ਲੇਖ ਰਚਨਾ : ਬਿਜਲੀ ਦੀ ਬੱਚਤ


ਲੇਖ ਰਚਨਾ : ਊਰਜਾ ਦੀ ਬੱਚਤ


ਵਰਤਮਾਨ ਜੀਵਨ ਵਿਚ ਬਿਜਲੀ ਦੀ ਲੋੜ : ਊਰਜਾ ਦਾ ਸਾਡੇ ਜੀਵਨ ਵਿਚ ਮਹੱਤਵਪੂਰਨ ਸਥਾਨ ਹੈ। ਐਟਮੀ, ਸੂਰਜੀ, ਜਲ ਤੇ ਵਾਯੂ ਊਰਜਾ ਆਦਿ ਊਰਜਾ ਦੇ ਬਹੁਤ ਸਾਰੇ ਸਾਧਨ ਹਨ ਪਰ ਆਮ ਵਰਤੋਂ ਵਿਚ ਆਉਣ ਵਾਲੇ ਸਾਧਨ ਕੋਇਲਾ, ਤੇਲ ਤੇ ਦੀਆਂ ਬਿਜਲੀ ਹੀ ਹਨ। ਬਿਜਲੀ ਵਰਤਮਾਨ ਵਿਗਿਆਨ ਦੀ ਇਕ ਬਹੁਮੁੱਲੀ ਕਾਢ ਹੈ। ਇਸ ਤੋਂ ਬਿਨਾਂ ਸਾਡਾ ਜੀਵਨ ਚੱਲਣਾ ਬਹੁਤ ਹੀ ਔਖਾ ਹੋ ਜਾਂਦਾ ਹੈ। ਸਾਡੇ ਆਮ ਘਰਾਂ ਵਿਚ ਪਈਆਂ ਬਹੁਤ ਸਾਰੀਆਂ ਚੀਜ਼ਾਂ ਬਿਜਲੀ ਦੀ ਸਹਾਇਤਾ ਨਾਲ ਹੀ ਚਲਦੀਆਂ ਹਨ; ਜਿਵੇਂ-ਬਲਬ, ਟਿਊਬਾਂ, ਪੱਖੇ, ਫ਼ਰਿਜ, ਪ੍ਰੈੱਸ, ਕੂਲਰ, ਹੀਟਰ, ਗੀਜ਼ਰ, ਰੇਡੀਓ, ਟੈਲੀਵਿਯਨ, ਟੇਪ ਰਿਕਾਰਡਰ, ਏਅਰ ਕੰਡੀਸ਼ਨਰ, ਕੱਪੜੇ ਧੋਣ ਦੀ ਮਸ਼ੀਨ, ਮਾਈਕਰੋਵੇਵ, ਕੰਪਿਊਟਰ ਤੇ ਮੋਬਾਈਲ ਚਾਰਜਰ ਆਦਿ। ਫਿਰ ਇਹ ਚੀਜ਼ਾਂ ਉਨ੍ਹਾਂ ਕਾਰਖ਼ਾਨਿਆਂ ਵਿਚ ਬਣਦੀਆਂ ਹਨ, ਜੋ ਬਿਜਲੀ ਨਾਲ ਚਲਦੇ ਹਨ। ਕਾਰਖ਼ਾਨਿਆਂ ਤੋਂ ਬਿਨਾਂ ਖੇਤੀ-ਬਾੜੀ ਦਾ ਬਹੁਤ ਸਾਰਾ ਕੰਮ ਵੀ ਬਿਜਲੀ ਨਾਲ ਹੀ ਹੁੰਦਾ ਹੈ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਬਿਜਲੀ ਸਾਡੇ ਜੀਵਨ ਦੀ ਇਕ ਅਤਿ ਜ਼ਰੂਰੀ ਲੋੜ ਹੈ। ਬਿਜਲੀ ਦੀ ਵਧ ਰਹੀ ਲੋੜ ਅਤੇ ਥੁੜ੍ਹ-ਭਾਰਤ ਇਕ ਵਿਕਸਿਤ ਹੋ ਰਿਹਾ ਦੇਸ਼ ਹੈ। ਇਸ ਵਿਚ ਨਿੱਤ ਉਸਾਰੀ ਦੀਆਂ ਯੋਜਨਾਵਾਂ ਬਣਦੀਆਂ ਹਨ। ਇਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਬਿਜਲੀ ਦੀ ਲੋੜ ਦਿਨੋ-ਦਿਨ ਵਧਦੀ ਜਾ ਰਹੀ ਹੈ। ਇਸ ਪ੍ਰਕਾਰ ਬਿਜਲੀ ਦੀ ਥੁੜ੍ਹ ਤਾਂ ਹੀ ਪੂਰੀ ਹੋ ਸਕਦੀ ਹੈ, ਜੇਕਰ ਬਿਜਲੀ ਦੀ ਉਪਜ ਵਿਚ ਵਾਧਾ ਕੀਤਾ ਜਾਵੇ। ਬਿਜਲੀ ਦੀ ਵੱਧ ਉਪਜ ਕਰਨ ਲਈ ਕਰੋੜਾਂ ਰੁਪਏ ਖ਼ਰਚ ਹੁੰਦੇ ਹਨ ਤੇ ਨਾਲ ਹੀ ਸਮਾਂ ਵੀ ਕਾਫ਼ੀ ਲਗਦਾ ਹੈ। ਦੇਸ਼ ਦੇ ਸੀਮਿਤ ਸਾਧਨਾਂ ਕਾਰਨ ਬਿਜਲੀ ਦੀ ਉਪਜ ਵਧਾਉਣਾ ਸੰਭਵ ਨਹੀਂ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਬਿਜਲੀ ਦੀ ਜਿੱਥੋਂ ਤਕ ਹੋ ਸਕੇ ਬੱਚਤ ਕਰੀਏ। ਸਾਡੇ ਅਜਿਹਾ ਕਰਨ ਨਾਲ ਹੀ ਉਦਯੋਗਾਂ ਤੇ ਖੇਤੀ-ਬਾੜੀ ਨੂੰ ਵੱਧ ਤੋਂ ਵੱਧ ਬਿਜਲੀ ਪ੍ਰਾਪਤ ਹੋ ਸਕੇਗੀ।

ਬਿਜਲੀ ਦੀ ਬੱਚਤ ਦੀ ਲੋੜ : ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਕ ਖ਼ਪਤਕਾਰ ਇਕ ਯੂਨਿਟ ਦੀ ਬੱਚਤ ਕਰਦਾ ਹੈ, ਤਾਂ ਉਸ ਦੀ ਬੱਚਤ ਕੌਮੀ ਪੱਧਰ ਉੱਤੇ ਪੈਦਾ ਕੀਤੇ ਸਵਾ ਯੂਨਿਟ ਦੇ ਬਰਾਬਰ ਹੁੰਦੀ ਹੈ। ਇਸ ਪ੍ਰਕਾਰ ਬਚਾਈ ਗਈ ਬਿਜਲੀ ਦਾ ਲਾਭ ਭਾਰੀ ਖ਼ਰਚ ਨਾਲ ਪੈਦਾ ਕੀਤੀ ਗਈ ਬਿਜਲੀ ਨਾਲੋਂ ਵਧੇਰੇ ਹੁੰਦਾ ਹੈ। ਇਕ ਅਨੁਮਾਨ ਅਨੁਸਾਰ ਇਸ ਸਮੇਂ ਦੇਸ਼ ਵਿਚ 10% ਬਿਜਲੀ ਦੀ ਘਾਟ ਹੈ। ਇਸ ਘਾਟ ਨੂੰ ਪੂਰਾ ਕਰਨ ਦਾ ਇਕੋ-ਇਕ ਤਰੀਕਾ ਬਿਜਲੀ ਦੀ ਬੱਚਤ ਹੈ।

ਬਲਬਾਂ, ਟਿਊਬਾਂ ਦੇ ਪੱਖਿਆਂ ਦੀ ਵਰਤੋਂ : ਜਿਸ ਤਰ੍ਹਾਂ ਅਸੀਂ ਘਰ ਵਿਚ ਹੋਰਨਾਂ ਚੀਜ਼ਾਂ ਦੀ ਸੰਜਮ ਨਾਲ ਵਰਤੋਂ ਕਰਦੇ ਹਾਂ ਤੇ ਚਾਦਰ ਦੇਖ ਕੇ ਪੈਰ ਪਸਾਰਦੇ ਹਾਂ, ਇਸ ਤਰ੍ਹਾਂ ਸਾਨੂੰ ਦੇਸ਼ ਵਿਚ ਬਿਜਲੀ ਦੀ ਕਮੀ ਨੂੰ ਧਿਆਨ ਵਿਚ ਰੱਖ ਕੇ ਇਸ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ। ਇਸ ਮੰਤਵ ਲਈ ਸਾਨੂੰ ਬਲਬਾਂ, ਟਿਊਬਾਂ ਤੇ ਪੱਖਿਆਂ ਦੀ ਵਰਤੋਂ ਓਨੀ ਦੇਰ ਹੀ ਕਰਨੀ ਚਾਹੀਦੀ ਹੈ, ਜਿੰਨੀ ਦੇਰ ਸੱਚ-ਮੁੱਚ ਹੀ ਲੋੜ ਹੋਵੇ। ਘਰਾਂ ਵਿਚ ਆਮ ਦੇਖਿਆ ਜਾਂਦਾ ਹੈ ਕਿ ਖ਼ਾਲੀ ਪਏ ਕਮਰਿਆਂ ਵਿਚ ਵੀ ਬਲਬ ਜਗ ਰਹੇ ਹੁੰਦੇ ਹਨ ਤੇ ਵਿਹੜਿਆਂ ਵਿਚ ਦੋ-ਦੋ ਤਿੰਨ-ਤਿੰਨ ਬਲਬ ਜਗ ਰਹੇ ਹੁੰਦੇ ਹਨ। ਦੁਕਾਨਦਾਰ ਆਪਣੀ ਦੁਕਾਨ ਵਿਚ ਬਹੁਤ ਸਾਰੀਆਂ ਟਿਊਬਾਂ ਤੇ ਬਲਬ ਜਗਾ ਛੱਡਦੇ ਹਨ। ਇਸ ਤਰ੍ਹਾਂ ਬਿਜਲੀ ਅੰਨ੍ਹੇਵਾਹ ਖ਼ਰਚੀ ਜਾਂਦੀ ਹੈ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਲੋੜ ਵੇਲੇ ਹੀ ਬਲਬ ਜਗਾਈਏ ਤੇ ਪੱਖੇ ਚਲਾਈਏ ਅਤੇ ਲੋੜ ਦੇ ਖ਼ਤਮ ਹੁੰਦਿਆਂ ਹੀ ਉਨ੍ਹਾਂ ਨੂੰ ਬੰਦ ਕਰ ਦੇਈਏ।

ਕੂਲਰ, ਏਅਰ ਕੰਡੀਸ਼ਨਰ, ਹੀਟਰ ਤੇ ਗੀਜ਼ਰ ਦੀ ਵਰਤੋਂ : ਸਾਨੂੰ ਚਾਹੀਦਾ ਹੈ ਕਿ ਕੂਲਰ, ਹੀਟਰ, ਏਅਰ ਕੰਡੀਸ਼ਨਰ, ਜਾਂ ਗੀਜ਼ਰ ਦੀ ਘੱਟ ਤੋਂ ਘੱਟ ਵਰਤੋਂ ਕਰੀਏ। ਸਾਨੂੰ ਆਪਣੇ ਸਰੀਰ ਨੂੰ ਗਰਮੀ ਤੇ ਸਰਦੀ ਦਾ ਟਾਕਰਾ ਕਰਨ ਦੇ ਯੋਗ ਬਣਾਉਣਾ ਚਾਹੀਦਾ ਹੈ ਤਾਂ ਜੋ ਸਹਿਜੇ ਕੀਤੇ ਸਰਦੀਆਂ ਵਿਚ ਹੀਟਰ ਤੇ ਗਰਮੀਆਂ ਵਿਚ ਕੂਲਰ ਜਾਂ ਏਅਰ ਕੰਡੀਸ਼ਨਰ ਦੀ ਵਰਤੋਂ ਨਾ ਕਰੀਏ। ਇਸ ਪ੍ਰਕਾਰ ਸਰਦੀਆਂ ਵਿਚ ਬਿਨਾਂ ਪਾਣੀ ਗਰਮ ਕੀਤਿਆਂ ਨਹਾ ਲਈਏ। ਇਸ ਤਰ੍ਹਾਂ ਸੰਜਮ ਨਾਲ ਹੀ ਅਸੀਂ ਬਿਜਲੀ ਦੀ ਬੱਚਤ ਵਿਚ ਹਿੱਸਾ ਪਾ ਸਕਦੇ ਹਾਂ।

ਬਿਜਲੀ ਦੀ ਸਜਾਵਟ : ਸਾਨੂੰ ਵਿਆਹਾਂ ਸ਼ਾਦੀਆਂ ਅਤੇ ਤਿਥ-ਤਿਉਹਾਰਾਂ ਉੱਪਰ ਵੀ ਬਿਜਲੀ ਦੇ ਬਲਬਾਂ ਤੇ ਟਿਊਬਾਂ ਦੀ ਸਜਾਵਟ ਘਟਾਉਣੀ ਚਾਹੀਦੀ ਹੈ। ਇਹ ਬੜੀ ਵੱਡੀ ਫ਼ਜ਼ੂਲ-ਖ਼ਰਚੀ ਹੈ।

ਬਿਜਲੀ ਦੀ ਬੱਚਤ ਦੇ ਲਾਭ : ਇਸ ਪ੍ਰਕਾਰ ਜੇਕਰ ਬਿਜਲੀ ਦੀ ਵਰਤੋਂ ਸੰਬੰਧੀ ਅਸੀਂ ਸਾਰੇ ਦੇਸ਼-ਵਾਸੀ ਸੰਜਮ ਅਤੇ ਸਾਵਧਾਨੀ ਤੇ ਕੰਮ ਲਈਏ, ਤਾਂ ਬਿਨਾਂ ਕਿਸੇ ਕੰਮ ਦਾ ਨੁਕਸਾਨ ਕੀਤਿਆਂ ਅਸੀਂ ਲੱਖਾਂ ਯੂਨਿਟਾਂ ਦੀ ਬੱਚਤ ਕਰ ਸਕਦੇ ਹਾਂ, ਜੋ ਉਦਯੋਗਾਂ ਅਤੇ ਖੇਤੀਬਾੜੀ ਦੇ ਕੰਮ ਆ ਸਕਦੀ ਹੈ।

ਬੱਚਤ ਦੇ ਨਿਯਮ : ਬਿਜਲੀ ਦੀ ਬੱਚਤ ਲਈ ਸਾਨੂੰ ਕੁੱਝ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਕ ਤਾਂ ਸਾਨੂੰ ਮਕਾਨਾਂ ਦੀ ਉਸਾਰੀ ਅਜਿਹੇ ਢੰਗ ਨਾਲ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਅੰਦਰ ਸੂਰਜ ਦੀ ਰੌਸ਼ਨੀ ਪ੍ਰਵੇਸ਼ ਕਰ ਸਕੇ। ਦੂਸਰੇ ਸਾਨੂੰ ਵੱਖ-ਵੱਖ ਕਮਰਿਆਂ ਦੀ ਵਰਤੋਂ ਦੀ ਬਜਾਏ, ਜਿੱਥੇ ਤਕ ਹੋ ਸਕੇ ਇੱਕੋ ਕਮਰੇ ਦੀ ਵਰਤੋਂ ਕਰਨੀ ਚਾਹੀਦੀ ਹੈ। ਫ਼ਰਿਜ ਦਾ ਦਰਵਾਜ਼ਾ ਘੱਟ ਤੋਂ ਘੱਟ ਖੋਲ੍ਹਣਾ ਚਾਹੀਦਾ ਹੈ। ਚੌਥੇ ਜੇਕਰ ਅਸੀਂ ਘਰ ਵਿਚ ਬਿਜਲੀ ਦੇ ਵਿਕਸਿਤ ਸਮਾਨ ਦੀ ਵਰਤੋਂ ਕਰੀਏ, ਤਾਂ ਵੀ ਬਿਜਲੀ ਦੀ ਖਪਤ ਘੱਟ ਹੋ ਸਕਦੀ ਹੈ।

ਸਾਰ-ਅੰਸ਼ : ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਊਰਜਾ ਦੀ ਬੱਚਤ ਹਰ ਵਿਅਕਤੀ ਦੇ ਵਿਅਕਤੀਗਤ ਉੱਦਮ ਨਾਲ ਹੋ ਸਕਦੀ ਹੈ ਸਾਨੂੰ ਆਪਣੇ ਘਰਾਂ ਵਿਚ ਉਪਰੋਕਤ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਬਿਜਲੀ ਦੀ ਵਰਤੋਂ ਸਮੇਂ ਵੱਧ ਤੋਂ ਵੱਧ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ।