ਲੇਖ ਰਚਨਾ : ਪ੍ਰਦੂਸ਼ਣ


ਲੇਖ ਰਚਨਾ : ਵਾਤਾਵਰਨ ਪ੍ਰਦੂਸ਼ਣ


ਧਰਤੀ ਉੱਪਰ ਜੀਵਾਂ ਤੇ ਬਨਸਪਤੀ ਦੀ ਹੋਂਦ ਤੇ ਪ੍ਰਦੂਸ਼ਣ : ਸੂਰਜ ਨਾਲੋਂ ਟੁੱਟਣ ਮਗਰੋਂ ਧਰਤੀ ਦੇ ਟੁਕੜੇ ਨੂੰ ਠੰਢਾ ਹੋਣ ਤੇ ਫਿਰ ਉਸ ਉੱਤੇ ਅਜਿਹਾ ਵਾਤਾਵਰਨ ਬਣਨ ਨੂੰ ਕਰੋੜਾਂ ਸਾਲ ਲਗ ਗਏ, ਜਿਸ ਨਾਲ ਇਸ ਉੱਤੇ ਮਨੁੱਖਾਂ, ਜੀਵਾਂ ਤੇ ਬਨਸਪਤੀ ਦਾ ਪੈਦਾ ਹੋਣਾ ਤੇ ਵਧਣਾ-ਫੁਲਣਾ ਸੰਭਵ ਹੋ ਸਕਿਆ। ਧਰਤੀ ਉੱਪਰਲੇ ਇਸ ਵਾਤਾਵਰਨ ਵਿਚ ਹਵਾ, ਪਾਣੀ, ਮਿੱਟੀ, ਸੂਰਜ ਦੀ ਗਰਮੀ ਤੇ ਹੋਰ ਅਨੇਕਾਂ ਕਿਸਮਾਂ ਦੀਆਂ ਊਰਜਾਵਾਂ ਦਾ ਮਿਸ਼ਰਨ ਹੈ। ਮਨੁੱਖਾਂ ਸਮੇਤ ਸਾਰੇ ਜੀਵਾਂ ਤੇ ਬਨਸਪਤੀ ਦੀ ਹੋਂਦ ਤਦ ਹੀ ਸੰਭਵ ਹੈ, ਜੇਕਰ ਧਰਤੀ ਉੱਤੇ ਇਨ੍ਹਾਂ ਸਾਰੇ ਤੱਤਾਂ ਦਾ ਆਪਣਾ ਰੂਪ ਤੇ ਉਨ੍ਹਾਂ ਦਾ ਆਪਸੀ ਤਾਲ-ਮੇਲ ਉਸੇ ਸੰਤੁਲਿਤ ਮਾਤਰਾ ਵਿਚ ਹੀ ਕਾਇਮ ਰਹੇ, ਜਿਸ ਵਿਚ ਜੀਵ-ਸੰਸਾਰ ਤੇ ਬਨਸਪਤੀ ਦਾ ਪੈਦਾ ਹੋਣਾ ਤੇ ਵਧਣਾ-ਫੁਲਣਾ ਸੰਭਵ ਹੋਇਆ ਸੀ, ਪਰੰਤੂ ਉੱਪਰ ਦੱਸੇ ਅਨੁਸਾਰ ਜਿੱਥੇ ਮਨੁੱਖਾਂ, ਜੀਵਾਂ ਤੇ ਬਨਸਪਤੀ ਦੇ ਪੈਦਾ ਹੋਣ ਤੇ ਉਸ ਦੀ ਹੋਂਦ ਲਈ ਧਰਤੀ ਉੱਤੇ ਢੁੱਕਵਾਂ ਵਾਤਾਵਰਨ ਪੈਦਾ ਹੋਣ ਲਈ ਕਰੋੜਾਂ ਸਾਲ ਲੱਗੇ ਸਨ, ਅੱਜ ਦੇ ਮਨੁੱਖ ਨੇ ਪਿਛਲੇ ਸੱਤਰ-ਪੰਝੱਤਰ ਸੱਠ ਸਾਲਾਂ ਵਿਚ ਹੀ ਉਸ ਨੂੰ ਬੁਰੀ ਤਰ੍ਹਾਂ ਪਲੀਤ ਕਰ ਕੇ ਰੱਖ ਦਿੱਤਾ ਹੈ ਤੇ ਧਰਤੀ ਉੱਤੇ ਸਮੁੱਚੇ ਜੀਵ-ਸੰਸਾਰ ਤੇ ਬਨਸਪਤੀ ਦੀ ਹੋਂਦ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ। ਇਸ ਪਲੀਤਣ ਨੂੰ ‘ਪ੍ਰਦੂਸ਼ਣ’ ਕਿਹਾ ਜਾਂਦਾ ਹੈ। ਇਹ ਪ੍ਰਦੂਸ਼ਣ ਉਸ ਦੀ ਵਧਦੀ ਅਬਾਦੀ, ਉਸ ਦੇ ਵਿਗਿਆਨਿਕ ਵਿਕਾਸ ਤੇ ਉਸਦੀਆਂ ਲਾਲਸਾਵਾਂ ਭਰੀਆਂ ਵਪਾਰਕ ਰੁਚੀਆਂ ਨੇ ਪੈਦਾ ਕੀਤਾ ਹੈ।

ਆਓ ਜ਼ਰਾ ਪ੍ਰਦੂਸ਼ਣ ਦੇ ਭਿੰਨ-ਭਿੰਨ ਪੱਖਾਂ ਬਾਰੇ ਜ਼ਰਾ ਵਿਸਥਾਰ ਨਾਲ ਵਿਚਾਰ ਕਰੀਏ :

ਵਾਯੂ-ਪ੍ਰਦੂਸ਼ਣ : ਜ਼ਹਿਰੀਲੇ ਕਣਾਂ ਅਤੇ ਗੈਸਾਂ ਦਾ ਹਵਾ-ਮੰਡਲ ਵਿਚ ਮੌਜੂਦ ਹੋਣਾ ਵਾਯੂ-ਪ੍ਰਦੂਸ਼ਣ ਕਹਾਉਂਦਾ ਹੈ। ਅੱਜ ਸਾਡੇ ਆਲੇ-ਦੁਆਲੇ ਦੀ ਹਵਾ, ਜਿਸ ਵਿਚ ਮਨੁੱਖ, ਧਰਤੀ ਉੱਪਰਲੇ ਸਾਰੇ ਜੀਵ ਤੇ ਬਨਸਪਤੀ ਸਾਹ ਲੈਂਦੀ ਹੈ, ਨੂੰ ਕੋਇਲੇ ਚਲਦੀਆਂ ਸਨਅੱਤੀ ਇਕਾਈਆਂ ਤੇ ਪਾਵਰ-ਹਾਊਸਾਂ ਦੀਆਂ ਚਿਮਨੀਆਂ, ਪੈਟਰੋਲ ਤੇ ਡੀਜ਼ਲ ਨਾਲ ਚਲਦੀਆਂ ਰੇਲ-ਗੱਡੀਆਂ, ਮੋਟਰਾਂ-ਕਾਰਾਂ ਤੇ ਹੋਰਨਾਂ ਵਹੀਕਲਾਂ ਤੇ ਪਰਮਾਣੂ ਵਿਸਫੋਟਾਂ ਵਿਚੋਂ ਨਿਕਲਦੇ ਧੂੰਏ, ਜ਼ਹਿਰੀਲੀਆਂ ਗੈਸਾਂ ਤੇ ਅਲਫਾ ਬੀਟਾਂ ਕਣਾਂ ਤੋਂ ਇਲਾਵਾ ਕੀਟਨਾਸ਼ਕਾਂ ਤੇ ਨਦੀਨਨਾਸ਼ਕਾਂ ਦੇ ਸਪਰੇਅ ਨੇ ਬੁਰੀ ਤਰ੍ਹਾਂ ਪਲੀਤ, ਜ਼ਹਿਰੀਲੀ ਤੇ ਗੰਧਲੀ ਕਰ ਦਿੱਤਾ ਹੈ, ਜਿਸ ਕਾਰਨ ਧਰਤੀ ਉੱਪਰਲਾ ਸਮੁੱਚਾ ਜੀਵਨ ਤੇ ਬਨਸਪਤੀ ਉੱਭੇ ਸਾਹ ਲੈਣ ਲੱਗੀ ਹੈ।

ਜਲ ਪ੍ਰਦੂਸ਼ਣ : ਅੱਜ ਕੇਵਲ ਹਵਾ ਹੀ ਨਹੀਂ ਸਗੋਂ ਧਰਤੀ ਦੇ ਉੱਪਰਲਾ ਤੇ ਹੇਠਲਾ ਪਾਣੀ, ਜੋ ਸਮੁੱਚੇ ਜੀਵ ਸੰਸਾਰ ਤੇ ਬਨਸਪਤੀ ਦਾ ਆਧਾਰ ਹੈ, ਵੀ ਬੁਰੀ ਤਰ੍ਹਾਂ ਜ਼ਹਿਰੀਲਾ ਹੋ ਚੁੱਕਾ ਹੈ। ਅੱਜ ਸ਼ਹਿਰਾਂ ਦੇ ਸੀਵਰੇਜ ਦਾ ਗੰਦ ਅਤੇ ਸਨਅਤਾਂ ਵਿੱਚੋਂ ਨਿਕਲਿਆ ਆਰਸੈਨਿਕ, ਸਿੱਕਾ ਤੇ ਪਾਰਾ ਮਿਲਿਆ ਜਹਿਰੀਲਾ ਗਾਦ ਦਰਿਆਵਾਂ, ਝੀਲਾਂ ਤੇ ਸਮੁੰਦਰਾਂ ਵਿਚ ਸੁੱਟਿਆ ਜਾ ਰਿਹਾ ਹੈ। ਖੇਤਾਂ ਵਿਚ ਪਾਈ ਜਾਂਦੀਆਂ ਜਾਂਦੀਆਂ ਖਾਦਾਂ ਤੇ ਜ਼ਹਿਰੀਲੀਆਂ ਦਵਾਈਆਂ ਤੇ ਪ੍ਰਮਾਣੂ ਤਜਰਬਿਆਂ ਦੇ ਰੇਡੀਓ ਐਕਟਿਵ ਕਚਰੇ ਨੇ ਪਾਣੀ ਨੂੰ ਮਨੁੱਖ ਸਮੇਤ ਕਿਸੇ ਹੋਰ ਜੀਵ ਜਾਂ ਬਨਸਪਤੀ ਦੀ ਵਰਤੋਂ ਦੇ ਯੋਗ ਨਹੀਂ ਰਹਿਣ ਦਿੱਤਾ।

ਮਿੱਟੀ-ਪ੍ਰਦੂਸ਼ਣ : ਹਵਾ ਤੇ ਪਾਣੀ ਤੋਂ ਬਿਨਾਂ ਵਰਤਮਾਨ ਸਮੇਂ ਵਿਚ ਮਿੱਟੀ ਵੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੀ ਹੈ । ਸਨਅੱਤੀ ਅਦਾਰਿਆਂ, ਮਿੱਲਾਂ, ਤੇਲ-ਸੋਧਕ ਕਾਰਖ਼ਾਨਿਆਂ ਤੇ ਢਲਾਈ ਦੇ ਕਾਰਖ਼ਾਨਿਆਂ ਦੁਆਰਾ ਸੁੱਟਿਆ ਕਈ ਪ੍ਰਕਾਰ ਦੀਆਂ ਰਸਾਇਣਾ ਮਿਲਿਆ ਕਚਰਾ ਤੇ ਸੁਆਹ, ਘਰੇਲੂ ਕੂੜਾ-ਕਰਕਟ, ਟੁੱਟਾ-ਫੁੱਟਾ ਫ਼ਰਨੀਚਰ, ਪਲਾਸਟਿਕ, ਲੋਹੇ, ਕੱਚ ਤੇ ਚੀਨੀ ਦਾ ਸਮਾਨ, ਟਾਇਰ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਖਿਲਾਰਾ ਤੇ ਢੇਰ ਭੂ-ਦ੍ਰਿਸ਼ ਦਾ ਹੁਲੀਆ ਵਿਗਾੜ ਕੇ ਉਸ ਨੂੰ ਸੁਹਾਵਣੇ ਦੀ ਥਾਂ ਘਿਨਾਉਣਾ ਬਣਾਉਣ ਦੇ ਨਾਲ ਮਿੱਟੀ ਨੂੰ ਪ੍ਰਦੂਸ਼ਿਤ ਵੀ ਕਰਦੇ ਹਨ। ਧਰਤੀ ਤੋਂ ਜੰਗਲਾਂ ਦੇ ਕੱਟਣ ਨਾਲ ਤੇ ਕਾਰਖ਼ਾਨੇ ਲਗਣ ਨਾਲ ਕਾਰਬਨ ਡਾਇਆਕਸਾਈਡ ਦੀ ਮਾਤਰਾ ਵਧ ਰਹੀ ਹੈ, ਜੋ ਕਿ ਅਸਮਾਨਾਂ ਵਿਚ ਜਮ੍ਹਾ ਹੋ ਕੇ ਧਰਤੀ ਉੱਪਰ ਇਕੱਠੀ ਹੋ ਰਹੀ ਸੂਰਜ ਦੀ ਗਰਮੀ ਨੂੰ ਬਾਹਰ ਨਹੀਂ ਨਿਕਲਣ ਦਿੰਦੀ, ਜਿਸ ਕਰਕੇ ਸਾਵੇ-ਘਰ ਦੀ ਪ੍ਰਭਾਵਿਕਤਾ ਵਧਣ ਨਾਲ ਧਰਤੀ ਉੱਤੇ ਗਰਮੀ ਵਧ ਰਹੀ ਹੈ ਤੇ ਹਵਾ ਵਿਚ ਇਕੱਠੀਆਂ ਹੋਈਆਂ ਜ਼ਹਿਰਾਂ ਦੇ ਬੱਦਲਾਂ ਵਿਚ ਮਿਲਣ ਕਾਰਨ ਤੇਜ਼ਾਬੀ ਮੀਂਹ ਪੈ ਰਹੇ ਹਨ। ਸਾਵੇ-ਘਰ ਗਰਮੀ ਕਾਰਨ ਹੀ ਗਲੇਸ਼ੀਅਰ ਪਿਘਲ ਰਹੇ ਹਨ ਤੇ ਸਮੁੰਦਰਾਂ ਵਿਚ ਪਾਣੀ ਵਧ ਰਿਹਾ ਹੈ, ਜੋ ਕਿ ਦੀਪਾਂ ਤੇ ਮਹਾਂਦੀਪਾਂ ਦੀ ਹੋਂਦ ਲਈ ਖ਼ਤਰਾ ਬਣਦਾ ਜਾ ਰਿਹਾ ਹੈ।

ਸਮੁੰਦਰਾਂ ਦੇ ਪਾਣੀ ਦੇ ਜ਼ਹਿਰੀਲਾ ਹੋਣ ਤੇ ਉਸ ਵਿਚ ਕਚਰਾ ਜਮ੍ਹਾਂ ਹੋਣ ਕਾਰਨ ਸਮੁੰਦਰੀ ਜੀਵ ਮਰ ਜਾਣ ਨਾਲ ਜੰਗਲੀ ਜੀਵਾਂ ਤੇ ਪੰਛੀਆਂ (ਗਿਰਝਾਂ ਆਦਿ) ਦੀਆਂ ਨਸਲਾਂ ਖ਼ਤਮ ਹੋ ਰਹੀਆਂ ਹਨ।

ਓਜ਼ੋਨ ਵਿਚ ਮਘੋਰੇ : ਰੱਦੀ ਹੋਏ ਰਿਫਰੀਜਰੇਟਰਾਂ ਤੇ ਏਅਰ ਕੰਡੀਸ਼ਨਰਾਂ ਵਿਚੋਂ ਨਿਕਲਦੀਆਂ ਗੈਸਾਂ ਕਾਰਨ ਧਰਤੀ ਉੱਪਰ ਕੁਦਰਤ ਵਲੋਂ ਚਾੜ੍ਹਿਆ ਓਜ਼ੋਨ ਗੈਸ ਦਾ ਗਿਲਾਫ, ਜੋ ਕਿ ਧਰਤੀ ਉੱਪਰਲੇ ਮਨੁੱਖਾਂ ਤੇ ਜੀਵਾਂ ਨੂੰ ਸੂਰਜ ਦੀਆਂ ਖ਼ਤਰਨਾਕ ਪਰਾਵੈਂਗਣੀ ਕਿਰਨਾਂ ਤੋਂ ਬਚਾਉਂਦਾ ਹੈ, ਵਿਚ ਮਘੋਰੇ ਹੋ ਗਏ ਹਨ, ਜੋ ਕਿ ਸਮੁੱਚੇ ਜੀਵ-ਸੰਸਾਰ ਲਈ ਬੇਹੱਦ ਖ਼ਤਰਨਾਕ ਹਨ। 

ਧੁਨੀ-ਪ੍ਰਦੂਸ਼ਣ : ਹਵਾ, ਪਾਣੀ ਤੇ ਧਰਤੀ ਦੇ ਪ੍ਰਦੂਸ਼ਣ ਤੋਂ ਇਲਾਵਾ ਧਰਤੀ ਉੱਤੇ ਸ਼ੋਰ ਵੀ ਬਹੁਤ ਵਧਿਆ ਹੈ ਤੇ ਇਹ ਆਵਾਜਾਈ ਦੇ ਸਾਧਨਾਂ ਤੋਂ ਇਲਾਵਾ ਕਾਰਖ਼ਾਨਿਆ, ਬੰਬ ਵਿਸਫੋਟਾਂ, ਬੁਲਡੋਜਿੰਗ, ਪੀਸਣ ਤੇ ਨਿਰਮਾਣ ਦੇ ਕੰਮਾਂ ਤੋਂ ਇਲਾਵਾ ਘਰ-ਘਰ ਲੱਗੇ ਹੋਏ ਜੈਨਰੇਟਰਾਂ ਤੇ ਭਿੰਨ-ਭਿੰਨ ਸਮਾਗਮਾਂ ਉੱਤੇ ਲਾਏ ਜਾਂਦੇ ਡੀ. ਜੇ. ਸਿਸਟਮਾਂ ਤੇ ਲਾਉਡਸਪੀਕਰਾਂ ਨੇ ਵੀ ਪੈਦਾ ਕੀਤਾ ਹੈ, ਜਿਸ ਨੂੰ ਧੁਨੀ ਪ੍ਰਦੂਸ਼ਣ ਦਾ ਨਾਂ ਦਿੱਤਾ ਜਾਂਦਾ ਹੈ। ਇਸ ਨਾਲ ਜਿੱਥੇ ਸਾਡੇ ਕੰਨਾਂ ਦੀ ਸੁਣਨ-ਸ਼ਕਤੀ ਪ੍ਰਭਾਵਿਤ ਹੋ ਰਹੀ ਹੈ, ਉੱਥੇ ਬਹੁਤ ਸਾਰੇ ਮਾਨਸਿਕ ਰੋਗ ਤੇ ਤਣਾਓ ਵੀ ਪੈਦਾ ਹੋ ਰਹੇ ਹਨ।

ਰੇਡੀਓ ਐਕਟਿਵ ਪ੍ਰਦੂਸ਼ਣ : ਇਸ ਤੋਂ ਇਲਾਵਾ ਵਧ ਰਿਹਾ ਰੇਡੀਓ ਐਕਟਿਵ ਪ੍ਰਦੂਸ਼ਣ, ਜੋ ਕਿ ਪ੍ਰਮਾਣੂ ਹਥਿਆਰਾਂ ਤੇ ਨਿਊਕਲੀਅਰ ਪਾਵਰ ਪਲਾਂਟਾਂ ਤੋਂ ਪੈਦਾ ਹੋ ਰਿਹਾ ਹੈ ਅਤੇ ਇਲੈਕਟ੍ਰਾਨਿਕ ਉਪਕਰਨਾਂ ਵਿਚੋਂ ਨਿਕਲੀ ਰੇਡੀਏਸ਼ਨ ਮਨੁੱਖੀ ਸਿਹਤ ਲਈ ਖ਼ਤਰਨਾਕ ਸਿੱਧ ਹੋ ਰਹੇ ਹਨ।

ਖ਼ੁਰਾਕ ਵਿਚ ਪ੍ਰਦੂਸ਼ਣ : ਹਵਾ, ਪਾਣੀ ਤੇ ਮਿੱਟੀ ਦੇ ਗੰਧਲਾ ਹੋਣ, ਕੀਟਨਾਸ਼ਕ ਦਵਾਈਆਂ ਦੇ ਛਿੜਕਾ ਤੇ ਖਾਦਾਂ ਦੀ ਵਰਤੋਂ ਤੇ ਬਹੁਤਾ ਲਾਭ ਲੈਣ ਦੀ ਵਪਾਰੀ ਰੁਚੀ ਨੇ ਸਾਡੀ ਖ਼ੁਰਾਕ ਵਿਚ ਸ਼ਾਮਲ ਫਲਾਂ, ਸਬਜ਼ੀਆਂ ਤੇ ਦੁੱਧ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਕਰਕੇ ਅਸੀਂ ਸ਼ੁੱਧ ਖਾਣਿਆਂ ਦੀ ਥਾਂ ਜ਼ਹਿਰਾਂ ਮਿਲੇ ਖਾਣੇ ਖਾ ਰਹੇ ਹਾਂ ਤੇ ਨਿੱਤ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ।

ਖ਼ਬਰਦਾਰ ਹੋਣ ਦੀ ਲੋੜ : ਉੱਪਰ ਲਿਖੇ ਤੱਥਾਂ ਤੋਂ ਭਿੰਨ-ਭਿੰਨ ਪ੍ਰਕਾਰ ਦੇ ਪ੍ਰਦੂਸ਼ਣਾਂ ਕਾਰਨ ਮਨੁੱਖਾਂ, ਜੀਵਾਂ ਤੇ ਬਨਸਪਤੀ ਲਈ ਪੈਦਾ ਹੋ ਰਹੇ ਖ਼ਤਰਿਆਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਸ ਨੇ ਜਿੱਥੇ ਬਹੁਤ ਸਾਰੀਆਂ ਆਮ ਬਿਮਾਰੀਆਂ ਜ਼ੁਕਾਮ, ਖੰਘ, ਦਮਾ, ਬੋਲਾਪਨ, ਪੇਟ ਗੈਸ, ਖੂਨ ਦੇ ਦਬਾਓ, ਸਿਰ-ਦਰਦ, ਮਾਨਸਿਕ ਤਣਾਓ, ਉਦਾਸੀ ਤੇ ਮਾਯੂਸੀ ਆਦਿ ਨੂੰ ਵਧਾਇਆ ਹੈ, ਉੱਥੇ ਮਨੁੱਖ ਦੀ ਸਮੁੱਚੀ ਹੋਂਦ ਨੂੰ ਹੀ ਖ਼ਤਰੇ ਵਿਚ ਪਾ ਦਿੱਤਾ ਹੈ ਕਿਉਂਕਿ ਧਰਤੀ ਉੱਤੇ ਮਨੁੱਖ ਸਮੇਤ ਸਾਰੇ ਜੀਵਾਂ ਤੇ ਬਨਸਪਤੀ ਦਾ ਜੀਵਨ ਸ਼ੁੱਧ ਹਵਾ, ਸ਼ੁੱਧ ਪਾਣੀ, ਸ਼ੁੱਧ ਖ਼ੁਰਾਕ, ਸ਼ੁੱਧ ਮਿੱਟੀ ਤੇ ਅਨੁਕੂਲ ਸੂਰਜੀ ਗਰਮੀ ਤੋਂ ਬਿਨਾਂ ਕਾਇਮ ਨਹੀਂ ਰਹਿ ਸਕਦਾ। ਕੁਦਰਤ ਵਿਚ ਮਨੁੱਖ ਦੇ ਦਖ਼ਲ ਨੇ ਕੁਦਰਤ ਦੇ ਵਰਤਾਰੇ ਨੂੰ ਵੀ ਬਦਲ ਦਿੱਤਾ ਹੈ, ਜਿਸ ਕਰਕੇ ਮੌਸਮ ਬੇਯਕੀਨੇ ਹੋ ਰਹੇ ਹਨ । ਕੁਦਰਤੀ ਆਫ਼ਤਾਂ ਦਾ ਰੂਪ ਵਧੇਰੇ ਭਿਆਨਕ ਹੁੰਦਾ ਜਾ ਰਿਹਾ ਹੈ। ਕਦੇ ਨਿਰਾ ਸੋਕਾ ਹੀ ਪਿਆ ਰਹਿੰਦਾ ਹੈ ਤੇ ਕਦੇ ਹੜ੍ਹ ਸਭ ਕੁੱਝ ਰੋੜ੍ਹ ਕੇ ਲੈ ਜਾਂਦਾ ਹੈ। ਕਦੇ ਸਮੁੰਦਰ ਬਿਫ਼ਰ ਜਾਂਦਾ ਹੈ ਤੇ ਕਦੇ ਮੇਘ। ਕਰੋਨਾ ਮਹਾਂਮਾਰੀ ਤੇ ਕਈ ਹੋਰ ਵਾਇਰਸ ਵੀ ਇਸੇ ਦੀ ਪੈਦਾਵਾਰ ਹਨ।

ਸਾਰ-ਅੰਸ਼ : ਮੁੱਕਦੀ ਗੱਲ ਇਹ ਹੈ ਕਿ ਮਨੁੱਖ ਨੂੰ ਧਰਤੀ ਉੱਪਰ ਆਪਣੀ ਹੋਂਦ ਕਾਇਮ ਰੱਖਣ ਲਈ ਆਪਣੀ ਵਧਦੀ ਅਬਾਦੀ ਨੂੰ ਰੋਕਣਾ ਚਾਹੀਦਾ ਹੈ ਤੇ ਆਪਣੀਆਂ ਲਾਲਸਾਵਾਂ ਵਿਚੋਂ ਉਪਜੀਆਂ ਆਪਣੀਆਂ ਸਰਗਰਮੀਆਂ ਨੂੰ ਘੱਟ ਕਰਨਾ ਚਾਹੀਦਾ ਹੈ। ਉਸ ਕੋਈ ਕੰਮ ਅਜਿਹਾ ਨਹੀਂ ਕਰਨਾ ਚਾਹੀਦਾ, ਜਿਸ ਨਾਲ ਕੁਦਰਤ ਦਾ ਸੰਤੁਲਨ ਵਿਗੜਦਾ ਹੋਵੇ ਤੇ ਧਰਤੀ ਉੱਪਰਲਾ ਵਾਤਾਵਰਨ ਪਲੀਤ ਹੁੰਦਾ ਹੋਵੇ। ਅਬਾਦੀ ਘਟਣ ਨਾਲ ਹੀ ਰੁੱਖਾਂ ਦੀ ਕਟਾਈ ਘਟਾਈ ਜਾ ਸਕੇਗੀ ਤੇ ਕਾਰਖ਼ਾਨਿਆਂ, ਮੋਟਰਾਂ-ਗੱਡੀਆਂ, ਖੇਤੀ ਉਪਕਰਨਾਂ, ਕੀੜੇ-ਮਾਰ ਦਵਾਈਆਂ, ਖਾਦਾਂ ਤੇ ਧੁਨੀ-ਪ੍ਰਦੂਸ਼ਣ ਕਰਨ ਵਾਲੇ ਯੰਤਰਾਂ ਦੀ ਲੋੜ ਘਟੇਗੀ। ਇਨ੍ਹਾਂ ਦਾ ਉਤਪਾਦਨ ਘੱਟ ਹੋਣ ਨਾਲ ਪ੍ਰਦੂਸ਼ਣ ਵੀ ਘੱਟ ਹੋਵੇਗਾ। ਨਾਲ ਹੀ ਪ੍ਰਮਾਣੂ-ਬੰਬਾਂ ਤੋਂ ਉਪਜਣ ਵਾਲੀਆਂ ਜ਼ਹਿਰਾਂ ਨੂੰ ਘੱਟ ਕਰਨ ਲਈ ਸੰਸਾਰ-ਅਮਨ ਕਾਇਮ ਰੱਖਣ ਲਈ ਜ਼ੋਰਦਾਰ ਕਦਮ ਪੁੱਟਣੇ ਚਾਹੀਦੇ ਹਨ।