ਲੇਖ ਰਚਨਾ : ਰੇਲਵੇ ਸਟੇਸ਼ਨ ਦਾ ਦ੍ਰਿਸ਼


ਰੇਲਵੇ ਸਟੇਸ਼ਨ ਦਾ ਦ੍ਰਿਸ਼


ਜਾਣ-ਪਛਾਣ : ਦੁਨੀਆ ਦੀ ਅਸਲੀ ਝਲਕ ਰੇਲਵੇ ਸਟੇਸ਼ਨਾਂ ਤੇ ਹੀ ਵੇਖੀ ਜਾ ਸਕਦੀ ਹੈ। ਇੱਥੇ ਲੋਕ ਆਪਣੇ ਜੀਵਨ ਦਾ ਵਧੀਆ ਨਾਟਕ ਖੇਡ ਰਹੇ ਹੁੰਦੇ ਹਨ। ਇਹ ਜਗ੍ਹਾ ਰੰਗ-ਬਿਰੰਗੀ ਦੁਨੀਆ ਦਾ ਮੇਲਾ ਹੁੰਦਾ ਹੈ। ਇੱਥੇ ਦੌੜ-ਭੱਜ, ਹੱਫੜਾ-ਦਫੜੀ ਅਤੇ ਚੁਸਤੀ-ਫੁਰਤੀ ਵਿਖਾਈ ਦਿੰਦੀ ਹੈ। ਕਿਸੇ ਕੋਲ ਇੱਥੇ ਟਿਕੇ ਰਹਿਣ ਦਾ ਸਮਾਂ ਨਹੀਂ ਹੁੰਦਾ। ਇਹ ਅਸਥਾਈ ਮੁਸਾਫ਼ਰਖਾਨਾ ਹੈ। ਇੱਥੇ ਸਾਰੇ ਲੋਕ ਆਪੋ ਆਪਣੀ ਮੰਜ਼ਲ ਵੱਲ ਪਹੁੰਚਣ ਲਈ ਉਤਾਵਲੇ ਹੁੰਦੇ ਹਨ।

ਵੱਡੇ ਵੀਰ ਜੀ ਦਾ ਆਉਣਾ : ਗਰਮੀਆਂ ਦੀਆਂ ਛੁੱਟੀਆਂ ਵਿੱਚ ਮੇਰੇ ਵੱਡੇ ਵੀਰ ਜੀ ਨੇ ਸਾਡੇ ਕੋਲ ਲੁਧਿਆਣੇ ਆਉਣਾ ਸੀ। ਇਸ ਲਈ ਮੈਂ ਆਪਣੇ ਪਿਤਾ ਜੀ ਦੇ ਨਾਲ ਉਨ੍ਹਾਂ ਨੂੰ ਲੈਣ ਲਈ ਰੇਲਵੇ ਸਟੇਸ਼ਨ ਜਾਣਾ ਸੀ। ਉਹ ਇੱਕ ਜੂਨ ਨੂੰ ਦਿੱਲੀ ਤੋਂ ਲੁਧਿਆਣੇ ਆਉਣ ਵਾਲੀ ਸ਼ਤਾਬਦੀ ਗੱਡੀ ਵਿੱਚ ਬੈਠੇ। ਗੱਡੀ ਨੇ ਰਾਤੀਂ ਸਾਢੇ ਅੱਠ ਵਜੇ ਪਹੁੰਚਣਾ ਸੀ। ਇਸ ਲਈ ਮੈਂ ਅਤੇ ਪਿਤਾ ਜੀ ਕਾਰ ਰਾਹੀਂ ਸਟੇਸ਼ਨ ਪਹੁੰਚੇ ਅਤੇ ਪਲੇਟਫਾਰਮ ਦੀਆਂ ਟਿਕਟਾਂ ਲੈ ਕੇ ਪਲੇਟਫਾਰਮ ਨੰਬਰ ਦੋ ਤੇ ਪਹੁੰਚ ਗਏ, ਕਿਉਂਕਿ ਸ਼ਤਾਬਦੀ ਨੇ ਇੱਥੇ ਹੀ ਆ ਕੇ ਰੁਕਣਾ ਸੀ।

ਲੋਕਾਂ ਦੀ ਚਹਿਲ ਕਦਮੀ : ਮੈਂ ਵੇਖਿਆ ਕਿ ਉੱਥੇ ਬਹੁਤ ਸਾਰੇ ਲੋਕ ਆਪੋ-ਆਪਣਾ ਸਮਾਨ ਲੈ ਕੇ ਆ ਜਾ ਰਹੇ ਸਨ। ਉੱਥੇ ਕਈ ਗੱਡੀਆਂ ਖਲੋਤੀਆਂ ਸਨ ਤੇ ਕਈ ਜਾ ਰਹੀਆਂ ਸਨ। ਕੋਈ ਕਾਹਲੀ-ਕਾਹਲੀ ਆਪਣੇ ਪਲੇਟਫਾਰਮ ਵੱਲ ਵੱਧ ਰਿਹਾ ਸੀ। ਉੱਥੇ ਬੱਚੇ, ਬੁੱਢੇ ਤੇ ਜਵਾਨ ਸਾਰੇ ਹੀ ਆਪੋ-ਆਪਣੇ ਸਮਾਨ ਫੜੀ ਬੈਠੇ ਹੋਏ ਸਨ ਤੇ ਕਈ ਬਾਹਰ ਵੱਲ ਜਾ ਰਹੇ ਸਨ। ਲੋਕਾਂ ਦੀ ਬਹੁਤੀ ਭੀੜ ਵੇਖ ਕੇ ਮੈਨੂੰ ਬੜੀ ਹੈਰਾਨੀ ਹੋਈ। ਉੱਥੇ ਚਾਰੇ ਪਾਸੇ ਰੌਲਾ ਹੀ ਰੌਲਾ ਸੁਣਾਈ ਦੇ ਰਿਹਾ ਸੀ।

ਖਾਣ-ਪੀਣ ਦੇ ਸਟਾਲ : ਰੇਲਵੇ ਸਟੇਸ਼ਨ ਤੇ ਅਨੇਕਾਂ ਖਾਣ-ਪੀਣ ਦੇ ਸਟਾਲ ਲੱਗੇ ਹੋਏ ਸਨ। ਮੁਸਾਫ਼ਰ ਆਪਣੀ ਲੋੜ ਦੇ ਅਨੁਸਾਰ ਖਾ-ਪੀ ਰਹੇ ਸਨ। ਕਈ ਬੋਤਲਾਂ ਵਿੱਚ ਪਾਣੀ ਭਰ ਰਹੇ ਸਨ। ਕਈ ਚਾਹ ਪੀ ਰਹੇ ਸਨ ਤੇ ਕਈ ਪਕੌੜੇ, ਬਿਸਕੁਟ ਤੇ ਹੋਰ ਚੀਜ਼ਾਂ ਖਾ ਰਹੇ ਸਨ। ਗਰਮੀ ਵਧੇਰੇ ਹੋਣ ਕਾਰਨ ਬਹੁਤੇ ਲੋਕ ਕੋਲਡ-ਡਰਿੰਕ ਹੀ ਪੀ ਰਹੇ ਸਨ। ਕਈ ਸਟਾਲਾਂ ਉੱਤੇ ਮੈਗਜ਼ੀਨ, ਕਿਤਾਬਾਂ ਤੇ ਅਖ਼ਬਾਰਾਂ ਵਿਕ ਰਹੀਆਂ ਸਨ। ਮੈਂ ਅਤੇ ਪਿਤਾ ਜੀ ਨੇ ਵੀ ਪਕੌੜੇ ਲੈ ਕੇ ਖਾਧੇ ਅਤੇ ਫਿਰ ਕੋਕ ਪੀਤੀ।

ਛਾਬੜੀ ਵਾਲਿਆਂ ਦੇ ਹੋਕੇ : ਪਲੇਟਫਾਰਮਾਂ ਦੇ ਉੱਤੇ ਛਾਬੜੀਆਂ ਵਾਲੇ ਉੱਚੀਆਂ-ਉੱਚੀਆਂ ਅਵਾਜ਼ਾਂ ਮਾਰ ਕੇ ਚੀਜ਼ਾਂ ਵੇਚ ਰਹੇ ਸਨ। ਕੋਈ ਕੇਲੇ-ਸੇਬ ਦੀਆਂ ਅਵਾਜ਼ਾਂ ਦੇ ਰਿਹਾ ਸੀ। ਕੋਈ ਪੂਰੀਆਂ ਛੋਲੇ, ਕੋਈ ਲੱਸੀ ਤੇ ਕੋਈ ਸ਼ਿਕੰਜਵੀਂ ਦੇ ਹੋਕੇ ਦੇ ਰਹੇ ਸਨ। ‘ਚਾਏ ਚਾਏ’ ਦੀ ਅਵਾਜ਼ ਤਾਂ ਬਹੁਤ ਆ ਰਹੀ ਸੀ। ਅਖ਼ਬਾਰਾਂ ਵਾਲੇ ‘ਅੱਜ ਦੀ ਤਾਜ਼ਾ ਖ਼ਬਰ’ ਕਹਿ ਕੇ ਅਖ਼ਬਾਰਾਂ ਵੇਚ ਰਹੇ ਸਨ। ਉਨ੍ਹਾਂ ਨੇ ਅਖ਼ਬਾਰਾਂ ਨੂੰ ਬਾਹਾਂ ਉੱਤੇ ਲੱਦਿਆ ਹੋਇਆ ਸੀ।

ਸੂਚਨਾ ਰਾਹੀਂ ਹਰੇਕ ਗੱਡੀ ਬਾਰੇ ਦੱਸਣਾ : ਹਰੇਕ ਪਲੇਟਫਾਰਮ ਦੇ ਉੱਤੇ ਨੰਬਰ ਲਿਖੇ ਹੋਏ ਸਨ। ਉੱਥੇ ਲਾਊਡ ਸਪੀਕਰ ਵੀ ਲੱਗੇ ਹੋਏ ਸਨ, ਜਿਨ੍ਹਾਂ ਰਾਹੀਂ ਮੁਸਾਫ਼ਰਾਂ ਨੂੰ ਗੱਡੀਆਂ ਦੇ ਆਉਣ-ਜਾਣ ਬਾਰੇ ਸੂਚਨਾ ਦਿੱਤੀ ਜਾ ਰਹੀ ਸੀ। ਹਰੇਕ ਗੱਡੀ ਦੇ ਆਉਣ ਬਾਰੇ ਅਤੇ ਜਾਣ ਬਾਰੇ ਕਈ-ਕਈ ਵਾਰੀ ਦੱਸਿਆ ਜਾ ਰਿਹਾ ਸੀ। ਉੱਥੇ ਗੱਡੀਆਂ ਦੇ ਡੱਬਿਆਂ ਦੇ ਨੰਬਰ ਅਨੁਸਾਰ ਨੰਬਰ ਵੀ ਲੱਗੇ ਹੋਏ ਸਨ ਅਤੇ ਵੱਡੇ-ਵੱਡੇ ਘੜਿਆਲ ਸਮਾਂ ਦੱਸਣ ਲਈ ਲੱਗੇ ਹੋਏ ਸਨ।

ਗੱਡੀ ਦਾ ਆਉਣਾ ਅਤੇ ਭੱਜ ਦੌੜ : ਜਿਉਂ ਹੀ ਕਿਸੇ ਵੀ ਪਲੇਟਫਾਰਮ ਉੱਤੇ ਗੱਡੀ ਆਉਣੀ ਹੁੰਦੀ ਸੀ ਤਾਂ ਸਾਰੇ ਮੁਸਾਫ਼ਰ ਆਪਣਾ ਸਮਾਨ ਚੁੱਕ ਕੇ ਦੌੜ ਪੈਂਦੇ ਸਨ ਅਤੇ ਹਫੜਾ-ਦਫੜੀ ਮਚ ਜਾਂਦੀ ਸੀ। ਗੱਡੀ ਵਿੱਚੋਂ ਮੁਸਾਫ਼ਰ ਹਾਲੇ ਨਿਕਲੇ ਹੀ ਨਹੀਂ ਸਨ ਹੁੰਦੇ ਕਿ ਅੰਦਰ ਜਾਣ ਵਾਲੇ ਮੁਸਾਫ਼ਰ ਪਹਿਲਾਂ ਹੀ ਰਾਹ ਵਿੱਚ ਆਪਣਾ ਸਮਾਨ ਲੱਦਣ ਲਈ ਕਾਹਲੇ ਵਿਖਾਈ ਦਿੰਦੇ ਸਨ। ਮੁਸਾਫ਼ਰਾਂ ਨੂੰ ਇਹੋ ਡਰ ਸਤਾ ਰਿਹਾ ਸੀ ਕਿ ਕਿਤੇ ਗੱਡੀ ਚਲੀ ਨਾ ਜਾਵੇ।

ਵੀਰ ਜੀ ਦੀ ਗੱਡੀ ਦਾ ਆਉਣਾ : ਅੱਧੇ ਘੰਟੇ ਦੀ ਇੰਤਜ਼ਾਰ ਪਿੱਛੋਂ ਮੇਰੇ ਵੀਰ ਜੀ ਦੀ ਗੱਡੀ ਵੀ ਸਾਡੇ
ਪਲੇਟਫਾਰਮ ਤੇ ਪੁੱਜ ਗਈ ਜਿਸਦਾ ਨੰਬਰ ਦੋ ਸੀ। ਵੀਰ ਜੀ ਦੀ ਗੱਡੀ ਦਾ ਬੋਗੀ ਨੰਬਰ ਛੇ ਸੀ। ਅਸੀਂ ਉਸ ਬੋਗੀ ਦੇ ਕੋਲ ਹੀ ਖੜ੍ਹੇ ਸਾਂ। ਕੁਝ ਹੀ ਮਿੰਟਾਂ ਬਾਅਦ ਵੀਰ ਜੀ ਆਪਣਾ ਅਟੈਚੀ ਲੈ ਕੇ ਬਾਹਰ ਨਿਕਲ ਆਏ। ਮੈਂ ਉਨ੍ਹਾਂ ਨੂੰ ਪਹਿਲਾਂ ਹੀ ਵੇਖ ਲਿਆ ਸੀ। ਮੈਂ ਉਨ੍ਹਾਂ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਉਨ੍ਹਾਂ ਵੀ ਮੈਨੂੰ ਪਿਆਰ ਕੀਤਾ। ਫਿਰ ਉਨ੍ਹਾਂ ਪਿਤਾ ਜੀ ਦੇ ਪੈਰ ਛੂਹੇ। ਫਿਰ ਅਸੀਂ ਪੌੜੀਆਂ ਚੜ੍ਹ ਕੇ ਬਾਹਰ ਨਿਕਲਣ ਵਾਲੇ ਰਸਤੇ ਵੱਲ ਚੱਲ ਪਏ। ਉਸ ਵੇਲੇ ਵੀ ਬਹੁਤ ਸ਼ੋਰ-ਸ਼ਰਾਬਾ ਸੁਣਾਈ ਦੇ ਰਿਹਾ ਸੀ। ਲੋਕ ਆਪਣਾ ਸਮਾਨ ਚੁੱਕੀ ਇੱਧਰ-ਉੱਧਰ ਜਾ ਰਹੇ ਸਨ।

ਪਾਰਕਿੰਗ ਕੋਲ ਪਹੁੰਚਣਾ : ਅਸੀਂ ਜਲਦੀ ਹੀ ਕਾਰ ਪਾਰਕਿੰਗ ਕੋਲ ਪੁੱਜ ਗਏ। ਪਿਤਾ ਜੀ ਨੇ ਪਾਰਕਿੰਗ ਦੇ ਪੰਜਾਹ ਰੁਪਏ ਦਿੱਤੇ। ਅਸੀਂ ਸਮਾਨ ਕਾਰ ਵਿੱਚ ਰੱਖਿਆ ਅਤੇ ਘਰ ਵੱਲ ਚੱਲ ਪਏ।

ਸਾਰ-ਅੰਸ਼ : ਇਸ ਤਰ੍ਹਾਂ ਰੇਲਵੇ ਸਟੇਸ਼ਨ ਦਾ ਦ੍ਰਿਸ਼ ਬੜਾ ਸ਼ੋਰ-ਸ਼ਰਾਬੇ ਵਾਲਾ ਅਤੇ ਭੀੜ-ਭੜੱਕੇ ਵਾਲਾ ਹੁੰਦਾ ਹੈ। ਹਰ ਕੋਈ ਆਪਣੇ ਟਿਕਾਣੇ ਤੇ ਜਾਣ ਲਈ ਆਪਣੀ ਗੱਡੀ ਦਾ ਇੰਤਜ਼ਾਰ ਕਰਦਾ ਹੈ। ਉੱਥੇ ਲੱਗੇ ਹੋਏ ਤਰ੍ਹਾਂ ਤਰ੍ਹਾਂ ਦੇ ਸਟਾਲ ਖ਼ਾਸ ਖਿੱਚ ਦਾ ਕੇਂਦਰ ਬਣਦੇ ਹਨ। ਹਰੇਕ ਮੁਸਾਫ਼ਰ ਨੂੰ ਗੱਡੀ ਵਿੱਚ ਮਿਲਣ ਵਾਲੀ ਸੀਟ ਦਾ ਫ਼ਿਕਰ ਲੱਗਾ ਹੁੰਦਾ ਹੈ। ਮੈਨੂੰ ਰੇਲਵੇ ਸਟੇਸ਼ਨ ਦਾ ਨਜ਼ਾਰਾ ਕਾਫ਼ੀ ਖਿੱਚ ਭਰਪੂਰ ਲੱਗਿਆ।