਂ ਹਨ। ਇਸ ਮਹੀਨੇ ਵਿੱਚ ਤੀਆਂ ਦਾ ਭਾਰੀ ਮੇਲਾ ਲੱਗਦਾ ਹੈ। ਘਰਾਂ ਵਿੱਚ ਖੀਰ-ਪੂੜੇ ਪੱਕਦੇ ਹਨ। ਗੱਲ ਕੀ ਲੋਕ ਸਾਉਣ ਮਹੀਨੇ ਦਾ ਪੂਰਾ ਅਨੰਦ ਮਾਣਦੇ ਹਨ।

ਬਰਸਾਤ ਦੇ ਇੱਕ ਦਿਨ ਦਾ ਨਜ਼ਾਰਾ : ਸਾਉਣ ਦਾ ਮਹੀਨਾ ਸੀ। ਅਜਿਹਾ ਹੀ ਇੱਕ ਵਰਖਾ ਦਾ ਦਿਨ ਸੀ ਉਸ ਦਿਨ ਐਤਵਾਰ ਹੋਣ ਕਰਕੇ ਸਕੂਲੋਂ ਛੁੱਟੀ ਸੀ। ਮੰਮੀ-ਪਾਪਾ ਵੀ ਉਸ ਦਿਨ ਘਰ ਵਿੱਚ ਹੀ ਸਨ। ਸਵੇਰ ਤੋਂ ਹੀ ਜ਼ੋਰਦਾਰ ਵਰਖਾ ਹੋ ਰਹੀ ਸੀ। ਵਰਖਾ ਦੀ ਠੰਢੀ-ਠੰਢੀ ਫੁਹਾਰ ਵਿਚ ਏਨੀ ਮਜ਼ੇਦਾਰ ਨੀਂਦ ਆਈ ਕਿ ਮੈਂ ਸਵੇਰੇ ਦੇਰ ਤੱਕ ਸੁੱਤਾ ਰਿਹਾ। ਹੱਥ-ਮੂੰਹ ਧੋ ਕੇ ਜਦੋਂ ਮੈਂ ਰਸੋਈ ਵਿੱਚ ਗਿਆ ਤਾਂ ਤਰ੍ਹਾਂ-ਤਰ੍ਹਾਂ ਦੀਆਂ ਖੁਸ਼ਬੋਆਂ ਆ ਰਹੀਆਂ ਸਨ। ਮੰਮੀ ਜੀ ਨਾਸ਼ਤੇ ਵਿੱਚ ਪਕੌੜੇ ਬਣਾ ਰਹੇ ਸਨ। ਉਨ੍ਹਾਂ ਨੇ ਤਿੰਨ-ਚਾਰ ਤਰ੍ਹਾਂ ਦੇ ਪਕੌੜੇ ਬਣਾਏ ਤੇ ਅਸੀਂ ਸਾਰਿਆਂ ਨੇ ਰਲ ਕੇ ਖਾਧੇ।

ਪਿਕਨਿਕ ਦਾ ਪ੍ਰੋਗਰਾਮ ਬਣਾਉਣਾ : ਉਸ ਦਿਨ ਮੀਂਹ ਸੀ ਕਿ ਹਟਣ ਦਾ ਨਾਂ ਨਹੀਂ ਸੀ ਲੈ ਰਿਹਾ। ਮੇਰਾ ਵਾਰ-ਵਾਰ ਕਿਸੇ ਪਿਕਨਿਕ ਸਪਾਟ ਤੇ ਜਾਣ ਨੂੰ ਜੀ ਕਰ ਰਿਹਾ ਸੀ। ਅਸੀਂ ਤਿਆਰ ਬੈਠੇ ਸਾਂ ਕਿ ਕਦੋਂ ਥੋੜ੍ਹਾ ਮੀਂਹ ਹਟੇ ਤੇ ਕਦੋਂ ਘਰੋਂ ਨਿਕਲੀਏ। ਰੱਬ ਨੇ ਸਾਡੀ ਬੇਨਤੀ ਸੁਣੀ ਤੇ ਮੀਂਹ ਥੰਮ੍ਹ ਗਿਆ, ਪਰੰਤੂ ਅਸਮਾਨ ਤੇ ਕਾਲੇ-ਕਾਲੇ ਬੱਦਲ ਹਾਲੇ ਵੀ ਛਾਏ ਹੋਏ ਸਨ। ਅਸੀਂ ਫਟਾ-ਫਟ ਗੈਰਜ਼ ਤੋਂ ਕਾਰ ਕੱਢੀ ਤੇ ਘਰੋਂ ਚੱਲ ਪਏ। ਬਾਹਰ ਨਿਕਲ ਕੇ ਅਸੀਂ ਵੇਖਿਆ ਕਿ ਸਭ ਪਾਸੇ ਪਾਣੀ-ਪਾਣੀ ਹੋਇਆ ਪਿਆ ਸੀ। ਲੋਕਾਂ ਦੇ ਸਕੂਟਰ, ਮੋਟਰ-ਸਾਈਕਲ, ਕਾਰਾਂ ਪਾਣੀ ਵਿਚ ਬੰਦ ਹੋਏ ਖੜ੍ਹੇ ਸਨ। ਸਾਡਾ ਡਰਾਈਵਰ ਕਿਸੇ ਨਾ ਕਿਸੇ ਤਰ੍ਹਾਂ ਬਚਦਾ ਬਚਾਉਂਦਾ ਕਾਰ ਚਲਾਈ ਜਾ ਰਿਹਾ ਸੀ। ਆਖ਼ਰ ਅਸੀਂ ਪਿਕਨਿਕ ਸਪਾਟ ਤੇ ਪੁੱਜ ਗਏ।

ਨਹਿਰ ਕੰਢੇ ਦਾ ਨਜ਼ਾਰਾ : ਇਹ ਪਿਕਨਿਕ ਸਪਾਟ ਇੱਕ ਨਹਿਰ ਕੰਢੇ ਸੀ। ਜਦੋਂ ਅਸੀਂ ਉੱਥੇ ਪੁੱਜੇ ਤਾਂ ਕਾਫ਼ੀ ਲੋਕ ਇਸ ਮੌਸਮ ਦਾ ਨਜ਼ਾਰਾ ਮਾਣ ਰਹੇ ਸਨ। ਮੇਰੇ ਕੁਝ ਸਾਥੀ ਵੀ ਮੈਨੂੰ ਮਿਲੇ। ਉਹ ਨਹਿਰ ਵਿੱਚ ਛਾਲਾਂ ਮਾਰ ਕੇ ਨਹਾ ਰਹੇ ਸਨ। ਅਸੀਂ ਨਹਿਰ ਕੰਢੇ ਬੈਠ ਗਏ ਤੇ ਲੋਕਾਂ ਨੂੰ ਨਹਿਰ ਵਿੱਚ ਨਹਾਉਂਦੇ ਤੱਕ ਕੇ ਮਜ਼ੇ ਲੈਂਦੇ ਰਹੇ। ਅਸੀਂ
ਅੰਬਾਂ ਦੀ ਇੱਕ ਟੋਕਰੀ ਆਪਣੇ ਨਾਲ ਲੈ ਗਏ ਸਾਂ। ਥੋੜ੍ਹੀ-ਥੋੜ੍ਹੀ ਫੁਹਾਰ ਸ਼ੁਰੂ ਹੋ ਚੁੱਕੀ ਸੀ। ਅਸੀਂ ਫੁਹਾਰ ਵਿੱਚ ਅੰਬ वे ਚੂਪ ਕੇ ਖੂਬ ਮਜ਼ਾ ਲਿਆ।

ਵਾਪਸੀ : ਅਸੀਂ ਨਹਿਰ ਤੇ ਤਿੰਨ-ਚਾਰ ਘੰਟੇ ਬੈਠੇ ਰਹੇ ਤੇ ਮਜ਼ੇ ਲੈਂਦੇ ਰਹੇ। ਕਾਲੀਆਂ-ਕਾਲੀਆਂ ਘਟਾਵਾਂ ਚੜ੍ਹ-ਚੜ੍ਹ ਆ ਰਹੀਆਂ ਸਨ। ਅਸੀਂ ਆਪਣੀ ਕਾਰ ਵਿੱਚ ਬੈਠੇ ਤੇ ਘਰ ਨੂੰ ਚੱਲ ਪਏ। ਹਾਲੇ ਅਸੀਂ ਘਰ ਪੈਰ ਹੀ ਰੱਖਿਆ ਸੀ ਕਿ ਜ਼ੋਰਦਾਰ ਮੀਂਹ ਛਿੜ ਪਿਆ।

ਸਾਰ ਅੰਸ਼ : ਭਾਰਤ ਵਿੱਚ ਮੁੱਖ ਛੇ ਰੁੱਤਾਂ ਆਉਂਦੀਆਂ ਹਨ। ਸਾਰੀਆਂ ਰੁੱਤਾਂ ਦਾ ਹੀ ਆਪਣਾ-ਆਪਣਾ ਮਹੱਤਵ ਹੈ। ਇਨ੍ਹਾਂ ਸਾਰੀਆਂ ਰੁੱਤਾਂ ਵਿੱਚੋਂ ਵਰਖਾ ਰੁੱਤ ਇੱਕ ਨਿਰਾਲੀ ਰੁੱਤ ਹੈ। ਗਰਮੀ ਦੇ ਸਤਾਏ ਲੋਕ ਇਸ ਰੁੱਤ ਵਿੱਚ ਸੁੱਖ ਦਾ ਸਾਹ ਲੈਂਦੇ ਹਨ। ਮੈਨੂੰ ਇਹ ਰੁੱਤ ਬਹੁਤ ਪਸੰਦ ਹੈ।