ਲੇਖ-ਰਚਨਾ ਦੇ ਨਿਯਮ
ਲਿਖਣ-ਕਲਾ ਦੇ ਭਾਗ ਵਿੱਚ ਅਸੀਂ ਲਿਖਤ-ਰਚਨਾ ਦੀਆਂ ਕਈ ਜੁਗਤਾਂ ਬਾਰੇ ਚਰਚਾ ਕੀਤੀ ਹੈ। ਇਸ ਪਾਠ ਵਿੱਚ ਲੇਖ-ਰਚਨਾ ਦੀ ਗੱਲ ਕਰਾਂਗੇ। ਸਿੱਖਿਆ ਦਾ ਮੁੱਖ ਉਦੇਸ਼ ਵਿਦਿਆਰਥੀ ਨੂੰ ਇਸ ਯੋਗ ਬਣਾਉਣਾ ਹੈ ਕਿ ਉਹ ਆਮ ਵਿਸ਼ਿਆਂ ‘ਤੇ ਸੋਚ-ਵਿਚਾਰ ਕਰ ਕੇ ਆਪਣੇ ਵਿਚਾਰਾਂ ਨੂੰ ਬੋਲੀ ਜਾਂ ਲਿਖਤ ਦੁਆਰਾ ਦੂਜਿਆਂ ਨੂੰ ਪ੍ਰਗਟ ਕਰ ਸਕੇ। ਵਿਚਾਰਾਂ ਦੇ ਇਸ ਸਮੂਹ ਦੀ ਜਿਸ ਰਚਨਾ ਰਾਹੀਂ ਬੱਝਵੇਂ-ਢੰਗ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ, ਉਸ ਨੂੰ ਲੇਖ ਕਹਿੰਦੇ ਹਨ।
ਹਰ ਰਚਨਾ ਦਾ ਕੋਈ-ਨ-ਕੋਈ ਵਿਸ਼ਾ ਹੁੰਦਾ ਹੈ। ਕੋਈ ਵੀ ਵਿਸ਼ਾ ਗੈਰ ਜ਼ਰੂਰੀ ਨਹੀਂ। ਵਿਸ਼ਾ ਵੱਡਾ ਹੋਵੇ ਜਾਂ ਛੋਟਾ, ਹਰ ਵਿਸ਼ੇ ਉੱਤੇ ਲੇਖ ਲਿਖਿਆ ਜਾ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਲੇਖ ਦਾ ਅਕਾਰ ਵੱਡਾ ਤੇ ਛੋਟਾ ਹੋ ਸਕਦਾ ਹੈ। ਲੋੜ ਇਸ ਗੱਲ ਦੀ ਹੈ ਕਿ ਵਿਚਾਰਾਂ ਨੂੰ ਮੌਲਿਕ, ਅਸਾਨ ਤੇ ਸਪੱਸ਼ਟ ਤਰੀਕੇ ਨਾਲ ਪੇਸ਼ ਕੀਤਾ ਜਾਵੇ। ਸ਼ਬਦਾਂ ਵਿੱਚ ਸੰਜਮਤਾ, ਬਿਆਨ ਹਿਰਦੇ ਨੂੰ ਛੂਹ ਜਾਣ ਵਾਲਾ, ਅਤੇ ਵਿਸ਼ੇ ਨੂੰ ਸਮਝਾਉਣ ਲਈ ਤਰਕ ਦਿੱਤਾ ਜਾਵੇ। ਲੇਖ ਵਿੱਚ ਆਪਣਾਪਣ ਤੇ ਵੱਖਰਾਪਣ ਵੀ ਹੋਵੇ। ਲੇਖ ਵਾਰਤਕ ਰਚਨਾਵਾਂ ਹੁੰਦੀਆਂ ਹਨ। ਇਸ ਵਿੱਚ ਗਿਆਨ ਦਾ ਬੋਲ-ਬਾਲਾ ਵਧੇਰੇ ਹੁੰਦਾ ਹੈ। ਇਹ ਗਿਆਨ ਅਖ਼ਬਾਰਾਂ, ਕਿਤਾਬਾਂ, ਮੈਗਜ਼ੀਨ, ਪਤ੍ਰਿਕਾ ਆਦਿ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਜਿੰਨਾ ਗਿਆਨ ਵਧੇਰੇ ਹੋਵੇਗਾ, ਓਨਾ ਹੀ ਲੇਖ ਵਿਸ਼ੇ ਬਾਰੇ ਭਰਪੂਰ ਤੇ ਡੂੰਘੀ ਜਾਣਕਾਰੀ ਦੇਣ ਦੇ ਸਮਰੱਥ ਹੋਵੇਗਾ। ਇਸ ਦੇ ਨਾਲ ਇਹ ਵੀ ਬਹੁਤ ਜ਼ਰੂਰੀ ਹੈ ਕਿ ਲੇਖ ਵਿੱਚ ਵਿਚਾਰਾਂ ਨੂੰ ਤਰਤੀਬ ਤੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੋਵੇ।
ਲੇਖ ਦਾ ਅਰੰਭ ਵਿਸ਼ੇ ਬਾਰੇ ਮੁੱਢਲੀ ਗੱਲ ਨਾਲ ਅਤੇ ਰੋਚਕ ਹੋਣਾ ਚਾਹੀਦਾ ਹੈ। ਪਰ, ਇਹ ਬਹੁਤ ਲੰਮਾ ਨਾ ਹੋ ਕੇ ਵਿਸ਼ੇ ਨਾਲ ਜਾਣ-ਪਛਾਣ ਤੱਕ ਹੀ ਸੀਮਿਤ ਹੋਵੇ।
ਲੇਖ ਦੇ ਮੱਧ ਵਿੱਚ ਵਿਸ਼ੇ ਦੀ ਵਿਚਾਰ ਦਲੀਲਾਂ ਦੇ ਕੇ, ਮਿਸਾਲਾਂ ਦੇ ਕੇ ਜਾਂ ਕੋਈ ਤੁਕਾਂ ਦੇ ਕੇ ਵੀ ਕੀਤੀ ਜਾ ਸਕਦੀ ਹੈ। ਲੋੜ ਅਨੁਸਾਰ ਵਿਸ਼ੇ ਦਾ ਵਿਸਤਾਰ ਕੀਤਾ ਜਾਣਾ ਚਾਹੀਦਾ ਹੈ। ਇੱਥੇ ਨਾ ਤਾਂ ਬਹੁਤ ਉਲਾਰ ਹੋ ਕੇ ਲਿਖਣ ਦੀ ਲੋੜ ਹੈ ਅਤੇ ਨਾ ਹੀ ਇੰਜ ਲੱਗੇ ਕਿ ਤੁਸੀਂ ਵਿਸ਼ੇ ਦੇ ਪੱਖ ਵਿੱਚ ਨਹੀਂ ਹੋ। ਇਕ ਨਿਵੇਕਲਾਪਣ ਹੋਵੇ । ਨਵੇਂ ਤਰੀਕੇ ਨਾਲ ਜਾਣਕਾਰੀ ਦੇ ਨਾਲ-ਨਾਲ ਨਵੀਆਂ ਗੱਲਾਂ ਜੋੜੀਆਂ ਜਾਣ।
ਲੇਖ ਦੇ ਅੰਤ ਵਿੱਚ ਪੂਰੀ ਗੱਲ ਨੂੰ ਸਮੇਟਣਾ ਹੁੰਦਾ ਹੈ। ਇਸ ਲਈ ਇੱਕ ਛੋਟੇ ਜਿਹੇ ਪੈਰੇ ਵਿੱਚ ਵੀ ਗੱਲ ਨੂੰ ਮੁਕਾਇਆ ਜਾ ਸਕਦਾ ਹੈ।
ਲੇਖ ਲਿਖਣ ਤੋਂ ਪਹਿਲਾਂ ਜਿਸ ਗੱਲ ‘ਤੇ ਧਿਆਨ ਦੇਣ ਦੀ ਵਧੇਰੇ ਜ਼ਰੂਰਤ ਹੈ ਉਹ ਹੈ—ਵਿਸ਼ੇ ਨੂੰ ਵਿਚਾਰਨਾ। ਇਹ ਚੰਗੀ ਤਰ੍ਹਾਂ ਸੋਚ ਲੈਣਾ ਚਾਹੀਦਾ ਹੈ ਕਿ ਤੁਹਾਨੂੰ ਉਸ ਵਿਸ਼ੇ ਬਾਰੇ ਪੂਰਾ ਗਿਆਨ ਹੈ। ਉਸ ਤੋਂ ਬਾਅਦ ਉਸ ਦੀ ਵਿਉਂਤ ਤਿਆਰ ਕਰ ਲੈਣੀ ਚਾਹੀਦੀ ਹੈ, ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੇ ਵਿਚਾਰਾਂ ਨੂੰ ਤਰਤੀਬ ਦੇ ਸਕੋਗੇ। ਲੇਖ ਲਿਖਣ ਸਮੇਂ ਵਾਧੂ ਦੇ ਵਿਚਾਰ ਉਸ ਵਿੱਚ ਸ਼ਾਮਲ ਨਹੀਂ ਹੋ ਸਕਣਗੇ। ਇਸ ਤੋਂ ਇਲਾਵਾ ਬੋਲੀ ਠੇਠ, ਤੇ ਵਿਆਕਰਨਿਕ ਨਿਯਮਾਂ ਦੀ ਪਾਲਣਾ ਤਾਂ ਹੋਣੀ ਹੀ ਚਾਹੀਦੀ ਹੈ।
ਇਮਤਿਹਾਨ ਵਿੱਚ ਕਈ ਤਰ੍ਹਾਂ ਦੇ ਲੇਖ ਲਿਖਣ ਨੂੰ ਆ ਸਕਦੇ ਹਨ, ਪਰ ਉਨ੍ਹਾਂ ਵਿੱਚੋਂ ਇੱਕ ਵਿਸ਼ੇ ਉੱਪਰ ਲੇਖ ਲਿਖਣਾ ਹੁੰਦਾ ਹੈ। ਆਮ ਤੌਰ ‘ਤੇ ਲੇਖ ਚਾਰ ਤਰ੍ਹਾਂ ਦੇ ਹੁੰਦੇ ਹਨ:
1. ਬਿਰਤਾਂਤਕ ਲੇਖ – ਇਹ ਲੇਖ ਕਿਸੇ ਜੀਵਨੀ, ਯਾਤਰਾ, ਘਟਨਾ ਜਾਂ ਇਤਿਹਾਸ ਆਦਿ ਨਾਲ ਸੰਬੰਧਤ ਹੁੰਦੇ ਹਨ। ਇਸ ਵਿੱਚ ਵਾਪਰੀ ਘਟਨਾ, ਕੀਤਾ ਗਿਆ ਵਰਨਣ ਅਤੇ ਉਸ ਬਾਰੇ ਲੇਖਕ ਦੀ ਰਾਏ ਵੀ ਮਹੱਤਵਪੂਰਨ ਹੁੰਦੀ ਹੈ।
2. ਵਿਚਾਰ-ਪ੍ਰਧਾਨ ਲੇਖ – ਇਹੋ ਜਿਹੇ ਲੇਖ ਗੰਭੀਰ ਵਿਸ਼ਿਆਂ ਉੱਪਰ ਹੁੰਦੇ ਹਨ।ਇਨ੍ਹਾਂ ਲੇਖਾਂ ਵਿੱਚ ਕਿਸੇ ਵਿਚਾਰ ਨੂੰ ਦਲੀਲਾਂ ਨਾਲ ਪੇਸ਼ ਕੀਤਾ ਜਾਂਦਾ ਹੈ।
3. ਵਰਨਣਾਤਮਕ ਜਾਂ ਵਰਨਕ ਲੇਖ – ਇਹ ਲੇਖ ਕਿਸੇ ਪ੍ਰਤੱਖ ਘਟਨਾ, ਵਸਤੂ ਜਾਂ ਦ੍ਰਿਸ਼ ਨੂੰ ਹੂ-ਬ-ਹੂ ਪੇਸ਼ ਕਰਦਾ ਹੈ।ਅਜਿਹੇ ਵਿਸ਼ਿਆਂ ਵਿੱਚ ਆਪਣੇ ਵੱਲੋਂ ਕੁਝ ਕਹਿਣ ਦੀ ਲੋੜ ਨਹੀਂ ਹੁੰਦੀ। ਇਹ ਵਰਨਣ ਵਿਸ਼ੇ ਬਾਰੇ ਲੋੜੀਂਦੀ ਜਾਣਕਾਰੀ ਦੇ ਅਧਾਰ ਉੱਤੇ ਹੁੰਦਾ ਹੈ।
4. ਮਨੋਕਲਪਿਤ ਲੇਖ – ਇਸ ਤਰ੍ਹਾਂ ਦੇ ਲੇਖ ਵਿੱਚ ਲੇਖਕ ਦੀ ਕਲਪਨਾ ਪ੍ਰਧਾਨ ਹੁੰਦੀ ਹੈ। ਆਪਣੀ ਕਲਪਨਾ ਦੇ
ਖੇਤਰ ਨੂੰ ਵਿਸਤਰਿਤ ਕਰ ਕੇ ਹੀ ਵਿਦਿਆਰਥੀ ਇੱਕ ਪ੍ਰਭਾਵਿਤ ਲੇਖ-ਰਚਨਾ ਕਰ ਸਕਦਾ ਹੈ। ਅੱਗੇ ਅਸੀਂ ਨੌਵੀਂ ਅਤੇ ਦਸਵੀਂ ਜਮਾਤ ਦੇ ਪਾਠਕ੍ਰਮ ਅਨੁਸਾਰ ਕੁਝ ਲੇਖ ਰਚਨਾਵਾਂ ਨੂੰ ਉਦਾਹਰਨ ਵਜੋਂ ਪੇਸ਼ ਕਰ ਰਹੇ ਹਾਂ।