ਲੇਖ ਰਚਨਾ : ਹੱਸਣਾ ਜ਼ਰੂਰੀ ਹੈ
ਪਰਿਵਾਰ ਦੇ ਮੈਂਬਰਾਂ ਤੋਂ ਲੈ ਕੇ, ਸਕੂਲ, ਕਾਲਜ, ਯੂਨੀਵਰਸਿਟੀ ਜਾਂ ਕੰਮ ਕਰਨ ਵਾਲੇ ਸਥਾਨਾਂ ਤੱਕ ਜਾਣ, ਸਾਰਾ ਦਿਨ ਗੁਜ਼ਾਰਨ ਤੋਂ ਬਾਅਦ ਘਰ ਆਉਣ ਤੱਕ, ਕਿੰਨਿਆਂ ਹੀ ਲੋਕਾਂ ਨੂੰ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਮਿਲਦੇ ਹਾਂ। ਬਹੁਤੇ ਲੋਕਾਂ ਦੇ ਚਿਹਰਿਆਂ ਉੱਤੇ ਇੱਕ ਤਣਾਉ, ਜਾਣ ਦੀ ਕਾਹਲ, ਰੁੱਖਾਪਨ, ਗੁਆਚਾਪਨ ਤੇ ਤੋਖਲਾਪਨ ਵੇਖਣ ਨੂੰ ਮਿਲਦਾ ਹੈ। ਕਿੰਨੀ ਅਜੀਬ ਗੱਲ ਹੈ ਕਿ ਹੱਸਣਾ ਤੇ ਹੱਸਾਉਣਾ ਹੀ ਮਨੁੱਖ ਭੁੱਲਦਾ ਜਾ ਰਿਹਾ ਹੈ। ਇਹ ਨਹੀਂ ਕਿ ਮਨੁੱਖ ਹੱਸਣਾ ਜਾਣਦਾ ਨਹੀਂ, ਜਾਣਦਾ ਹੈ, ਪਰ ਉਸ ਲਈ ਖ਼ਾਸ ਮੌਕੇ ਸਿਰਜੇ ਜਾਂਦੇ ਹਨ।
ਇਸ ਸੰਸਾਰ ਵਿੱਚ ਹੱਸਣ ਦੀ ਕਿਰਿਆ ਸਿਰਫ਼ ਮਨੁੱਖ ਦੇ ਹੀ ਹਿੱਸੇ ਆਈ ਹੈ। ਗੁਰਬਾਣੀ ਅਨੁਸਾਰ ਚੁਰਾਸੀ ਲੱਖ ਜੂਨਾਂ ਤੋਂ ਬਾਅਦ ਮਨੁੱਖੀ ਜੀਵਨ ਮਿਲਦਾ ਹੈ। ਹੱਸਣ ਤੇ ਅਕਲ ਦੀ ਦਾਤ ਸਿਰਫ਼ ਮਨੁੱਖ ਨੂੰ ਹੀ ਪ੍ਰਾਪਤ ਹੈ।ਅਜੋਕੇ ਸਮੇਂ ਵਿੱਚ ਰੋਣ ਦੇ ਤਾਂ ਕਈ ਕਾਰਨ ਹਨ, ਪਰ ਹੱਸਣ ਲਈ ਮਨੁੱਖ ਕਾਰਨ ਸਿਰਜਦਾ ਹੈ।
ਇਹ ਇੱਕ ਸੱਚਾਈ ਹੈ ਕਿ ਹਾਸਾ ਖੁਸ਼ਹਾਲੀ ਦਾ ਚਿੰਨ੍ਹ ਹੈ। ਜਿਨ੍ਹਾਂ ਘਰਾਂ ਵਿੱਚ ਖੁਸ਼ੀਆਂ ਤੇ ਹਾਸਿਆਂ ਦੀ ਗੂੰਜ ਹੈ, ਉਹ ਅੱਜ ਵੀ ਸੁੱਖ ਤੇ ਸ਼ਾਂਤੀ ਦਾ ਜੀਵਨ ਗੁਜ਼ਾਰ ਰਹੇ ਹਨ। ਹਾਸਾ ਖੁਸ਼ੀ ਦਾ ਵੀ ਪ੍ਰਗਟਾਵਾ ਹੈ।
ਕੁਝ ਦਹਾਕੇ ਪਹਿਲਾਂ ਦੇ ਜੀਵਨ ਵਿੱਚ ਹਾਸੇ-ਖੇੜੇ ਦਾ ਬਹੁਤ ਮਹੱਤਵ ਸੀ। ਵਿਆਹ-ਸ਼ਾਦੀ ਦਾ ਉਦਾਹਰਨ ਹੀ ਲਿਆ ਜਾ ਸਕਦਾ ਹੈ। ਕਿਸੇ ਮੁੰਡੇ ਜਾਂ ਕੁੜੀ ਦੇ ਵਿਆਹ ਸਮੇਂ ਇਕ-ਇਕ ਮਹੀਨਾ ਪਹਿਲਾਂ ਹੀ ਰਿਸ਼ਤੇਦਾਰ ਆ ਜਾਂਦੇ ਸਨ। ਉਸ ਵਿਆਹ ਵਿੱਚ ਪੂਰੇ ਪਿੰਡ ਦਾ ਕਿਸੇ ਨਾ ਕਿਸੇ ਢੰਗ ਨਾਲ ਦਖ਼ਲ ਹੁੰਦਾ ਸੀ। ਕੁਝ ਰੀਤੀ-ਰਿਵਾਜ਼ ਵੀ ਅਜਿਹੇ ਸਨ ਕਿ ਕੁੜੀਆਂ-ਚਿੜੀਆਂ ਵਿਆਹ ਤੇ ਸ਼ਗਨਾਂ ਵਿੱਚ ਖੁੱਲ੍ਹ ਕੇ ਮਜ਼ਾਕ ਕਰਦੀਆਂ ਸਨ। ਮਜ਼ਾਕ ਦਾ ਗੁੱਸਾ ਵੀ ਕੋਈ ਨਹੀਂ ਸੀ ਮਨਾਉਂਦਾ। ਹਾਸੇ ਤੇ ਮਨ-ਪਰਚਾਵੇ ਲਈ ਲੱਭ-ਲੱਭ ਕੇ ਭੰਡ ਤੇ ਮਰਾਸੀਆਂ ਨੂੰ ਬੁਲਾਇਆ ਜਾਂਦਾ ਸੀ ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅੱਜ ਦਾ ਮਨੁੱਖ ਇੰਨਾ ਸੜੀਅਲ, ਗੁੱਸਾਖੋਰ ਤੇ ਤਣਾਉਸ਼ੀਲ ਕਿਉਂ ਹੈ? ਕਿਉਂ ਇਕੱਠਾਂ ਵਿੱਚ ਵੀ ਬਹੁਤ ਸਾਰੇ ਲੋਕ ਗੁੰਮ-ਸੁੰਮ ਬੈਠੇ ਰਹਿੰਦੇ ਹਨ? ਵਿਆਹ-ਸ਼ਾਦੀ ਇੱਕ ਰਸਮ ਬਣ ਕੇ ਹੀ ਕਿਉਂ ਰਹਿ ਗਈ ਹੈ? ਅਸਲ ਵਿੱਚ ਰਿਸ਼ਤਿਆਂ ਵਿਚਲੀ ਦੂਰੀ, ਨਸ਼ਿਆਂ ਦੇ ਰੁਝਾਨ, ਘੱਟ ਖਾਣ ਦੇ ਰਿਵਾਜ਼ਾਂ, ਪੈਸਾ ਕਮਾਉਣ ਦੇ ਜਨੂੰਨ, ਪੁਰਾਣੀ ਪੀੜ੍ਹੀ ਤੇ ਨਵੀਂ ਪੀੜ੍ਹੀ ਵਿਚਲੀ ਸੋਚ ਦੇ ਪਾੜੇ ਨੇ ਹਾਸਿਆਂ ਤੇ ਮੁਸਕਰਾਉਣ ਦੇ ਬਹਾਨੇ ਹੀ ਖ਼ਤਮ ਕਰ ਦਿੱਤੇ ਹਨ। ਹਾਸੇ ਦਾ ਸੰਬੰਧ ਤਾਂ ਮਨ ਨਾਲ ਹੈ, ਜੇ ਮਨ ਹੀ ਖੁਸ਼ ਨਹੀਂ ਤਾਂ ਹਾਸੇ ਕਿਵੇਂ ਉਪਜਣ।
ਵਿਅਕਤੀਗਤ ਤੌਰ ‘ਤੇ ਖੁਸ਼ ਰਹਿਣ ਵਾਲੇ ਸੁਭਾਅ ਦੇ ਲੋਕ ਬਹੁਤ ਘੱਟ ਵੇਖਣ ਨੂੰ ਮਿਲਦੇ ਹਨ ਕਿਉਂਕਿ ਖੁਸ਼-ਰਹਿਣ ਤੇ ਹੱਸਮੁਖ ਬਣਨ ਲਈ ਮਜ਼ਬੂਤ ਤੇ ਪੱਕੇ ਦਿਲ ਦੀ ਲੋੜ ਹੈ। ਜੀਵਨ ਦੇ ਦੁੱਖਾਂ ਨੂੰ ਹੱਸ ਕੇ ਸਹਿਣ ਦਾ ਕਾਰਜ ਕੋਈ ਦਿਲਦਾਰ ਹੀ ਕਰ ਸਕਦਾ ਹੈ।
ਖੁਸ਼ ਤੇ ਹੱਸਦਾ ਰਹਿੰਦਾ ਮਨੁੱਖ ਤਾਂ ਉਸ ਫੁੱਲ ਵਾਂਗ ਹੈ ਜੋ ਆਪਣੀ ਖੁਸ਼ਬੂ ਨਾਲ ਪੂਰੇ ਵਾਤਾਵਰਨ ਵਿੱਚ ਸਜਰਾਪਨ ਪੈਦਾ ਕਰ ਦਿੰਦਾ ਹੈ। ਉਸ ਦਾ ਖਿੜਿਆ ਚਿਹਰਾ ਦੂਜਿਆਂ ਦੇ ਚਿਹਰਿਆਂ ਉੱਤੇ ਵੀ ਰੌਣਕ ਲਿਆ ਦੇਂਦਾ ਹੈ। ਇਹ ਵੀ ਸਹੀ ਹੈ ਕਿ ਕਈ ਲੋਕ ਅੰਦਰੋਂ ਖੁਸ਼ ਹੁੰਦੇ ਹਨ, ਪਰ ਉਨ੍ਹਾਂ ਨੂੰ ਪ੍ਰਗਟਾਉਣ ਦਾ ਢੰਗ ਨਹੀਂ ਆਉਂਦਾ। ਕਈ ਲੋਕ ਖੁੱਲ੍ਹ ਕੇ ਹੱਸਦੇ ਹਨ, ਕੁਝ ਡੂੰਘੀ ਮੁਸਕਰਾਹਟ ਦੇ ਕੇ ਅਤੇ ਕੁਝ ਅੱਧ ਖੁੱਲ੍ਹੇ ਮੂੰਹ ਦੀ ਖੁਸ਼ਨੁਮਾ ਫੁਸਫਸਾਹਟ ਦੇ ਕੇ ਹੀ ਰੁਕ ਜਾਂਦੇ ਹਨ। ਮਕਸਦ ਸਭ ਪਿੱਛੇ ਇੱਕੋ ਹੀ ਹੈ। ਇੱਥੇ ਤਰੀਕਿਆਂ ਉੱਤੇ ਬਹਿਸ ਕਰਨ ਦੀ ਬਜਾਇ ਜੀਵਨ ਵਿੱਚ ਹਾਸੇ ਦੇ ਮਹੱਤਵ ਨੂੰ ਸਮਝਣਾ ਜ਼ਰੂਰੀ ਹੈ।
ਖੁਸ਼ ਰਹਿਣ ਵਾਲੇ ਤੇ ਹੱਸਮੁਖ ਮਨੁੱਖ ਦਾ ਸਰੀਰ ਨਰੋਆ, ਚਿਹਰਾ ਭਰਵਾਂ ਤੇ ਚਿਹਰੇ ਉੱਪਰ ਨੂਰ ਹੁੰਦਾ ਹੈ। ਉਹ ਜੀਵਨ ਦੇ ਦੁੱਖਾਂ ਨਾਲ ਜੂਝਣਾ ਜਾਣਦਾ ਹੈ । ਉਹ ਜੀਵਨ ਨੂੰ ਸੰਘਰਸ਼ ਮੰਨ ਕੇ ਉਸ ਨਾਲ ਟੱਕਰ ਲੈਣ ਦਾ ਫੈਸਲਾ ਕਰ ਚੁੱਕਾ ਹੁੰਦਾ ਹੈ।ਉਸ ਨੇ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ‘ਤੇ ਆਉਣ ਵਾਲੀਆਂ ਤਕਲੀਫ਼ਾਂ ਨੂੰ ਸਾਹਮਣੇ ਹੋ ਕੇ ਮਿਲਣ ਦੀ ਤਿਆਰੀ ਕਰ ਲਈ ਹੁੰਦੀ ਹੈ। ਉਸ ਨੇ ਸੰਜਮ ਤੇ ਸੰਤੋਖ ਵਿੱਚ ਰਹਿਣਾ ਸਿਖ ਲਿਆ ਹੁੰਦਾ ਹੈ। ਇਕ ਵਿਚਾਰਵਾਨ ਚੰਗੀ ਜੀਵਨ-ਜੁਗਤ ਲਈ ਸੁਝਾਅ ਦਿੰਦਾ ਲਿਖਦਾ ਹੈ:
ਖਾਣੇ ਨੂੰ ਅੱਧਾ ਕਰੋ, ਪਾਣੀ ਨੂੰ ਦੁਗਣਾ।
ਤਿੰਨ ਗੁਣਾਂ ਕਸਰਤ, ਹਾਸੇ ਨੂੰ ਚੌਗੁਣਾ।
ਪਰ ਇਸ ਦਾ ਹਰਗਿਜ਼ ਇਹ ਮਤਲਬ ਨਹੀਂ ਕਿ ਬਿਨਾਂ ਕਿਸੇ ਲੋੜ ਦੇ, ਕਿਸੇ ਮੌਕੇ ਦੇ, ਮੂਰਖਾਂ ਵਾਂਗ ਚਲਦਿਆਂ-ਫਿਰਦਿਆਂ, ਉੱਠਦਿਆਂ-ਬੈਠਦਿਆਂ ਹੱਸਦੇ ਰਹੋ। ਹੰਸਣ ਦਾ ਵੀ ਇੱਕ ਤਰੀਕਾ ਤੇ ਸਲੀਕਾ ਹੈ।