ਲੇਖ ਰਚਨਾ : ਭ੍ਰਿਸ਼ਟਾਚਾਰ
ਭ੍ਰਿਸ਼ਟਾਚਾਰ
ਜਾਣ-ਪਛਾਣ : ਭ੍ਰਿਸ਼ਟਾਚਾਰ ਕਿਸੇ ਵਿਕਾਸਸ਼ੀਲ ਦੇਸ਼ ਨੂੰ ਲੱਗਿਆ ਅਜਿਹਾ ਘੁਣ ਹੈ ਜੋ ਅੰਦਰੋਂ-ਅੰਦਰੀ ਦੇਸ਼ ਦੀਆਂ ਜੜ੍ਹਾਂ ਖੋਖਲੀਆਂ ਕਰਨ ਵਿਚ ਲੱਗਿਆ ਹੋਇਆ ਹੈ।
ਕੁਝ ਮਹਿੰਗਾਈ, ਕੁਝ ਬੇਰੁਜ਼ਗਾਰੀ
ਬਾਕੀ ਖਾ ਗਈ ਭ੍ਰਿਸ਼ਟਾਚਾਰੀ
ਅੱਜ ਭ੍ਰਿਸ਼ਟ ਦੇਸ਼ਾਂ ਦੀ ਸੂਚੀ ਵਿੱਚ ਭਾਰਤ ਦੇਸ਼ ਦਾ ਨਾਂ ਮੁੱਢਲੇ ਦੇਸ਼ਾਂ ਵਿੱਚ ਸ਼ਾਮਲ ਹੈ। ਜਿਉਂ-ਜਿਉਂ ਸਾਡੇ ਦੇਸ਼ ਵਿੱਚ ਇਸ ਬਿਮਾਰੀ ‘ਤੇ ਕਾਬੂ ਪਾਉਣ ਦੇ ਯਤਨ ਕੀਤੇ ਗਏ ਤਿਉਂ-ਤਿਉਂ ਇਹ ਹੋਰ ਜ਼ੋਰ ਫੜਦੀ ਜਾ ਰਹੀ ਹੈ। ਭ੍ਰਿਸ਼ਟ ਲੋਕਾਂ ਦੀ ਸੂਚੀ ਲੰਬੀ ਹੁੰਦੀ ਜਾ ਰਹੀ ਹੈ। ਇਕ ਭ੍ਰਿਸ਼ਟ ਵਿਅਕਤੀ ਦਾ ਸੰਬੰਧ ਅੱਗੋਂ ਹੋਰ ਕਈ ਵਿਅਕਤੀਆਂ ਨਾਲ ਹੈ ਤੇ ਇੰਝ ਇਹ ਕਦੇ ਨਾ ਖ਼ਤਮ ਹੋਣ ਵਾਲਾ ਸਿਲਸਿਲਾ ਬਣ ਕੇ ਰਹਿ ਗਿਆ ਹੈ, ਪਰ ਸਾਨੂੰ ਯਤਨ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਬਿਮਾਰੀ ਦੇ ਫੈਲਣ ਦੇ ਡਰ ਤੋਂ ਅਸੀਂ ਇਲਾਜ ਕਰਨਾ ਜਾਂ ਕਰਵਾਉਣਾ ਤਾਂ ਨਹੀਂ ਛੱਡ ਦਿੰਦੇ। ਜਦ ਤਕ ਸੁਆਸ ਹੈ ਤਦ ਤੱਕ ਆਸ ਹੈ। ਆਸਵੰਦ ਹੋ ਕੇ ਹੀ ਅਸੀਂ ਭ੍ਰਿਸ਼ਟਾਚਾਰ ਦੀ ਸਮੱਸਿਆ ਨਾਲ ਦੋ ਹੱਥ ਕਰਕੇ ਇਸ ਨੂੰ ਠੱਲ੍ਹ ਪਾਉਣ ਵਿੱਚ ਕਾਮਯਾਬ ਹੋ ਸਕਾਂਗੇ।
ਸਾਡੇ ਰਾਜਨੀਤਕ ਢਾਂਚੇ ਨੇ ਇਸ ਰੋਗ ਨੂੰ ਫੈਲਾਉਣ ਵਿੱਚ ਆਪਣੀ ਭੂਮਿਕਾ ਨਿਭਾਈ ਹੈ। ਦੇਸ਼ ਦੇ ਵਿਕਾਸ ਲਈ ਬਣਾਈਆਂ ਯੋਜਨਾਵਾਂ ਨੇਤਾਵਾਂ ਦੇ ਦਫ਼ਤਰਾਂ ਦੀਆਂ ਫਾਈਲਾਂ ਵਿੱਚ ਦਮ ਤੋੜ ਗਈਆਂ ਤੇ ਵਿਕਾਸ ਦੇ ਨਾਮ ‘ਤੇ ਖ਼ਰਚਿਆ ਗਿਆ ਪੈਸਾ ਨੇਤਾਵਾਂ ਦੇ ਗੁਪਤ ਖ਼ਾਤਿਆਂ ਨੇ ਖਾ ਲਿਆ। ਆਪਣੀ ਕੁਰਸੀ ਨੂੰ ਬਚਾਈ ਰੱਖਣ ਲਈ ਉਸ ਪੈਸੇ ਦੀ ਵਰਤੋਂ ਕੀਤੀ ਗਈ ਜੋ ਦੇਸ਼ ਦੇ ਵਿਕਾਸ ਲਈ ਰਾਖਵਾਂ ਸੀ। ਅਮੀਰਾਂ ਤੋਂ ਰਿਸ਼ਵਤ ਲੈ ਕੇ ਉਨ੍ਹਾਂ ਦੇ ਕਈ ਤਰ੍ਹਾਂ ਦੇ ਜਾਇਜ਼-ਨਜ਼ਾਇਜ਼ ਕੰਮ ਨੇਤਾਵਾਂ ਦੇ ਕਹਿਣ ’ਤੇ ਹੀ ਹੁੰਦੇ ਹਨ। ਇਥੋਂ ਹੀ ਅਪਰਾਧ ਜਗਤ ਦਾ ਆਰੰਭ ਹੁੰਦਾ ਹੈ।
ਅੱਜ ਹਾਲਾਤ ਇਹ ਹਨ ਕਿ ਰਿਸ਼ਵਤ ਲੈਣ ਵਾਲਾ ਖੁੱਲ੍ਹੇਆਮ ਰਿਸ਼ਵਤ ਲੈ ਰਿਹਾ ਹੈ ਅਤੇ ਦੇਣ ਵਾਲਾ ਆਪਣੀ ਮਰਜ਼ੀ ਨਾਲ ਰਿਸ਼ਵਤ ਦੇ ਕੇ ਆਪਣਾ ਕੰਮ ਕਰਵਾ ਰਿਹਾ ਹੈ। ਮਸ਼ੀਨੀ ਯੁੱਗ ਅੰਦਰ ਵਕਤ ਦੀ ਘਾਟ ਹੋਣ ਕਾਰਨ ਆਦਮੀ ਪੈਸੇ ਦੇ ਜ਼ੋਰ ‘ਤੇ ਕੰਮ ਕਰਾਉਣ ਵਿੱਚ ਮਾਣ ਮਹਿਸੂਸ ਕਰ ਰਿਹਾ ਹੈ। ਪੈਸੇ ਪ੍ਰਤੀ ਪਿਆਰ ਨੇ ਸੁਆਰਥੀਪੁਣੇ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਪੈਸੇ ਪ੍ਰਤੀ ਲਾਲਸਾ ਇੰਨੀ ਵਧ ਗਈ ਹੈ ਕਿ ਸ਼ਰਮ ਹਯਾ ਦਾ ਕੋਈ ਪਰਦਾ ਨਹੀਂ ਹੈ। ਸਰਕਾਰੀ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ ਬਹੁਤ ਸਾਰੇ ਕਰਮਚਾਰੀ ਆਪਣੀਆਂ ਤਨਖ਼ਾਹਾਂ ਨੂੰ ਬੋਨਸ ਸਮਝ ਕੇ ਜਮ੍ਹਾਂ ਕਰ ਲੈਂਦੇ ਹਨ ਅਤੇ ਘਰ ਦੇ ਗੁਜ਼ਾਰੇ ਉਪਰਲੀ ਕਮਾਈ ਨਾਲ ਹੀ ਚਲਾਉਂਦੇ ਹਨ। ਉਪਰਲੀ ਕਮਾਈ ਕਰਨ ਵਾਲੀ ਸਰਕਾਰੀ ਨੌਕਰੀ ਨੂੰ ਪ੍ਰਾਪਤ ਕਰਨ ਵਾਲਿਆਂ ਦੀ ਲੰਬੀ ਸੂਚੀ ਹੁੰਦੀ ਹੈ। ਇਹ ਇਕ ਕੌੜਾ ਸੱਚ ਹੈ ਕਿ ਰਿਸ਼ਵਤ ਦੇ ਕੇ ਜਦ ਨੌਕਰੀ ਪ੍ਰਾਪਤ ਕੀਤੀ ਜਾਂਦੀ ਹੈ ਤਾਂ ਨੌਕਰੀ ਕਰਨ ਵਾਲਾ ਉਸ ਨੌਕਰੀ ਰਾਹੀਂ ਹੀ ਦਿੱਤੀ ਰਿਸ਼ਵਤ ਦੀ ਭਰਪਾਈ ਕਰਦਾ ਹੈ ਅਤੇ ਇਸ ਤਰ੍ਹਾਂ ਰਿਸ਼ਵਤਖੋਰੀ ਦਾ ਲਹੂ ਉਸ ਦੇ ਮੂੰਹ ਨੂੰ ਹਾਲਾਤ ਲਾ ਦਿੰਦੇ ਹਨ।
ਹਸਪਤਾਲਾਂ ਵਿੱਚ ਲੋੜਵੰਦ ਲੋਕਾਂ ਨੂੰ ਮਿਲਣ ਵਾਲੀਆਂ ਦਵਾਈਆਂ ਬਾਹਰਲੀਆਂ ਦੁਕਾਨਾਂ ਨੂੰ ਵੇਚ ਦਿੱਤੀਆਂ ਜਾਂਦੀਆਂ ਹਨ। ਪੁਲਿਸ ਵਿਭਾਗ ਰਿਸ਼ਵਤ ਲੈ ਕੇ ਕਈ ਸ਼ਿਕਾਇਤਾਂ ਨੂੰ ਰਫ਼ਾ-ਦਫ਼ਾ ਕਰ ਦਿੰਦਾ ਹੈ। ਅਧਿਆਪਕ ਜਮਾਤਾਂ ਵਿੱਚ ਨਾ ਪੜ੍ਹਾ ਕੇ ਟਿਊਸ਼ਨਾਂ ਪੜ੍ਹਾਉਣ ‘ਤੇ ਜ਼ੋਰ ਦਿੰਦੇ ਹਨ। ਸਰਕਾਰੀ ਬਿਲਡਿੰਗ ਦੇ ਨਿਰਮਾਣ ਕਾਰਜ ਵੇਲੇ ਸੀਮਿੰਟ, ਰੇਤ, ਬਜਰੀ, ਇੱਟਾਂ ਆਦਿ ਵਿੱਚ ਘਪਲੇਬਾਜ਼ੀ ਹੋ ਰਹੀ ਹੈ। ਰਿਸ਼ਵਤ ਨੂੰ ਕਮਿਸ਼ਨ ਦੇ ਨਾਮ ‘ਤੇ ਬਟੋਰਿਆ ਜਾ ਰਿਹਾ ਹੈ।
ਕਦੇ ਧਾਰਮਿਕ ਸਥਾਨ ਭ੍ਰਿਸ਼ਟਾਚਾਰੀ ਤੋਂ ਮੁਕਤ ਸਨ ਪਰ ਅੱਜ ਉਹ ਵੀ ਇਸ ਦੇ ਅੱਡੇ ਬਣਦੇ ਜਾ ਰਹੇ ਹਨ। ਅੱਜ ਉਨਾਂ ਸਥਾਨਾਂ ਤੋਂ ਰਹਿਣ ਵਾਲਿਆਂ ਵਿਰੁੱਧ ਹੇਰਾ-ਫੇਰੀ ਦੀਆਂ ਸ਼ਿਕਾਇਤਾਂ ਆਮ ਸੁਣਨ ਨੂੰ ਮਿਲਦੀਆਂ ਹਨ। ਯਾਤਰੂ ਰਿਸ਼ਵਤ ਦੇ ਕੇ ਸਹੂਲਤਾਂ ਖ਼ਰੀਦ ਲੈਂਦੇ ਹਨ। ਸ਼ਰਧਾ ਨੂੰ ਪੈਸੇ ਨਾਲ ਤੋਲਿਆ ਜਾ ਰਿਹਾ ਹੈ। ਰੌਬ ਦੇ ਨਾਮ ‘ਤੇ ਵਪਾਰੀਕਰਨ ਹੋ ਰਿਹਾ ਹੈ।
ਅਸੀਂ ਜਾਣਦੇ ਹਾਂ ਕਿ ਇਹ ਰੋਗ ਸਿਰਫ਼ ਸਾਨੂੰ ਹੀ ਨਹੀਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਨਿਗਲ ਜਾਵੇਗਾ। ਪਰ ਇਹ ਸਾਡੇ ਹੱਡਾਂ ਵਿੱਚ ਇਉਂ ਰਚ ਮਿਚ ਗਿਆ ਹੈ ਕਿ ਇਸ ਦੀ ਜਕੜ ਤੋਂ ਛੁਟਕਾਰਾ ਪਾਉਣਾ ਲਗਪਗ ਅਸੰਭਵ ਲੱਗਦਾ ਹੈ। ਕੰਪਿਊਟਰ ਦੀ ਮਦਦ ਨਾਲ ਕੁਝ ਹੱਦ ਤੱਕ ਇਸ ’ਤੇ ਕਾਬੂ ਪਾਉਣ ਦਾ ਯਤਨ ਕੀਤਾ ਗਿਆ ਹੈ ਪਰ ਪੂਰਨ ਸਫ਼ਲਤਾ ਅਜੇ ਵੀ ਹੱਥੋਂ ਬਹੁਤ ਦੂਰ ਹੈ।
ਜੇ ਅਸੀਂ ਚਾਹੁੰਦੇ ਹਾਂ ਕਿ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕੀਤਾ ਜਾਵੇ ਤਾਂ ਸਾਨੂੰ ਲੋਕ ਲਹਿਰ ਦਾ ਨਿਰਮਾਣ ਕਰਨਾ ਪਵੇਗਾ। ਸਾਡੇ ਦੇਸ਼ ਵਿੱਚ ਇਮਾਨਦਾਰ ਅਤੇ ਅਣਥੱਕ ਲੋਕਾਂ ਦੀ ਕਮੀ ਨਹੀਂ ਬੱਸ ਲੋੜ ਹੈ ਤਾਂ ਉਨ੍ਹਾਂ ਲੋਕਾਂ ਨੂੰ ਅੱਗੇ ਲਿਆ ਕੇ ਉਨ੍ਹਾਂ ਦੇ ਹੱਥ ਮਜ਼ਬੂਤ ਕਰਨ ਦੀ। ਜੇ ਕਰ ਸਰਕਾਰੀ ਅਦਾਰਿਆਂ ਵਿੱਚ ਯੋਗਤਾ ਦੇ ਆਧਾਰ ‘ਤੇ ਨੌਕਰੀਆਂ ਦਿੱਤੀਆਂ ਜਾਣ, ਤਾਂ ਨਾ ਕੇਵਲ ਕੰਮ ਹੀ ਸੁਚੱਜਤਾ ਨਾਲ ਕੀਤਾ ਜਾਵੇਗਾ ਸਗੋਂ ਭ੍ਰਿਸ਼ਟਾਚਾਰੀ ਨੂੰ ਵੀ ਠੱਲ੍ਹ ਪਏਗੀ। ਫੋਕੀਆਂ ਗੱਲਾਂ, ਨਾਹਰੇਬਾਜ਼ੀ, ਤੇ ਭਾਸ਼ਣਾਂ ਨਾਲ ਕੁਝ ਨਹੀਂ ਸੰਵਰਨ ਵਾਲਾ। ਦੇਸ਼ ਦੇ ਪੂਰਨ ਢਾਂਚੇ ਦਾ ਸਰਵੇਖਣ ਕਰਨ ਦੀ ਲੋੜ ਹੈ ਅਤੇ ਉਨ੍ਹਾਂ ਤਰੇੜਾਂ ਨੂੰ ਭਰਨ ਦੀ ਲੋੜ ਹੈ ਜੋ ਭ੍ਰਿਸ਼ਟਾਚਾਰੀ ਨੂੰ ਜਨਮ ਦਿੰਦੀਆਂ ਹਨ।