ਲੇਖ ਰਚਨਾ : ਮੈਂ ਤੇ ਮੇਰੀ ਇੱਛਾ


ਸਾਡਾ ਮਨ ਅਣਗਿਣਤ ਇੱਛਾਵਾਂ ਨਾਲ ਭਰਿਆ ਰਹਿੰਦਾ ਹੈ। ਹਰ ਇੱਛਾ ਪੂਰੀ ਹੋਣਾ ਲੋਚਦੀ ਹੈ। ਇਕ ਇੱਛਾ ਪੂਰੀ ਹੋਣ ਤੋਂ ਪਿੱਛੇ ਹੋਰ ਕਈ ਇੱਛਾਵਾਂ ਸਿਰ ਚੁੱਕ ਲੈਂਦੀਆਂ ਹਨ। ਇਸ ਤਰ੍ਹਾਂ ਮਨੁੱਖ ਸਾਰਾ ਜੀਵਨ ਅਧੂਰੀਆਂ, ਅਧ-ਪੂਰੀਆਂ ਤੇ ਪੂਰੀਆਂ ਇੱਛਾਵਾਂ ਦੇ ਚੱਕਰ ਵਿੱਚ ਜੀਵਨ ਗੁਜ਼ਾਰ ਦਿੰਦਾ ਹੈ।

ਵੇਖਿਆ ਜਾਵੇ ਤਾਂ ਇੱਛਾਵਾਂ ਨਾਲ ਹੀ ਜੀਵਨ ਹੈ। ਇੱਛਾ ਕਾਰਨ ਹੀ ਮਨੁੱਖ ਕਰਮ ਕਰਦਾ ਹੈ। ਇਹ ਮਨੁੱਖ ਦੀਆਂ ਇੱਛਾਵਾਂ ਹੀ ਤਾਂ ਹਨ ਕਿ ਉਹ ਅਸਮਾਨ ਦੀਆਂ ਤੈਹਾਂ ਦੀ ਫਰੋਲਾ-ਫਰੋਲੀ ਕਰ ਰਿਹਾ ਹੈ। ਪਰ, ਜੇ ਉਸ ਉੱਪਰ ਕਿਸੇ ਗਲਤ ਇੱਛਾ ਨੂੰ ਪੂਰਾ ਕਰਨ ਦੀ ਧੁੰਨ ਸਵਾਰ ਹੋ ਜਾਵੇ, ਤਾਂ ਆਪਣੇ ਮਨ ਦੀ ਸ਼ਾਂਤੀ ਵੀ ਗੁਆ ਦਿੰਦਾ ਹੈ।

ਮੇਰੀ ਵੀ ਇੱਛਾ ਹੈ ਕਿ ਮੈਂ ਚੰਗੀ ਕਮਾਈ ਨਾਲ ਬਹੁਤ ਅਮੀਰ ਹੋਵਾਂ, ਪਰ ਨਾਲ-ਨਾਲ ਸੰਤੋਖੀ ਵੀ।

ਸੰਤੋਖੀ ਮਨੁੱਖ ਉਹ ਹੈ ਜਿਹੜਾ ਆਪਣੇ ਆਪ ਫੈਸਲਾ ਕਰ ਲਵੇ ਕਿ ਉਸ ਨੂੰ ਕੋਈ ਵਸਤੂ ਕਿੰਨੀ ਚਾਹੀਦੀ ਹੈ। ਇਸ ਤੋਂ ਭਾਵ ਇਹ ਹੈ ਕਿ ਉਸ ਨੂੰ ਆਪਣੇ ਮਨ ਨੂੰ ਕਾਬੂ ਵਿੱਚ ਰਖਣਾ ਆਉਂਦਾ ਹੈ। ਸੰਤੋਖ ਦਾ ਅਰਥ ਇੱਛਾਵਾਂ ਦਾ ਤਿਆਗ ਨਹੀਂ, ਬਲਕਿ ਜੀਵਨ ਦੇ ਮਨੋਰਥ ਨੂੰ ਪੂਰਾ ਕਰਨ ਲਈ ਸੰਤੁਲਨ ਬਣਾ ਕੇ ਚਲਣਾ ਹੈ। ਅਮੀਰ ਬਣਨ ਦੀ ਇੱਛਾ ਰਖਣਾ ਜਾ ਬਣਨਾ ਬੁਰਾ ਨਹੀਂ ਹੈ, ਬੁਰਾਈ ਹੋਵੇਗੀ ਕਿ ਤੁਸੀਂ ਆਪਣੀ ਇਸ ਇੱਛਾ ਨੂੰ ਪੂਰਾ ਕਰਨ ਲਈ ਕਿਹੜਾ ਰਾਹ ਅਪਣਾਉਂਦੇ ਹੋ। ਚੰਗੀ ਕਮਾਈ ਕਰ ਕੇ ਅਮੀਰ ਬਣਨਾ ਸਹਿਜ ਨਹੀਂ, ਉਸ ਲਈ ਲੋੜ ਹੈ ਵਿਦਿਅਕ ਯੋਗਤਾ ਤੇ ਕਰੜੀ ਮਿਹਨਤ ਦੀ।

ਆਪਣੇ ਕੋਲ ਧਨ ਹੋ ਜਾਣ ਤੋਂ ਬਾਅਦ ਮੈਂ ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਕਰ ਸਕਦਾ/ਸਕਦੀ ਹਾਂ। ਵਿਹਲੇ ਸਮੇਂ ਵਿੱਚ ਪਰਉਪਕਾਰ ਵਾਲੇ ਕਾਰਜ ਕੀਤੇ ਜਾ ਸਕਦੇ ਹਨ। ਕਈ ਚੰਗੇ ਸ਼ੌਕ ਪਾਲ ਕੇ ਜੀਵਨ ਨੂੰ ਚੰਗੇ ਢੰਗ ਨਾਲ ਬਤੀਤ ਕਰਾਂਗਾ/ਕਰਾਂਗੀ। ਦੇਸ਼ ਅਤੇ ਸਮਾਜ ਦੀ ਸੇਵਾ ਵੀ ਮੈਂ ਕਰਾਂਗਾ/ਕਰਾਂਗੀ ਕਿਉਂਕਿ ਚੰਗਾ ਸਰੀਰ, ਮਨ ਦੀ ਸ਼ਾਂਤੀ ਤੇ ਧਨ ਦੇ ਹੋਣ ‘ਤੇ ਹੀ ਦੇਸ਼ ਤੇ ਸਮਾਜ ਦੀ ਸੇਵਾ ਕੀਤੀ ਜਾ ਸਕਦੀ ਹੈ।

ਇਹ ਸੱਚ ਹੈ ਕਿ ਬੇਕਾਬੂ ਇੱਛਾਵਾਂ ਮਨੁੱਖ ਨੂੰ ਪਟਕਾ ਕੇ ਮਾਰਦੀਆਂ ਹਨ। ਪਰ, ਜੇ ਮਨੁੱਖ ਅਕਲ ਤੋਂ ਕੰਮ ਲਵੇ ਤਾਂ ਇਹੋ ਜਿਹੇ ਹਾਲਾਤ ਪੈਦਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।

ਗੁਰੂ ਅਰਜਨ ਦੇਵ ਨੇ ਵੀ ਆਪਣੀ ਬਾਣੀ ‘ਗਉੜੀ ਸੁਖਮਨੀ’ ਵਿੱਚ ਸੰਤੋਖ ਦੇ ਮਹੱਤਵ ਬਾਰੇ ਦੱਸਿਆ ਹੈ:

ਬਿਨਾਂ ਸੰਤੋਖ ਨਹੀਂ ਕੋਊ ਰਾਜੇ

ਕਾਸ਼! ਮੇਰੀ ਇਹ ਇੱਛਾ ਪੂਰੀ ਹੋ ਜਾਵੇ। ਮੈਂ ਚੰਗੀ ਵਿਦਿਆ ਪ੍ਰਾਪਤ ਕਰ ਕੇ ਨੇਕ ਕਮਾਈ ਨਾਲ ਅਮੀਰ ਬਣ ਕੇ ਆਪਣੇ ਪਰਿਵਾਰ, ਸਮਾਜ ਤੇ ਦੇਸ਼ ਦੀ ਸੇਵਾ ਕਰਾਂ। ਇਸ ਅਮੀਰੀ ਦੇ ਨਾਲ-ਨਾਲ ਮੇਰੇ ਕੋਲ ਸੰਤੋਖ ਦਾ ਵੀ ਅਮੁੱਲ ਖਜ਼ਾਨਾ ਹੋਵੇ।