ਲੇਖ ਰਚਨਾ : ਭਾਰਤ ਵਿੱਚ ਵਧ ਰਹੀ ਅਰਾਜਕਤਾ
ਭਾਰਤ ਵਿੱਚ ਵੱਧ ਰਹੀ ਅਰਾਜਕਤਾ
ਦੇਸ਼ ਵਿੱਚ ਅਰਾਜਕਤਾ ਦਾ ਵਧਣਾ : ਜਦ ਤੋਂ ਭਾਰਤ ਅਜ਼ਾਦ ਹੋਇਆ ਹੈ, ਦੇਸ਼ ਅੰਦਰ ਸਥਿਤੀ ਦਿਨੋ- ਦਿਨ ਨਿੱਘਰਦੀ ਜਾ ਰਹੀ ਹੈ। ਸਾਧਾਂ, ਸੰਤਾਂ, ਪੀਰਾਂ ਤੇ ਫ਼ਕੀਰਾਂ ਦੀ ਇਸ ਸੋਨ-ਸੁਨਹਿਰੀ ਧਰਤੀ ਉੱਤੇ ਕਿਸੇ ਵੇਲੇ ਸਦਾਚਾਰਕ ਕਦਰਾਂ-ਕੀਮਤਾਂ ਦਾ ਬੋਲ-ਬਾਲਾ ਸੀ। ਫਿਰ ਮਹਾਤਮਾ ਗਾਂਧੀ ਅਤੇ ਪੰਡਤ ਨਹਿਰੂ ਨੇ ਵੀ ਭਾਰਤ ਪ੍ਰਤੀ ਸੁਨਹਿਰੀ ਸੁਪਨਿਆਂ ਦੀ ਕਲਪਨਾ ਕੀਤੀ ਪਰ ਹੁਣ ਝੂਠ ਤੇ ਫ਼ਰੇਬ ਦਾ ਪਸਾਰਾ ਵਧਦਾ ਜਾ ਰਿਹਾ ਹੈ ਅਤੇ ਪ੍ਰਬੰਧਕੀ ਕੁਸ਼ਲਤਾ ਅਲੋਪ ਹੁੰਦੀ ਜਾ ਰਹੀ ਹੈ।
ਨਿਰਾਸ਼ਾਜਨਕ ਭਵਿੱਖ : ਹਰ ਨਿਰਪੱਖ ਵਿਅਕਤੀ ਇਹ ਮਹਿਸੂਸ ਕਰਦਾ ਹੈ ਕਿ ਭਾਰਤ ਵਿੱਚ ਸਮਾਂ ਬੀਤਣ ਦੇ ਨਾਲ-ਨਾਲ ਹਾਲਤ ਵਿਗੜਦੀ ਜਾ ਰਹੀ ਹੈ। ਦੇਸ਼ ਅੰਦਰ ਬਦਅਮਨੀ ਅਤੇ ਹਰ ਤਰ੍ਹਾਂ ਦੇ ਜੁਰਮ ਤੇਜ਼ੀ ਨਾਲ ਵਧੇ ਹਨ। ਕਈ ਵਾਰ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਸਰਕਾਰ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ। ਹਰ ਪਾਸੇ ਹਨੇਰ-ਗਰਦੀ ਅਤੇ ਧੁੰਦੂਕਾਰਾ ਦਿਸਦਾ ਹੈ।
ਦੂਜੇ ਦੇਸ਼ਾਂ ਦੀ ਤਰੱਕੀ : ਜੇਕਰ ਅਸੀਂ ਸੰਸਾਰ ਦੇ ਦੂਜੇ ਦੇਸ਼ਾਂ ਵੱਲ ਜ਼ਰਾ ਝਾਤ ਮਾਰੀਏ ਤਾਂ ਮਹਿਸੂਸ ਹੁੰਦਾ ਹੈ ਕਿ ਜਾਪਾਨ ਅਤੇ ਪੱਛਮੀ ਜਰਮਨੀ ਵਰਗੇ ਦੇਸ਼ਾਂ ਨੇ ਕੁਝ ਸਾਲਾਂ ਵਿੱਚ ਹੀ ਸਮਾਜਕ, ਆਰਥਿਕ ਤੇ ਰਾਜਨੀਤਕ ਉੱਨਤੀ ਦੀਆਂ ਸਿਖਰਾਂ ਛੂਹੀਆਂ ਹਨ।
ਭਾਰਤ ਵਿੱਚ ਬੁਰਾਈਆਂ ਦਾ ਵਾਧਾ : ਇਸ ਦੇ ਮੁਕਾਬਲੇ ਭਾਰਤ ਵਿੱਚ ਚੋਰ-ਬਜ਼ਾਰੀ, ਧੋਖੇਬਾਜ਼ੀ, ਬੇਇਨਸਾਫ਼ੀ ਅਤੇ ਭ੍ਰਿਸ਼ਟਾਚਾਰ ਵਰਗੀਆਂ ਬੁਰਾਈਆਂ ਨੇ ਆਪਣੇ ਡੇਰੇ ਜਮਾਏ ਹੋਏ ਹਨ।
ਜਾਪਾਨ ਦੀ ਤਰੱਕੀ ਦਾ ਰਾਜ਼ : ਦੂਜੇ ਸੰਸਾਰ ਯੁੱਧ (1939-45 ਈ:) ਦੌਰਾਨ ਜਾਪਾਨ ਆਰਥਿਕ ਤੌਰ ‘ਤੇ ਬਿਲਕੁਲ ਬਰਬਾਦ ਹੋ ਗਿਆ ਸੀ, ਪਰ ਪਿਛਲੇ ਤਿੰਨ ਦਹਾਕਿਆਂ ਵਿੱਚ ਇਸ ਨੇ ਭਾਰਤ ਨੂੰ ਹਰ ਪੱਖ ਮਾਤ ਪਾ ਦਿੱਤਾ ਹੈ। ਜਦੋਂ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਪ੍ਰਮਾਣੂ ਬੰਬ ਡਿਗਣ ਕਰਕੇ ਜਾਪਾਨ ਨੂੰ ਮੂੰਹ- ਤੋੜਵੀਂ ਹਾਰ ਵੇਖਣੀ ਪਈ ਸੀ ਤਾਂ ਲੋਕਾਂ ਦਾ ਖ਼ਿਆਲ ਸੀ ਕਿ ਜਾਪਾਨ ਕਦੀ ਵੀ ਨਹੀਂ ਉੱਠ ਸਕੇਗਾ। ਜਾਪਾਨੀਆਂ ਦੀ ਹਿੰਮਤ, ਮਿਹਨਤ, ਲਗਨ ਤੇ ਦਿਆਨਤਦਾਰੀ ਦੀ ਦਾਦ ਦੇਣੀ ਪੈਂਦੀ ਹੈ। ਜਾਪਾਨ ਅੱਜ ਦੁਨੀਆ ਦੇ ਪਹਿਲੇ ਦਸ ਵਿਕਸਤ ਦੇਸ਼ਾਂ ਵਿੱਚ ਗਿਣਿਆ ਜਾਂਦਾ ਹੈ ਅਤੇ ਇਹ ਛੋਟਾ ਜਿਹਾ ਟਾਪੂ ਲਗਪਗ 10 ਪ੍ਰਤੀਸ਼ਤ ਸਮੁੱਚੀ ਰਾਸ਼ਟਰੀ ਉਪਜ ਪੈਦਾ ਕਰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਜਾਪਾਨ ਇਸਪਾਤ, ਮੋਟਰ ਗੱਡੀਆਂ, ਕੰਪਿਊਟਰ, ਵੀਡੀਓ—ਰਿਕਾਰਡਰ, ਕੈਮਰੇ ਅਤੇ ਹੋਰ ਕਈ ਵਸਤਾਂ ਦੇ ਉਤਪਾਦਨ ਵਿੱਚ ਅਮਰੀਕਾ ਵਰਗੇ ਦੇਸ਼ਾਂ ਨਾਲੋਂ ਵੀ ਅੱਗੇ ਹੈ। ਜਾਪਾਨ ਦੇ ਲੋਕ ਦੇਸ਼-ਪਿਆਰ, ਵਫ਼ਾਦਾਰੀ ਅਤੇ ਆਚਰਨ ਲਈ ਪ੍ਰਸਿੱਧ ਹਨ। ਮੰਦੇ ਭਾਗਾਂ ਨੂੰ ਭਾਰਤ ਵਿੱਚ ਇਨ੍ਹਾਂ ਚੰਗੇ ਗੁਣਾਂ ਦੀ ਘਾਟ ਹੈ ਅਤੇ ਅਜਿਹੀ ਸਥਿਤੀ ਵਿੱਚ ਨਿੱਘਰ ਰਹੀ ਹਾਲਤ ਤੋਂ ਕਿਵੇਂ ਬਚਿਆ ਜਾ ਸਕਦਾ ਹੈ?
ਗ਼ੁਲਾਮ ਰਹਿਣ ਕਾਰਨ ਅਨੈਤਿਕਤਾ ਦਾ ਵਧਣਾ : ਨਿਰਸੰਦੇਹ, ਪ੍ਰਾਚੀਨ ਕਾਲ ਵਿੱਚ ਭਾਰਤ ਦੇ ਲੋਕਾਂ ਵਿੱਚ ਇਹ ਗੁਣ ਪ੍ਰਬਲ ਸਨ। ਗੁਰੂਆਂ-ਪੀਰਾਂ ਦੀ ਸਿੱਖਿਆ ਤੇ ਦੀਖਿਆ ਨੇ ਲੋਕਾਂ ਵਿੱਚ ਉਸਾਰੂ ਤੇ ਸਿਰਜਣਾਤਮਕ ਗੁਣ ਪੈਦਾ ਕੀਤੇ ਸਨ, ਪਰ ਵਿਦੇਸ਼ੀ ਗ਼ੁਲਾਮੀ ਦੌਰਾਨ ਸਾਡੇ ਸੁਭਾਅ ਦਾ ਪਤਨ ਹੋਇਆ। ਅਸੀਂ ਬੇਈਮਾਨ ਬਣ ਗਏ, ਗ਼ੁਲਾਮਾਂ ਵਾਲੀਆਂ ਪ੍ਰਵਿਰਤੀਆਂ ਅਤੇ ਚਾਪਲੂਸੀ ਨੇ ਸਾਡੇ ਆਚਰਨ ਉੱਤੇ ਘਾਤ ਲਾਈ ਅਤੇ ਮਾਨਵੀ ਕਦਰਾਂ-ਕੀਮਤਾਂ ਦੀ ਘਾਟ ਨੇ ਦੇਸ਼ ਦੀ ਸਥਿਤੀ ਵਿਗਾੜਨੀ ਸ਼ੁਰੂ ਕਰ ਦਿੱਤੀ। ਪ੍ਰਬੰਧਕੀ ਅਯੋਗਤਾ ਅਤੇ ਅਕੁਸ਼ਲਤਾ ਨੇ ਬਲਦੀ ਉੱਤੇ ਹੋਰ ਤੇਲ ਪਾਇਆ, ਜਿਸ ਦੇ ਸਿੱਟੇ ਵਜੋਂ ਸਧਾਰਨ ਆਦਮੀ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ। ਦੇਸ਼ ਨੂੰ ਅਫ਼ਸਰਸ਼ਾਹੀ ਅਤੇ ਲਾਲ ਫੀਤਾਸ਼ਾਹੀ ਅੰਗਰੇਜ਼ਾਂ ਤੋਂ ਵਿਰਸੇ ਵਿੱਚ ਮਿਲੀ ਹੈ।
ਭ੍ਰਿਸ਼ਟਾਚਾਰ ਸਭ ਤੋਂ ਵੱਡੀ ਰੁਕਾਵਟ : ਕੁਰੀਤੀਆਂ ਤੇ ਭ੍ਰਿਸ਼ਟਾਚਾਰ ਨੇ ਦੇਸ਼ ਦੀ ਤਰੱਕੀ ਦੇ ਰਾਹ ਵਿੱਚ ਅੜਚਨਾਂ ਪੈਦਾ ਕੀਤੀਆਂ ਹਨ। ਛੇਵੀਂ ਪੰਜ-ਸਾਲਾ ਯੋਜਨਾ ਵਿੱਚ ਜਿੰਨੀ ਤਰੱਕੀ ਦੀ ਆਸ ਕੀਤੀ ਜਾਂਦੀ ਸੀ, ਉਹ ਪ੍ਰਾਪਤ ਨਹੀਂ ਹੋਈ। ਸੱਚ ਤਾਂ ਇਹ ਹੈ ਕਿ ਦੇਸ਼ ਦੀ ਹਾਲਤ ਵਿੱਚ ਵਿਗਾੜ ਬਹੁਤ ਹੋਇਆ ਹੈ, ਬਹੁਤ ਸਾਰੇ ਉਦਯੋਗ ਮੰਦੀ ਦੀ ਹਾਲਤ ਵਿੱਚ ਹਨ। ਦੇਸ਼ ਵਿੱਚ ਚੋਰ-ਬਜ਼ਾਰੀ ਜ਼ੋਰਾਂ ਉੱਤੇ ਹੈ। ਇੱਕ ਅਨੁਮਾਨ ਅਨੁਸਾਰ 50,5000 ਕਰੋੜ ਰੁਪਏ ਦੇਸ਼ ਵਿੱਚ ਕਾਲਾ-ਧਨ ਹੈ ਅਤੇ ਇਹ ਰਕਮ ਰਾਸ਼ਟਰੀ ਬਜਟ ਨਾਲੋਂ ਦੁੱਗਣੀ ਹੈ। ਕਾਲਾ- ਧਨ ਦੇਸ਼ ਦੀ ਆਰਥਿਕਤਾ ਲਈ ਸਰਾਪ ਹੈ। ਇਸ ਨਾਲ ਭ੍ਰਿਸ਼ਟਾਚਾਰ ਵਧਦਾ ਹੈ ਅਤੇ ਪਿਛਲੇ ਕਈ ਸਾਲਾਂ ਵਿੱਚ ਭ੍ਰਿਸ਼ਟਾਚਾਰ ਵਧਿਆ ਵੀ ਬਹੁਤ ਹੈ।
ਤਸਕਰੀ ਵਿੱਚ ਨਿਰੰਤਰ ਵਾਧਾ : ਭਾਵੇਂ ਆਏ ਦਿਨ ਸਰਕਾਰੀ ਅਦਾਰਿਆਂ ਵੱਲੋਂ ਛਾਪੇ ਮਾਰੇ ਜਾਂਦੇ ਹਨ ਅਤੇ ਹੋਰ ਸਖ਼ਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਫਿਰ ਵੀ ਤਸਕਰੀ ਵਿੱਚ ਚੋਖਾ ਵਾਧਾ ਹੋਇਆ ਹੈ। ਦਿੱਲੀ ਅਤੇ ਮੁੰਬਈ ਦੇ ਵੱਡੇ ਕਾਰਖ਼ਾਨੇਦਾਰ ਹਰ ਸਾਲ ਕਰੋੜਾਂ ਰੁਪਏ ਦੇ ਕਰਾਂ ਦੀ ਚੋਰੀ ਕਰਦੇ ਹਨ। ਸਮਾਜਵਾਦੀ ਸਮਾਜ ਦੀ ਉਸਾਰੀ ਭਾਵੇਂ ਨਿਸ਼ਾਨਾ ਹੈ ਪਰ ਸਾਡੀ ਕਰਨੀ ਅਤੇ ਕਰਤੂਤਾਂ ਸਾਨੂੰ ਇਸ ਨਿਸ਼ਾਨੇ ਤੋਂ ਕੋਹਾਂ ਦੂਰ ਲਿਜਾ ਰਹੀਆਂ ਹਨ।
ਨਸਲੀ ਵਿਤਕਰਾ : ਭਾਰਤ ਦੇ ਸੰਵਿਧਾਨ ਵਿੱਚ ਦੇਸ਼ ਨੂੰ ਧਾਰਮਕ ਤੌਰ ‘ਤੇ ਨਿਰਪੱਖ, ਸਮਾਜਵਾਦੀ ਅਤੇ ਲੋਕਤੰਤਰੀ ਗਣਰਾਜ ਬਣਾਉਣ ਦਾ ਸੰਕਲਪ ਕੀਤਾ ਗਿਆ ਹੈ। ਜ਼ਰਾ ਅਸਲੀਅਤ ਵੱਲ ਝਾਤ ਮਾਰੀਏ ਕਿ ਕਿਸ ਤਰ੍ਹਾਂ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਘੱਟ-ਗਿਣਤੀਆਂ ਦੇ ਲੋਕਾਂ ਉੱਤੇ ਜ਼ੁਲਮ ਢਾਏ ਜਾਂਦੇ ਹਨ ਜਾਂ ਦਮਨ ਕੀਤਾ ਜਾਂਦਾ ਹੈ ਤਾਂ ਸ਼ੱਕ ਪੈਦਾ ਹੋ ਜਾਂਦਾ ਹੈ ਕਿ ਕੀ ਸਾਡਾ ਦੇਸ਼ ਸੱਚਮੁੱਚ ਲੋਕ-ਰਾਜੀ ਦੇਸ਼ ਹੈ। ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਉਪਰੰਤ ਦੇਸ਼ ਦੇ ਕਈ ਹਿੱਸਿਆਂ ਵਿੱਚ ਸਿੱਖਾਂ ਨਾਲ ਹੋਈਆਂ ਵਧੀਕੀਆਂ ਨੂੰ ਵੇਖ ਕੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਸਾਡਾ ਦੇਸ਼ ਧਾਰਮਕ ਤੌਰ ‘ਤੇ ਨਿਰਪੱਖ ਹੈ। ਦੇਸ਼ ਦੇ ਲੋਕਾਂ ਦੀ ਵਿਗੜ ਰਹੀ ਹਾਲਤ ਨੂੰ ਵੇਖ ਕੇ ਜਾਪਦਾ ਹੈ ਕਿ ਸ਼ਾਇਦ ਸਾਡਾ ਦੇਸ਼ ਕਦੀ ਵੀ ਤਰੱਕੀ ਨਹੀਂ ਕਰ ਸਕਦਾ। ਆਚਰਨਹੀਣਤਾ ਨਾਲ ਦੇਸ਼ ਉੱਨਤੀ ਨਹੀਂ ਕਰ ਸਕਦਾ। ਊਣਤਾਈਆਂ, ਭ੍ਰਿਸ਼ਟਾਚਾਰ ਅਤੇ ਧੋਖੇਬਾਜ਼ੀ ਸਾਨੂੰ ਅਗਾਂਹ ਲਿਜਾਣ ਨਾਲੋਂ ਪਿਛਾਂਹ ਵੱਲ ਧੂੰਹਦੀਆਂ ਹਨ।ਵੱਡੇ ਭੂਮੀਪਤੀ ਤੇ ਜ਼ਿਮੀਂਦਾਰ ਹਜ਼ਾਰਾਂ ਗ਼ਰੀਬ ਕਾਮਿਆਂ ਦਾ ਖ਼ੂਨ ਚੂਸਦੇ ਹਨ।ਆਪ ਉਨ੍ਹਾਂ ਦੀ ਖ਼ੂਨ-ਪਸੀਨੇ ਦੀ ਕਮਾਈ ਦੇ ਸਿਰ ਉੱਤੇ ਮੌਜਾਂ ਮਾਣਦੇ ਹਨ। ਕੀ ਨਹਿਰੂ ਤੇ ਗਾਂਧੀ ਨੇ ਇਹੋ ਜਿਹੀ ਬਰਾਬਰੀ ਅਤੇ ਇਨਸਾਫ਼ ਦੇ ਸੁਪਨੇ ਲਏ ਸਨ?
ਭਾਰਤ ਦੀ ਸਮਰੱਥਾ ਅਨੁਸਾਰ ਪ੍ਰਾਪਤੀਆਂ : ਠੀਕ ਹੈ, ਦੇਸ਼ ਦੇ ਪ੍ਰਬੰਧਕੀ ਢਾਂਚੇ ਵਿੱਚ ਕਈ ਕਮਜ਼ੋਰੀਆਂ ਹਨ ਜਿਸ ਕਰਕੇ ਉਚੇਚੇ ਆਦਰਸ਼ਾਂ ਦੀ ਘਾਟ ਹੈ ਪਰ ਏਨੇ ਨਿਰਾਸ਼ ਹੋਣ ਦੀ ਗੱਲ ਨਹੀਂ। ਇਹ ਤਾਂ ਤਸਵੀਰ ਦਾ ਮਾੜਾ ਪਾਸਾ ਹੀ ਸੀ। ਦੇਸ਼ ਅਜ਼ਾਦ ਹੋਣ ਪਿੱਛੋਂ ਭਾਰਤ ਨੇ ਤਰੱਕੀ ਦੇ ਰਾਹ ਉੱਤੇ ਕਈ ਪੁਲਾਂਘਾਂ ਭਰੀਆਂ ਹਨ, ਉਨ੍ਹਾਂ ਨੂੰ ਅੱਖੋਂ-ਪਰੋਖੇ ਕਰਨਾ ਵੀ ਜ਼ਿਆਦਤੀ ਹੋਵੇਗੀ। ਠੀਕ ਹੈ, ਭਾਰਤ ਜਾਪਾਨ ਦੇ ਮੁਕਾਬਲੇ ਗੌਰਵ ਕਰ ਸਕਣ ਯੋਗ ਨਹੀਂ ਬਣਿਆ, ਪਰ ਇਸ ਦੀਆਂ ਪ੍ਰਾਪਤੀਆਂ ਵੀ ਏਨੀਆਂ ਨਿਗੂਣੀਆਂ ਨਹੀਂ ਕਿ ਅਸੀਂ ਬਿਲਕੁਲ ਨਿਰਾਸ਼ ਹੋ ਜਾਈਏ। ਕਈ ਖੇਤਰਾਂ ਵਿੱਚ ਭਾਰਤ ਨੇ ਅਦੁੱਤੀ ਤਰੱਕੀ ਕੀਤੀ ਹੈ, ਜਿਸ ਲਈ ਅਸੀਂ ਮਾਣ ਕਰ ਸਕਦੇ ਹਾਂ।
ਭਾਰਤ ਅੱਜ ਸੰਸਾਰ ਦੇ ਪਹਿਲੇ ਦਸ ਉਦਯੋਗਿਕ ਦੇਸ਼ਾਂ ਵਿੱਚੋਂ ਇੱਕ ਹੈ। ਇਸ ਦੇ ਕਾਰਖ਼ਾਨਿਆਂ ਵਿੱਚ ਬਹੁਤ ਸਾਰੀਆਂ ਵਸਤਾਂ ਦਾ ਉਤਪਾਦਨ ਹੁੰਦਾ ਹੈ ਜਿਨ੍ਹਾਂ ਦੀ ਦੇਸ਼ ਅੰਦਰ ਅਤੇ ਦੂਜੇ ਦੇਸ਼ਾਂ ਵਿੱਚ ਚੋਖੀ ਮੰਗ ਹੈ ਅਤੇ ਦੇਸ਼ ਦਾ ਵਧੀਆ ਨਿਰਯਾਤ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ। ਪੰਜ-ਸਾਲਾ ਯੋਜਨਾਵਾਂ ਦੇ ਫਲ- ਸਰੂਪ ਦੇਸ਼ ਵਿੱਚ ਪੇਂਡੂ ਤੇ ਸ਼ਹਿਰੀ ਲੋਕਾਂ ਦੇ ਜੀਵਨ-ਪੱਧਰ ਵਿੱਚ ਅਦੁੱਤੀ ਸੁਧਾਰ ਹੋਇਆ ਹੈ। ਲੋਕਾਂ ਦੀ ਰਹਿਣੀ- ਬਹਿਣੀ, ਸਿੱਖਿਆ ਅਤੇ ਜਾਗਰੂਕਤਾ ਵਿੱਚ ਵਰਨਣ ਯੋਗ ਤਬਦੀਲੀ ਆਈ ਹੈ। ਲੋਕ ਚੰਗਾ ਖਾਂਦੇ ਹਨ, ਵਧੀਆ ਕੱਪੜੇ ਪਾਉਂਦੇ ਹਨ ਅਤੇ ਸੁਹਣੇ ਮਕਾਨਾਂ ਵਿੱਚ ਰਹਿੰਦੇ ਹਨ। ਟੀ. ਵੀ. ਘਰ-ਘਰ ਦਾ ਸ਼ਿੰਗਾਰ ਹੈ। ਸੜਕਾਂ, ਸਕੂਟਰਾਂ-ਕਾਰਾਂ ਦੀ ਆਵਾਜਾਈ ਨਾਲ ਗੂੰਜਦੀਆਂ ਹਨ। ਦੇਸ਼ ਵਿੱਚ ਕੁਝ ਹਨੇਰੇ ਪਹਿਲੂ ਅਜੇ ਵੀ ਹਨ, ਪਰ ਇਸ ਦਾ ਅਰਥ ਇਹ ਨਹੀਂ ਕਿ ਅਮਰੀਕਾ, ਬਰਤਾਨੀਆ ਅਤੇ ਜਾਪਾਨ ਵਿੱਚ ਅਮੀਰ ਗ਼ਰੀਬ ਦਾ ਫ਼ਰਕ ਉੱਕਾ ਨਹੀਂ ਹੈ। ਸਦੀਆਂ ਦੀ ਗ਼ੁਲਾਮੀ ਦੀ ਕਾਲਖ਼ ਮਿਟਾਉਣ ਲਈ ਵੀ ਸਮਾਂ ਲੱਗਣਾ ਜ਼ਰੂਰੀ ਹੈ। ਉਨ੍ਹਾਂ ਦੇਸ਼ਾਂ ਵਿੱਚ ਵੀ ਨਸਲੀ ਵਿਤਕਰੇ ਹਨ। ਭਾਰਤੀਆਂ ਵਿੱਚ ਮਿਹਨਤ, ਲਗਨ ਤੇ ਆਚਰਨ ਦੀ ਘਾਟ ਹੈ, ਪਰ ਇਹ ਗੁਣ ਇਸ ਹੱਦ ਤਕ ਘੱਟ ਨਹੀਂ ਕਿ ਕਦੀ ਵੀ ਇਹ ਘਾਟ ਪੂਰੀ ਨਾ ਹੋ ਸਕੇ। ਤਰੁਟੀਆਂ ਦੂਰ ਕਰਨ ਲਈ ਇਰਾਦੇ ਤੇ ਦ੍ਰਿੜ੍ਹਤਾ ਦੀ ਲੋੜ ਹੁੰਦੀ ਹੈ, ਨਿਰਾਸ਼ਾ ਦੀ ਨਹੀਂ।
ਮੁਸ਼ਕਲਾਂ ਤੇ ਬੁਰਾਈਆਂ ਦਾ ਟਾਕਰਾ ਕਰਨ ਦੀ ਲੋੜ : ਜੇਕਰ ਦੇਸ਼ ਵਿੱਚ ਬੇਈਮਾਨੀ, ਤਸਕਰੀ ਅਤੇ ਭ੍ਰਿਸ਼ਟਾਚਾਰ ਹੈ ਤਾਂ ਇਸ ਦਾ ਅਰਥ ਇਹ ਨਹੀਂ ਕਿ ਅਸੀਂ ਉੱਕਾ ਹੌਸਲਾ ਛੱਡ ਦੇਈਏ। ਭ੍ਰਿਸ਼ਟਾਚਾਰ ਤੇ ਬੁਰਾਈਆਂ ਕਾਫ਼ੀ ਹੱਦ ਤਕ ਆਧੁਨਿਕ ਸੱਭਿਅਤਾ ਦੀ ਦੇਣ ਹਨ। ਜਾਪਾਨ ਵਿੱਚ ਵੀ ਭ੍ਰਿਸ਼ਟਾਚਾਰ ਹੈ, ਉੱਥੇ ਵੀ ਲੋਕ ਰਿਸ਼ਵਤ ਲੈਂਦੇ ਹਨ। ਬਰਤਾਨੀਆ ਅਤੇ ਅਮਰੀਕਾ ਵਿੱਚ ਵੀ ਨੇਤਾਵਾਂ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ। ਦੂਜੇ ਪਾਸੇ ਭਾਰਤ ਨੇ ਮਹਾਤਮਾ ਗਾਂਧੀ, ਪੰਡਤ ਨਹਿਰੂ ਅਤੇ ਸਰਦਾਰ ਪਟੇਲ ਵਰਗੇ ਮਹਾਨ ਨੇਤਾ ਵੀ ਪੈਦਾ ਕੀਤੇ ਹਨ। ਵਿਰੋਧੀ ਦਲਾਂ ਵੱਲੋਂ ਸ੍ਰੀਮਤੀ ਇੰਦਰਾ ਗਾਂਧੀ ਉੱਤੇ ਵੀ ਤਰ੍ਹਾਂ-ਤਰ੍ਹਾਂ ਦੇ ਦੋਸ਼ ਲਾਏ ਗਏ ਸਨ ਪਰ ਉਹ ਵੀ ਕਈ ਵਰ੍ਹਿਆਂ ਤਕ ਉਸ ਨੂੰ ਬਦਲ ਨਹੀਂ ਸਕੇ। ਹਰ ਦੇਸ਼ ਵਿੱਚ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦੀ ਆਲੋਚਨਾ ਹੁੰਦੀ ਹੈ ਪਰ ਕਿੰਤੂ-ਕਿੰਤੂ ਕਰਨ ਲਈ ਨਹੀਂ ਹੋਣਾ ਚਾਹੀਦਾ। ਭਾਰਤ ਦੇ ਵਿਗਿਆਨੀਆਂ ਨੇ ਪੁਲਾੜ ਦੇ ਖੇਤਰ ਵਿੱਚ ਵੀ ਮੱਲਾਂ ਮਾਰੀਆਂ ਹਨ। ਹੁਣੇ ਹੀ ਇੱਕ ਪੰਜ ਪ੍ਰਮਾਣੀ ਟੈਸਟ ਕੀਤਾ ਗਿਆ ਜਿਸ ਵਿੱਚ ਅਫਸਰਸ਼ਾਹੀ ਦੀਆਂ ਉਕਤਾਈਆਂ ਵੀ ਕਈ ਹਨ ਪਰ ਇਸ ਦਾ ਇਹ ਅਰਥ ਨਹੀਂ ਕਿ ਭਾਰਤ ਵਿੱਚ ਅਰਾਜਕਤਾ ਦਾ ਪਸਾਰਾ ਹੋ ਗਿਆ ਹੈ।
ਸੁਝਾਅ : ਭਾਰਤੀਆਂ ਦੀ ਤੀਬਰ ਬੁੱਧੀ ਅਤੇ ਨੌਜਵਾਨਾਂ ਦੀ ਸ਼ਕਤੀ ਨੂੰ ਠੀਕ ਲੀਹਾਂ ਉੱਤੇ ਢਾਲ ਕੇ ਸਾਨੂੰ ਦੇਸ਼ ਦਾ ਕਾਇਆ-ਕਲਪ ਕਰਨਾ ਚਾਹੀਦਾ ਹੈ। ਸਾਨੂੰ ਦੇਸ਼ ਦੀਆਂ ਲੋੜਾਂ ਅਨੁਸਾਰ ਆਪਣੀ ਪ੍ਰਸ਼ਾਸਨੀ ਪ੍ਰਣਾਲੀ ਤਿਆਰ ਕਰਨੀ ਚਾਹੀਦੀ ਹੈ। ਰਾਜਨੀਤਕ ਆਗੂ ਮੌਜੂਦਾ ਪ੍ਰਬੰਧਕੀ-ਪ੍ਰਣਾਲੀ ਨੂੰ ਆਪਣੇ ਹਿਤਾਂ ਦੇ ਅਨੁਕੂਲ ਸਮਝਦੇ ਹਨ, ਪਰ ਬੁੱਧੀਜੀਵੀਆਂ ਨੂੰ ਦੇਸ਼ ਵਿੱਚ ਲੋੜੀਂਦੀ ਤਬਦੀਲੀ ਲਈ ਅਗਵਾਈ ਕਰਨੀ ਚਾਹੀਦੀ ਹੈ। ਸੁਆਰਥੀ ਆਗੂਆਂ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਉੱਦਮ ਕਰਨਾ ਚਾਹੀਦਾ ਹੈ। ਅਨੁਸ਼ਾਸਨ ਵਿੱਚ ਰਹਿ ਕੇ ਰਾਸ਼ਟਰੀ ਟੀਚਿਆਂ ਨੂੰ ਪ੍ਰਾਪਤ ਕਰਨ ਵਾਸਤੇ ਹਰ ਦੇਸ਼ ਵਾਸੀ ਨੂੰ ਹੰਭਲਾ ਮਾਰਨਾ ਚਾਹੀਦਾ ਹੈ। ਰਾਜਨੀਤਕ ਆਗੂਆਂ ਦਾ ਪਿਛਲੱਗ ਬਣਨ ਦੀ ਲੋੜ ਨਹੀਂ। ਇਸ ਵਿੱਚ ਹੀ ਦੇਸ਼ ਤੇ ਕੌਮ ਦੀ ਭਲਾਈ ਹੈ। ਨੌਜੁਆਨ ਵਰਗ ‘ਤੇ ਦੇਸ਼ ਨੂੰ ਬਹੁਤ ਆਸਾਂ ਹਨ। ਉਹ ਅਰਾਜਕਤਾ ਦੂਰ ਕਰਨ ਹਿਤ ਵੱਡੇ ਪੱਧਰ ‘ਤੇ ਸਹਾਈ ਹੋ ਸਕਦੇ ਹਨ।