ਲੇਖ ਰਚਨਾ : ਨਸ਼ਿਆਂ ਦਾ ਕੋਹੜ


ਨਸ਼ਿਆਂ ਦਾ ਕੋਹੜ


ਸਿਗਰਟ, ਅਫੀਮ, ਚਰਸ, ਚੂਨਾ, ਨਸ਼ਿਆਂ ਦੀਆਂ ਗੋਲੀਆਂ, ਨਸ਼ਿਆਂ ਦੇ ਟੀਕੇ, ਗਾਂਜਾ, ਪੋਸਤ ਅਤੇ ਹੋਰ ਅਨੇਕਾਂ ਨਸ਼ਿਆਂ ਦੀ ਸਮੱਗਰੀ ਜ਼ਿੰਦਗੀ ਦੀ ਮਹਿਕ ਨੂੰ ਵਧਾਉਂਦੀਆਂ ਨਹੀਂ, ਸਗੋਂ ਘਟਾਉਂਦੀਆਂ ਹਨ। ਜ਼ਿੰਦਗੀ ਦਾ ਨਸ਼ਾ ਤਾਂ ਸਾਡੇ ਆਲੇ ਦੁਆਲੇ ਬਿਖਰਿਆ ਪਿਆ ਹੈ, ਸਾਨੂੰ ਹੁਲਾਰੇ ਵਾਲੀ ਅਵਸਥਾ ਵਿੱਚ ਆਉਣ ਲਈ ਬਨਾਉਟੀ ਨਸ਼ਿਆ ਦੀ ਲੋੜ ਨਹੀਂ। ਰੰਗ-ਬਿਰੰਗੇ ਖਿੜੇ ਹੋਏ ਫੁੱਲਾਂ ਨੂੰ ਦੇਖ ਕੇ ਤੇ ਉਨ੍ਹਾਂ ਦੀ ਮਹਿਕ ਨੂੰ ਮਹਿਸੂਸ ਕਰਕੇ ਮਨੁੱਖ ਦੇ ਦਿਲ ਵਿੱਚ ਨਸ਼ੇ ਵਾਲੀ ਅਵਸਥਾ ਛਾ ਜਾਂਦੀ ਹੈ। ਉੱਚੇ ਪਹਾੜਾਂ ਵਿੱਚ ਫੁੱਟਦੇ, ਚਸ਼ਮੇ ਤੇ ਸੱਪ ਵਾਂਗ ਵਲ ਖਾਂਦੇ ਇਨ੍ਹਾਂ ਦੇ ਰਸਤੇ, ਉੱਚੀਆਂ ਬਰਫ਼ਾਨੀ ਚੋਟੀਆਂ, ਉੱਚੇ ਸਰੂ ਦੇ ਦਰੱਖਤ, ਮੀਂਹ ਦੇ ਪਾਣੀ ਨਾਲ ਦੁਲਹਨ ਵਾਂਗ ਨਿਖਰੀਆਂ ਪਹਾੜੀਆਂ ਤੇ ਅਕਾਸੀ ਚੜੀ ਸਤਰੰਗੀ ਪੀਂਘ ਜ਼ਿੰਦਗੀ ਦਾ ਨਸ਼ਾ ਹੀ ਤਾਂ ਹੈ, ਜਿਹੜਾ ਬੋਤਲ ਵਿੱਚ ਛਪੀ ਲਾਲ ਪਰੀ ਦੇ ਨਸ਼ੇ ਤੋਂ ਕਿਤੇ ਉੱਤਮ ਹੈ।

ਜ਼ਿੰਦਗੀ ਦੀ ਹਰਿਆਵਲ ਨਿਰੀ ਬਨਸਪਤੀ ਵਿੱਚ ਹੀ ਨਹੀਂ, ਸਗੋਂ ਜ਼ਿੰਦਗੀ ਦੀ ਹਰਿਆਵਲ ਦਾ ਨਸ਼ਾ ਮਨੁੱਖੀ ਰਿਸ਼ਤਿਆ ਵਿੱਚ ਵੀ ਹੈ। ਬੱਚਿਆਂ ਦੀਆਂ ਤੋਤਲੀਆਂ ਗੱਲਾਂ ਤੇ ਉਨ੍ਹਾਂ ਦਾ ਤੁਹਾਡੇ ਨਾਲ ਨਿਰਛੱਲ ਪਿਆਰ, ਕਿਸੇ ਹੁਲਾਰੇ ਤੋਂ ਘੱਟ ਨਹੀਂ। ਮਾਂ ਦਾ ਸੰਘਣੇ ਬ੍ਰਿਛ ਦੀ ਛਾਂ ਵਰਗਾ ਪਿਆਰ ਜ਼ਿੰਦਗੀ ਵਿੱਚ ਹਮੇਸ਼ਾ ਲਈ ਸੁਆਦ ਭਰ ਦਿੰਦਾ ਹੈ, ਪਿਤਾ ਤੇ ਭਾਈਆਂ ਦਾ ਤੁਹਾਡੇ ਮੋਢੇ ਤੇ ਮਜ਼ਬੂਤ ਹੱਥ ਤੁਹਾਡੀ ਜ਼ਿੰਦਗੀ ਦੀ ਚਾਲ ਨੂੰ ਨਵਾਂ ਬਣਾ ਕੇ ਰੱਖਦਾ ਹੈ, ਤੁਹਾਨੂੰ ਬਨਾਉਟੀ ਨਸ਼ੇ ਵਿੱਚ ਬੇਸੁੱਧ ਹੋ ਕੇ ਲੜਖੜਾਉਣ ਦੀ ਲੋੜ ਨਹੀਂ। ਭੈਣ ਦਾ ਕੋਸੀ ਧੁੱਪ ਵਰਗਾ ਪਿਆਰ ਤੁਹਾਡੇ ਜਜ਼ਬਿਆਂ ਵਿੱਚ ਨਿੱਘ ਭਰਦਾ ਹੈ। ਸਾਥੀਆਂ ਦਾ ਪਿਆਰ, ਸਾਡਾ ਸਮਾਜਿਕ ਭਾਈਚਾਰਾ ਤੇ ਉਨ੍ਹਾਂ ਵਿੱਚ ਆਪਸੀ ਹਮਦਰਦੀ, ਕੁਰਬਾਨੀ, ਪਿਆਰ ਦੀਆਂ ਭਾਵਨਾਵਾਂ ਉਹ ਮੇਵੇ ਹਨ ਜਿਨ੍ਹਾਂ ਦਾ ਸਦੀਵੀ ਨਸ਼ਾ ਸਾਡੇ ਨਾਲ ਰਹਿੰਦਾ ਹੈ। ਜਿਨ੍ਹਾਂ ਦੀ ਆਤਮਾ ਦੁਨਿਆਵੀ ਪੁਰਸ਼ਾਂ ਨਾਲੋਂ ਕਿਤੇ ਉੱਚੀ ਹੁੰਦੀ ਹੈ, ਉਨ੍ਹਾਂ ਦੀ ਲਿਵ ਪ੍ਰਮਾਤਮਾ ਦੇ ਪਿਆਰ ਨਾਲ ਜੁੜੀ ਰਹਿੰਦੀ ਹੈ ਤੇ ਇਸ ਇਲਾਹੀ ਨਸ਼ੇ ਵਿੱਚ ਹੀ ਸਾਰੇ ਬਨਾਉਟੀ ਤੇ ਸੰਸਾਰਿਕ ਖੁਸ਼ੀਆਂ ਵਾਲੇ ਨਸ਼ੇ ਤੋਂ ਉਹ ਉੱਚੇ ਹੋ ਜਾਂਦੇ ਹਨ।

ਦੂਸਰੇ ਪਾਸੇ ਮਨੁੱਖ ਦੇ ਬਣਾਏ ਹੋਏ ਸ਼ਰਾਬ ਤੇ ਹੋਰ ਨਸ਼ੇ ਮਨੁੱਖ ਨੂੰ ਵਿੰਗੇ ਟੇਡੇ ਰਸਤਿਆਂ ਤੇ ਤੋਰਦੇ ਹੋਏ ਸਿੱਧੇ ਸ਼ਮਸ਼ਾਨ ਭੂਮੀ ਵੱਲ ਲਿਜਾਂਦੇ ਹਨ। ਸ਼ਰਾਬੀਆਂ ਨੂੰ ਆਪਣੇ ਘਰਾਂ ਨੂੰ ਰਾਖ ਦੀ ਢੇਰੀ ਕਰਨ ਲਈ ਮਾਚਿਸ ਦੀ ਤੀਲ੍ਹੀ ਨਾਲ ਅੱਗ ਲਾਉਣ ਦੀ ਲੋੜ ਨਹੀਂ ਹੁੰਦੀ। ਜਿੰਨੇ ਮਨੁੱਖ ਸ਼ਰਾਬ ਵਿੱਚ ਡੁੱਬੇ ਹਨ, ਉਨੇ ਦਰਿਆਵਾਂ, ਨਦੀਆਂ, ਨਾਲਿਆਂ ਵਿੱਚ ਆਏ ਹੋਏ ਹੜ੍ਹਾਂ ਕਾਰਨ ਨਹੀਂ ਡੁੱਬੇ। ਸ਼ਰਾਬ ਦੀ ਬਰਬਾਦੀ ਦੇ ਹੜ੍ਹ ਦੀ ਲਪੇਟ ਵਿੱਚ ਆਇਆ ਹੋਇਆਂ ਲਈ ਕੋਈ ਬੰਨ੍ਹ ਉਨ੍ਹਾਂ ਨੂੰ ਰੁੜ੍ਹਾਉਣ ਤੋਂ ਰੋਕ ਨਹੀਂ ਸਕਦਾ ਤੇ ਨਾ ਹੀ ਕਿਸੇ ਧਨਵਾਨ ਦਾ ਦਿੱਤਾ ਹੋਇਆ ਨੱਥ-ਚੂੜਾ ਸ਼ਰਾਬ ਦੇ ਕਾਰਨ ਆਈ ਬਰਬਾਦੀ ਨੂੰ ਬੰਨ੍ਹ ਲਾ ਸਕਦਾ ਹੈ। ਕੁਰਾਨ ਸ਼ਰੀਫ ਵਿੱਚ ਆਉਂਦਾ ਹੈ, “ਅੰਗੂਰ ਦੇ ਹਰ ਇੱਕ ਦਾਣੇ ਵਿੱਚ ਸ਼ੈਤਾਨ ਦਾ ਵਾਸ ਹੈ।” ਸੈਨਿਕਾਂ ਦਾ ਕਥਨ ਹੈ, ਸ਼ਰਾਬ ਖੁਦ ਸਹੇੜੇ ਪਾਗਲਪਨ ਤੋਂ ਸਿਵਾ ਹੋਰ ਕੁੱਝ ਵੀ ਨਹੀਂ। ਇਸ ਤਰ੍ਹਾਂ ਪਬਲਿਸ ਸਾਈਰਸ ਦਾ ਕਥਨ ਹੈ, “ਸਮੁੰਦਰ ਨਾਲੋਂ ਵੱਧ ਆਦਮੀ ਸ਼ਰਾਬ ਨੇ ਡੋਬੇ ਹਨ।” ਇਸੇ ਲਈ ਕਹਿੰਦੇ ਹਨ ਗੰਭੀਰ ਰੂਪ ਵਿੱਚ ਰੋਗੀ ਸ਼ਰਾਬੀ ਦੀ ਮਾਂ, ਮਾਂ ਨਹੀਂ ਹੁੰਦੀ। ਭੈਣ, ਭੈਣ ਨਹੀਂ ਹੁੰਦੀ ਤੇ ਧੀ, ਧੀ ਨਹੀਂ ਹੁੰਦੀ, ਉਸ ਦੀ ਰਿਸ਼ਤੇਦਾਰੀ ਕੇਵਲ ਬੋਤਲ ਨਾਲ ਹੁੰਦੀ ਹੈ, ਜਿਸ ਨੂੰ ਪ੍ਰਾਪਤ ਕਰਨ ਲਈ ਉਹ ਸਭ ਦੀ ਇੱਜ਼ਤ ਦਾਅ ਤੇ ਲਗਾ ਦਿੰਦਾ ਹੈ, ਬੀਵੀ ਦੇ ਗਹਿਣੇ ਵੇਚ ਸਕਦਾ ਹੈ, ਧਨ, ਜਾਇਦਾਦ, ਜ਼ਮੀਨ ਸਭ ਕੁੱਝ ਸ਼ਰਾਬ ਦੀ ਭੇਟ ਚੜ੍ਹਾ ਦਿੰਦਾ ਹੈ ਤੇ ਆਪ ਨੰਗ ਹੋ ਕੇ ਬਹਿ ਜਾਂਦਾ ਹੈ ਤੇ ਰਾਹ ਜਾਂਦਿਆਂ ਦੀਆਂ ਲਿਲ੍ਹੱਕੜੀਆਂ ਕੱਢਦਾ ਹੈ ਕਿ ਉਸ ਨੂੰ ਸ਼ਰਾਬ ਦੀ ਬੋਤਲ ਲਈ ਪੈਸੇ ਚਾਹੀਦੇ ਹਨ।

ਸ਼ਰਾਬੀ ਦੇਸ਼, ਸਮਾਜ ਤੇ ਕੌਮ ਲਈ ਕਲੰਕ ਦਾ ਟਿੱਕਾ ਹੁੰਦੇ ਹਨ। ਨਸ਼ੇ ਦੀ ਹਾਲਤ ਵਿੱਚ ਗੋਲੀਆਂ ਖਾ ਕੇ ਰਾਹ ਵਿੱਚ ਪਏ ਬੇਹੋਸ਼ ਵਿਅਕਤੀ ਇਨਸਾਨੀਅਤ ਦੀ ਘਿਨਾਉਣੀ ਤਸਵੀਰ ਪੇਸ਼ ਕਰਦੇ ਹਨ। ਅਜਿਹੇ ਵਿਅਕਤੀਆਂ ਨਾਲ ਕੋਈ ਵੀ ਨਿਟਕਤਾ ਨਹੀਂ ਦਿਖਾਉਂਦਾ। ਸ਼ਰਾਬ ਦੇ ਐਬ ਨਾਲ ਹੋਰ ਐਬ ਵੀ ਜੁੜ ਜਾਂਦੇ ਹਨ। ਬਹੁਤ ਸਾਰੇ ਕਤਲ, ਡਾਕੇ, ਚੋਰੀਆਂ, ਬਲਾਤਕਾਰ ਸਭ ਸ਼ਰਾਬ ਦੇ ਨਸ਼ੇ ਨਾਲ ਹੁੰਦੇ ਹਨ। ਸ਼ਰਾਬ ਦੇ ਨਸ਼ੇ ਵਿੱਚ ਕੁੱਝ ਸਮੇਂ ਲਈ ਮਨੁੱਖ ਆਪਣੇ ਆਪ ਨੂੰ ਬਾਦਸ਼ਾਹ ਸਮਝਦਾ ਹੈ, ਚਿੜ੍ਹੀ ਜਿੰਨੇ ਦਿਲ ਦਾ ਮਾਲਕ ਵੀ ਆਪਣੇ ਆਪ ਨੂੰ ਸ਼ੇਰ ਸਮਝਣ ਲੱਗ ਜਾਂਦਾ ਹੈ, ਜਦੋਂ ਕੁੱਝ ਸਮੇਂ ਬਾਅਦ ਉਸ ਦਾ ਨਸ਼ਾ ਉਤਰਦਾ ਹੈ ਤਾਂ ਗਲੀ ਵਿੱਚ ਕੁੱਤੇ ਉਸ ਦਾ ਮੂੰਹ ਚੱਟ ਰਹੇ ਹੁੰਦੇ ਹਨ।

ਸ਼ਰਾਬ ਦੇ ਹੱਕ ਵਿੱਚ ਕਈ ਹਾਸੋਹੀਣੀਆਂ ਤੇ ਬੇ-ਬੁਨਿਆਦ ਧਾਰਨਾਵਾਂ ਇਸ ਨਾਲ ਇਸ ਕਰਕੇ ਜੁੜ ਗਈਆਂ ਹਨ, ਕਿਉਂਕਿ ਸ਼ਰਾਬ ਪੀਣ ਵਾਲੇ ਪੀਣ ਲਈ ਕੋਈ ਬਹਾਨਾ ਚਾਹੁੰਦੇ ਹਨ। ਸ਼ਰਾਬ ਨੂੰ ਪੁਰਾਣੇ ਸਮੇਂ ਨਾਲ ਜੋੜ ਕੇ ਇਸ ਨੂੰ ਸੋਮਰਸ ਅਤੇ ਚੌਧਵਾਂ ਰਤਨ ਕਹਿੰਦੇ ਹਨ। ਦਰਅਸਲ ਹਕੀਕਤ ਇਹ ਹੈ ਕਿ ਇਹ ਨਾ ਤਾਂ ਕੋਈ ਰਸ ਹੈ ਤੇ ਨਾ ਹੀ ਇਸ ਵਿੱਚ ਰਤਨ ਵਰਗੀ ਕੋਈ ਗੱਲ ਹੈ। ਕੁਝ ਲੋਕ ਇਸ ਨੂੰ ਲਾਲ ਪਰੀ ਕਹਿੰਦੇ ਹਨ, ਪਰ ਇਹ ਚੁੜੇਲ ਦਾ ਰੂਪ ਧਾਰਨ ਕਰਨ ਵਿੱਚ ਦੇਰੀ ਨਹੀਂ ਲਾਉਂਦੀ। ਸ਼ਰਾਬ ਨੂੰ ਕੁੱਝ ਲੋਕ ਸਾਹਿਤ ਅਤੇ ਕਲਾ ਦੀ ਸਿਰਜਕ ਵੀ ਕਹਿੰਦੇ ਹਨ ਤੇ ਕਲਾਕਾਰਾਂ ਲਈ ਰੂਹ ਦੀ ਖੁਰਾਕ ਸਮਝਦੇ ਹਨ। ਆਪਣੇ ਹੱਕ ਵਿੱਚ ਉਰਦੂ, ਫਾਰਸੀ ਤੇ ਪੰਜਾਬੀ ਦੇ ਸ੍ਰੇਸ਼ਟ ਕਵੀਆਂ ਦੇ ਨਾਂ ਲੈਂਦੇ ਹਨ, ਪਰ ਹਕੀਕਤ ਬਿਲਕੁਲ ਇਸ ਉਲਟ ਹੈ। ਕਲਾ ਅਤੇ ਸਾਹਿਤ ਦਾ ਸ਼ਰਾਬ ਨਾਲ ਕੋਈ ਮੇਲ ਨਹੀਂ ਅਤੇ ਨਾ ਹੀ ਸ਼ਰਾਬ ਸਾਹਿਤ ਸਿਰਜਣਾ ਲਈ ਕੋਈ ਪ੍ਰੇਰਣਾ ਦਾ ਕੰਮ ਦਿੰਦੀ ਹੈ। ਕਿਸੇ ਕਵੀ ਦਾ ਵਿਅਕਤੀਗਤ ਦੋਸ਼ ਤਾਂ ਇਹ ਹੋ ਸਕਦਾ ਹੈ ਕਿ ਉਹ ਉੱਤਮ ਕਵੀ ਦੇ ਨਾਲ ਸ਼ਰਾਬੀ ਵੀ ਹੈ। ਸਾਹਿਤ ਤੇ ਕਲਾ ਵਿੱਚ ਅਨੇਕਾਂ ਮਿਸਾਲਾਂ ਮਿਲਦੀਆਂ ਹਨ, ਜਿਨ੍ਹਾਂ ਨੇ ਸ਼ਰਾਬ ਦੇ ਪਿਆਲੇ ਨੂੰ ਕਦੇ ਛੋਹਿਆ ਵੀ ਨਹੀਂ। ਬਰਨਾਰਡ ਸ਼ਾਹ ਨੇ ਸਾਰੀ ਜ਼ਿੰਦਗੀ ਸ਼ਰਾਬ ਨੂੰ ਕਦੇ ਛੋਹਿਆ ਵੀ ਨਹੀਂ ਸੀ। ਭਾਰਤੀ ਫਿਲਮਾਂ ਦੇ ਸਦਾ ਬਹਾਰ ਅਭਿਨੇਤਾ ਦੇਵ ਆਨੰਦ ਨੇ ਕਦੇ ਸ਼ਰਾਬ ਨਹੀਂ ਪੀਤੀ।

ਸ਼ਰਾਬ ਅਤੇ ਹੋਰ ਨਸ਼ਿਆਂ ਨੂੰ ਗਮ ਗ਼ਲਤ ਕਰਨ ਨਾਲ ਜੋੜਿਆ ਜਾਂਦਾ ਹੈ, ਪਰ ਸੱਚਾਈ ਇਹ ਹੈ ਕਿ ਇਸ ਨਾਲ ਗ਼ਮ ਗ਼ਲਤ ਤਾਂ ਨਹੀਂ ਹੁੰਦੇ, ਸਗੋਂ ਕਈ ਗੁਨਾਹ ਹੋਰ ਜ਼ਰੂਰ ਹੋ ਜਾਂਦੇ ਹਨ ਤੇ ਫਿਰ ਇਹ ਤਲਬ ਨਿਰੰਤਰ ਵੱਧਦੀ ਜਾਂਦੀ ਹੈ। ਸ਼ਰਾਬੀ ਲਈ ਹਰ ਮੌਸਮ ਸ਼ਰਾਬ ਪੀਣ ਲਈ ਢੁੱਕਵਾ ਹੈ। ਜੇ ਸੁਹਾਵਣਾ ਮੌਸਮ ਹੈ ਤਾਂ ਇਸ ਸੁਹਾਵਣੇ ਮੌਸਮ ਨੂੰ ਮਨਾਉਣ ਲਈ ਸ਼ਰਾਬ ਪੀਂਦਾ ਹੈ, ਜੇ ਠੰਢ ਵਧੇਰੇ ਹੈ, ਤਾਂ ਖੁਸ਼ੀ ਵਿੱਚ ਵਾਧਾ ਕਰਨ ਲਈ ਸ਼ਰਾਬ ਪੀਂਦਾ ਹੈ, ਜੇ ਸਾਥੀਆਂ ਦੋਸਤਾਂ ਵਿੱਚ ਘਿਰਿਆ ਹੈ ਤਾਂ ਸ਼ਰਾਬ, ਜੋ ਇਕੱਲਾ ਰਹਿ ਗਿਆ ਹੈ ਤਾਂ ਇਕੱਲਤਾ ਨੂੰ ਦੂਰ ਕਰਨ ਲਈ ਜਾਮ ਹੱਥ ਵਿੱਚ ਫੜ ਲੈਂਦਾ ਹੈ।

ਸ਼ਰਾਬ ਨੂੰ ਅਸੀਂ ਸਮਾਜਿਕ ਇੱਜ਼ਤ-ਆਬਰੂ ਨਾਲ ਵੀ ਜੋੜਨ ਲੱਗ ਪਏ ਹਾਂ। ਵਿਆਹ ਸ਼ਾਦੀਆਂ ਤੇ ਡਰਿੰਕਸ ਦੀ ਵੱਖਰੀ ਪਰਚੀ ਨਾਲ ਲਗਾਈ ਜਾਂਦੀ ਹੈ। ਅਸੀਂ ਨਿਰੋਲ ਰੋਟੀ ਨੂੰ ਸੇਵਾ ਹੀ ਨਹੀਂ ਸਮਝਦੇ। ਜਿੰਨਾਂ ਚਿਰ ਤੱਕ ਸਾਡਾ ਮੂੰਹ ਕੌੜਾ ਨਹੀਂ ਕਰਾਇਆ ਜਾਂਦਾ, ਅਸੀਂ ਆਪਸੀ ਸ਼ਾਨੋ-ਸ਼ੌਕਤ ਲਈ ਜ਼ਰੂਰੀ ਸਮਝਣ ਲੱਗ ਪਏ ਹਾਂ ਕਿ ਸ਼ਰਾਬ ਸਾਡੇ ਸ਼ਗਨਾਂ, ਵਿਆਹ ਸ਼ਾਦੀਆਂ, ਜਨਮ ਦਿਨ, ਪਾਰਟੀਆਂ ਤੇ ਹੋਰ ਸਮਾਜਿਕ ਸਮਾਗਮਾਂ ਸਮੇਂ ਸ਼ਾਮਿਲ ਹੋਵੇ, ਸ਼ਰਾਬ ਸਾਡੇ ਵਪਾਰ ਖੇਤਰ ਵਿੱਚ ਵੀ ਪ੍ਰਵੇਸ਼ ਕਰਨ ਲੱਗ ਪਈ ਹੈ। ਵਪਾਰਿਕ ਖੇਤਰ ਨਾਲ ਸਾਰੇ ਦਫ਼ਤਰੀ ਕੰਮ ਅਫ਼ਸਰਾਂ ਨੂੰ ਸ਼ਰਾਬ ਦੀਆਂ ਪਾਰਟੀਆਂ ਨਾਲ ਖੁਸ਼ ਕਰਕੇ ਪੂਰੇ ਕੀਤੇ ਜਾਂਦੇ ਹਨ। ਇਹ ਰੁਚੀਆਂ ਅਕਾਦਮਿਕ ਖੇਤਰ ਵਿੱਚ ਵੀ ਸਿਰ ਚੁੱਕਣ ਲੱਗ ਪਈਆਂ ਹਨ। ਅਸੀਂ ਹਰ ਕੰਮ ਲਈ ਸ਼ਰਾਬ ਨੂੰ ਮਿਲ-ਬਹਿਣੀ ਦਾ ਅੰਗ ਬਣਾ ਕੇ ਕਰਨ ਦੇ ਆਦੀ ਹੋ ਰਹੇ ਹਾਂ। ਸ਼ਰਾਬ ਦੀ ਵਰਤੋਂ ਕਿਤੇ ਚਾਹ ਦੀ ਵਰਤੋਂ ਦੀ ਤਰ੍ਹਾਂ ਆਮ ਹੋ ਗਈ ਹੈ, ਉੱਥੇ ਉਸ ਨੂੰ ਖ਼ਤਮ ਕਰਨਾ ਅਸੰਭਵ ਜਿਹਾ ਜਾਪਦਾ ਹੈ।

ਸ਼ਰਾਬ ਅਤੇ ਹੋਰ ਦੂਜੇ ਨਸ਼ਿਆਂ ਦੀ ਵਰਤੋਂ ਹਰ ਆਰਥਿਕ ਵਰਗ ਤੱਕ ਸੰਭਵ ਹੋ ਗਈ ਹੈ। ਹਰ ਜ਼ਾਤ, ਨਸਲ ਪੇਸ਼ੇ ਦੇ ਲੋਕ ਇਸ ਦਾ ਸੇਵਨ ਕਰਨ ਲੱਗ ਪਏ ਹਨ। ਜਿਸ ਤਰ੍ਹਾਂ ਪੀਣ ਵਾਲਿਆਂ ਦੀਆਂ ਵੱਖ-ਵੱਖ ਕਿਸਮਾਂ ਹਨ, ਉਸ ਤਰ੍ਹਾਂ ਸ਼ਰਾਬ ਦੀਆਂ ਵੀ ਕਈ ਕਿਸਮਾਂ ਪ੍ਰਚਲਤ ਹਨ। ਮਹਿੰਗੀ ਤੋਂ ਮਹਿੰਗੀ ਸ਼ਰਾਬ ਅਤੇ ਘਰ ਦੀ ਕੱਢੀ ਹੋਈ ਸਸਤੀ ਤੋਂ ਸਸਤੀ ਸ਼ਰਾਬ ਮਿਲਣ ਲੱਗ ਪਈ ਹੈ। ਕਈ ਥਾਂ ਤੇ ਪਿੰਡਾਂ ਵਿੱਚ ਕੈਪਸੂਲ ਜਾਂ ਗੋਲੀਆਂ ਘੋਲ ਕੇ ਸ਼ਰਾਬ ਬਣਾਈ ਜਾਂਦੀ ਹੈ ਜਿਸ ਨਾਲ ਵਿਆਹ-ਸ਼ਾਦੀਆਂ ਦਾ ਸਾਰਾ ਮੰਡਲ ਹੀ ਲਾਸ਼ਾਂ ਦਾ ਢੇਰ ਬਣ ਜਾਂਦਾ ਹੈ, ਖ਼ੁਸ਼ੀਆਂ ਦਾ ਮਾਹੌਲ ਮਾਤਮ ਵਿੱਚ ਬਦਲ ਜਾਂਦਾ ਹੈ। ਵਿਆਹ ਵਿੱਚ ਭੰਗੜੇ ਗਿੱਧੇ ਦੇ ਥਾਂ ਤੇ ਲੋਕਾਂ ਦੇ ਦਿਲਾਂ ਨੂੰ ਚੀਰਨ ਵਾਲੇ ਕੀਰਨੇ ਸੁਣਾਈ ਦਿੰਦੇ ਹਨ।

ਨਸ਼ਿਆਂ ਨਾਲ ਆਰਥਿਕਤਾ ਦਾ ਪ੍ਰਸ਼ਨ ਗੰਭੀਰ ਰੂਪ ਵਿੱਚ ਜੁੜਿਆ ਹੋਇਆ ਹੈ। ਸਾਰੀਆਂ ਰਾਜ ਸਰਕਾਰਾਂ ਨੂੰ ਐਕਸਾਈਜ਼ ਦੇ ਰੂਪ ਵਿੱਚ ਕਾਫ਼ੀ ਸਾਰਾ ਰੁਪਇਆ ਹੱਥ ਆਉਂਦਾ ਹੈ। ਰਾਜ ਸਰਕਾਰਾਂ ਲਈ ਇੰਨਾ ਧਨ ਇਕੱਠਾ ਕਰਨ ਦਾ ਕੋਈ ਹੋਰ ਸਾਧਨ ਘੱਟ ਹੀ ਨਜ਼ਰ ਆਉਂਦਾ ਹੈ। ਦੂਸਰੇ ਪਾਸੇ ਜੇ ਸ਼ਰਾਬ ਦੀ ਪੂਰੀ ਨਸ਼ਾਬੰਦੀ ਕੀਤੀ ਜਾਵੇ ਤਾਂ ਲੋਕ ਘਰ – ਘਰ ਵਿੱਚ ਸ਼ਰਾਬ ਦੀਆਂ ਭੱਠੀਆਂ ਲਾ ਕੇ ਸ਼ਰਾਬ ਕੱਢਣ ਦਾ ਕਾਲਾ ਧੰਦਾ ਆਰੰਭ ਕਰ ਦਿੰਦੇ ਹਨ। ਸਰਕਾਰਾਂ ਇਹ ਸੋਚਦੀਆਂ ਹਨ ਕਿ ਸ਼ਰਾਬ ਦਾ ਸੇਵਨ ਬੰਦ ਤਾਂ ਨਹੀਂ ਹੋਣਾ, ਕਿਉਂ ਨਾ ਇਸ ਤੇ ਟੈਕਸ ਲਾ ਕੇ ਧਨ ਕਮਾਇਆ ਜਾਵੇ। ਇਸ ਲਈ ਠੇਕਿਆਂ ਦੀ ਨਿਲਾਮੀ ਦਾ ਰੇਟ ਹਰ ਸਾਲ ਵੱਧਦਾ ਜਾ ਰਿਹਾ ਹੈ ਤੇ ਥਾਂ-ਥਾਂ ਠੇਕੇ ਖੁੱਲ੍ਹ ਰਹੇ ਹਨ। ਇੱਥੋਂ ਤੱਕ ਕਿ ਸਕੂਲਾਂ, ਕਾਲਜਾਂ ਅਤੇ ਪੂਜਾ ਸਥਾਨਾਂ ਦੇ ਨੇੜੇ ਵੀ ਸ਼ਰਾਬ ਦੀਆਂ ਦੁਕਾਨਾਂ ਦੇਖਣ ਨੂੰ ਮਿਲਦੀਆਂ ਹਨ। ਸੰਪੂਰਨ ਨਸ਼ਾਬੰਦੀ ਆਪਣੇ ਆਪ ਵਿੱਚ ਇਤਨੀ ਮੁਸ਼ਕਲ ਹੈ ਕਿ ਜੇ ਨਸ਼ਾਬੰਦੀ ਦੇ ਇਤਿਹਾਸ ਨੂੰ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਸਭ ਤੋਂ ਪਹਿਲਾਂ ਮਹਾਤਮਾ ਗਾਂਧੀ ਦੇ ਭਗਤ ਤੇ ਕੁੜਮ ਰਾਜ ਗੋਪਾਲ ਅਚਾਰੀਆ ਨੇ ਗਾਂਧੀ ਜੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਮਹਾਰਾਸ਼ਟਰ ਵਿੱਚ ਆਪਣੇ ਹੀ ਨਗਰ ਸਾਲਮ ਵਿਖੇ ਪੂਰੀ ਨਸ਼ਾਬੰਦੀ ਧਾਰਨ ਕੀਤੀ। ਬੰਬਈ ਵਿੱਚ ਵੀ ਵਿਰੋਧਤਾ ਦੇ ਬਾਵਜੂਦ ਨਸ਼ਾਬੰਦੀ ਦਾ ਕਾਨੂੰਨ ਲਾਗੂ ਕੀਤਾ ਗਿਆ ਸੀ। ਸੰਸਾਰ ਵਿੱਚ ਅਮਰੀਕਾ ਇੱਕ ਅਜਿਹਾ ਮੁਲਕ ਹੈ, ਜਿੱਥੇ ਪਹਿਲੀ ਵਾਰੀ ਸਾਰੇ ਅਮਰੀਕਾ ਵਿੱਚ ਸ਼ਰਾਬ ਪੀਣ ਤੇ ਪਾਬੰਦੀ ਲਗਾਈ ਗਈ ਸੀ। ਉੱਥੇ ਪਸੀਫੁਟ ਜਾਨਸਨ ਨਾਂ ਦਾ ਇੱਕ ਨੇਤਾ ਜੋ ਨਸ਼ਿਆਂ ਦੇ ਸਖ਼ਤ ਖ਼ਿਲਾਫ਼ ਸੀ, ਨੇ ਲੋਕ ਰਾਏ ਪੈਦਾ ਕਰਕੇ ਨਸ਼ਾਬੰਦੀ ਦਾ ਕਾਨੂੰਨ ਬਣਾਇਆ, ਪਰ ਬਾਅਦ ਵਿੱਚ ਨਜਾਇਜ਼ ਸ਼ਰਾਬ ਦੀ ਸਮਗਲਿੰਗ ਇੰਨੀ ਜ਼ਿਆਦਾ ਹੋ ਗਈ ਕਿ ਸਰਕਾਰ ਨੂੰ ਨਸ਼ਾਬੰਦੀ ਦਾ ਕਾਨੂੰਨ ਵਾਪਸ ਲੈਣਾ ਪਿਆ। ਭਾਰਤ ਵਿੱਚ ਵੀ ਨਸ਼ਾਬੰਦੀ ਦਾ ਕਾਨੂੰਨ ਕਾਮਯਾਬ ਨਹੀਂ ਰਿਹਾ। ਲੋਕਾਂ ਵਿੱਚ ਚੇਤਨਤਾ ਨਾ ਹੋਣ ਕਰਕੇ ਲੋਕ ਸ਼ਾਮ ਨੂੰ ਪੀਣ ਤੋਂ ਨਹੀਂ ਹਟਦੇ, ਜਿਸ ਨਾਲ ਘਰਾਂ ਵਿੱਚ ਕਈ ਢੰਗਾਂ ਨਾਲ ਸ਼ਰਾਬ ਕੱਢਣੀ ਸ਼ੁਰੂ ਹੋ ਗਈ। ਇਨ੍ਹਾਂ ਦੇ ਸੁਆਦ ਵੀ ਵੱਖੋ-ਵੱਖਰੇ ਕਿਸਮ ਦੇ ਪੈਦਾ ਹੋ ਗਏ ਤੇ ਕਈ ਕਸਬੇ ਤੇ ਪਿੰਡ ਇਸ ਲਈ ਮਸ਼ਹੂਰ ਹੋ ਗਏ ਕਿ ਉੱਥੇ ਇੱਕ ਖਾਸ ਕਿਸਮ ਦੀ ਸ਼ਰਾਬ ਕੱਢੀ ਜਾਂਦੀ ਹੈ। ਇਕੱ ਵਾਰ ਇੱਕ ਅੰਗਰੇਜ਼ ਦੀ ਗੁਰਦਾਸਪੁਰ ਦੇ ਨੇੜੇ ‘ਡੀਡਾ’ ਪਿੰਡ ਦੇ ਨੇੜੇ ਕਾਰ ਖ਼ਰਾਬ ਹੋ ਗਈ। ਸ਼ਾਮ ਨੂੰ ਦੇਰੀ ਹੋਣ ਕਰਕੇ ਉਸ ਨੇ ਡੰਡਾ ਪਿੰਡ ਦੀ ਹੀ ਕੱਢੀ ਹੋਈ ਸ਼ਰਾਬ ਪੀਤੀ ਜਿਸ ਦੇ ਸੁਆਦ ਨੂੰ ਉਹ ਕਦੇ ਭੁਲਾ ਨਾ ਸਕਿਆ। ਬਾਅਦ ਵਿੱਚ ਜਦੋਂ ਉਹ ਆਪਣੇ ਮੁਲਕ ਵਿੱਚ ਗਿਆ ਤਾਂ ਉਥੋਂ ਆਪਣੇ ਭਾਰਤੀ ਦੋਸਤਾਂ ਨੂੰ ਲਿਖਣ ਲੱਗਾ ਕਿ ਉਸ ਨੂੰ ‘ਡੀਡਾ ਬਰੈਂਡ’ ਦੀਆਂ ਵਿਸਕੀ ਦੀਆਂ ਬੋਤਲਾਂ ਚਾਹੀਦੀਆਂ ਹਨ, ਜਿਸ ਦੀ ਕਾਫ਼ੀ ਸਮੇਂ ਤੱਕ ਉਸ ਦੇ ਦੋਸਤ ਖੋਜ ਕਰਦੇ ਰਹੇ।

ਜਿੱਥੇ ਸ਼ਰਾਬ ਅਤੇ ਹੋਰ ਦੂਸਰੇ ਨਸ਼ੇ ਆਪਣੇ ਘਿਨਾਉਣੇ ਪੈਰ ਪਸਾਰ ਰਹੇ ਹਨ, ਉੱਥੇ ਇਨ੍ਹਾਂ ਦੇ ਖਿਲਾਫ਼ ਸੰਸਾਰ ਵਿੱਚ ਚੇਤਨਤਾ ਵੀ ਵਧ ਰਹੀ ਹੈ। ਉਲੰਪਿਕ ਖੇਡਾਂ ਵਿੱਚ ਨਸ਼ਾ ਵਰਤ ਕੇ ਖੇਡ ਵਿੱਚ ਹਿੱਸਾ ਲੈਣ ਦੀ ਮਨਾਹੀ ਹੈ। ਜੇ ਸਾਬਤ ਹੋ ਜਾਵੇ ਕਿ ਕਿਸੇ ਖਿਡਾਰੀ ਨੇ ‘ਡਰੱਗਜ਼’ ਦੀ ਸਹਾਇਤਾ ਨਾਲ ਦੌੜ ਜਿੱਤੀ ਹੈ ਤਾਂ ਉਸ ਨੂੰ ਜਿੱਤੇ ਹੋਏ ਮੈਡਲ ਤੋਂ ਵੀ ਹੱਥ ਧੌਣੇ ਪੈ ਸਕਦੇ ਹਨ। ਸੰਸਾਰ ਪ੍ਰਸਿੱਧ ਦੌੜਾਕ ਬੈਨ ਜੋਨਸਨ ਤੇ ਫੁੱਟਬਾਲ ਦਾ ਨੰਬਰ ਇੱਕ ਦਾ ਖਿਡਾਰੀ ਮਾਰਡੋਨਾ ਨੂੰ ਇਸ ਕਾਰਨ ਸਖ਼ਤ ਨਿਮੋਸ਼ੀ ਸਹਿਣੀ ਪਈ ਹੈ। ਕਈ ਸਾਲਾਂ ਤੱਕ ਉਨ੍ਹਾਂ ਨੂੰ ਕਿਸੇ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਖੇਡਣ ਦੀ ਮਨਾਹੀ ਰਹੀ ਹੈ। ਇਸ ਤਰ੍ਹਾਂ ਵਿੰਬਲਡਨ ਦੇ ਹੁਣ ਦੇ ਨੰਬਰ ਦੇ ਦੇ ਖਿਡਾਰੀ ਆਂਦਰੇ ਆਗਾਸੀ ਜੋ ਪੁਰਾਣਾ ਚੈਂਪੀਅਨ ਵੀ ਰਿਹਾ ਹੈ, ਉਹ ਡਰਗਜ਼ ਤੋਂ ਬੁਰੀ ਤਰ੍ਹਾਂ ਪੀੜਤ ਰਿਹਾ ਹੈ। ਆਂਦਰੇ ਅਗਾਸੀ ਨੇ ਇਸ ਲਾਹਨਤ ਤੋਂ ਛੁਟਕਾਰਾ ਪਾਉਣ ਲਈ ਇੱਕ ਧਾਰਮਿਕ ਵਿਅਕਤੀ ਨਾਲ ਦੋਸਤੀ ਪਾ ਲਈ, ਚਰਚ ਜਾਣਾ ਸ਼ੁਰੂ ਕਰ ਦਿੱਤਾ ਤੇ ਸਹਿਜੇ-ਸਹਿਜੇ ਇਸ ਲਾਹਨਤ ਤੋਂ ਛੁਟਕਾਰਾ ਪਾਇਆ। ਧਰਮ ਨੂੰ ਜੇ ਅਸੀਂ ਪੂਰੀ ਸੁਹਿਰਦਤਾ ਨਾਲ ਆਪਣੇ ਰੋਜ਼ ਦੇ ਜੀਵਨ ਦਾ ਅੰਗ ਬਣਾ ਲਈਏ ਤਾਂ ਨਸ਼ਿਆਂ ਤੋਂ ਬਚਣ ਲਈ ਇਹ ਇੱਕ ਸਾਰਥਕ ਉਪਰਾਲਾ ਬਣ ਸਕਦਾ ਹੈ। ਜਿੰਨੀ ਛੇਤੀ ਨਾਲ ਨੌਜਵਾਨ ਪੀੜ੍ਹੀ ਇਨ੍ਹਾਂ ਨਸ਼ਿਆਂ ਦਾ ਸ਼ਿਕਾਰ ਹੁੰਦੀ ਹੈ, ਉਹ ਸਾਡੇ ਲਈ ਬੜੀ ਨਿਮੋਸ਼ੀ ਤੇ ਤ੍ਰਿਸਕਾਰ ਦਾ ਕਾਰਨ ਬਣਦੀ ਹੈ। ਫੁੱਲਾਂ ਵਰਗੇ ਹਸੂੰ-ਹਸੂੰ ਕਰਦੇ ਚਿਹਰੇ ਜਦੋਂ ਕਾਲਜਾਂ ਜਾਂ ਵਿਸ਼ਵ-ਵਿਦਿਆਲਿਆਂ ਦੇ ਹੋਸਟਲਾਂ ਵਿੱਚ ਦਾਖ਼ਲ ਹੁੰਦੇ ਹਨ ਤਾਂ ਆਜ਼ਾਦ ਪੰਛੀਆਂ ਦੀ ਤਰ੍ਹਾਂ ਮਹਿਸੂਸ ਕਰਦੇ ਹਨ ਪਰੰਤੂ ਜਦੋਂ ਉਨ੍ਹਾਂ ਨੂੰ ਉਥੋਂ ਦੀ ਹਵਾ ਲੱਗਦੀ ਹੈ ਤਾਂ ਦੂਸਰਿਆਂ ਦੇ ਰੰਗ ਵਿੱਚ ਰੰਗੇ ਜਾਂਦੇ ਹਨ। ਪਹਿਲਾਂ ਕੇਵਲ ਕੰਪਨੀ ਨੇਕ ਪੀਤੀ ਜਾਂਦੀ ਹੈ, ਫਿਰ ਇਹ ਆਦਤ ਬਣ ਜਾਂਦੀ ਹੈ। ਨਸ਼ੇ ਸਾਰੇ ਹੀ ਸਾਡੇ ਜੀਵਨ ਨੂੰ ਤਬਾਹ ਕਰਦੇ ਹਨ ਤੇ ਇਨ੍ਹਾਂ ਦੀ ਥੋੜ੍ਹੀ ਮਿਕਦਾਰ ਤੋਂ ਵੀ ਬਚਣ ਦੀ ਲੋੜ ਹੈ। ਅੱਜਕਲ੍ਹ ਡਾਕਟਰਾਂ ਦੀ ਰਾਇ ਨਾਲ ਆਮ ਕਹਿਣਾ ਆਰੰਭ ਹੋ ਗਿਆ ਹੈ ਕਿ ਇੱਕ ਦੋ ਪੈੱਗ ਦਿਲ ਦੇ ਮਰੀਜ਼ਾਂ ਲਈ ਚੰਗੇ ਹੁੰਦੇ ਹਨ। ਅਜਿਹੀ ਰਾਏ ਤੋਂ ਬਚਣ ਦੀ ਲੋੜ ਹੈ। ਨਸ਼ਿਆਂ ਦੇ ਮਾਮਲੇ ਵਿੱਚ ਲੋਕ ਗੁੰਮਰਾਹ ਬਹੁਤ ਕਰਦੇ ਹਨ, ਪਰ ਸਾਵਧਾਨੀ ਤੇ ਬਾਂਹ ਫੜਨ ਵਾਲਾ ਕੋਈ ਨਹੀਂ ਰਹਿੰਦਾ।