ਲੇਖ ਰਚਨਾ : ਦੇਸ਼ ਪਿਆਰ
ਦੇਸ਼ ਪਿਆਰ
ਮਾਤ ਭੂਮੀ ਤੋਂ ਦੇਸ਼-ਪਿਆਰ ਦਾ ਜਜ਼ਬਾ : ਦੇਸ਼-ਪਿਆਰ ਦਾ ਜਜ਼ਬਾ ਇੱਕ ਅਤਿ ਪਵਿੱਤਰ ਜਜ਼ਬਾ ਹੈ। ਵਿਦੇਸ਼ ਗਏ ਹੋਏ ਨੂੰ ਜਦੋਂ ਆਪਣੇ ਪਿੰਡ ਦਾ ਕੋਈ ਮਾਮੂਲੀ ਆਦਮੀ ਵੀ ਮਿਲ ਜਾਏ ਤਾਂ ਉਸ ਦੀਆਂ ਵਾਛਾਂ ਖਿੜ ਜਾਂਦੀਆਂ ਹਨ। ਇਹ ਆਮ ਵੇਖਣ ਵਿੱਚ ਆਇਆ ਹੈ ਕਿ ਲੋਕੀਂ ਪਰਦੇਸਾਂ ਵਿੱਚ ਰੁਪਿਆ ਕਮਾ ਕੇ ਆਪਣੇ ਪਿੰਡ ਆ ਕੇ ਮਕਾਨ ਬਣਾਉਂਦੇ ਹਨ ਜਿਸ ਵਿੱਚ ਉਹ ਆਪਣੀ ਪਿਛਲੀ ਉਮਰ ਸਭ ਕੰਮਾਂ-ਕਾਰਾਂ ਤੋਂ ਵਿਹਲੇ ਹੋ ਕੇ ਬਿਤਾਉਂਦੇ ਹਨ।ਜਵਾਹਰ ਲਾਲ ਨਹਿਰੂ ਹੁਰਾਂ ਆਪਣੀ ਵਸੀਅਤ ਵਿੱਚ ਇੱਕ ਮੁੱਠੀ ਭਸਮ ਤ੍ਰਿਵੇਣੀ (ਅਲਾਹਬਾਦ) ਵਿੱਚ ਜਲ-ਪ੍ਰਵਾਹ ਕਰਨ ਲਈ ਕਿਹਾ, ਧਾਰਮਿਕ ਵਿਚਾਰਾਂ ਕਰਕੇ ਨਹੀਂ ਸਗੋਂ ਇਸ ਕਰਕੇ ਕਿ ਉਨ੍ਹਾਂ ਦਾ ਬਚਪਨ ਇੱਥੇ ਬੀਤਿਆ ਸੀ। ਇਸੇ ਮੁੱਢਲੇ ਸੰਬੰਧ ਕਾਰਣ ਕਰਤਾਰ ਸਿੰਘ ਦੁੱਗਲ, ਮੋਹਨ ਸਿੰਘ ਮਾਹਿਰ ਤੇ ਸੁਰਿੰਦਰ ਸਿੰਘ ਉੱਪਲ ਆਦਿ ਦੀਆਂ ਲਿਖਤਾਂ ਵਿੱਚ ਪੋਠੋਹਾਰੀ ਅਤੇ ਸੰਤ ਸਿੰਘ ਸੇਖੋਂ ਆਦਿ ਵਿੱਚ ਮਲਵਈ ਬੋਲੀ ਦਾ ਅੰਸ਼ ਆਮ ਮਿਲਦਾ ਹੈ। ਇਹੀ ਕਾਰਣ ਹੈ ਕਿ ਹਰ ਗ਼ਰੀਬ ਨੂੰ ਆਪਣੀ ਕੁੱਲੀ ਸਵਰਗ ਲੱਗਦੀ ਹੈ :
ਜੋ ਸੁਖ ਛੱਜੂ ਦੇ ਚੁਬਾਰੇ,
ਨਾ ਉਹ ਬਲਖ਼ ਨਾ ਬੁਖਾਰੇ।
ਉਹ ਆਪਣੇ ਪਿੰਡ ਦੀ ਹਰ ਚੀਜ਼ ਨੂੰ ਨਿੱਘਾ ਪਿਆਰ ਕਰਦਾ ਹੈ ਭਾਵੇਂ ਉਹ ਮਾਮੂਲੀ ਤੋਂ ਮਾਮੂਲੀ ਜਿਹੀ ਹੀ ਕਿਉਂ ਨਾ ਹੋਵੇ। ਡੋਲੀ ਚੜ੍ਹਨ ਲੱਗਿਆਂ ਕੁੜੀ ਇਸ ਕਰ ਕੇ ਨਹੀਂ ਰੋਂਦੀ ਕਿ ਉਹ ਵਿਆਹ ਨਹੀਂ ਕਰਨਾ ਚਾਹੁੰਦੀ ਸਗੋਂ ਇਸ ਕਰਕੇ ਰੋਂਦੀ ਹੈ ਕਿ ਉਹ ਬਾਬਲ ਦਾ ਵਿਹੜਾ, ਸਹੇਲੀਆਂ ਦਾ ਸੰਗ ਤੇ ਨਾਲ ਲੱਗਦੇ ਜੰਗਲ-ਜੂਹ ਨੂੰ ਨਹੀਂ ਛੱਡਣਾ ਚਾਹੁੰਦੀ। ਇਹ ਜਜ਼ਬਾ ਮਨੁੱਖਾਂ ਵਿੱਚ ਤਾਂ ਕੀ ਪਸ਼ੂਆਂ-ਪੰਛੀਆਂ ਵਿੱਚ ਵੀ ਪਾਇਆ ਜਾਂਦਾ ਹੈ। ਪੰਛੀ ਸਾਰਾ ਦਿਨ ਅੰਨ-ਦਾਣੇ ਪਿੱਛੇ ਦੂਰ-ਦੂਰ ਫਿਰਦੇ ਤੁਰਦੇ ਰਹਿੰਦੇ ਹਨ, ਪਰ ਰਾਤੀਂ ਆਪਣਿਆਂ ਆਲ੍ਹਣਿਆਂ ਵੱਲ ਡਾਰਾਂ ਦੀਆਂ ਡਾਰਾਂ ਬਣ ਕੇ ਤੁਰ ਪੈਂਦੇ ਹਨ। ਗਊ-ਮੱਝ ਨੂੰ ਆਪਣਾ ਕਿੱਲਾ ਤੇ ਘੋੜੇ ਖੱਚਰ ਨੂੰ ਆਪਣਾ ਤਬੇਲਾ ਬਹੁਤ ਪਿਆਰਾ ਲੱਗਦਾ ਹੈ।
ਦੇਸ਼ ਪਿਆਰ ਦਾ ਜਜ਼ਬਾ ਕੁਦਰਤੀ : ਪ੍ਰੋ: ਪੂਰਨ ਸਿੰਘ ਅਨੁਸਾਰ ਦੇਸ਼-ਪਿਆਰ ਦਾ ਜਜ਼ਬਾ ਦੇਸ਼-ਭਗਤੀ ਸਬੰਧੀ ਕਿਤਾਬਾਂ ਪੜ੍ਹਨ, ਭਾਸ਼ਨ ਸੁਣਨ, ਦੇਸ਼-ਭਗਤੀ ਦੇ ਗੀਤ ਗਾਉਣ ਤੇ ਖੱਦਰ ਪਾਉਣ ਨਾਲ ਨਹੀਂ ਪੈਦਾ ਹੁੰਦਾ, ਇਹ ਜਜ਼ਬਾ ਦੇਸ਼-ਵਾਸੀਆਂ ਦੀਆਂ ਪੀੜ੍ਹੀਆਂ ਦੀ ਸੱਚੀ-ਸੁੱਚੀ ਮਿਹਨਤ ਦੁਆਰਾ ਆਉਂਦਾ ਹੈ ਤੇ ਜਾਣ ਲੱਗਿਆਂ ਵੀ ਇੰਨਾ ਹੀ ਸਮਾਂ ਲਾ ਦਿੰਦਾ ਹੈ। ਅਸਲ ਵਿੱਚ ਇਹ ਦੇਸ਼-ਪਿਆਰ ਦੀ ਭਾਵਨਾ ਕੁਦਰਤੀ ਹੈ, ਜਿਹੜੀ ਹਰ ਇੱਕ ਨੂੰ ਕੁਦਰਤ ਵੱਲੋਂ ਜੰਮਦਿਆਂ ਸਾਰ ਹੀ ਮਿਲ ਜਾਂਦੀ ਹੈ।
ਯੋਧਿਆਂ ਤੇ ਦੇਸ਼ ਭਗਤਾਂ ਦੀ ਭਾਵਨਾ : ਇਸ ਜਜ਼ਬੇ ਦਾ ਬੀਜ ਹਰ ਜੀਵ ਵਿੱਚ ਜਨਮ ਲੈਣ ਵੇਲੇ ਹੀ ਪੈ ਜਾਂਦਾ ਹੈ। ਇਹੀ ਜਜ਼ਬਾ ਸਮੇਂ ਨਾਲ ਵਧਦਾ ਜਾਂਦਾ ਹੈ। ਇਸੇ ਜਜ਼ਬੇ ਤਹਿਤ ਮਹਾਰਾਣੀ ਝਾਂਸੀ ਆਖ਼ਰੀ ਦਮ ਤਕ ਲੜਦੀ ਰਹੀ, ਗੁਰੂ ਗੋਬਿੰਦ ਸਿੰਘ ਜੀ ਨੇ ਨੌਂ ਸਾਲ ਦੀ ਉਮਰ ਵਿੱਚ ਹੀ ਆਪਣੇ ਪਿਆਰੇ ਪਿਤਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦੀ ਦੇਣ ਲਈ ਸਲਾਹ ਦੇ ਦਿੱਤੀ ਅਤੇ ਵੈਰੀਆਂ ਦਾ ਟਾਕਰਾ ਕਰਦਿਆਂ ਹੋਇਆਂ ਆਪਣਾ ਸਰਬੰਸ ਵਾਰ ਦਿੱਤਾ ; ਭਾਰਤ ਦੀ ਅਜ਼ਾਦੀ ਲਈ ਸ: ਭਗਤ ਸਿੰਘ, ਮਹਾਤਮਾ ਗਾਂਧੀ, ਲਾਲਾ ਲਾਜਪਤ ਰਾਏ, ਜਵਾਹਰ ਲਾਲ ਨਹਿਰੂ ਅਤੇ ਹੋਰ ਅਨੇਕਾਂ ਮਹਾਂਪੁਰਖਾਂ ਨੇ ਕਈ ਮੁਸੀਬਤਾਂ ਝੱਲੀਆਂ, ਜੌਨ ਆਫ਼ ਆਰਕ ਨੇ ਆਪਣੇ ਪਿਆਰੇ ਦੇਸ਼ ਫ਼ਰਾਂਸ ਦੀ ਖ਼ਾਤਰ ਜੀਉਂਦੇ ਜੀ ਸੜਨਾ ਸਵੀਕਾਰ ਕੀਤਾ, ਰਾਬਰਟ ਬਰੂਸ ਤੇ ਵੈਲਿਸ ਸਕਾਟਲੈਂਡ ਦੀ ਧਰਤੀ ਦੀ ਅਜ਼ਾਦੀ ਦੇ ਪਰਵਾਨੇ ਮੰਨੇ ਗਏ ਹਨ ; ਵਾਸ਼ਿੰਗਟਨ ਨੇ ਆਪਣੇ ਪਿਆਰੇ ਦੇਸ਼ ਅਮਰੀਕਾ ਨੂੰ ਬਰਤਾਨੀਆ ਤੋਂ ਅਜ਼ਾਦ ਕਰਾਇਆ।
ਦੇਸ਼ ਭਗਤਾਂ ਦਾ ਜੀਵਨ : ਦੇਸ਼-ਭਗਤਾਂ ਦਾ ਜੀਵਨ ਦੇਸ਼ ਦੀ ਭੇਟਾ ਹੁੰਦਾ ਹੈ। ਅਮਨ ਹੋਵੇ ਜਾਂ ਜੰਗ, ਉਹ ਦੇਸ਼ ਦੀ ਭਲਾਈ ਵਿੱਚ ਜੁਟੇ ਰਹਿੰਦੇ ਹਨ। ਉਹ ਦੇਸ਼ ਦੀਆਂ ਕਮਜ਼ੋਰੀਆਂ ਨੂੰ ਸਹਿਜੇ-ਸਹਿਜੇ ਸੋਧਦੇ ਰਹਿੰਦੇ ਹਨ। ਹਉਮੈ ਉਨ੍ਹਾਂ ਦੇ ਨੇੜੇ ਨਹੀਂ ਢੁੱਕੀ ਹੁੰਦੀ। ਉਹ ਤਾਂ ਸੱਚੇ ਦੇਸ਼-ਸੇਵਕ ਬਣ ਕੇ ਸੇਵਾਦਾਰੀ ਕਰਦੇ ਹਨ। ਉਹ ਹਰ ਵੇਲੇ ਤਨੋਂ, ਮਨੋਂ ਤੇ ਧਨੋਂ ਦੇਸ਼ ਦੀ ਸੇਵਾ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ। ਉਹ ਦੇਸ਼ ਭਲਾਈ ਕਰਦੇ ਹਨ ਭਾਵੇਂ ਉਨ੍ਹਾਂ ਨੂੰ ਵਜ਼ੀਰੀ ਮਿਲੇ ਤੇ ਭਾਵੇਂ ਫ਼ਕੀਰੀ। ਉਹ ਉੱਚੇ ਆਚਾਰ ਦੇ ਮਾਲਕ ਹੁੰਦੇ ਹਨ। ਉਹ ਸਵੈ-ਭਗਤ ਨਹੀਂ ਹੁੰਦੇ, ਸਹੀ ਸ਼ਬਦਾਂ ਵਿੱਚ ਦੇਸ਼-ਭਗਤ ਹੁੰਦੇ ਹਨ। ਉਹ ਜਿਥੇ ਆਪ ਪ੍ਰਾਧੀਨ ਨਹੀਂ ਰਹਿਣਾ ਚਾਹੁੰਦੇ ਉੱਥੇ ਉਹ ਕਿਸੇ ਨੂੰ ਆਪਣੇ ਅਧੀਨ ਨਹੀਂ ਰੱਖਣਾ ਚਾਹੁੰਦੇ। ਉਹ ਦੇਸ਼ ਦੇ ਹੱਦਾਂ-ਬੰਨਿਆਂ ਵਿੱਚ ਵਿਸ਼ਵਾਸ ਨਹੀਂ ਰੱਖਦੇ। ਉਹ ਤਾਂ ਜ਼ਾਤ-ਪਾਤ, ਰੰਗ-ਰੂਪ ਤੇ ਦੇਸ਼-ਵਿਦੇਸ਼ ਆਦਿ ਦੇ ਵਿਤਕਰਿਆਂ ਤੋਂ ਮੁਕਤ ਹੁੰਦੇ ਹਨ। ਉਹ ‘ਜੀਓ ਤੇ ਹੋਰਨਾਂ ਨੂੰ ਜੀਉਣ ਦਿਓ’ ਦੇ ਸੁਨਹਿਰੀ ਨੇਮਾਂ ਦੇ ਅਨੁਆਈ ਹੁੰਦੇ ਹਨ। ਉਹ ਤਾਂ ਆਪਣੇ ਦੇਸ਼ ਦੇ ਨਾਲ ਨਾਲ ਵਿਸ਼ਵ-ਭਲਾਈ, ਵਿਸ਼ਵ-ਖ਼ੁਸ਼ਹਾਲੀ ਤੇ ਵਿਸ਼ਵ-ਕਲਿਆਣ ਦੇ ਇੱਛਕ ਹੁੰਦੇ ਹਨ।
ਘਰੋਗੀ ਪਿਆਰ ਤੋਂ ਹੀ ਦੇਸ਼ ਪਿਆਰ ਦਾ ਅਨੁਮਾਨ : ਜੇ ਇਹ ਅਨੁਮਾਨ ਲਾਉਣਾ ਹੋਵੇ ਕਿ ਕੋਈ ਕਿੰਨਾ ਦੇਸ਼-ਭਗਤ ਹੈ, ਸਾਨੂੰ ਉਸ ਦੇ ਘਰੋਗੀ ਪਿਆਰ ਨੂੰ ਵੇਖਣਾ ਚਾਹੀਦਾ ਹੈ। ਜਿਹੜਾ ਆਪਣੀਆਂ ਅੱਖਾਂ ਸਾਹਮਣੇ ਆਪਣੀ ਮਾਂ-ਭੈਣ ਦੀ ਪਤ ਉਤਰਦੀ ਜਰ ਸਕਦਾ ਹੈ ਤੇ ਇਹ ਕੁਝ ਦੇਖ ਕੇ ਉਸ ਦਾ ਖ਼ੂਨ ਨਹੀਂ ਖੌਲਦਾ, ਉਸ ਵਿੱਚ ਦੇਸ਼-ਪਿਆਰ ਦੀ ਭਾਵਨਾ ਕਦਾਚਿਤ ਨਹੀਂ ਹੋ ਸਕਦੀ।
ਪੰਜਾਬੀਆਂ ਦੀ ਦੇਸ਼-ਭਗਤੀ : ਪੰਜਾਬ ਦੀ ਵੰਡ ਸਮੇਂ ਪੰਜਾਬੀਆਂ ਨੇ ਆਪਣੀਆਂ ਇੱਜ਼ਤਾਂ ਦੀ ਖ਼ਾਤਰ ਤਸੀਹੇ ਝੱਲੇ। ਧਰਮ ਹਿਤ ਇਸਤ੍ਰੀਆਂ ਨੇ ਖੂਹਾਂ ਵਿੱਚ ਛਾਲਾਂ ਮਾਰੀਆਂ, ਅੱਗਾਂ ਵਿੱਚ ਜੀਉਂਦੇ ਜੀ ਸੜਨਾ ਸਵੀਕਾਰ ਕੀਤਾ, ਆਪਣੇ ਘਰਾਂ-ਘਾਟਾਂ ਤੇ ਸਰਬੰਸਾਂ ਨੂੰ ਤਬਾਹ ਕਰਵਾ ਲਿਆ, ਪਰ ਵੈਰੀਆਂ ਦੀ ਈਨ ਨਾ ਮੰਨੀ। ਇਹ ਹੀ ਕਾਰਣ ਹੈ ਕਿ ਜਦੋਂ ਵੀ ਭਾਰਤ ‘ਤੇ ਕੋਈ ਬਿਪਤਾ ਬਣੀ, ਪੰਜਾਬੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਅਜੇ ਥੋੜ੍ਹਾ ਹੀ ਸਮਾਂ ਹੋਇਆ ਹੈ ਕਿ ਚੀਨ ਦੇ ਹਮਲੇ ਵੇਲੇ ਪੰਜਾਬੀਆਂ ਨੇ ਆਪਣੀ ਦੇਸ਼-ਭਗਤੀ ਦਾ ਇੱਕ ਵਾਰੀ ਫਿਰ ਸੁਹਣਾ ਸਬੂਤ ਦਿੱਤਾ। ਵਾਸਤਵ ਵਿੱਚ ਮੁੱਢ-ਕਦੀਮ ਤੋਂ ਪੰਜਾਬੀ ਵਿਦੇਸ਼ੀ ਜਰਵਾਣਿਆਂ ਦੇ ਹਮਲਿਆਂ ਦਾ ਸ਼ਿਕਾਰ ਹੁੰਦੇ ਰਹੇ ਹਨ। ਨਾਲੇ ਦਸਾਂ ਗੁਰੂ ਸਾਹਿਬਾਂ ਨੇ ਇਸ ਧਰਤੀ ਨੂੰ ਭਾਗ ਲਾਏ। ਇਸ ਲਈ ਇਹ ਪ੍ਰਾਂਤ ਇਸ ਜਜ਼ਬੇ ਵਿੱਚ ਹੋਰਨਾਂ ਪ੍ਰਾਂਤਾਂ ਨਾਲੋਂ ਬਹੁਤ ਅੱਗੇ ਕਿਹਾ ਜਾ ਸਕਦਾ ਹੈ।
ਦੇਸ਼ ਦੀ ਵਰਤਮਾਨ ਸਥਿਤੀ : ਅੱਜ ਭਾਰਤ ਨੂੰ ਅਜ਼ਾਦ ਹੋਇਆਂ ਸੱਤਰ ਸਾਲਾਂ ਤੋਂ ਉੱਪਰ ਹੋ ਗਏ ਹਨ। ਬਹੁਤ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਦੇਸ਼ ਨੂੰ ਜਿੰਨੀ ਤਰੱਕੀ ਕਰਨੀ ਚਾਹੀਦੀ ਸੀ, ਉੱਨੀ ਨਹੀਂ ਹੋਈ। ਅਜ਼ਾਦੀ ਪਿੱਛੋਂ ਬੇ-ਸ਼ੁਮਾਰ ਅਜਿਹੇ ਦੇਸ਼-ਭਗਤ ਬਣ ਬੈਠੇ ਹਨ ਜਿਹੜੇ ਅੰਗਰੇਜ਼ੀ ਰਾਜ ਵਿੱਚ ਅੰਗਰੇਜ਼ਾਂ ਦੇ ਪਿੱਠੂ ਸਨ, ਜਿਨ੍ਹਾਂ ਨੇ ਸਥਿਤੀ ਨੂੰ ਬਦਲਦਿਆਂ ਵੇਖ ਕੇ ਇੱਕ ਦਮ ਖੱਦਰ ਦਾ ਬਾਣਾ ਪਾ ਲਿਆ ਅਤੇ ਕਾਂਗਰਸੀ ਬਣ ਗਏ। ਇਨ੍ਹਾਂ ਮੌਕਾ-ਪ੍ਰਸਤਾਂ ਕਾਰਣ ਚੋਰ-ਬਾਜ਼ਾਰੀ, ਰਿਸ਼ਵਤਖੋਰੀ ਤੇ ਕੁਨਬਾ-ਪਰਵਰੀ ਆਦਿ ਭੈੜਾਂ ਨੇ ਦੇਸ਼ ਨੂੰ ਅੱਗੇ ਵਧਣੋਂ ਰੋਕਿਆ ਹੋਇਆ ਹੈ। ਇਹ ਦੇਸ਼ ਦੀ ਦੌਲਤ ਨੂੰ ਦੁਹੀਂ ਹੱਥੀਂ ਲੁੱਟਣ ਕਰਕੇ ਨਾ ਕੇਵਲ ਆਪਣੀ ਪਾਰਟੀ ਕਾਂਗਰਸ ਨੂੰ ਬਦਨਾਮ ਕਰ ਚੁੱਕੇ ਹਨ ਸਗੋਂ ਆਪ ਕਚਹਿਰੀਆਂ ਵਿੱਚ ਕੀਤੇ ਘਪਲਿਆਂ ਕਾਰਣ ਰੁਲ ਰਹੇ ਹਨ।
ਸੁਝਾਅ : ਕਿੰਨਾ ਚੰਗਾ ਹੋਵੇ ਜੇ ਅਸੀਂ ਭਾਰਤੀ ਆਪਣਾ ਸਵਾਰਥ ਤਿਆਗ ਕੇ ਦੇਸ਼-ਉੱਨਤੀ ਵੱਲ ਲੱਗ ਜਾਈਏ। ਰੱਬ ਕਰੇ, ਅਸੀਂ ਧਰਮਾਂ, ਬੋਲੀਆਂ ਤੇ ਪ੍ਰਾਂਤਾਂ ਦੇ ਵਾਸਤੇ ਪਾਉਣੇ ਛੱਡ ਕੇ ਆਪਣੇ ਰੋਮ-ਰੋਮ ਨੂੰ ਹਿੰਦੁਸਤਾਨੀ ਸਮਝਈਏ ; ਅਸੀਂ ਭਾਰਤ ਲਈ ਜੀਵੀਏ, ਭਾਰਤ ਦੀ ਤਰੱਕੀ ਲਈ ਆਪਣੀ ਪੂਰੀ ਵਾਹ ਲਾਈਏ ਅਤੇ ਭਾਰਤ ਲਈ ਹੀ ਮਰੀਏ। ਸਾਨੂੰ ਰਬਿੰਦਰ ਨਾਥ ਟੈਗੋਰ ਵਾਂਗ ਪਰਮਾਤਮਾ ਕੋਲੋਂ ਦੇਸ਼-ਪਿਆਰ ਦੀ ਖ਼ੈਰ ਮੰਗਣੀ ਚਾਹੀਦੀ ਹੈ।