ਲੇਖ ਰਚਨਾ : ਮਹਾਰਾਜਾ ਰਣਜੀਤ ਸਿੰਘ
ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸੰਨ 1780 ਈ. ਵਿੱਚ ਸਰਦਾਰ ਮਹਾਂ ਸਿੰਘ ਸ਼ੁਕਰਚੱਕੀਏ ਦੇ ਘਰ ਗੁਜਰਾਂਵਾਲੇ (ਪਾਕਿਸਤਾਨ) ਵਿਖੇ ਸਰਦਾਰਨੀ ਰਾਜ ਕੌਰ ਦੀ ਕੁੱਖੋਂ ਹੋਇਆ। ਬਚਪਨ ਵਿੱਚ ਚੇਚਕ ਨਿਕਲਣ ਕਾਰਨ ਆਪ ਦੀ ਇੱਕ ਅੱਖ ਦੀ ਜੋਤ ਜਾਂਦੀ ਰਹੀ। ਆਪ ਦੀ ਮਾਤਾ ਨੇ ਆਪ ਦਾ ਨਾਂ ਬੁੱਧ ਸਿੰਘ ਰੱਖਿਆ, ਪਰ ਆਪ ਦੇ ਜਨਮ ਦੀ ਖ਼ਬਰ ਪਿਤਾ ਨੂੰ ਉਸ ਸਮੇਂ ਮਿਲੀ ਜਦੋਂ ਉਹ ਜੰਗ ਜਿੱਤ ਕੇ ਆਏ ਸਨ, ਇਸ ਲਈ ਇਸ ਖੁਸ਼ੀ ਵਿੱਚ ਉਨ੍ਹਾਂ ਨੇ ਆਪ ਦਾ ਨਾਂ ਰਣਜੀਤ ਸਿੰਘ ਰੱਖਿਆ। ਆਪ ਦੀ ਉਮਰ ਅਜੇ ਬਾਰ੍ਹਾਂ ਵਰ੍ਹਿਆਂ ਦੀ ਹੀ ਸੀ ਕਿ ਆਪ ਦੇ ਪਿਤਾ ਅਕਾਲ ਚਲਾਣਾ ਕਰ ਗਏ। ਇਸ ਸਮੇਂ ਮਿਸਲ ਦੇ ਸਾਰੇ ਕੰਮ ਕਾਜ ਦਾ ਭਾਰ ਆਪ ਨੂੰ ਸੰਭਾਲਣਾ ਪੈ ਗਿਆ। ‘ਹੋਣਹਾਰ ਬਿਰਵਾ ਕੇ ਚਿਕਨੇ-ਚਿਕਨੇ ਪਾਤ’ ਕਹਾਵਤ ਅਨੁਸਾਰ ਆਪ ਨੇ ਆਪਣੇ ਕਾਰਜ ਨੂੰ ਸੁਚੱਜਤਾ ਨਾਲ ਨਿਭਾਉਣਾ ਅਰੰਭ ਕੀਤਾ। ਆਪ ਨੇ ਛੋਟੀ ਉਮਰ ਵਿੱਚ ਘੋੜ-ਸਵਾਰੀ ਤੇ ਸ਼ਸਤਰ ਵਿਦਿਆ ਵਿੱਚ ਪ੍ਰਬੀਨਤਾ ਪ੍ਰਾਪਤ ਕਰ ਲਈ।
ਆਪ ਆਪਣੀ ਬਹਾਦਰੀ, ਸੂਰਬੀਰਤਾ ਤੇ ਸਿਆਣਪ ਕਰਕੇ ਆਪਣੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਮਸ਼ਹੂਰ ਹੋ ਚੁੱਕੇ ਸਨ। ਆਪ ਦਾ ਵਿਆਹ ਘਨ੍ਹਈਆ ਮਿਸਲ ਦੇ ਆਗੂ ਸਰਦਾਰ ਗੁਰਬਖਸ਼ ਸਿੰਘ ਦੀ ਲੜਕੀ ਮਹਿਤਾਬ ਕੌਰ ਨਾਲ ਹੋਣਿਆ। ਇਸ ਤਰ੍ਹਾਂ ਦੋਹਾਂ ਮਿਸਲਾਂ ਦੀ ਨੇੜਤਾ ਕਾਰਨ ਰਾਜਨੀਤਕ ਤੌਰ ‘ਤੇ ਰਣਜੀਤ ਸਿੰਘ ਦੀ ਤਾਕਤ ਹੋਰ ਵੱਧ ਗਈ।
ਆਪਣੀ ਯੋਗਤਾ ਅਤੇ ਦੂਰਦਰਸ਼ਤਾ ਕਾਰਨ 1799 ਈ. ਵਿੱਚ ਆਪਣੀ ਸੱਸ ਸਦਾ ਕੌਰ ਦੀ ਸੈਨਾ ਦੀ ਮਦਦ ਨਾਲ ਲਾਹੌਰ ਤੇ ਕਬਜ਼ਾ ਕਰ ਕੇ ਆਪਣੇ ਰਾਜ ਵਿੱਚ ਮਿਲਾ ਲਿਆ। ਵਿਸਾਖੀ ਵਾਲੇ ਦਿਨ 1801 ਈ. ਵਿੱਚ ਲਾਹੌਰ ਵਾਸੀਆਂ ਨੇ ਆਪ ਜੀ ਨੂੰ ‘ਮਹਾਰਾਜ’ ਦੀ ਪਦਵੀ ਦਿੱਤੀ।
ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿੱਚੋਂ ਵਿਦੇਸ਼ੀ ਰਾਜੇ ਕੱਢਣ ਲਈ ਅਫ਼ਗਾਨਿਸਤਾਨ ਵੱਲੋਂ ਹੁੰਦੇ ਹਮਲਿਆਂ ਦਾ ਸਦਾ ਲਈ ਰਸਤਾ ਰੋਕਣ ਲਈ ਇੱਕ ਲੰਮੀ ਯੋਜਨਾ ਤਿਆਰ ਕੀਤੀ। ਸਾਰੇ ਪੰਜਾਬੀਆਂ ਨੂੰ ਇੱਕ ਝੰਡੇ ਥੱਲੇ ਇਕੱਠਾ ਕੀਤਾ। 1834 ਈ. ਤੱਕ ਆਪ ਨੇ ਆਪਣੇ ਰਾਜ ਵਿੱਚ ਸਤਲੁਜ ਦਰਿਆ ਤੋਂ ਪਾਰ ਦੀਆਂ ਸਾਰੀਆਂ ਰਿਆਸਤਾਂ ਨੂੰ ਸ਼ਾਮਲ ਕਰਨ ਤੋਂ ਇਲਾਵਾ ਲਦਾਖ, ਕਸ਼ਮੀਰ, ਕਾਂਗੜਾ, ਚੰਬਾ, ਕਾਬੁਲ, ਪਿਸ਼ਾਵਰ, ਤਿੱਬਤ ਆਦਿ ਦੇ ਇਲਾਕੇ ਨੂੰ ਆਪਣੇ ਕਬਜ਼ੇ ਹੇਠ ਕਰ ਲਿਆ। ਲੋਕਾਂ ਨੇ ਆਪ ਨੂੰ ‘ਸ਼ੇਰੇ ਪੰਜਾਬ’ ਕਹਿ ਕੇ ਸਤਿਕਾਰਿਆ।
ਰਣਜੀਤ ਸਿੰਘ ਇੱਕ ਨਿਰਭੈ ਜੋਧਾ ਸਨ। ਉਹ ਇੱਕ ਸੁਲਝੇ ਹੋਏ ਨੀਤੀਵਾਨ ਵੀ ਸਨ। ਅਨਪੜ੍ਹ ਹੋਣ ਦੇ ਬਾਵਜੂਦ ਵੀ ਆਪ ਨੇ ਆਪਣੀ ਸਿਆਣਪ ਨਾਲ ਲੋਕਾਂ ਨੂੰ ਆਪਣਾ ਲੋਹਾ ਮੰਨਵਾਇਆ। ਆਪਣੀ ਕਾਬਲੀਅਤ, ਨੀਤੀ ਅਤੇ ਲੋਕਾਂ ਦੇ ਪਿਆਰ ਆਸਰੇ ਪੰਜਾਬ ਵਿੱਚ ਇੱਕ ਸ਼ਕਤੀਸ਼ਾਲੀ ਹਕੂਮਤ ਕਾਇਮ ਕੀਤੀ। ਉਹ ਖ਼ੁਦਮੁਖਤਾਰ ਬਾਦਸ਼ਾਹ ਸਨ। ਉਨ੍ਹਾਂ ਨੇ ਪੰਥ ਦੇ ਨਾਂ ‘ਤੇ ‘ਸਿੱਕਾ’ ਚਲਾਇਆ। ਨਾਨਕ ਸ਼ਾਹੀ ਸਿੱਕਾ ਵੀ ਆਪ ਨੇ ਹੀ ਅਰੰਭ ਕੀਤਾ।
ਮਹਾਰਾਜਾ ਰਣਜੀਤ ਸਿੰਘ ਇੱਕ ਅਗਾਂਹਵਧੂ ਰਾਜ-ਪ੍ਰਬੰਧਕ ਵੀ ਸਨ। ਲੋਕ ਭਲਾਈ ਦੇ ਕੰਮਾਂ ਲਈ ਦਿਲ ਖੋਲ੍ਹ ਕੇ ਦਾਨ ਦਿੰਦੇ ਸਨ। ਕੋਈ ਜਾਤੀ ਭੇਦ-ਭਾਵ ਨਹੀਂ ਸੀ। ਹਰਿਮੰਦਰ ਸਾਹਿਬ ‘ਤੇ ਸੋਨੇ ਦਾ ਪੱਤਰਾ ਚੜਾਉਣ ਦੇ ਨਾਲ-ਨਾਲ ਹਿੰਦੂਆਂ ਤੇ ਮੁਸਲਮਾਨਾਂ ਦੇ ਧਰਮ ਸਥਾਨਾਂ ਦੇ ਨਾਂ ਵੀ ਜਗੀਰਾਂ ਲੱਗਵਾਈਆਂ। ਇਨ੍ਹਾਂ ਦਾ ਰਾਜ ਪੰਜਾਬੀਆਂ ਦਾ ਆਪਣਾ ਰਾਜ ਸੀ।
ਇਹ ਹਰਮਨ ਪਿਆਰਾ ਮਹਾਰਾਜਾ 28 ਜੂਨ 1839 ਈ. ਨੂੰ ਲੰਮੀ ਬਿਮਾਰੀ ਕਾਰਨ ਪੰਜਾਬੀਆਂ ਨੂੰ ਸਦੀਵੀ ਵਿਛੋੜਾ ਦੇ ਗਿਆ। ਆਪ ਦੇ ਅੱਖਾਂ ਮੀਟਣ ਦੀ ਦੇਰ ਸੀ ਕਿ ਕੁਝ ਸਮੇਂ ਵਿੱਚ ਹੀ ਰਾਜ ਖੇਰੂੰ-ਖੇਰੂੰ ਹੋ ਗਿਆ।