ਲੇਖ ਰਚਨਾ : ਦੇਸ਼ ਪਿਆਰ
ਦੇਸ਼ ਪਿਆਰ
“ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ
ਰੰਬਿਆਂ ਨਾਲ ਖੋਪਰ ਲਹਿੰਦੇ ਤਾਂ ਤਦਬੀਰ ਬਦਲਦੀ ਕੌਮਾਂ ਦੀ।”
ਜਾਣ-ਪਛਾਣ : ਦੇਸ਼ ਪਿਆਰ ਦਾ ਸ਼ਾਬਦਕ ਅਰਥ ਹੈ ਆਪਣੇ ਦੇਸ਼ ਨਾਲ ਪਿਆਰ ਕਰਨਾ। ਇਹ ਜ਼ਜ਼ਬਾ
ਹਰੇਕ ਦੇਸ਼ ਵਾਸੀ ਵਿੱਚ ਹੋਣਾ ਚਾਹੀਦਾ ਹੈ। ਇਹ ਇੱਕ ਪਵਿੱਤਰ ਜਜ਼ਬਾ ਹੈ ਕਿਉਂਕਿ ਜਿੱਥੇ ਮਨੁੱਖ ਜਨਮ ਲੈਂਦਾ ਹੈ, ਉਸਦਾ ਅੰਨ ਜਲ ਖਾਂਦਾ ਹੈ, ਉੱਥੋਂ ਦੀ ਮਿੱਟੀ ਵਿੱਚ ਖੇਡਦਾ ਹੈ, ਉਸ ਨਾਲ ਪਿਆਰ ਹੋਣਾ ਬਹੁਤ ਕੁਦਰਤੀ ਹੈ। ਜੇ ਕਿਸੇ ਦੇਸ ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਸਾਰੇ ਦੇਸ਼ ਵਾਸੀ ਮਿਲ ਕੇ ਦੇਸ ‘ਤੇ ਮਰ ਮਿਟਣ ਨੂੰ ਤਿਆਰ ਹੋ ਜਾਂਦੇ ਹਨ। ਇਹੋ ਜਜ਼ਬਾ ਪਸ਼ੂ-ਪੰਛੀਆਂ ਵਿੱਚ ਵੀ ਹੁੰਦਾ ਹੈ। ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਆਪਣੀ ਮਾਤ ਭੂਮੀ ਨੂੰ ਪਿਆਰ ਕਰੀਏ।
ਦੇਸ਼ ਪਿਆਰ ਦਾ ਕੁਦਰਤੀ ਜਜ਼ਬਾ : ਦੇਸ਼ ਪਿਆਰ ਦਾ ਜਜ਼ਬਾ ਇੱਕ ਕੁਦਰਤੀ ਜਜ਼ਬਾ ਹੈ, ਜਿਹੜਾ ਕਿ ਹਰ ਵਿਅਕਤੀ ਵਿੱਚ ਪੁੰਗਰਦਾ ਹੈ। ਇਸ ਤੋਂ ਸੱਖਣਾ ਬੰਦਾ ਬਿਨਾਂ ਆਤਮਾ ਤੋਂ ਰਹਿੰਦੇ ਸਰੀਰ ਵਰਗਾ ਹੈ। ਭਾਵੇਂ ਅਸੀਂ ਕਿਤੇ ਵੀ ਜਾਈਏ, ਅਸੀ ਹਮੇਸ਼ਾ ਆਪਣੇ ਦੇਸ਼ ਨੂੰ ਹੀ ਯਾਦ ਕਰਕੇ ਤੜਫਦੇ ਹਾਂ।
ਭਾਰਤੀ ਇਤਿਹਾਸ ਅਤੇ ਦੇਸ਼ ਪਿਆਰ : ਭਾਰਤ ਦਾ ਇਤਿਹਾਸ ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਨਾਲ
ਭਰਿਆ ਪਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵੀ ਆਪਣੇ ਸਮੇਂ ਦੇ ਮਹਾਨ ਦੇਸ਼-ਭਗਤ ਸਨ। ਉਨ੍ਹਾਂ ਨੇ ਮੁਗ਼ਲ ਹਮਲਾਵਰ ਬਾਬਰ ਦੁਆਰਾ ਭਾਰਤ ਵਿੱਚ ਕੀਤੀ ਗਈ ਲੁੱਟ-ਖਸੁੱਟ ਤੇ ਇਸਤਰੀਆਂ ਦੀ ਬੇਪਤੀ ਦੇ ਵਿਰੁੱਧ ਜ਼ੋਰਦਾਰ ਅਵਾਜ਼ ਉਠਾਈ। ਇਸ ਸੰਬੰਧੀ ਆਪ ਨੇ ਰੱਬ ਕੋਲ ਰੋਸ ਪ੍ਰਗਟ ਕਰਦਿਆਂ ਆਖਿਆ :
‘ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ।’
ਜਦੋਂ ਵੀ ਕਿਸੇ ਵੈਰੀ ਨੇ ਭਾਰਤ ਤੇ ਹਮਲਾ ਕੀਤਾ ਤਾਂ ਸਾਡੇ ਅਣਖੀਲੇ ਗੱਭਰੂ ਅਤੇ ਮੁਟਿਆਰਾਂ ਨੇ ਤਲਵਾਰਾਂ ਫੜ ਕੇ ਵੈਰੀ ਨਾਲ ਲੋਹਾ ਲਿਆ। ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਦੀ ਖਾਤਰ ਆਪਣਾ ਸਰਬੰਸ ਵਾਰ ਦਿੱਤਾ। ਮਹਾਰਾਣਾ ਪ੍ਰਤਾਪ, ਸ਼ਿਵਾ ਜੀ, ਬੰਦਾ ਬਹਾਦਰ ਆਦਿ ਨੇ ਮੁਗ਼ਲਾਂ ਵਿਰੁੱਧ ਕੁਰਬਾਨੀਆਂ ਦਿੱਤੀਆਂ। ਫਿਰ ਅੰਗਰੇਜ਼ਾਂ ਦੇ ਚੁੰਗਲ ਤੋਂ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ, ਝਾਂਸੀ ਦੀ ਰਾਣੀ, ਲਾਲਾ ਲਾਜਪਤ ਰਾਏ ਆਦਿ ਦੀਆਂ ਕੁਰਬਾਨੀਆਂ ਨੂੰ ਕੌਣ ਭੁਲਾ ਸਕਦਾ ਹੈ ? ਅਨੇਕਾਂ ਭਾਰਤੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਦੇਸ਼ ਨੂੰ ਅਜ਼ਾਦ ਕਰਵਾ ਕੇ ਹੀ ਸਾਹ ਲਿਆ।
ਭਾਰਤੀ ਸਿਪਾਹੀ ਅਤੇ ਦੇਸ਼ ਪਿਆਰ : ਜਦੋਂ ਦੁਸ਼ਮਣ ਦੇਸ਼ ਵੱਲ ਕੈਰੀ ਅੱਖ ਨਾਲ ਵੇਖਦਾ ਹੈ ਕਿ ਸਿਪਾਹੀ ਦਾ ਖੂਨ ਖੋਲ ਉੱਠਦਾ ਹੈ। ਉਹ ਆਪਣੀ ਜਾਨ ਦੀ ਪ੍ਰਵਾਹ ਨਹੀਂ ਕਰਦੇ ਤੇ ਹਰ ਵੇਲੇ ਮੁਕਾਬਲਾ ਕਰਨ ਲਈ ਤਿਆਰ ਰਹਿੰਦੇ ਹਨ। ਉਹ ਸਰਹੱਦ ਉੱਤੇ ਪਹਿਰਾ ਦੇ ਕੇ ਦੇਸ਼ ਦੀ ਰੱਖਿਆ ਕਰਦੇ ਹਨ। ਜੇ ਕਿਸੇ ਦੇਸ਼ ਨਾਲ ਯੁੱਧ ਹੋ ਜਾਏ ਤਾਂ ਉਹ ਅੱਗੇ ਵੱਧ ਕੇ ਤੇ ਛਾਤੀਆਂ ਤਾਣ ਕੇ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰ ਦਿੰਦੇ ਹਨ। ਉਨ੍ਹਾਂ ਦੇ ਜੀਵਨ ਦਾ ਇੱਕੋ ਮਕਸਦ ਹੈ – ਦੇਸ ਦੀ ਸੇਵਾ ਕਰਨਾ ਅਤੇ ਦੇਸ਼ ਵਾਸੀਆਂ ਨੂੰ ਸੁਖੀ ਰੱਖਣਾ ।
ਦੇਸ਼ ਪ੍ਰਤੀ ਫ਼ਰਜ਼ : ਸਾਡਾ ਦੇਸ਼ ਲੰਬੇ ਸੰਘਰਸ਼ ਤੋਂ ਬਾਅਦ ਅਜ਼ਾਦ ਹੋਇਆ ਹੈ। ਇਸ ਲਈ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਇਸਦੀ ਤਰੱਕੀ ਵਿੱਚ ਹਿੱਸਾ ਪਾਈਏ ਅਤੇ ਇਸਨੂੰ ਦੁਨੀਆ ਦਾ ਸਭ ਤੋਂ ਵਧੀਆ ਦੇਸ਼ ਬਣਾਈਏ। ਪਰ ਅਫ਼ਸੋਸ! ਸਾਡੇ ਦੇਸ਼ ਵਿੱਚ ਕਈ ਅਲਾਮਤਾਂ ਜਿਵੇਂ ਰਿਸ਼ਵਤਖੋਰੀ, ਚੋਰ ਬਜ਼ਾਰੀ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਮਹਿੰਗਾਈ, ਅਨਪੜ੍ਹਤਾ ਆਦਿ ਇੱਥੇ ਆਪਣੇ ਪੈਰ ਪਸਾਰ ਰਹੀਆਂ ਹਨ। ਦੇਸ ਦੇ ਨੇਤਾਵਾਂ ਨੂੰ ਤਾਂ ਬੱਸ ਕੁਰਸੀ ਦਾ ਖ਼ਤਰਾ ਹੈ, ਉਹ ਦੇਸ਼-ਵਾਸੀਆਂ ਦੀ ਪ੍ਰਵਾਹ ਨਾ ਕਰਦੇ ਆਪਣੇ ਭਲੇ ਦੀ ਹੀ ਸੋਚਦੇ ਪਏ ਹਨ, ਪਰ ਸਾਨੂੰ ਹਰੇਕ ਨਾਗਰਿਕ ਨੂੰ ਦੇਸ਼ ਦੀ ਉਸਾਰੀ ਭਰੇ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਸਾਰ-ਅੰਸ਼ : ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਦੇਸ਼ ਭਗਤੀ ਦਾ ਜਜ਼ਬਾ ਹਰੇਕ ਮਨੁੱਖ ਵਿੱਚ ਹੋਣਾ ਚਾਹੀਦਾ ਹੈ। ਜੇ ਦੇਸ਼ ਖ਼ੁਸ਼ਹਾਲ ਹੈ ਤਾਂ ਅਸੀਂ ਖ਼ੁਸ਼ਹਾਲ ਹਾਂ ਜੇ ਦੇਸ਼ ਬਿਪਤਾ ਵਿੱਚ ਹੈ ਤਾਂ ਅਸੀਂ ਵੀ ਬਿਪਤਾ ਵਿੱਚ ਹੋਵਾਂਗੇ। ਜੋ ਦੇਸ਼ ਦੇ ਗੱਦਾਰ ਹੋਣ ਉਨ੍ਹਾਂ ਨੂੰ ਸਖ਼ਤ ਸਜਾਵਾਂ ਮਿਲਣ ਅਤੇ ਹਰ ਕੋਈ ਦੇਸ਼ ਦੀ ਖ਼ੁਸ਼ਹਾਲੀ ਲਈ ਆਪਣਾ-ਆਪਣਾ ਯੋਗਦਾਨ ਜ਼ਰੂਰ ਪਾਵੇ।