ਲੇਖ ਰਚਨਾ : ਕਿਸੇ ਇਤਿਹਾਸਕ ਸਥਾਨ ਦੀ ਯਾਤਰਾ
ਕਿਸੇ ਇਤਿਹਾਸਕ ਸਥਾਨ ਦੀ ਯਾਤਰਾ
ਸੈਰ ਸਪਾਟਾ ਮਨ ਨੂੰ ਭਾਏ, ਮਨੁੱਖ ਤਰੋ ਤਾਜ਼ਾ ਹੋ ਜਾਏ।
ਜਾਣ-ਪਛਾਣ : ਇਤਿਹਾਸਕ ਸਥਾਨਾਂ ਦੀ ਯਾਤਰਾ ਵਿਦਿਆਰਥੀ ਜੀਵਨ ਵਿੱਚ ਬਹੁਤ ਮਹੱਤਵ ਰੱਖਦੀ ਹੈ। ਸਮਾਜਕ ਤੇ ਭੂਗੋਲ ਵਿਸ਼ਿਆਂ ਦੇ ਵਿਦਿਆਰਥੀਆਂ ਲਈ ਤਾਂ ਇਤਿਹਾਸਕ ਸਥਾਨਾਂ ਦੀ ਯਾਤਰਾ ਖ਼ਾਸ ਕਰਕੇ ਬਹੁਤ ਜ਼ਰੂਰੀ ਹੈ। ਉਹ ਚੀਜ਼ਾਂ ਜਿਨ੍ਹਾਂ ਨੂੰ ਵਿਦਿਆਰਥੀ ਕਿਤਾਬਾਂ ਵਿੱਚ ਪੜ੍ਹ-ਪੜ੍ਹ ਕੇ ਥੱਕ ਜਾਂਦਾ ਹੈ, ਉਨ੍ਹਾਂ ਨੂੰ ਅੱਖੀਂ ਵੇਖ ਕੇ ਸਦਾ ਵਾਸਤੇ ਯਾਦ ਕਰ ਲੈਂਦਾ ਹੈ। ਇਨ੍ਹਾਂ ਯਾਤਰਾਵਾਂ ਦਾ ਜਿੱਥੇ ਵਿਦਿਆਰਥੀ ਨੂੰ ਪੜ੍ਹਾਈ-ਲਿਖਾਈ ਵਿੱਚ ਲਾਭ ਹੁੰਦਾ ਹੈ, ਉੱਥੇ ਉਨ੍ਹਾਂ ਦੀ ਆਮ ਜਾਣਕਾਰੀ ਵਿੱਚ ਵੀ ਵਾਧਾ ਹੁੰਦਾ ਹੈ।
ਤਾਜ ਮਹੱਲ ਵੇਖਣ ਜਾਣ ਦਾ ਪ੍ਰੋਗਰਾਮ ਬਣਾਉਣਾ : ਇੱਕ ਦਿਨ ਸਾਡੀ ਜਮਾਤ ਦੇ ਵਿਦਿਆਰਥੀਆਂ ਨੇ ਹੈੱਡ ਟੀਚਰ ਨਾਲ ਤਾਜ ਮਹੱਲ ਵੇਖਣ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਸਾਡੀ ਜਮਾਤ ਵੱਲੋਂ ਪ੍ਰਿੰਸੀਪਲ ਸਰ ਕੋਲੋਂ ਮਨਜ਼ੂਰੀ ਲੈਣ ਲਈ ਇੱਕ ਅਰਜ਼ੀ ਲਿਖਾਈ। ਅਰਜ਼ੀ ਪੜ੍ਹ ਕੇ ਪ੍ਰਿੰਸੀਪਲ ਸਰ ਨੇ ਖ਼ੁਸ਼ੀ-ਖ਼ੁਸ਼ੀ ਮਨਜ਼ੂਰੀ ਦੇ ਦਿੱਤੀ।
ਰੇਲਗੱਡੀ ਦਾ ਸਫ਼ਰ : ਨਿਸ਼ਚਤ ਦਿਨ ਸਾਡੀ ਜਮਾਤ ਦੇ ਸਾਰੇ ਵਿਦਿਆਰਥੀ ਆਪਣਾ-ਆਪਣਾ ਸਮਾਨ ਲੈ ਕੇ ਸਟੇਸ਼ਨ ‘ਤੇ ਪਹੁੰਚ ਗਏ। ਗੱਡੀ ਦੀਆਂ ਸੀਟਾਂ ਦੀ ਰੀਜ਼ਰਵੇਸ਼ਨ ਅਸੀਂ ਪਹਿਲਾਂ ਤੋਂ ਹੀ ਕਰਵਾ ਲਈ ਸੀ। ਗੱਡੀ ਆਈ ਤੇ ਅਸੀਂ ਉਸ ਵਿੱਚ ਬੈਠ ਗਏ। ਕੁਝ ਦੇਰ ਬਾਅਦ ਗੱਡੀ ਤੇਜ਼ੀ ਨਾਲ ਆਗਰੇ ਵੱਲ ਵਧਣ ਲੱਗੀ।
ਆਗਰੇ ਪਹੁੰਚਣਾ : ਸਾਡੀ ਗੱਡੀ ਆਗਰੇ ਸ਼ਹਿਰ ਵਿਖੇ ਸ਼ਾਮ ਤੱਕ ਪਹੁੰਚ ਗਈ। ਸਭ ਤੋਂ ਪਹਿਲਾਂ ਅਸੀਂ ਹੋਟਲ ਵਿੱਚ ਰਹਿਣ ਦਾ ਪ੍ਰਬੰਧ ਕੀਤਾ। ਰਾਤ ਕਾਫ਼ੀ ਹੋ ਚੁੱਕੀ ਸੀ। ਸਾਰੇ ਵਿਦਿਆਰਥੀ ਖਾਣਾ ਖਾਣ ਤੋਂ ਬਾਅਦ ਸੌਂ ਗਏ। ਜਦੋਂ ਅਸੀਂ ਸਵੇਰੇ ਉੱਠੇ ਤਾਂ ਅਸੀਂ ਹੈੱਡ ਟੀਚਰ ਨੂੰ ਤਾਜ ਮਹੱਲ ਵੇਖਣ ਜਾਣ ਲਈ ਬੇਨਤੀ ਕੀਤੀ। ਉਨ੍ਹਾਂ ਆਖਿਆ ਕਿ ਤਾਜ ਮਹੱਲ ਰਾਤ ਨੂੰ ਵੇਖਣ ਦਾ ਅਲੱਗ ਹੀ ਮਜ਼ਾ ਹੈ। ਅਸੀਂ ਪਹਿਲਾਂ ਸਾਰਾ ਦਿਨ ਆਗਰਾ ਘੁੰਮੇ ਤੇ ਰਾਤ ਨੂੰ ਤਾਜ ਮਹੱਲ ਵੇਖਣ ਲਈ ਚੱਲ ਪਏ।
ਤਾਜ ਮਹੱਲ ਦਾ ਵਰਣਨ : ਤਾਜ ਮਹੱਲ ਬਾਗ਼ ਦੀ ਸਤ੍ਹਾ ਤੋਂ ਛੇ ਮੀਟਰ ਉੱਚੇ ਸੰਗਮਰਮਰ ਦੇ ਇੱਕ ਚਬੂਤਰੇ ਉੱਪਰ ਖੜ੍ਹਾ ਹੈ। ਚਬੂਤਰੇ ਦੇ ਚਹੁੰ ਕੋਨਿਆਂ ਉੱਪਰ ਚਾਰ ਮੀਨਾਰ ਬਣੇ ਹੋਏ ਹਨ। ਇਹ ਚਾਰ ਮੀਨਾਰ ਪੰਜਾਹ ਫੁੱਟ ਉੱਚੇ ਹਨ। ਇਨ੍ਹਾਂ ਮੀਨਾਰਾਂ ਤੇ ਚੜ੍ਹਨ ਲਈ ਪੌੜੀਆਂ ਤੇ ਛੱਜੇ ਬਣੇ ਹੋਏ ਹਨ।
ਬਾਗ਼ ਦਾ ਦ੍ਰਿਸ਼ : ਇਸ ਇਮਾਰਤ ਦੇ ਆਲੇ-ਦੁਆਲੇ ਇੱਕ ਬਹੁਤ ਸੁੰਦਰ ਬਾਗ਼ ਹੈ। ਇਸ ਸਾਰੇ ਬਾਗ਼ ਵਿੱਚ ਨਰਮ ਤੇ ਮਖ਼ਮਲੀ ਘਾਹ ਵਿਛੀ ਹੋਈ ਹੈ। ਦਰਵਾਜ਼ੇ ਤੋਂ ਤਾਜ-ਮਹੱਲ ਤੱਕ ਦੋਹੀਂ ਪਾਸੀਂ ਸੰਗਮਰਮਰ ਦੇ ਰਸਤੇ ਬਣੇ ਹੋਏ ਹਨ। ਇਨ੍ਹਾਂ ਰਸਤਿਆਂ ਦੇ ਦੋਹੀਂ ਪਾਸੀਂ ਪੌਦੇ ਲੱਗੇ ਹਨ ਜੋ ਇਸਦੀ ਸੁੰਦਰਤਾ ਵਿੱਚ ਵਾਧਾ ਕਰਦੇ ਹਨ।
ਤਾਜ ਮਹੱਲ ਦਾ ਇਤਿਹਾਸ : ਤਾਜ ਮਹੱਲ ਨੂੰ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਪਿਆਰੀ ਬੇਗ਼ਮ ਮੁਮਤਾਜ਼ ਮਹੱਲ ਦੀ ਯਾਦ ਵਿੱਚ ਬਣਵਾਇਆ ਸੀ। ਇਸ ਨੂੰ ਵੀਹ ਹਜ਼ਾਰ ਮਜ਼ਦੂਰਾਂ ਨੇ ਰਾਤ-ਦਿਨ ਕੰਮ ਕਰਕੇ 20 ਸਾਲਾਂ ਵਿੱਚ ਪੂਰਾ ਕੀਤਾ ਤੇ ਉਸ ਸਮੇਂ ਇਸ ‘ਤੇ ਕਰੋੜਾਂ ਰੁਪਏ ਖ਼ਰਚ ਆਏ ਸਨ।
ਸ਼ਾਹਜਹਾਂ ਤੇ ਮੁਮਤਾਜ਼ ਦੀਆਂ ਕਬਰਾਂ : ਫਿਰ ਅਸੀਂ ਸ਼ਾਹਜਹਾਂ ਤੇ ਮੁਮਤਾਜ਼ ਦੀਆਂ ਕਬਰਾਂ ਵੇਖੀਆਂ। ਇੱਥੋਂ ਦੀਆਂ ਕੰਧਾਂ ਅਤੇ ਗੁੰਬਦਾਂ ਉੱਤੇ ਵੀ ਕਮਾਲ ਦੀ ਮੀਨਾਕਾਰੀ ਕੀਤੀ ਹੋਈ ਹੈ। ਸਾਡਾ ਸਾਰਿਆਂ ਦਾ ਮਨ ਤਾਂ ਮਹੱਲ ਵੇਖ ਕੇ ਗੱਦ-ਗੱਦ ਹੋ ਗਿਆ ਸੀ।
ਘਰ-ਵਾਪਸੀ : ਅਸੀਂ ਅਗਲੇ ਦਿਨ ਫਤਹਿਪੁਰ ਸੀਕਰੀ ਵੇਖਣ ਗਏ। ਚਾਰ ਦਿਨਾਂ ਦੀ ਇਸ ਯਾਤਰਾ ਮਗਰੋਂ ਅਸੀਂ ਆਪਣੇ ਘਰ ਪਹੁੰਚੇ।
ਸਾਰ-ਅੰਸ਼ : ਜੋ ਮਜ਼ਾ ਤਾਜ ਮਹੱਲ ਨੂੰ ਅੱਖੀਂ ਵੇਖ ਕੇ ਆਇਆ, ਉਹ ਪੁਸਤਕਾਂ ਪੜ੍ਹ ਕੇ ਨਹੀਂ ਆ ਸਕਦਾ | ਇਸ ਦੀ ਯਾਦ ਅਜੇ ਵੀ ਮੇਰੇ ਦਿਮਾਗ਼ ਵਿੱਚ ਤਰੋ-ਤਾਜ਼ਾ ਹੈ। ਮੈਨੂੰ ਇਹ ਯਾਤਰਾ ਕਦੇ ਵੀ ਨਹੀਂ ਭੁੱਲ ਸਕਦੀ।