ਲੇਖ ਰਚਨਾ : ਦੁਨੀਆ ਵਿੱਚ ਵਧਦਾ ਅੱਤਵਾਦ


ਦੁਨੀਆ ਵਿੱਚ ਵਧਦਾ ਅੱਤਵਾਦ


ਅੱਤਵਾਦ ਭਿਆਨਕ ਬੁਰਾਈ : ਅੱਤਵਾਦ ਨੇ ਕੁਝ ਸਾਲਾਂ ਵਿੱਚ ਬੜਾ ਹੀ ਡਰਾਉਣਾ ਤੇ ਘਿਣਾਉਣਾ ਰੂਪ ਧਾਰਨ ਕਰ ਲਿਆ ਹੈ ਤੇ ਇਹ ਇੱਕ ਖੂੰਖ਼ਾਰ ਦਾਨਵ ਦੀ ਤਰ੍ਹਾਂ ਅਜੋਕੇ ਮਾਨਵ ਦੀ ਦੁਨੀਆ ਨੂੰ ਹਿਲਾਈ ਜਾ ਰਿਹਾ ਹੈ।ਇਹ ਇੱਕ ਅਜਿਹੀ ਸਮਾਜਕ ਬੁਰਾਈ ਹੈ, ਜਿਸ ਨੇ ਅੱਜ ਸਾਰੇ ਸੰਸਾਰ ਨੂੰ ਆਪਣੇ ਜ਼ਾਲਮ ਪੰਜਿਆਂ ਦੀ ਲਪੇਟ ਵਿੱਚ ਲੈ ਰੱਖਿਆ ਹੈ। ਇਹ ਬੁਰਾਈ ਦੁਨੀਆ ਦੇ ਹਰ ਕੋਨੇ ਵਿੱਚ ਵੱਖ-ਵੱਖ ਰੂਪ ਧਾਰਨ ਕਰ ਕੇ ਆਪਣਾ ਸਿਰ ਕੱਢ ਰਹੀ ਹੈ ਤੇ ਅਨਭੋਲ ਲੋਕਾਂ ਦੇ ਖ਼ੂਨ ਦੀ ਹੋਲੀ ਖੇਡ ਰਹੀ ਹੈ।

ਅੱਤਵਾਦ ਦਾ ਕਾਰਨ : ਅੱਤਵਾਦ ਜਾਂ ਦਹਿਸ਼ਤਵਾਦ ਦਾ ਭਾਵ ਸਥਾਪਤ ਹੋਏ ਸਮਾਜਕ ਨੇਮਾਂ ਤੇ ਪਰੰਪਰਾਵਾਂ ਨੂੰ ਭੰਗ ਕਰਨਾ ਤੇ ਇਸ ਦੇ ਉਲਟ ਚੱਲ ਕੇ ਸਮਾਜ ਦੀ ਨੀਂਦ ਹਰਾਮ ਕਰਨਾ ਹੈ। ਦੂਜੇ ਸ਼ਬਦਾਂ ਵਿੱਚ ਅੱਤਵਾਦੀ ਜਾਂ ਦਹਿਸ਼ਤਵਾਦੀ ਸਮਾਜਕ ਜਾਂ ਰਾਜਸੀ ਅਵਸਥਾ ਤੋਂ ਸੰਤੁਸ਼ਟ ਨਹੀਂ ਹੁੰਦੇ। ਅਨਿਆਂ, ਜ਼ੁਲਮ, ਤਸ਼ੱਦਦ, ਨਾ-ਬਰਾਬਰੀ ਤੇ ਗ਼ੁਲਾਮੀ ਆਦਿ ਜਿਹੇ ਕਾਰਨ ਉਨ੍ਹਾਂ ਦਾ ਮਾਨਸਿਕ ਚੈਨ ਭੰਗ ਕਰ ਦਿੰਦੇ ਹਨ ਤੇ ਜਦ ਇਨ੍ਹਾਂ ਕਾਰਨਾਂ ਦਾ ਇਲਾਜ ਪ੍ਰਾਪਤ ਨਹੀਂ ਹੋ ਸਕਦਾ, ਉਨ੍ਹਾਂ ਦਾ ਰੋਹ ਪ੍ਰਚੰਡ ਹੋ ਜਾਂਦਾ ਹੈ। ਫਿਰ ਉਨ੍ਹਾਂ ਲਈ ਚੰਗਾ-ਬੁਰਾ ਜਾਂ ਜਾਇਜ਼-ਨਜਾਇਜ਼ ਦੀ ਕੋਈ ਪ੍ਰਵਾਹ ਨਹੀਂ ਹੁੰਦੀ ਤੇ ਉਹ ਤਲੀ ‘ਤੇ ਸਿਰ ਧਰ ਕੇ ਸਮਾਜਕ ਜਾਂ ਰਾਜਸੀ ਹਾਲਤ ਨਾਲ ਮੱਥੇ ਲਾਉਣ ਲਈ ਠਿਲ੍ਹ ਪੈਂਦੇ ਹਨ। ਇਹ ਅੱਤਵਾਦ ਜ਼ਰੂਰੀ ਨਹੀਂ ਕਿ ਮਨ ਦੀ ਤਹਿ ਵਿੱਚੋਂ ਉਪਜਿਆ ਹੋਵੇ, ਸਗੋਂ ਧਾਰਮਿਕ ਕੱਟੜਤਾ, ਬਾਹਰੀ ਸ਼ਹਿ ਤੇ ਚੁੱਕ ਵਿੱਚੋਂ ਵੀ ਉਪਜ ਸਕਦਾ ਹੈ ਤੇ ਇਸ ਦੇ ਨਤੀਜੇ ਹਮੇਸ਼ਾ ਬੁਰੇ ਹੁੰਦੇ ਹਨ।

ਹੱਕ ਪ੍ਰਾਪਤੀ ਲਈ ਜੁਝਾਰੂ ਹੋਣਾ : ਅੱਤਵਾਦ ਦਾ ਮਨੋਵਿਗਿਆਨਕ ਪੱਖ ਅਣਪ੍ਰਾਪਤ ਹੱਕਾਂ ਦੀ ਪ੍ਰਾਪਤੀ ਲਈ ਜੂਝਣਾ ਜਾਂ ਅਪੂਰਤ ਇੱਛਾਵਾਂ ਦੀ ਪੂਰਤੀ ਲਈ ਸਮਾਜ ਪ੍ਰਤੀ ਆਪਣੇ ਰੋਹ ਨੂੰ ਪ੍ਰਗਟਾਉਣਾ ਹੈ। ਪਰ ਅੱਤਵਾਦ ਦੇ ਰਾਹ ਤੁਰੇ ਕਦਮ ਸਮਾਜਕ ਤੇ ਰਾਜਸੀ ਮਰਿਆਦਾ ਦੀ ਕਦੇ ਪਰਵਾਹ ਨਹੀਂ ਕਰਦੇ ਤੇ ਇਹ ਵੀ ਵੱਖਰੀ ਗੱਲ ਹੈ ਕਿ ਉਹ ਹਕੀਕਤ ਨਾਲ ਮੱਥਾ ਲਾਉਣ ਦੀ ਥਾਂ ਗੁਰੀਲਾ ਢੰਗ ਦੀ ਵਰਤੋਂ ਕਰਦੇ ਹਨ। ਨਮੀਬੀਆ, ਫ਼ਲਸਤੀਨ ਤੇ ਸ੍ਰੀਲੰਕਾ ਆਦਿ ਦੀਆਂ ਸਮੱਸਿਆਵਾਂ ਨਿਰੰਤਰ ਵਧਦੇ ਅੱਤਵਾਦ ਦੇ ਮੂੰਹ ਬੋਲਦੇ ਸਬੂਤ ਹਨ।

ਅੱਤਵਾਦੀਆਂ ਦਾ ਮੰਤਵ : ਅੱਤਵਾਦੀਆਂ ਦਾ ਮੁੱਖ ਮੰਤਵ ਕਿਸੇ ਧਿਰ ਨੂੰ ਡਰਾਉਣਾ ਤੇ ਧਮਕਾਉਣਾ ਹੁੰਦਾ ਹੈ, ਜਿਸ ਨਾਲ ਦੁਨੀਆ ਦਾ ਧਿਆਨ ਉਨ੍ਹਾਂ ਦੀ ਸਮੱਸਿਆ ਵੱਲ ਖਿੱਚਿਆ ਜਾ ਸਕੇ। ਇਸ ਤੋਂ ਅਗਲੇ ਪੜਾਅ ਵਿੱਚ ਅੱਤਵਾਦੀ ਦੁਨੀਆ ਦੀ ਕਿਸੇ ਲੋਕ-ਲੱਜਾ ਤੇ ਨੇਮ-ਪ੍ਰਬੰਧ ਦੀ ਕੋਈ ਪਰਵਾਹ ਨਹੀਂ ਕਰਦੇ ਤੇ ਕਤਲ, ਬੰਬ-ਧਮਾਕੇ ਤੇ ਅਗਜ਼ਨੀ ਆਦਿ ਉਨ੍ਹਾਂ ਦੇ ਮੁੱਖ ਕੰਮ ਬਣ ਜਾਂਦੇ ਹਨ। ਇਸ ਪ੍ਰਕਾਰ ਅੱਤਵਾਦੀ ਵਰਗ ਸਮਾਜ ਤੋਂ ਬੇਮੁੱਖ, ਨਿਰਾਸ਼, ਅਣਗੌਲਿਆ ਜਾਂ ਵਰਗਲਾਇਆ ਹੁੰਦਾ ਹੈ ਜੋ ਸ਼ਰਾਰਤੀ ਬੱਚਿਆਂ ਵਾਂਗ ਘਰ ਦਾ ਸਮਾਨ ਤੋੜ-ਫੋੜ ਕੇ ਖ਼ੁਸ਼ ਹੁੰਦਾ ਹੈ।

ਵਿਦਵਾਨਾਂ ਦੀ ਰਾਇ : ਵਿਚਾਰਵਾਨਾਂ ਅਨੁਸਾਰ ਅੱਤਵਾਦ ਦਾ ਮੁੱਖ ਕਾਰਨ ਆਰਥਿਕਤਾ ਹੈ ਤੇ ਵੇਖਣ ਵਿੱਚ ਆਇਆ ਹੈ ਕਿ ਗ਼ਰੀਬੀ, ਭੁੱਖਮਰੀ, ਬੇਰੁਜ਼ਗਾਰੀ ਤੇ ਮਹਿੰਗਾਈ ਹੀ ਅਕਸਰ ਸਮਾਜ-ਵਿਰੋਧੀ ਤੇ ਕੌਮ- ਦੋਖੀ ਦੁਸ਼ਮਣ ਉਤਪੰਨ ਕਰਦੀ ਹੈ। ‘ਮਰਦਾ ਕੀ ਨਹੀਂ ਕਰਦਾ’ ਦੇ ਕਥਨ ਅਨੁਸਾਰ ਉਸ ਨੂੰ ਆਪਣਾ ਪੇਟ ਪਾਲਣ ਲਈ ਚੰਗਾ-ਮਾੜਾ ਹੀਲਾ ਅਪਣਾਉਣਾ ਪੈਂਦਾ ਹੈ। ਜਦ ਸਮਾਜ ਵਿੱਚ ਉਸ ਨੂੰ ਗੁਜ਼ਾਰੇ ਜੋਗੀ ਪੂੰਜੀ ਤੇ ਢਿੱਡ-ਭਰਵੀਂ ਰੋਟੀ ਨਸੀਬ ਨਹੀਂ ਹੁੰਦੀ, ਉਹ ਖਾਂਦੇ-ਪੀਂਦਿਆਂ ਦੀ ਰੋਟੀ ਨੂੰ ਲੱਤ ਮਾਰਨ ਨੂੰ ਤਿਆਰ ਹੋ ਜਾਂਦਾ ਹੈ।

ਪ੍ਰਿੰਸੀਪਲ ਸੁਜਾਨ ਸਿੰਘ ਦੀ ‘ਕੁਲਫ਼ੀ’ ਕਹਾਣੀ ਇਸ ਸਮੱਸਿਆ ਨੂੰ ਬੜੀ ਖ਼ੂਬਸੂਰਤੀ ਨਾਲ ਪੇਸ਼ ਕਰਦੀ ਹੈ। ਉਸ ਦਾ ਬੱਚਾ ਕੁਲਫ਼ੀ ਨਹੀਂ ਖ਼ਰੀਦ ਸਕਦਾ। ਸ਼ਾਹਾਂ ਦੇ ਬੱਚੇ ਰੋਜ਼ ਗੁਲਸ਼ੱਰੇ ਉਡਾਉਂਦੇ ਹਨ। ਉਸ ਨੂੰ ਇੱਕ ਦਿਨ ਬੜੀ ਖਿਝ ਆਈ ਤੇ ਉਸ ਨੇ ਕੁਲਫ਼ੀ ਖਾਂਦੇ ਇੱਕ ਅਮੀਰਜ਼ਾਦੇ ਨੂੰ ਕੁਲਫ਼ੀ ਸਣੇ ਨਾਲੀ ਵਿੱਚ ਸੁੱਟ ਦਿੱਤਾ।

ਧਾਰਮਕ ਜਨੂੰਨ : ਅੱਤਵਾਦ ਦਾ ਦੂਜਾ ਰੂਪ ਧਾਰਮਕ ਜਨੂੰਨ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ, ਜਿਸ ਦੇ ਬਾਹਰਲੇ ਮਖੌਟੇ ਥੱਲੇ ਹਮੇਸ਼ਾ ਆਰਥਿਕ ਹਿਤ ਲੁਕੇ ਹੋਏ ਹੁੰਦੇ ਹਨ। ਅਜਿਹੀ ਹਾਲਤ ਵਿੱਚ ਧਾਰਮਕ ਜਨੂੰਨ ਸਾਮਰਾਜੀ ਜਾਂ ਪੂੰਜੀਵਾਦੀ ਤਾਕਤਾਂ ਦੀਆਂ ਕਠਪੁਤਲੀਆਂ ਦੇ ਰੂਪ ਵਿੱਚ ਵੀ ਪ੍ਰਗਟ ਹੁੰਦਾ ਹੈ ਤੇ ਇਸ ਦੀ ਕੋਈ ਆਪਣੀ ਮੌਲਿਕ ਸੋਚ ਬਲਵਾਨ ਨਹੀਂ ਹੁੰਦੀ।

ਰਾਜਸੀ ਅੱਤਵਾਦ ਦੀ ਭਿਆਨਕਤਾ : ਰਾਜਸੀ ਅੱਤਵਾਦ ਬੜੇ ਘਿਨਾਉਣੇ ਰੂਪ ਵਿੱਚ ਪ੍ਰਗਟ ਹੁੰਦਾ ਹੈ, ਜਿਸ ਵਿੱਚ ਸੰਬੰਧਤ ਰਾਜਸੀ ਗਰੁੱਪ ਜਾਂ ਦੇਸ਼ ਆਪਣੀ ਤਾਕਤ ਨੂੰ ਬਣਾਈ ਰੱਖਣ ਤੇ ਵਧਾਉਣ ਲਈ ਹਰ ਹਰਬੇ (invasions, warlike apparatus) ਵਰਤਦੇ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਖ਼ੁਫ਼ੀਆ ਏਜੰਸੀਆਂ ਰਾਹੀਂ ਹੋਰਨਾਂ ਦੇਸ਼ਾਂ ਤੇ ਕੌਮਾਂ ਵਿੱਚ ਪਾੜ ਪੈਦਾ ਕਰਨਾ, ਰਾਜਨੀਤਕਾਂ ਦਾ ਕਤਲ ਕਰ ਕੇ ਉੱਥੋਂ ਦੀ ਰਾਜਨੀਤਕ ਸੱਤਾ ਨੂੰ ਹਿਲਾਉਣਾ ਤੇ ਮੁੜ ਆਪਣੇ ਹੱਥ ਵਿੱਚ ਕਰਨਾ ਆਦਿ। ਇਸੇ ਪ੍ਰਕਾਰ ਦੂਜੇ ਦੇਸ਼ਾਂ ਨੂੰ ਆਪਸ ਵਿੱਚ ਲੜਾਈ ਰੱਖਣ ਤੇ ਆਪਣਾ ਫ਼ੌਜੀ ਸਾਜ਼-ਸਮਾਨ ਵੇਚਣ ਲਈ ਸਾਮਰਾਜੀ ਦੇਸ਼ ਗੁਪਤ ਏਜੰਸੀਆਂ ਦੁਆਰਾ ਸ਼ਹਿ ਦਿੰਦੇ ਹਨ ਤਾਂ ਜੋ ਉਨ੍ਹਾਂ ਦੀ ਆਪਸੀ ਖਹਿ-ਖਹਿ ਨਾਲ ਸੰਬੰਧਤ ਮੁਲਕਾਂ ਦੀ ਤਾਕਤ ਨਸ਼ਟ ਹੁੰਦੀ ਰਹੇ ਤੇ ਹਥਿਆਰ-ਮਾਲਕ ਦੇਸ਼ ਸੰਸਾਰ ਰੂਪੀ ਪਿੰਡ ਵਿੱਚ ਨਾਮੀ ਬਦਮਾਸ਼ ਵਾਂਗ ਸੰਮਾਂ ਵਾਲੀ ਡਾਂਗ ਫੜ ਕੇ ਚੌਧਰੀਆਂ ਵਾਂਗ ਘੁੰਮਦਾ ਰਹੇ।

ਅਮਰੀਕਾ ਦੀ ਹੱਲਾ-ਸ਼ੇਰੀ : ਸੰਸਾਰ ਵਿੱਚ ਦਹਿਸ਼ਤ-ਪਸੰਦਾਂ ਦਾ ਪਾਲਕ ਅਮਰੀਕਾ ਨੂੰ ਮੰਨਿਆ ਜਾਂਦਾ ਹੈ ਜੋ ਅੱਤਵਾਦੀਆਂ ਨੂੰ ਸ਼ਰੇਆਮ ਸ਼ਰਨ ਹੀ ਨਹੀਂ ਦਿੰਦਾ, ਸਗੋਂ ਹਰ ਪ੍ਰਕਾਰ ਦੇ ਹਥਿਆਰ ਬਣਾਉਣ ਤੇ ਚਲਾਉਣ ਦੀ ਟਰੇਨਿੰਗ ਦੇਣ ਵਾਲੀਆਂ ਸੰਸਥਾਵਾਂ ਦੀ ਸਰਪ੍ਰਸਤੀ ਵੀ ਕਰਦਾ ਹੈ। ਏਸੇ ਦੇਸ਼ ਵਿੱਚ ਟਰੇਨਿੰਗ ਪ੍ਰਾਪਤ ਦਹਿਸ਼ਤ-ਪਸੰਦਾਂ ਨੇ ਭਾਰਤੀ ਹਵਾਈ ਜਹਾਜ਼ ਵਿੱਚ ਬੰਬ ਧਮਾਕੇ ਕਰ ਕੇ, 329 ਜਾਨਾਂ ਲਈਆਂ।

ਸੂਹੀਆ ਤੇ ਗੁਪਤ ਏਜੰਸੀਆਂ : ਸੰਸਾਰ ਦੇ ਕਈ ਵੱਡੇ-ਛੋਟੇ ਦੇਸ਼ ਇੱਕ-ਦੂਜੇ ਵਿਰੁੱਧ ਗੁਪਤ ਸਰਗਰਮੀਆਂ ਵਿੱਚ ਰੁੱਝੇ ਹੋਏ ਹਨ। ਹਰ ਦੇਸ਼ ਦੀ ਆਪੋ ਆਪਣੀ ਗੁਪਤ ਤੇ ਸੂਹੀਆ ਏਜੰਸੀ ਹੈ। ਭਾਰਤ ਦੀ ‘ਰਾਅ’, ਅਮਰੀਕਾ ਦੀ ਸੀ. ਆਈ. ਏ., ਰੂਸ ਦੀ ਕੇ. ਜੀ. ਬੀ., ਬਰਤਾਨੀਆ ਦੀ ਐੱਮ 5 ਤੇ 6 ਅਤੇ ਇਸਰਾਈਲ ਦੀ ‘ਮੌਸਾਦ’ ਆਦਿ ਇਨ੍ਹਾਂ ਵਿੱਚੋਂ ਪ੍ਰਮੁੱਖ ਹਨ। ਇਨ੍ਹਾਂ ਵਿੱਚ ਸੀ. ਆਈ. ਏ. ਸਭ ਤੋਂ ਵੱਧ ਸਰਗਰਮ ਤੇ ਖ਼ਤਰਨਾਕ ਹੈ ਤੇ ਇਸ ਦੇ ਕੰਮਾਂ ਵਿੱਚ ਅਮਰੀਕਾ ਨਾਲ ਮਿੱਤਰਤਾ ਨਾ ਰੱਖਣ ਵਾਲੇ ਦੇਸ਼ਾਂ ਵਿੱਚ ਗੜਬੜ ਕਰਨਾ, ਰਾਜ-ਪਲਟੇ ਕਰਨੇ ਤੇ ਰਾਜਨੀਤਕ ਕਤਲ ਕਰਨੇ ਸ਼ਾਮਲ ਹੈ। ਰੂਸ ਦੀ ਕੇ. ਜੀ. ਬੀ. ਏਜੰਸੀ ਹੀ ਇਸ ਦੇ ਮੁਕਾਬਲੇ ਦੀ ਏਜੰਸੀ ਮੰਨੀ ਜਾਂਦੀ ਹੈ।

ਸੀ.ਆਈ.ਏ. ਦੀਆਂ ਸਰਗਰਮੀਆਂ : ਬੰਗਲਾਦੇਸ਼ ਵਿੱਚ ਮੁਜੀਬੁਰਹਿਮਾਨ ਦਾ ਕਤਲ, ਭਾਰਤ ਵਿੱਚ ਸ੍ਰੀਮਤੀ ਇੰਦਰਾ ਗਾਂਧੀ ਦਾ ਕਤਲ ਆਦਿ ਸੀ. ਆਈ. ਏ. ਏਜੰਸੀ ਦੇ ਕਾਰਨਾਮੇ ਦੱਸੇ ਜਾਂਦੇ ਹਨ। ਪਿੱਛੇ ਜਿਹੇ ਲੀਬੀਆ ਦੇ ਪ੍ਰਧਾਨ ਕਰਨਲ ਗੱਦਾਫ਼ੀ ‘ਤੇ ਇਹ ਦੋਸ਼ ਲੱਗਿਆ ਕਿ ਉਹ ਵੱਖ-ਵੱਖ ਦੇਸ਼ਾਂ ਵਿੱਚ ਦਹਿਸ਼ਤ- ਪਸੰਦ ਕਾਰਵਾਈਆਂ ਦੀ ਸਰਪ੍ਰਸਤੀ ਕਰਦਾ ਹੈ ਤੇ ਇਹ ਦੋਸ਼ ਅਮਰੀਕਾ ਨੇ ਵਾਰ-ਵਾਰ ਲਾਇਆ। ਇਸ ਆੜ ਵਿੱਚ ਉਸ ਨੇ ਸੰਸਾਰਕ ਰਾਏ ਦੇ ਉਲਟ ਲੀਬੀਆ ‘ਤੇ ਦੋ ਵਾਰ ਬੰਬਾਰੀ ਕੀਤੀ ਤਾਂ ਜੋ ਲੀਬੀਆ ਅਮਰੀਕਾ ਦੀ ਮਹਾਨ ਤਾਕਤ ਅੱਗੇ ਗੋਡੇ ਟੇਕ ਦੇਵੇ। ਇਸ ਨਾਲ ਅਮਰੀਕਾ ਦਾ ਚਿਹਰਾ ਹੋਰ ਵੱਡੇ ਦਹਿਸ਼ਤ-ਪਸੰਦ ਦੇ ਰੂਪ ਵਿੱਚ ਸਾਹਮਣੇ ਆਇਆ ਜੋ ਦਹਿਸ਼ਤ-ਪਸੰਦੀ ਦੇ ਬਹਾਨੇ ਵੱਡੀ ਤਕੜੀ ਦਹਿਸ਼ਤ-ਗਰਦੀ ਕਰ ਕੇ ਵੀ ਸ਼ਰਮਸਾਰ ਨਹੀਂ ਹੁੰਦਾ।

ਸਾਮਰਾਜੀ ਤਾਕਤਾਂ ਦਾ ਸੁਆਰਥ : ਸਾਮਰਾਜੀ ਤਾਕਤਾਂ ਆਪਣੇ ਜ਼ਾਤੀ ਲਾਭ ਹਿਤ, ਜਿੱਥੇ ਲੋਕਾਂ ਨੂੰ ਲੜਵਾ ਕੇ ਉਨ੍ਹਾਂ ਦੀ ਤਾਕਤ ਨੂੰ ਵਿਅਰਥ ਰੋਲਦੀਆਂ ਤੇ ਦੇਸ਼-ਸ਼ਕਤੀ ਨੂੰ ਕਮਜ਼ੋਰ ਕਰਦੀਆਂ ਹਨ, ਉੱਥੇ ਆਪਣੀਆਂ ਸਮਰਥਕ ਸਰਕਾਰਾਂ ਨੂੰ ਤਨੋਂ-ਮਨੋਂ ਤੇ ਧਨੋਂ ਸਮਰਥਨ ਦੇ ਕੇ ਉਨ੍ਹਾਂ ਦੀ ਦਹਿਸ਼ਤ-ਗਰਦੀ ਨੂੰ ਉਤਸ਼ਾਹ ਦਿੰਦੀਆਂ ਹਨ। ਦੱਖਣੀ ਅਫ਼ਰੀਕਾ ਦੀ ਹਕੂਮਤ ਵੀ ਅਮਰੀਕਾ ਜਿਹੇ ਸਾਮਰਾਜੀ ਦੇਸ਼ ਦੇ ਸਿਰ ‘ਤੇ ਕਾਲੇ ਅਫ਼ਰੀਕੀ ਦੇਸ਼ਾਂ ‘ਤੇ ਅੰਨ੍ਹਾ ਤਸ਼ੱਦਦ ਕਰ ਰਹੀ ਹੈ ਤੇ ਉਨ੍ਹਾਂ ਦੇ ਮਾਨਵੀ-ਹੱਕਾਂ ਨੂੰ ਪੈਰਾਂ ਹੇਠ ਰੋਲ ਰਹੀ ਹੈ। ਪਾਕਿਸਤਾਨ ਦੇ ਫ਼ੌਜੀ ਡਿਕਟੇਟਰ ਜਨਰਲ ਜ਼ਿਆ ਦੇ ਸਿਰ ਉੱਤੇ ਵੀ ਉਸ ਦਾ ਪੱਕਾ ਹੱਥ ਸੀ।

ਸਾਰੰਸ਼ : ਭਾਰਤ ਵਿੱਚ ਵੀ ਬੇਰੁਜ਼ਗਾਰੀ, ਗ਼ਰੀਬੀ, ਅਨਪੜ੍ਹਤਾ, ਜਾਤੀ ਭਿੰਨਤਾ ਤੇ ਧਾਰਮਕ ਕੱਟੜਤਾ ਅੱਤਵਾਦ ਦੇ ਰੂਪ ਧਾਰਨ ਕਰਕੇ ਥਾਂ-ਥਾਂ ‘ਤੇ ਫੁੱਟ ਰਹੀ ਹੈ। ਇਸ ਨੂੰ ਕੇਵਲ ਬਾਹਰੀ ਸ਼ਕਤੀਆਂ ਦਾ ਹੱਥ ਕਹਿ ਕੇ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ ਕਿਉਂਕਿ ਅਜਿਹੇ ਨਾਮੁਰਾਦ ਅੰਦੋਲਨ ਸਿਉਂਕ ਵਾਂਗ ਲੱਗ ਕੇ ਦੇਸ਼ ਦੇ ਦਰੱਖ਼ਤ ਨੂੰ ਖੋਰਾ ਲਾ ਰਹੇ ਹਨ।