CBSEClass 8 Punjabi (ਪੰਜਾਬੀ)Class 9th NCERT PunjabiEducationPunjab School Education Board(PSEB)Punjabi Viakaran/ Punjabi Grammarਲੇਖ ਰਚਨਾ (Lekh Rachna Punjabi)

ਲੇਖ ਰਚਨਾ : ਬਚਤ ਦਾ ਮਹੱਤਵ


ਮਨੁੱਖ ਆਪਣੇ ਜੀਵਨ ਨੂੰ ਅਰਾਮਦੇਹ ਬਣਾਉਣ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਅੱਜ, ਆਦਿ ਤੇ ਅਜੋਕੇ ਮਨੁੱਖ ਦੀ ਰਹਿਣੀ-ਬਹਿਣੀ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਹੈ। ਇਹ ਮਨੁੱਖੀ ਦਿਮਾਗ ਦੇ ਵਿਕਾਸ ਦਾ ਹੀ ਨਤੀਜਾ ਹੈ।

ਸਾਡੇ ਬਜ਼ੁਰਗਾਂ ਦਾ ਜੀਵਨ ਬੜਾ ਸਾਦਾ ਸੀ। ਉਹ ਥੋੜ੍ਹੀ ਆਮਦਨ ਨਾਲ ਹੀ ਵੱਡੇ-ਵੱਡੇ ਪਰਿਵਾਰਾਂ ਦਾ ਖ਼ਰਚਾ ਪੂਰਾ ਕਰਦੇ ਸਨ। ਘਰ ਵਿੱਚ ਅਰਾਮ ਦੀਆਂ ਚੀਜ਼ਾਂ ਬਹੁਤ ਘੱਟ ਹੁੰਦੀਆਂ ਸਨ। ਜੀਵਨ ਦੀਆਂ ਮੁੱਖ ਲੋੜਾਂ ਨੂੰ ਪੂਰਾ ਕਰਨਾ ਹੀ ਮੁੱਖ ਮੰਤਵ ਸੀ। ਇਨ੍ਹਾਂ ਲੋੜਾਂ ਨੂੰ ਪੂਰਾ ਕਰਨ ਤੋਂ ਬਾਅਦ ਜੋ ਧਨ ਬਚਦਾ ਸੀ, ਉਸ ਨੂੰ ਮਕਾਨ ਦੀਆਂ ਦੀਵਾਰਾਂ ਦੇ ਅੰਦਰ ਜਾਂ ਖੇਤਾਂ ਦੀ ਜ਼ਮੀਨ ਵਿੱਚ ਦੱਬ ਦਿੰਦੇ ਸਨ। ਇਹ ਉਨ੍ਹਾਂ ਦੀ ਇੱਕ ਤਰ੍ਹਾਂ ਦੀ ਬਚਤ ਹੀ ਹੁੰਦੀ ਸੀ। ਇਸ ਧਨ ਦੀ ਵਰਤੋਂ ਉਹ ਔਖੀ ਘੜੀ ਵਿੱਚ ਕਰਦੇ ਸਨ।

ਸਮੇਂ ਦੇ ਬਦਲਣ ਨਾਲ ਮਨੁੱਖ ਨੇ ਧਨ ਦੀ ਉਪਯੋਗਤਾ ਨੂੰ ਪਹਿਚਾਣਿਆ ਅਤੇ ਇਸ ਨੂੰ ਖ਼ਰਚ ਕਰਨ ਵਿੱਚ ਹੀ ਬਿਹਤਰੀ ਸਮਝੀ। ਉਸ ਨੇ ਧਨ ਇਕੱਠਾ ਕਰ ਕੇ ਰੱਖਣ ਨਾਲੋਂ ਜੀਵਨ ਨੂੰ ਵਧੇਰੇ ਸੁੱਖੀ ਤੇ ਅਰਾਮਦਾਇਕ ਬਣਾਉਣ ਵੱਲ ਧਿਆਨ ਦਿੱਤਾ। ਬਚਤ ਦਾ ਅਹਿਸਾਸ ਉਸ ਨੂੰ ਉਸ ਸਮੇਂ ਹੋਇਆ ਜਦੋਂ ਬੁਰਾ ਸਮਾਂ ਨੇ ਉਸ ਦੇ ਸਾਹਮਣੇ ਆਇਆ। ਬੁਰੇ ਸਮੇਂ ਨੂੰ ਕੱਟਣ ਲਈ ਉਸ ਨੂੰ ਆਪਣੇ ਰਿਸ਼ਤੇਦਾਰਾਂ, ਦੋਸਤਾਂ ਦਾ ਸਹਾਰਾ ਲੈਣਾ ਪਿਆ। ਆਪਣੇ ਤੇ ਦੂਜਿਆਂ ਦੇ ਤਰਜਬਿਆਂ ਤੋਂ ਸਿਖ ਕੇ ਉਸ ਨੇ ਬਚਤ ਕਰਨੀ ਸ਼ੁਰੂ ਕੀਤੀ।

ਇਹ ਸੌ ਫ਼ੀਸਦੀ ਸੱਚ ਹੈ ਕਿ ਮਨੁੱਖ ਆਪਣੇ ਭਵਿੱਖ ਤੋਂ ਅਣਜਾਣ ਹੈ। ਵਰਤਮਾਨ ਨੂੰ ਸਹੀ ਢੰਗ ਨਾਲ ਜੀਉਣਾ ਵੀ ਜ਼ਰੂਰੀ ਹੈ, ਪਰ ਭਵਿੱਖ ਨੂੰ ਅਣਗੌਲਿਆ ਕਰ ਦੇਣਾ, ਇਹ ਵੀ ਮੂਰਖਤਾ ਹੈ। ਕੁਝ ਲੋਕਾਂ ਦੀ ਇਹ ਸੋਚ ਹੈ ਕਿ ਖਾਓ, ਪੀਓ, ਮੌਜ ਕਰੋ, ਕੱਲ੍ਹ ਕਿਸਨੇ ਵੇਖਿਆ ਹੈ? ਪਰ ਮੁਸੀਬਤ ਦੱਸ ਕੇ ਨਹੀਂ ਆਉਂਦੀ, ਇਹ ਵੀ ਅਸੀਂ ਜਾਣਦੇ ਹਾਂ। ਕੁਝ ਸਮਝਦਾਰ ਲੋਕ ਆਪਣੇ ਵਰਤਮਾਨ ਨੂੰ ਵੀ ਚੰਗੀ ਤਰ੍ਹਾਂ ਜੀਉਂਦੇ ਹਨ ਅਤੇ ਆਪਣੇ ਭਵਿੱਖ ਬਾਰੇ ਵੀ ਚੇਤੰਨ ਹੁੰਦੇ ਹਨ। ਉਹ ਆਪਣੀ ਕਮਾਈ ਦਾ ਕੁੱਝ ਹਿੱਸਾ ਬਚਤ ਵਿੱਚ ਲਗਾਉਂਦੇ ਹਨ। ਉਹ ਜਾਣਦੇ ਹਨ ਕਿ ਮੁਸੀਬਤ ਵੇਲੇ ਕਿਸੇ ‘ਤੇ ਬੋਝ ਬਣਨ ਤੋਂ ਤਾਂ ਚੰਗਾ ਹੈ ਕਿ
ਆਪਣੇ ਕੋਲ ਧਨ ਇਕੱਠਾ ਕੀਤਾ ਜਾਵੇ।

ਵੇਖਿਆ ਜਾਵੇ ਤਾਂ ਇਸ ਸਚਾਈ ਨੂੰ ਮੰਨਣ ਵਿੱਚ ਹੀ ਸਮਝਦਾਰੀ ਹੈ। ਔਖੇ ਵੇਲੇ ਕਿਸੇ ਅੱਗੇ ਹੱਥ ਫੈਲਾਉਣੇ ਪੈਣ ਜਾਂ ਕਿਸੇ ‘ਤੇ ਨਿਰਭਰ ਨਾ ਹੋਣਾ ਪਵੇ, ਇਸ ਲਈ ਸਾਨੂੰ ਆਪਣੀ ਕਮਾਈ ਵਿੱਚੋਂ ਕੁਝ ਹਿੱਸੇ ਦੀ ਬਚਤ ਕਰਨੀ ਚਾਹੀਦੀ ਹੈ। ਪੰਛੀ ਤੇ ਕੀੜੇ-ਮਕੌੜੇ ਵੀ ਬਰਸਾਤ ਦੇ ਮੌਸਮ ਦੇ ਆਉਣ ਤੋਂ ਪਹਿਲਾਂ ਆਪਣੇ ਲਈ ਭੋਜਨ ਇਕੱਠਾ ਕਰ ਕੇ ਰੱਖ ਲੈਂਦੇ ਹਨ। ਫੇਰ ਅਸੀਂ ਤਾਂ ਇਨਸਾਨ ਹਾਂ। ਇਹ ਬਚਤ ਸਾਨੂੰ ਨਿਸ਼ਚਿੰਤਤਾ ਤੇ ਸੁਰੱਖਿਆ ਦੀ ਗਰੰਟੀ ਦਿੰਦੀ ਹੈ। ਸਾਡੇ ਅੰਦਰ ਹਰ ਮੁਸੀਬਤ ਦਾ ਸਾਹਮਣਾ ਕਰਨ ਦੀ ਤਾਕਤ ਤੇ ਸਵੈ-ਭਰੋਸਾ ਪੈਦਾ ਕਰਦੀ ਹੈ।

ਬਚਤ ਕਰਨ ਲਈ ਯੋਜਨਾ ਬਣਾਉਣ ਦੀ ਲੋੜ ਹੈ। ਅੱਜ ਸਰਕਾਰ ਵੱਲੋਂ ਬਚਤ ਕਰਨ ਦੇ ਕਈ ਉਪਾਅ ਕੀਤੇ ਗਏ
ਹਨ। ਅਸੀਂ ਇਨ੍ਹਾਂ ਵਿੱਚ ਆਪਣੀ ਬਚਤ ਦਾ ਪੈਸਾ ਲਗਾ ਕੇ ਬਚਤ ਦੇ ਧਨ ਨੂੰ ਵਧਾ ਵੀ ਸਕਦੇ ਹਾਂ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ-ਭਲਾਈ ਦੇ ਕੰਮਾਂ ਵਿੱਚ, ਦੇਸ਼ ਦੀ ਤਰੱਕੀ ਦੇ ਕੰਮਾਂ ਨੂੰ ਨੇਪਰੇ ਚਾੜ੍ਹਨ ਵਿੱਚ ਸਰਕਾਰ ਦੀ ਮਦਦ ਵੀ ਕਰ ਸਕਦੇ ਹਾਂ। ਇਸ ਦੇ ਬਦਲੇ ਵਿੱਚ ਬਚਤ ਦੇ ਧਨ ਉੱਪਰ ਸਾਨੂੰ ਸੂਦ ਮਿਲਦਾ ਹੈ ਅਤੇ ਲੋੜ ਪੈਣ ‘ਤੇ ਅਸੀਂ ਇਸ ਪੈਸੇ ਨੂੰ ਵਾਪਸ ਵੀ ਲੈ ਸਕਦੇ ਹਾਂ।

ਅੱਜ-ਕਲ੍ਹ ਬੈਂਕਾਂ ਅਤੇ ਡਾਕਘਰਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਹਨ ਜਿਵੇਂ ਰਾਸ਼ਟਰੀ ਬਚਤ ਪੱਤਰ, ਕਿਸਾਨ ਬਚਤ ਪੱਤਰ, ਪੀ.ਪੀ.ਐਫ., ਕਈ ਤਰ੍ਹਾਂ ਦੇ ਬਚਤ ਸਰਟੀਫਿਕੇਟ, ਛੋਟੀਆਂ ਤੇ ਵੱਡੀਆਂ ਬਚਤ ਸਕੀਮਾਂ, ਬੈਂਕਾਂ ਦੇ ਬਾਂਡਸ ਆਦਿ। ਇਸ ਤੋਂ ਇਲਾਵਾ ਬੀਮਾ ਨਿਗਮ ਦੀਆਂ ਕਈ ਲਾਭਦਾਇਕ ਨੀਤੀਆਂ ਹਨ ਜਿਨ੍ਹਾਂ ਤੋਂ ਅਸੀਂ ਬਹੁਤ ਫਾਇਦਾ ਲੈ ਸਕਦੇ ਹਾਂ। ਇਸ ਤਰ੍ਹਾਂ ਆਪਣੇ ਫਾਇਦੇ ਦੇ ਨਾਲ-ਨਾਲ ਬਚਤ ਕਰਨ ਨਾਲ ਸਮਾਜ ਕਲਿਆਣ ਦੀ ਭਾਵਨਾ ਨੂੰ ਵੀ ਪੂਰਾ ਕੀਤਾ ਜਾ ਸਕਦਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਬਚਤ ਕਰਨ ਦੀ ਆਦਤ ਪਾਈਏ।