ਲੇਖ ਰਚਨਾ : ਭਰੂਣ – ਹੱਤਿਆਂ ਦੀ ਸਮੱਸਿਆ


ਭਰੂਣ – ਹੱਤਿਆਂ ਦੀ ਸਮੱਸਿਆ


ਜਾਣ-ਪਛਾਣ : ਸੁਤੰਤਰ ਭਾਰਤ ਦੇ ਵਸਨੀਕ ਹੋਣ ਦੇ ਨਾਤੇ ਅੱਜ ਅਸੀਂ ਸੱਭਿਅਤਾ ਦੇ ਵਿਕਾਸ ਦੀਆਂ ਨਵੀਆਂ ਮੰਜ਼ਲਾਂ ਤੈਅ ਕਰ ਰਹੇ ਹਾਂ। ਵਿਰਾਸਤ ਵਿੱਚ ਮਿਲੇ ਮਹਾਤਮਾ ਗਾਂਧੀ ਅਤੇ ਮਹਾਤਮਾ ਬੁੱਧ ਦੇ ਅਹਿਸਾ ਸਿਧਾਂਤ ਨੂੰ ਫਖਰ ਨਾਲ ਮਹਿਸੂਸ ਕਰਦੇ ਹਾਂ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਫਿਰ ਵੀ ਕੁਝ ਸਮੱਸਿਆਵਾਂ ਅਜਿਹੀਆਂ ਹਨ ਜੋ ਦੇਸ਼ ਦੇ ਮੱਥੇ ਤੇ ਕਲੰਕ ਹਨ। ਇਨ੍ਹਾਂ ਵਿੱਚੋਂ ਇੱਕ ਸਮੱਸਿਆ ਹੈ—ਭਰੂਣ ਹੱਤਿਆ। ਭਰੂਣ-ਹੱਤਿਆ ਵਰਗਾ ਕੁਕਰਮ ਸਾਡੇ ਲਈ ਇੱਕ ਨਵੀਂ ਸਮਾਜਕ ਚੁਣੌਤੀ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ ਹੈ।

ਔਰਤ ਸਬੰਧੀ ਸੋਚ : ਅੱਜ ਔਰਤ ਦੀ ਹਾਲਤ ਸੁਧਾਰਨ ਲਈ ਅਨੇਕਾਂ ਯਤਨ ਕੀਤੇ ਜਾ ਰਹੇ ਹਨ ਪਰ ਫਿਰ ਵੀ ਔਰਤ ਨੂੰ ਮਰਦ ਨਾਲੋਂ ਸਰੀਰਕ ਅਤੇ ਮਾਨਸਿਕ ਤੌਰ ‘ਤੇ ਕਮਜ਼ੋਰ ਸਮਝਿਆ ਜਾਂਦਾ ਹੈ। ਇਸੇ ਕਾਰਨ ਕਤਲ, ਤਲਾਕ, ਬਲਾਤਕਾਰ ਅਤੇ ਭਰੂਣ-ਹੱਤਿਆ ਵਰਗੀਆਂ ਗੱਲਾਂ ਆਮ ਹਨ।

ਭਰੂਣ-ਹੱਤਿਆ ਦਾ ਪਾਪ : ਪੁਰਾਣੇ ਜਮਾਨੇ ਵਿੱਚ ਸਤੀ ਪ੍ਰਥਾ, ਬਾਲ-ਵਿਆਹ ਵਰਗੀਆਂ ਪ੍ਰਥਾਵਾਂ ਪ੍ਰਚੱਲਤ ਸਨ ਅਤੇ ਜੰਮਦੀ ਕੁੜੀ ਦਾ ਗਲਾ ਘੁੱਟ ਕੇ ਮਾਰ ਦਿੱਤਾ ਜਾਂਦਾ ਸੀ ਪਰ ਹੁਣ ਜੰਮਣ ਤੋਂ ਪਹਿਲਾਂ ਹੀ ਖ਼ਤਮ ਕਰ ਦਿੱਤਾ ਜਾਂਦਾ ਹੈ। ਕੁੱਖ ਹਰੀ ਹੋਣ ਦੇ ਅੱਠ ਹਫਤਿਆਂ ਮਗਰੋਂ ਮਾਦਾ-ਭਰੂਣ ਬਾਰੇ ਪਤਾ ਲੱਗਣ ਤੋਂ ਬਾਅਦ ਨਰਸਿੰਗ ਹੋਮ, ਹਸਪਤਾਲ, ਕਲੀਨਿਕ ਆਦਿ ਕੇਂਦਰ ਪੈਸੇ ਦੀ ਖ਼ਾਤਰ ਅਜਿਹਾ ਘਿਣਾਉਣਾ ਕੁਕਰਮ ਕਰ ਰਹੇ ਹਨ।

ਭਰੂਣ ਹੱਤਿਆ ਦੇ ਕਾਰਨ : ਭਰੂਣ-ਹੱਤਿਆ ਵਰਗੇ ਕੁਕਰਮ ਵਿੱਚ ਅਨਪੜ੍ਹ ਹੀ ਨਹੀਂ ਸਗੋਂ ਪੜ੍ਹੇ-ਲਿਖੇ ਲੋਕ ਵੀ ਸ਼ਾਮਲ ਹਨ। ਇਸ ਦਾ ਇੱਕ ਕਾਰਨ ‘ਮੁੰਡਾ ਪ੍ਰਾਪਤੀ’ ਦੀ ਲਾਲਸਾ ਹੈ। ਮੁੰਡੇ ਨੂੰ ਵੰਸ਼ ਦਾ ਵਾਰਿਸ ਸਮਝਿਆ ਜਾਂਦਾ ਹੈ ਅਤੇ ਕੁੜੀ ਨੂੰ ਬਿਗਾਨਾ ਧਨ। ਪਰਿਵਾਰ ਦਾ ਹਰੇਕ ਮੈਂਬਰ ਚਾਹੁੰਦਾ ਹੈ ਕਿ ਮੁੰਡਾ ਹੀ ਹੋਵੇ। ਜੇਕਰ ਬਦਕਿਸਮਤੀ ਨਾਲ ਕੁੜੀ ਜਨਮ ਲੈ ਲਵੋ ਤਾਂ ਘਰ ਵਿੱਚ ਸੰਗ ਹੋ ਜਾਂਦਾ ਹੈ ਤੇ ਰਣਾ-ਧੋਣਾ ਮੱਚ ਜਾਂਦਾ ਹੈ। ਵਿਗਿਆਨਕ ਕਾਢ ‘ਅਲਟਰਾ ਸਾਊਂਡ ਸਕੈਨ’ ਰਾਹੀਂ ਆਸਾਨੀ ਨਾਲ ਪਤਾ ਲੱਗ ਜਾਂਦਾ ਹੈ ਕਿ ਗਰਭ ਵਿੱਚ ਪਲ ਰਿਹਾ ਬੱਚਾ ਨਰ’ ਹੈ ਜਾਂ ‘ਮਾਦਾ’। ਜੇਕਰ ਮਾਦਾ ਭਰੂਣ ਹੋਵੇ ਤਾਂ ਫੌਰਨ ਸਫਾਈ ਕਰਵਾ ਲਈ ਜਾਂਦੀ ਹੈ। 1964 ਵਿੱਚ ਭਾਰਤ ਸਰਕਾਰ ਵੱਲੋਂ ਭਰੂਣ ਦੇ ‘ਨਰ’ ਜਾਂ ‘ਮਾਦਾ’ ਰੂਪ ਵਿੱਚ ਜਨਮ ਲੈਣ ਦੀਆਂ ਸੰਭਾਵਨਾਵਾਂ ਦੀ ਸੂਚਨਾ ਪ੍ਰਦਾਨ ਕਰਨ ਵਾਲੀ ਤਕਨਾਲਜੀ ਉੱਪਰ ਰੋਕ ਲਾਈ ਗਈ ਅਤੇ ‘ਪ੍ਰੀ-ਨੇਟਲ ਡਾਇਆਗਨੌਸਟਿਕ ਟੈਕਨਾਲੋਜੀਜ਼ ਐਕਟ’ ਪਾਸ ਕੀਤਾ ਗਿਆ। ਇਹ ਐਕਟ ਵਧੇਰੇ ਕਾਰਗਰ ਸਾਬਤ ਨਾ ਹੋ ਸਕਿਆ। ਪੰਜਾਬ, ਹਰਿਆਣਾ, ਗੁਜਰਾਤ ਵਿੱਚ ਇਹ ਐਕਟ ਲਾਗੂ ਕੀਤਾ ਗਿਆ ਪਰ ਇੱਥੇ ਹੀ ਸਭ ਤੋਂ ਵੱਧ ਦੁਰਵਰਤੋਂ ਹੋਣ ਲੱਗੀ।

ਕੁੜੀਆਂ ਦੀ ਗਿਣਤੀ ਘਟਣਾ : ਸਾਲ 2001 ਦੀ ਮਰਦਮਸ਼ੁਮਾਰੀ ਅਨੁਸਾਰ 1000 ਬੱਚਿਆਂ ਪਿੱਛੇ ਪੰਜਾਬ ਵਿੱਚ 793 ਬੱਚੀਆਂ ਹਨ, ਜਦਕਿ ਕਰਨਾਟਕਾ ਵਿੱਚ ਬੱਚੀਆਂ ਦੀ ਗਿਣਤੀ 949, ਹਰਿਆਣੇ ਵਿੱਚ 820, ਚੰਡੀਗੜ੍ਹ ਵਿੱਚ 845, ਦਿੱਲੀ ਵਿੱਚ 865 ਅਤੇ ਗੁਜਰਾਤ ਵਿੱਚ 878 ਬੱਚੀਆਂ ਹਨ। ਭਾਰਤ ਦੀ ਸੁਪਰੀਮ ਕੋਰਟ ਨੇ 2002 ਵਿੱਚ 11 ਪ੍ਰਾਂਤਾਂ ਦੇ ਸਿਹਤ-ਸਕੱਤਰਾਂ ਦੀ ਮੀਟਿੰਗ ਬੁਲਾਈ ਅਤੇ ‘ਅਲਟਰਾ-ਸਾਊਂਡ ਸਕੈਨ’ ਮਸ਼ੀਨਾਂ ਬਣਾਉਣ ਵਾਲੀਆਂ ਫਰਮਾਂ ਨੂੰ ਨੋਟਿਸ ਜਾਰੀ ਕੀਤਾ ਕਿ ਉਨ੍ਹਾਂ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਜਾਵੇ ਜਿਨ੍ਹਾਂ ਨੇ ਇਹ ਮਸ਼ੀਨਾਂ ਖ਼ਰੀਦੀਆਂ ਸਨ। ਨਰ-ਮਾਦਾ ਅਨੁਪਾਤ ਵਿੱਚ ਦਿਨ-ਬ-ਦਿਨ ਪਰਿਵਰਤਨ ਆ ਰਿਹਾ ਹੈ। ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਘਟਦੀ ਜਾ ਰਹੀ ਹੈ, ਜੋ ਚਿੰਤਾਜਨਕ ਵਿਸ਼ਾ ਹੈ। 1991 ਵਿੱਚ 1000 ਮਰਦਾਂ ਪਿੱਛੇ 945 ਔਰਤਾਂ ਸਨ ਪਰ 2001 ਦੀ ਮਰਦਮਸ਼ੁਮਾਰੀ ਅਨੁਸਾਰ ਇਨ੍ਹਾਂ ਦੀ ਗਿਣਤੀ ਘਟ ਕੇ 927 ਰਹਿ ਗਈ। ਹੁਣ ਇਸ ਅਨੁਪਾਤ ਵਿੱਚ ਹੋਰ ਵੀ ਅਸੰਤੁਲਨ ਪੈਦਾ ਹੋ ਰਿਹਾ ਹੈ। ਇਹ ਸਮੱਸਿਆ ਰਾਸ਼ਟਰੀ ਪੱਧਰ ਦੀ ਨਾ ਰਹਿ ਕੇ ਅੰਤਰਰਾਸ਼ਟਰੀ ਪੱਧਰ ਦੀ ਬਣ ਗਈ ਹੈ।

ਸਰਕਾਰੀ ਸਰਪ੍ਰਸਤੀ : ਸੁਤੰਤਰ ਭਾਰਤ ਵਿੱਚ ਔਰਤ-ਮਰਦ ਨੂੰ ਬਰਾਬਰ ਦੇ ਅਧਿਕਾਰ ਮਿਲੇ ਹੋਏ ਹਨ ਅਤੇ 13ਵੀਂ ਲੋਕ ਸਭਾ ਵਿੱਚ ਔਰਤਾਂ ਦੇ 33% ਰਾਖਵੇਂਕਰਨ ਲਈ ਬਿੱਲ ਵੀ ਪੇਸ਼ ਕੀਤਾ ਗਿਆ ਹੈ ਪਰ ਦੂਜੇ ਪਾਸੇ ਔਰਤ ਅਨੇਕਾਂ ਜ਼ੁਲਮਾਂ ਦੀ ਸ਼ਿਕਾਰ ਹੋ ਰਹੀ ਹੈ। ਕੁੜੀਆਂ ਨੂੰ ਸਾੜਨਾ, ਬਲਾਤਕਾਰ, ਕਤਲ ਕਰਨਾ ਆਦਿ ਅਖ਼ਬਾਰਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸਮਝ ਨਹੀਂ ਆਉਂਦੀ ਕਿ ਕੀ ਇਹ ਉਹੀ ਔਰਤ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਜਗਤ-ਜਨਨੀ ਦੀ ਉਪਾਧੀ ਦੇ ਕੇ ਮਾਣ-ਸਤਿਕਾਰ ਦਿੱਤਾ ਅਤੇ “ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨੁ” ਕਹਿ ਕੇ ਮਹਾਨਤਾ ਦਾ ਦਰਜਾ ਦਿਵਾਇਆ ਸੀ। ਅਜੋਕੀ ਔਰਤ ਅਸੁਰੱਖਿਅਤ ਹੈ, ਘਰੋਂ ਬਾਹਰ ਨਿਕਲਣ ਲਈ ਮਰਦ ਦਾ ਸਹਾਰਾ ਲੱਭਦੀ ਹੈ, ਬੱਸ ਜਾਂ ਰੇਲ-ਗੱਡੀ ਵਿੱਚ ਸਫ਼ਰ ਕਰਦਿਆਂ ਕੋਝੀਆਂ ਹਰਕਤਾਂ ਦਾ ਸ਼ਿਕਾਰ ਹੁੰਦੀ ਹੈ, ਦਾਜ ਦੀ ਬਲੀ ਚੜ੍ਹਦੀ, ਕਮੀਨੇ ਲੋਕਾਂ ਦੀ ਹਵਸ ਦਾ ਸ਼ਿਕਾਰ ਹੁੰਦੀ ਅਤੇ ਸਮਾਜ ਵਲੋਂ ਅਨੇਕਾਂ ਤਾਹਨੇ-ਮਿਹਣੇ ਸਹਿੰਦੀ ਹੋਈ ਦੁੱਖਾਂ ਭਰਿਆ ਜੀਵਨ ਬਤੀਤ ਕਰਦੀ ਹੈ। ਸਾਰੀ ਉਮਰ ਦੀ ਬਦਨਾਮੀ ਤੋਂ ਬਚਣ ਲਈ ਮਾਪੇ ਭਰੂਣ-ਹੱਤਿਆ ਵਰਗਾ ਪਾਪ ਕਰਨ ਲਈ ਮਜਬੂਰ ਹਨ। ਭਾਵੇਂ ਅੱਜ ਸਰਕਾਰ ਨੇ ਭਰੂਣ-ਹੱਤਿਆ ਟੈਸਟਾਂ ਉੱਪਰ ਪਾਬੰਦੀ ਲਾ ਦਿੱਤੀ ਹੈ ਪਰ ਕਲੀਨਿਕ ਅਤੇ ਛੋਟੇ-ਮੋਟੇ ਨਰਸਿੰਗ ਹੋਮ ਪੈਸੇ ਦੀ ਖ਼ਾਤਰ ਲੁਕ-ਛਿਪ ਕੇ ਅਜਿਹਾ ਪਾਪ ਕਰ ਰਹੇ ਹਨ। ਹਰ ਰੋਜ਼ ਅਖ਼ਬਾਰਾਂ ਵਿੱਚ ਅਜਿਹੀ ਖ਼ਬਰ ਜ਼ਰੂਰ ਹੁੰਦੀ ਹੈ।

ਹੁਣ ਵੇਖਣਾ ਇਹ ਹੈ ਕਿ ਇਸ ਅਪਰਾਧ ਨੂੰ ਕਿਵੇਂ ਰੋਕਿਆ ਜਾਵੇ :

(i) ਪਰੰਪਰਾਗਤ ਸੋਚ ਨੂੰ ਬਦਲਿਆ ਜਾਵੇ ਤੇ ਮੁੰਡੇ-ਕੁੜੀ ਵਿੱਚ ਕੋਈ ਅੰਤਰ ਨਾ ਕੀਤਾ ਜਾਵੇ।

(ii) ਗਰਭ-ਨਿਰਧਾਰਣ ਟੈਸਟਾਂ ਉੱਪਰ ਪਾਬੰਦੀ।

(iii) ਗਰਭਪਾਤ ਕਰਨ ਅਤੇ ਕਰਾਉਣ ਵਾਲਿਆਂ ਨੂੰ ਜੁਰਮਾਨਾ ਅਤੇ ਸਖ਼ਤ ਤੋਂ ਸਖ਼ਤ ਸਜ਼ਾ।

(iv) ਖ਼ਬਰ ਦੇਣ ਵਾਲੇ ਦਾ ਨਾਂ ਗੁਪਤ ਰੱਖ ਕੇ ਇਨਾਮ ਦਿੱਤਾ ਜਾਵੇ।

(v) ਸਕੂਲਾਂ, ਕਾਲਜਾਂ ਵਿੱਚ ਇਸ ਬਾਰੇ ਸਿੱਖਿਆ ਦਿੱਤੀ ਜਾਵੇ।

(vi) ਦਹੇਜ ਪ੍ਰਥਾ ਨੂੰ ਖ਼ਤਮ ਕੀਤਾ ਜਾਵੇ ਅਤੇ ਸਾਦਾ ਵਿਆਹ ਨੂੰ ਉਤਸ਼ਾਹਤ ਕੀਤਾ ਜਾਵੇ।

(vii) ਲੜਕੀ ਦੇ ਨਾਂ ਪੈਸੇ ਜਮ੍ਹਾਂ ਕਰਵਾਏ ਜਾਣ।

(vii) ਡਾਕਟਰੀ-ਸਹੂਲਤਾਂ ਦੀ ਗ਼ਲਤ ਵਰਤੋਂ ਨੂੰ ਰੋਕਿਆ ਜਾਵੇ।

(ix) ਪਿੰਡਾਂ ਅਤੇ ਸ਼ਹਿਰਾਂ ਵਿੱਚ ਇਸ ਵਿਸ਼ੇ ਸਬੰਧੀ ਸੈਮੀਨਾਰ ਕਰਵਾਏ ਜਾਣ।

(x) ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਦਿੱਤੀ ਜਾਵੇ।

ਜੇਕਰ ਲੋਕ ਉਪਰੋਕਤ ਸੁਝਾਵਾਂ ਨੂੰ ਅਪਣਾ ਲੈਣ ਤਾਂ ਭਰੂਣ-ਹੱਤਿਆ ਵਰਗੇ ਪਾਪ ਨੂੰ ਰੋਕਿਆ ਜਾ ਸਕਦਾ ਹੈ।