ਲੇਖ ਰਚਨਾ : ਪ੍ਰਦੂਸ਼ਣ ਦੀ ਸਮੱਸਿਆ
ਪ੍ਰਦੂਸ਼ਣ ਦੀ ਸਮੱਸਿਆ
ਹਾਏ ਪ੍ਰਦੂਸ਼ਣ, ਹਾਏ ਪ੍ਰਦੂਸ਼ਣ,
ਇਸਨੇ ਕੀਤਾ ਜੀਣਾ ਦੂਭਰ।
ਜੇ ਇਸ ‘ਤੇ ਲਗਾਮ ਨਾ ਪਾਈ,
ਤਾਂ ਮਾਰੀ ਜਾਊ ਇਹ ਲੁਕਾਈ।।
ਜਾਣ-ਪਛਾਣ : ਪ੍ਰਦੂਸ਼ਣ ਅੱਜ ਦੇ ਸਮੇਂ ਦੀ ਪ੍ਰਮੁੱਖ ਸਮੱਸਿਆ ਹੈ। ਅਬਾਦੀ ਦੇ ਤੇਜ਼ ਰਫ਼ਤਾਰ ਵਾਧੇ ਦੇ ਕਾਰਨ ਰੁੱਖਾਂ ਦੀ ਕਟਾਈ ਵਿੱਚ ਬਹੁਤ ਵਾਧਾ ਹੋਇਆ ਹੈ ਤੇ ਇਸੇ ਕਾਰਨ ਇਹ ਸਮੱਸਿਆ ਸਾਡੇ ਸਾਹਮਣੇ ਆਈ ਹੈ। ਰੁੱਖਾਂ ਦੀ ਕਮੀ ਦੇ ਕਾਰਨ ਕਾਰਬਨ ਡਾਇਆਕਸਾਈਡ ਦੀ ਮਾਤਰਾ ਵਧੀ ਹੈ ਤੇ ਆਕਸੀਜਨ ਦੀ ਮਾਤਰਾ ਘੱਟ ਗਈ ਹੈ। ਅਬਾਦੀ ਦੇ ਵਾਧੇ ਦੇ ਹਿਸਾਬ ਨਾਲ ਵਧੇਰੇ ਵਸਤਾਂ ਦੀ ਜ਼ਰੂਰਤ ਦੇ ਕਾਰਨ ਕਾਰਖਾਨੇ ਅਤੇ ਵੱਡੀਆਂ-ਵੱਡੀਆਂ ਫੈਕਟਰੀਆਂ ਹੋਂਦ ਵਿੱਚ ਆਈਆਂ ਹਨ ਤੇ ਜਿਨ੍ਹਾਂ ਵਿੱਚੋਂ ਨਿਕਲਣ ਵਾਲੇ ਧੂੰਏ ਨੇ ਵਾਤਾਵਰਨ ਨੂੰ ਅਸ਼ੁੱਧ ਬਣਾ ਦਿੱਤਾ ਹੈ। ਆਵਾਜਾਈ ਦੇ ਸਾਧਨਾਂ ਵਿੱਚ ਵੱਧ ਰਹੀ ਬਹੁਤਾਤ ਹੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ।
ਪ੍ਰਦੂਸ਼ਕ : ਪ੍ਰਦੂਸ਼ਣ ਪੈਦਾ ਕਰਨ ਵਾਲੇ ਕਾਰਕਾਂ ਨੂੰ ਪ੍ਰਦੂਸ਼ਕ ਆਖਦੇ ਹਨ। ਇਹ ਉਨ੍ਹਾਂ ਚੀਜ਼ਾਂ ਦੀ ਰਹਿੰਦ ਖੂੰਹਦ ਹੁੰਦੀ ਹੈ, ਜਿਨ੍ਹਾਂ ਨੂੰ ਅਸੀਂ ਬਣਾਉਂਦੇ ਵਰਤਦੇ ਹਾਂ ਅਤੇ ਫਿਰ ਸੁੱਟ ਦਿੰਦੇ ਹਾਂ।
ਪ੍ਰਦੂਸ਼ਣ ਦੀਆਂ ਕਿਸਮਾਂ : ਪ੍ਰਦੂਸ਼ਣ ਕਈ ਪ੍ਰਕਾਰ ਦਾ ਹੈ; ਜਿਵੇਂ – ਵਾਯੂ ਪ੍ਰਦੂਸ਼ਣ, ਮਿੱਟੀ ਪ੍ਰਦੂਸ਼ਣ, ਜਲ ਪ੍ਰਦੂਸ਼ਣ ਅਤੇ ਧੁਨੀ ਪ੍ਰਦੂਸ਼ਣ।
1. ਵਾਯੂ ਪ੍ਰਦੂਸ਼ਣ : ਕੁਝ ਜ਼ਹਿਰੀਲੀਆਂ ਗੈਸਾਂ ਹਵਾ ਵਿੱਚ ਮਿਲ ਕੇ ਵਾਯੂ ਪ੍ਰਦੂਸ਼ਣ ਪੈਦਾ ਕਰਦੀਆਂ ਹਨ। ਉਦਯੋਗਿਕ ਚਿਮਨੀਆਂ ਅਤੇ ਪਾਵਰ ਹਾਊਸ ਵਿੱਚੋਂ ਨਿਕਲਦਾ ਧੂੰਆਂ, ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ, ਘਰੋਗੀ ਬਾਲਣਾਂ; ਜਿਵੇਂ – ਮਿੱਟੀ ਦਾ ਤੇਲ, ਕੋਲਾ ਆਦਿ ਨਾਲ ਵੀ ਵਾਯੂ ਪ੍ਰਦੂਸ਼ਣ ਫੈਲਦਾ ਹੈ। ਹਰ ਰੋਜ਼ ਧੂੰਏ ਦੀ ਵੱਧਦੀ ਮਿਕਦਾਰ ਨੇ ਹਵਾ ਵਿੱਚ ਜ਼ਹਿਰੀਲੀਆਂ ਗੈਸਾਂ ਮਿਲਾ ਦਿੱਤੀਆਂ ਹਨ ਤੇ ਵਾਯੂ ਅਸ਼ੁੱਧ ਹੋਣ ਦੇ ਕਾਰਨ ਸਾਹ ਲੈਣਾ ਔਖਾ ਹੋਇਆ ਪਿਆ ਹੈ।
2. ਮਿੱਟੀ ਪ੍ਰਦੂਸ਼ਣ : ਮਿੱਟੀ ਪ੍ਰਦੂਸ਼ਣ ਤੋਂ ਭਾਵ ਕੁਝ ਬਾਹਰਲੇ ਤੱਤਾਂ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਕਮੀ ਆਉਣਾ ਹੈ। ਉਦਯੋਗਿਕ ਅਦਾਰੇ ਲੱਖਾਂ ਟਨ ਠੋਸ ਪਦਾਰਥ ਵਿਅਰਥ ਕਰਦੇ ਹਨ। ਕਾਗਜ਼ ਅਤੇ ਗੱਤੇ ਦੀਆਂ ਮਿੱਲਾਂ, ਤੇਲ ਸੋਧਕ ਕਾਰਖਾਨੇ, ਢਲਾਈ ਦੇ ਕਾਰਖਾਨੇ ਅਤੇ ਹੋਰ ਰਸਾਇਣਕ ਪਦਾਰਥ ਮਿੱਟੀ ਪ੍ਰਦੂਸ਼ਣ ਵਿੱਚ ਵਾਧਾ ਕਰਦੇ ਹਨ। ਪਲਾਸਟਿਕ ਦੇ ਲਿਫ਼ਾਫ਼ੇ ਅਤੇ ਪ੍ਰਦੂਸ਼ਤ ਪਾਣੀ ਮਿੱਟੀ ਪ੍ਰਦੂਸ਼ਣ ਦੇ ਵੱਡੇ ਦੁਸ਼ਮਣ ਹਨ।
3. ਜਲ ਪ੍ਰਦੂਸ਼ਣ : ਜਲ ਪ੍ਰਦੂਸ਼ਣ ਤੋਂ ਭਾਵ ਹੈ – ਪਾਣੀ ਵਿੱਚ ਭਿੰਨ-ਭਿੰਨ ਪ੍ਰਕਾਰ ਦੇ ਠੋਸ ਅਤੇ ਤਰਲ ਪਦਾਰਥਾਂ ਦੀ ਹੋਂਦ ਕਾਰਨ ਉਸਦੀ ਸ਼ੁੱਧਤਾ ਵਿੱਚ ਕਮੀ ਆਉਣਾ ਅਤੇ ਉਸਦਾ ਮਨੁੱਖੀ ਵਰਤੋਂ ਦੇ ਯੋਗ ਨਾ ਰਹਿਣਾ। ਘਰੇਲੂ ਸੀਵਰੇਜ ਦਾ ਪੱਕੇ ਤੌਰ ‘ਤੇ ਕੋਈ ਨਿਕਾਸ ਦਾ ਪ੍ਰਬੰਧ ਨਾ ਹੋਣ ਦੇ ਕਾਰਨ ਜਲ ਪ੍ਰਦੂਸ਼ਣ ਫੈਲਦਾ ਹੈ। ਮਲ-ਮੂਤਰ, ਕੂੜਾ-ਕਰਕਟ ਆਦਿ ਨਦੀਆਂ ਵਿੱਚ ਵਹਾਉਣ ਨਾਲ ਜਲ ਪ੍ਰਦੂਸ਼ਣ ਵਿੱਚ ਵਾਧਾ ਹੁੰਦਾ ਹੈ। ਉਦਯੋਗਿਕ ਅਦਾਰੇ ਬਚਿਆ-ਖੁਚਿਆ ਕਚਰਾ ਦਰਿਆ ਜਾਂ ਨਦੀ ਵਿੱਚ ਰੋੜ੍ਹ ਦਿੰਦੇ ਹਨ। ਇਸ ਵਿੱਚ ਬਹੁਤ ਸਾਰੇ ਜ਼ਹਿਰੀਲੇ ਪਦਾਰਥ ਹੁੰਦੇ ਹਨ। ਇਹ ਪਾਣੀ ਨੂੰ ਗੰਦਾ ਕਰਕੇ ਬਿਮਾਰੀਆਂ ਫੈਲਾਉਂਦੇ ਹਨ।
4. ਧੁਨੀ ਪ੍ਰਦੂਸ਼ਣ : ਧੁਨੀ ਪ੍ਰਦੂਸ਼ਣ ਤੋਂ ਭਾਵ – ਮਨੁੱਖੀ ਐਸ਼ੋ-ਅਰਾਮ, ਸੰਚਾਰ ਅਤੇ ਸਿਹਤ ਨੂੰ ਪ੍ਰਭਾਵਤ ਕਰਨ ਵਾਲੀ ਅਣਚਾਹੀ ਧੁਨੀ ਹੈ। ਧੁਨੀ ਪ੍ਰਦੂਸ਼ਣ ਉਦਯੋਗੀਕਰਨ ਅਤੇ ਸ਼ਹਿਰੀਕਰਨ ਦਾ ਨਤੀਜਾ ਹੈ। ਆਵਾਜਾਈ ਦੇ ਸਾਧਨਾਂ ਦੀਆਂ ਕੰਨ ਪਾੜੂ ਅਵਾਜ਼ਾਂ ਵੀ ਧੁਨੀ ਪ੍ਰਦੂਸ਼ਣ ਵਿੱਚ ਵਾਧਾ ਕਰਦੀਆਂ ਹਨ। ਇਸ ਧੁਨੀ ਪ੍ਰਦੂਸ਼ਣ ਦਾ ਕੰਨਾਂ ਤੋਂ ਬਿਨਾਂ ਸਿਹਤ ਉੱਤੇ ਵੀ ਬਹੁਤ ਬੁਰਾ ਅਸਰ ਪੈਂਦਾ ਹੈ। ਇਸ ਨਾਲ ਸਿਰ-ਦਰਦ, ਅੱਖਾਂ ਵਿੱਚ ਤਨਾਅ, ਬਲੱਡ ਪਰੈਸ਼ਰ, ਚਮੜੀ ਦੇ ਰੰਗ ਵਿੱਚ ਤਬਦੀਲੀ ਆਦਿ ਬਿਮਾਰੀਆਂ ਪੈਦਾ ਹੁੰਦੀਆਂ ਹਨ।
ਵੱਖ-ਵੱਖ ਪ੍ਰਦੂਸ਼ਣ ਰੋਕਣ ਦੇ ਉਪਾਅ : ਪ੍ਰਦੂਸ਼ਣ ਸਿਹਤ ਲਈ ਬਹੁਤ ਖ਼ਤਰਨਾਕ ਹੈ। ਇਸ ਲਈ ਇਸਦੀ ਰੋਕਥਾਮ ਹੋਣੀ ਬਹੁਤ ਜ਼ਰੂਰੀ ਹੈ। ਮਨੁੱਖ ਹੀ ਇਸ ਨੂੰ ਖ਼ਤਮ ਕਰ ਸਕਦਾ ਹੈ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਧੁਨੀ ਪ੍ਰਦੂਸ਼ਣ ‘ਤੇ ਜਲਦੀ ਤੋਂ ਜਲਦੀ ਰੋਕ ਲਗਾਈਏ। ਨਹੀਂ ਤਾਂ ਮਨੁੱਖੀ ਜੀਵਨ ਬੜਾ ਮੁਸ਼ਕਲਾਂ ਭਰਿਆ ਬਣ ਜਾਵੇਗਾ। ਗੱਡੀਆਂ ਦੀ ਸਮੇਂ-ਸਮੇਂ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਵਾਧੂ ਦਾ ਧੂੰਆਂ ਨਾ ਪੈਦਾ ਹੋਵੇ। ਉਦਯੋਗ ਅਬਾਦੀ ਤੋਂ ਦੂਰ ਹੋਣੇ ਚਾਹੀਦੇ ਹਨ। ਕਾਰਖ਼ਾਨਿਆਂ ਦੇ ਫਾਲਤੂ ਪਦਾਰਥ ਪਾਣੀ ਵਿੱਚ ਨਹੀਂ ਵਹਾਉਣੇ ਚਾਹੀਦੇ। ਲਾਊਡ ਸਪੀਕਰਾਂ, ਹਾਰਨਾਂ ਨੂੰ ਲੋੜ ਤੋਂ ਵੱਧ ਨਹੀਂ ਚਲਾਉਣਾ ਚਾਹੀਦਾ। ਅਵਾਜ਼ ਹੌਲੀ ਤੋਂ ਹੌਲੀ ਹੋਣੀ ਚਾਹੀਦੀ ਹੈ।
ਸਾਰ-ਅੰਸ਼ : ਸਿਹਤਮੰਦ ਅਤੇ ਅਰੋਗ ਮਨੁੱਖੀ ਸੱਭਿਅਤਾ ਦੇ ਵਿਕਾਸ ਲਈ ਉਸਦਾ ਸਾਫ਼-ਸੁਥਰੇ ਵਾਤਾਵਰਨ ਵਿੱਚ ਵੱਧਣਾ-ਫੁੱਲਣਾ ਜ਼ਰੂਰੀ ਹੈ। ਅਰੋਗਤਾ ਲਈ ਸਾਫ਼ ਪਾਣੀ, ਸਾਫ਼ ਹਵਾ ਅਤੇ ਸ਼ੁੱਧ ਖਾਧ ਪਦਾਰਥਾਂ ਦੀ ਬਹੁਤ ਲੋੜ ਹੈ। ਇਸ ਲਈ ਸਾਡਾ ਆਲਾ-ਦੁਆਲਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ। ਜੇ ਵਾਤਾਵਰਨ ਇਵੇਂ ਹੀ ਅਸ਼ੁੱਧ ਹੁੰਦਾ ਰਿਹਾ ਤਾਂ ਮਨੁੱਖ ਦਾ ਜਿਊਣਾ ਦੁੱਭਰ ਹੋ ਜਾਵੇਗਾ।
ਆਓ ਪ੍ਰਦੂਸ਼ਣ ਮਾਰ ਮੁਕਾਈਏ।
ਆਲਾ ਦੁਆਲਾ ਨਿਰੋਗ ਬਣਾਈਏ।