ਲੇਖ ਰਚਨਾ : ਡਾ. ਭੀਮ ਰਾਓ ਅੰਬੇਦਕਰ


ਭਾਰਤ ਦੇ ਮਹਾਨ ਸਪੂਤ : ਡਾ. ਭੀਮ ਰਾਓ ਅੰਬੇਦਕਰ ਭਾਰਤ ਦੇ ਮਹਾਨ ਸਪੂਤ ਸਨ। ਆਪ ਭਾਰੀ ਵਿਦਵਾਨ, ਫ਼ਿਲਾਸਫਰ, ਕਾਨੂੰਨਦਾਨ ਅਤੇ ਸੱਚੇ-ਸੁੱਚੇ ਦੇਸ਼-ਭਗਤ ਤੇ ਮਨੁੱਖਤਾ ਦੇ ਪ੍ਰੇਮੀ ਸਨ। ਆਪ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਵਿਸ਼ਿਆਂ ਬਾਰੇ ਡੂੰਘੀ ਸੂਝ-ਬੂਝ ਰੱਖਦੇ ਸਨ। ਆਪ ਨੂੰ ਅਜ਼ਾਦ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਹੋਣ ਦਾ ਮਾਣ ਪ੍ਰਾਪਤ ਹੈ। ਆਪ ਨੇ ਭਾਰਤੀ ਸਮਾਜ ਵਿਚੋਂ ਅਨਪੜ੍ਹਤਾ, ਅੰਧ-ਵਿਸ਼ਵਾਸਾਂ ਅਤੇ ਛੂਤ-ਛਾਤ ਦਾ ਖ਼ਾਤਮਾ ਕਰਨ ਲਈ ਪ੍ਰਭਾਵਸ਼ਾਲੀ ਕਦਮ ਪੁੱਟੇ, ਜਿਸ ਕਾਰਨ ਆਪ ਨੂੰ ਦਲਿਤਾਂ ਦੇ ਮਸੀਹਾ ਮੰਨਿਆ ਜਾਂਦਾ ਹੈ। ਆਪ ਨੂੰ ਸਤਿਕਾਰ ਨਾਲ ‘ਬਾਬਾ ਸਾਹਿਬ’ ਕਹਿ ਕੇ ਯਾਦ ਕੀਤਾ ਜਾਂਦਾ ਹੈ ਤੇ ਭਾਰਤ ਸਰਕਾਰ ਨੇ ਆਪ ਦੀ ਜਨਮ-ਸ਼ਤਾਬਦੀ ਦੇ ਮੌਕੇ ਆਪ ਨੂੰ ‘ਭਾਰਤ ਰਤਨ’ ਦੀ ਉਪਾਧੀ ਦਿੱਤੀ।

ਜਨਮ, ਮਾਤਾ-ਪਿਤਾ ਤੇ ਮੁੱਢਲੀ ਵਿੱਦਿਆ : ਡਾ. ਅੰਬੇਦਕਰ ਦਾ ਜਨਮ 14 ਅਪਰੈਲ, 1891 ਨੂੰ ਬੜੌਦਾ ਰਿਆਸਤ ਦੀ ਛਾਉਣੀ ਮਹੂ (ਮੱਧ ਪ੍ਰਦੇਸ਼) ਵਿਚ ਹੋਇਆ। ਆਪ ਦੇ ਪਿਤਾ ਫ਼ੌਜ ਵਿਚ ਸੂਬੇਦਾਰ ਸਨ ਤੇ ਉਹ ਪੈਨਸ਼ਨ ਲੈ ਕੇ ਘਰ ਆ ਗਏ। ਉਨ੍ਹਾਂ ਦਾ ਜੱਦੀ ਪਿੰਡ ਅੰਬਾ-ਵੱਡੇ ਸੀ, ਪਰ ਭੀਮ ਰਾਓ ਨੂੰ ਪੜ੍ਹਾਉਣ ਦੀ ਖ਼ਾਤਰ ਉਹ ਸਤਾਰਾ ਵਿਚ ਆ ਕੇ ਰਹਿਣ ਲੱਗ ਪਏ ਤੇ ਪੰਜ ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਕੈਂਪ ਸਕੂਲ ਵਿਚ ਦਾਖ਼ਲ ਕਰਾ ਦਿੱਤਾ। ਉਨ੍ਹਾਂ ਦੀ ਮਾਤਾ ਚਾਹੁੰਦੀ ਸੀ ਕਿ ਉਨ੍ਹਾਂ ਦਾ ਪੁੱਤਰ ਪੜ੍ਹ ਕੇ ਉੱਚੀ ਪਦਵੀ ਪ੍ਰਾਪਤ ਕਰੇ, ਪਰ ਉਹ ਕੁੱਝ ਸਮਾਂ ਬਿਮਾਰ ਰਹਿ ਕੇ ਚਲਾਣਾ ਕਰ ਗਈ। ਭੀਮ ਰਾਓ ਉਦਾਸ ਰਹਿਣ ਲੱਗ ਪਏ ਤੇ ਉਨ੍ਹਾਂ ਦਾ ਮਨ ਪੜ੍ਹਾਈ ਵਿੱਚ ਨਾ ਲਗਦਾ। ਵੱਡੇ ਭਰਾ ਅਨੰਦ ਰਾਓ ਦੁਆਰਾ ਮਾਤਾ ਦੀ ਇੱਛਾ ਯਾਦ ਕਰਾਉਣ ‘ਤੇ ਉਹ ਫਿਰ
ਦਿਲ ਲਾ ਕੇ ਪੜ੍ਹਾਈ ਕਰਨ ਲੱਗ ਪਏ। ਇਕ ਵਾਰੀ ਜਦੋਂ ਉਹ ਜ਼ੋਰਦਾਰ ਮੀਂਹ ਵਿੱਚ ਭਿੱਜਦੇ ਹੋਏ ਸਕੂਲ ਪਹੁੰਚੇ, ਤਾਂ ਅਧਿਆਪਕ ਉਨ੍ਹਾਂ ਦੀ ਪੜ੍ਹਾਈ ਵਿੱਚ ਲਗਨ ਦੇਖ ਕੇ ਦੰਗ ਰਹਿ ਗਏ।

ਅੰਬਾ-ਵੱਡੇ ਤੋਂ ਅੰਬੇਦਕਰ : ਭੀਮ ਰਾਓ ਆਪਣੇ ਪਿੰਡ ਦਾ ਨਾਂ ਅੰਬਾ-ਵੱਡੇ ਆਪਣੇ ਨਾਂ ਨਾਲ ਲਿਖਦੇ ਸਨ, ਪਰੰਤੂ ਅਧਿਆਪਕ ਨੇ ਇਸ ਨਾਂ ਨੂੰ ਬੋਲਣ ਵਿੱਚ ਔਖਾ ਦੇਖ ਕੇ ਉਨ੍ਹਾਂ ਨੂੰ ਆਪਣੇ ਨਾਂ ਨਾਲ ਅੰਬੇਦਕਰ ਲਿਖਣ ਦੀ ਸਲਾਹ ਦਿੱਤੀ ਤੇ ਨਾਲ ਹੀ ਆਪਣੇ ਰਜਿਸਟਰ ਉੱਤੇ ਉਨ੍ਹਾਂ ਦਾ ਨਾਂ ਅੰਬੇਦਕਰ ਲਿਖ ਲਿਆ।

ਸਕੂਲ ਵਿੱਚ ਛੂਤ-ਛਾਤ : ਜਦੋਂ ਭੀਮ ਰਾਓ ਨੇ ਸਤਾਰਾ ਦੇ ਕੈਂਪ ਸਕੂਲ ਤੋਂ ਪੰਜਵੀਂ ਪਾਸ ਕਰ ਲਈ, ਤਾਂ ਉਨ੍ਹਾਂ ਨੂੰ ਅੱਗੇ ਪੜ੍ਹਾਉਣ ਲਈ ਉਨ੍ਹਾਂ ਦੇ ਪਿਤਾ ਬੰਬਈ ਚਲੇ ਗਏ ਤੇ ਉੱਥੇ ਉਨ੍ਹਾਂ ਨੂੰ ਐਲਫ਼ਿਸਟੋਨ ਹਾਈ ਸਕੂਲ ਵਿਚ ਦਾਖ਼ਲ ਕਰਾ ਦਿੱਤਾ। ਉਸ ਸਮੇਂ ਛੂਤ-ਛਾਤ ਦਾ ਜ਼ੋਰ ਸੀ। ਭੀਮ ਰਾਓ ਨੂੰ ਛੋਟੀ ਉਮਰ ਵਿੱਚ ਹੀ ਇਨ੍ਹਾਂ ਕੁਰੀਤੀਆਂ ਦਾ ਸਾਹਮਣਾ ਕਰਨਾ ਪਿਆ। ਇਸ ਸਕੂਲ ਵਿੱਚ ਉਨ੍ਹਾਂ ਨੂੰ ਸੰਸਕ੍ਰਿਤ ਪੜ੍ਹਨ ਤੋਂ ਮਨ੍ਹਾ ਕਰ ਦਿੱਤਾ ਗਿਆ। ਭੀਮ ਰਾਓ ਨੇ ਮਨ ਵਿਚ ਜਾਤ-ਪਾਤ ਵਿਰੁੱਧ ਸੰਘਰਸ਼ ਕਰਨ
ਦਾ ਫ਼ੈਸਲਾ ਕਰ ਲਿਆ। 1907 ਵਿਚ ਆਪ ਨੇ ਦਸਵੀਂ ਪਾਸ ਕਰ ਲਈ।

ਵਿਆਹ ਤੇ ਸੰਤਾਨ : ਭੀਮ ਰਾਓ ਦਾ ਵਿਆਹ ਸਤਾਰਾਂ ਸਾਲਾਂ ਦੀ ਉਮਰ ਵਿਚ ਹੀ ਸੁਘੜ-ਸਿਆਣੀ ਰਾਮਾ ਬਾਈ ਨਾਲ ਹੋ ਗਿਆ। ਆਪ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂ ਜਸਵੰਤ ਰਾਓ ਰੱਖਿਆ ਗਿਆ।

ਉੱਚੀ ਪੜ੍ਹਾਈ : ਇਸ ਪਿੱਛੋਂ ਭੀਮ ਰਾਓ ਐਲਫਿੰਸਟੋਨ ਕਾਲਜ, ਬੰਬਈ ਵਿੱਚ ਦਾਖ਼ਲ ਹੋ ਗਏ। ਘਰ ਵਿਚ ਆਰਥਿਕ ਤੰਗੀ ਸੀ। ਇਸ ਸਮੇਂ ਇਕ ਅਧਿਆਪਕ ਕਲੂਸਕਰ ਨੇ ਉਨ੍ਹਾਂ ਦੀ ਮੱਦਦ ਕੀਤੀ ਤੇ ਉਹ ਉਨ੍ਹਾਂ ਨੂੰ ਬੜੌਦਾ ਦੇ ਮਹਾਰਾਜੇ ਕੋਲ ਲੈ ਗਏ। ਭੀਮ ਰਾਓ ਨੇ ਮਹਾਰਾਜਾ ਸੀਆ ਜੀ ਗਾਇਕਵਾੜ ਦੇ ਪ੍ਰਸ਼ਨਾਂ ਦੇ ਠੀਕ ਉੱਤਰ ਦਿੱਤੇ ਤੇ ਮਹਾਰਾਜੇ ਨੇ ਖ਼ੁਸ਼ ਹੋ ਕੇ ਉਨ੍ਹਾਂ ਨੂੰ ਵਜੀਫ਼ਾ
ਲਾ ਦਿੱਤਾ। ਇਸ ਤਰ੍ਹਾਂ 1912 ਵਿੱਚ ਭੀਮ ਰਾਓ ਨੇ ਬੀ. ਏ. ਪਾਸ ਕਰ ਲਈ। ਆਪ ਉੱਚੀ ਵਿੱਦਿਆ ਪ੍ਰਾਪਤ ਕਰਨੀ ਚਾਹੁੰਦੇ ਸਨ। ਮਹਾਰਾਜਾ ਬੜੌਦਾ ਉਸ ਸਮੇਂ ਕੁੱਝ ਹੁਸ਼ਿਆਰ ਵਿਦਿਆਰਥੀਆ ਨੂੰ ਪੜ੍ਹਨ ਲਈ ਅਮਰੀਕਾ ਭੇਜ ਰਹੇ ਸਨ। ਆਪ ਮਹਾਰਾਜੇ ਨੂੰ ਖ਼ੁਦ ਜਾ ਕੇ ਮਿਲੇ। ਮਹਾਰਾਜੇ ਨੇ ਉਨ੍ਹਾਂ ਦੀ ਬੇਨਤੀ ਮੰਨ ਕੇ ਉਨ੍ਹਾਂ ਨੂੰ ਉਚੇਰੀ ਪੜ੍ਹਾਈ ਲਈ ਅਮਰੀਕਾ ਜਾਣ ਦਾ ਮੌਕਾ ਦਿੱਤਾ। ਆਪ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਐੱਮ. ਏ. ਤੇ ਫਿਰ ਪੀ. ਐੱਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ। ਆਪ ਨੇ ਇੱਥੇ ਬਿਲਕੁਲ ਸਾਦਾ ਜੀਵਨ ਗੁਜ਼ਾਰਿਆ। ਆਪ ਦਿਨ ਵਿਚ ਇਕ ਕੱਪ ਚਾਹ ਪੀ ਕੇ ਤੇ ਡਬਲ ਰੋਟੀ ਖਾ ਕੇ ਗੁਜ਼ਾਰਾ ਕਰ ਲੈਂਦੇ ਸਨ। ਇਸ ਤੋਂ ਮਗਰੋਂ ਆਪ ਨੇ ਲੰਡਨ ਆ ਕੇ ਅਰਥ-ਸ਼ਾਸਤਰ ਤੇ ਕਾਨੂੰਨ ਦੀ ਪੜ੍ਹਾਈ ਕੀਤੀ। ਕੁੱਝ ਚਿਰ ਮਗਰੋਂ ਵਜੀਫ਼ੇ ਦੀ ਮਿਆਦ ਖ਼ਤਮ ਹੋ ਜਾਣ ‘ਤੇ ਆਪ ਦੇਸ਼ ਪਰਤ ਆਏ। ਭਾਰਤ ਵਿੱਚ ਮਿਲਟਰੀ ਸਕੱਤਰ, ਪ੍ਰੋਫੈਸਰ ਤੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਣਾ-ਭਾਰਤ ਆ ਕੇ ਆਪ ਮਹਾਰਾਜਾ ਬੜੌਦਾ ਦੇ
ਮਿਲਟਰੀ ਸਕੱਤਰ ਲੱਗ ਗਏ। ਦਫ਼ਤਰ ਵਿਚ ਜਾਤੀ ਭੇਦ-ਭਾਵ ਦੇਖ ਕੇ ਆਪ ਨੇ ਨੌਕਰੀ ਛੱਡ ਦਿੱਤੀ। ਫਿਰ ਬੰਬਈ ਵਿਚ ਉਹ ਸਿਡਹਿਨਮ ਕਾਲਜ ਵਿਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਲੱਗ ਗਏ। ਇੱਥੇ ਵੀ ਜਾਤੀ ਭੇਦ-ਭਾਵ ਦੇਖ ਕੇ ਆਪ ਲੰਡਨ ਪੁੱਜ ਗਏ। ਇੱਥੇ ਅਰਥ-ਸ਼ਾਸਤਰ ਦੀ ਉਚੇਰੀ ਡਿਗਰੀ ਪ੍ਰਾਪਤ ਕਰ ਕੇ ਵਕਾਲਤ ਪਾਸ ਕੀਤੀ। ਫਿਰ ਉਨ੍ਹਾਂ ਬੰਬਈ ਆ ਕੇ ਵਕਾਲਤ ਸ਼ੁਰੂ ਕਰ ਦਿੱਤੀ। ਫਿਰ ਉਹ ਸਰਕਾਰੀ ਲਾਅ ਕਾਲਜ, ਬੰਬਈ ਦੇ ਪ੍ਰਿੰਸੀਪਲ ਨਿਯੁਕਤ ਹੋ ਗਏ ।

ਜਾਤ-ਪਾਤ ਵਿਰੁੱਧ ਸੰਘਰਸ਼ : ਡਾ. ਭੀਮ ਰਾਓ ਅੰਬੇਦਕਰ ਨੇ ਬਚਪਨ ਤੋਂ ਹੀ ਮਨੁੱਖ ਦੀ ਮਨੁੱਖ ਪ੍ਰਤੀ ਕੀਤੀ ਨਫ਼ਰਤ ਨੂੰ ਸਹਿਆ ਸੀ। ਉਨ੍ਹਾਂ ਮਹਿਸੂਸ ਕੀਤਾ ਕਿ ਜਾਤ-ਪਾਤ ਵਿੱਦਿਆ ਦੀ ਰੌਸ਼ਨੀ ਨਾਲ ਹੀ ਦੂਰ ਹੋ ਸਕਦੀ ਹੈ। ਵਿੱਦਿਆ ਦੇ ਪਸਾਰ ਲਈ ਉਨ੍ਹਾਂ ਪੀਪਲਜ਼ ਐਜੂਕੇਸ਼ਨ ਸੁਸਾਇਟੀ ਬਣਾਈ। ਸਮਾਜ ਭਲਾਈ ਦੇ ਕਾਰਜ ਨੂੰ ਘਰ-ਘਰ ਪੁਚਾਉਣ ਲਈ ਉਨ੍ਹਾਂ ‘ਮੂਕ ਨਾਇਕ’ ਤੇ ‘ਬ੍ਰਹਿਸਕ੍ਰਿਤ ਭਾਰਤ’ ਅਖ਼ਬਾਰ ਕੱਢੇ। ਲੰਡਨ ਵਿਚ ਹੋਈਆਂ ਗੋਲ-ਮੇਜ਼ ਕਾਨਫ਼ਰੰਸਾਂ ਵਿੱਚ ਉਨ੍ਹਾਂ ਪਛੜੇ ਵਰਗਾਂ ਦੀ ਸਥਿਤੀ ਬਿਆਨ ਕੀਤੀ। ਉਨ੍ਹਾਂ ਦੇ ਯਤਨਾਂ ਨਾਲ ਪਛੜੇ ਵਰਗਾਂ ਨੂੰ ਕੁੱਝ ਸਹੂਲਤਾਂ ਮਿਲੀਆਂ। ਗ਼ਰੀਬ ਸਮਾਜ ਦੀ ਭਲਾਈ ਲਈ ਕੰਮ ਕਰਨ ਕਰ ਕੇ ਉਹ 1927 ਵਿਚ ਵਿਧਾਨ ਪਰਿਸ਼ਦ ਬੰਬਈ ਦੇ ਮੈਂਬਰ ਚੁਣੇ ਗਏ। ਅਜ਼ਾਦ ਭਾਰਤ ਦੇ ਸੰਵਿਧਾਨ ਨਿਰਮਾਤਾ-ਭਾਰਤ ਦੇ ਅਜ਼ਾਦ ਹੋਣ ‘ਤੇ ਉਹ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਬਣੇ। ਉਨ੍ਹਾਂ ਰਾਤ-ਦਿਨ ਮਿਹਨਤ ਕਰ ਕੇ ਭਾਰਤ ਦਾ ਸੰਵਿਧਾਨ ਲਿਖਿਆ, ਜੋ 26 ਜਨਵਰੀ, 1950 ਨੂੰ ਲਾਗੂ ਹੋਇਆ । ਜੀਵਨ ਦੇ ਅੰਤਲੇ ਦਿਨਾਂ ਵਿਚ ਉਹ ਬੁੱਧ ਧਰਮ ਦੀ ਸ਼ਰਨ ਵਿਚ ਚਲੇ ਗਏ। ਉਨ੍ਹਾਂ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਉਨ੍ਹਾਂ ਦੇ ਸੌ ਸਾਲਾ ਜਨਮ-ਦਿਨ ਉੱਤੇ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਭਾਰਤ ਰਤਨ ਦੀ ਉਪਾਧੀ ਨਾਲ ਸਨਮਾਨਿਤ ਕੀਤਾ। 6 ਦਸੰਬਰ, 1956 ਨੂੰ ਆਪ ਅਕਾਲ ਚਲਾਣਾ ਕਰ ਗਏ।

ਸਾਰ ਅੰਸ਼ : ਅਜ਼ਾਦ ਭਾਰਤ ਦੇ ਇਤਿਹਾਸ ਵਿਚ ਆਪ ਦਾ ਨਾਂ ਸਦਾ ਮਾਣ ਨਾਲ ਲਿਆ ਜਾਂਦਾ ਰਹੇਗਾ। ਆਪ ਦੀਆਂ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਨੀਤੀਆਂ ਦੇਸ਼ ਲਈ ਅੱਜ ਵੀ ਸਾਰਥਕ ਹਨ।