ਲੇਖ ਰਚਨਾ : ਕਿਤਾਬਾਂ-ਸਭ ਤੋਂ ਚੰਗਾ ਸਾਥੀ


ਮਨੁੱਖੀ ਜੀਵਨ ਦੇ ਸਾਰੇ ਰਿਸ਼ਤਿਆਂ ਦੀ ਇੱਕ ਹੱਦ ਹੈ। ਇਨ੍ਹਾਂ ਰਿਸ਼ਤਿਆਂ ਦੇ ਦੁੱਖ-ਸੁੱਖ ਤੇ ਸਾਂਝ ਕਿਸੇ ਨਾ ਕਿਸੇ ਬੁਨਿਆਦ ‘ਤੇ ਖੜ੍ਹੀ ਹੈ। ਇਹ ਰਿਸ਼ਤੇ ਬਣਦੇ, ਉਸਰਦੇ, ਨਿਭਦੇ, ਨਿਭਾਉਂਦੇ, ਰੂਪ ਬਦਲਦੇ, ਵਿਸਰਦੇ ਤੇ ਟੁੱਟਦੇ ਹਨ। ਪਰ, ਜੇ ਆਪਣੀ ਸਾਂਝ, ਆਪਣਾ ਸਾਥੀ ਕਿਤਾਬਾਂ ਨੂੰ ਬਣਾ ਲਿਆ ਜਾਵੇ ਤਾਂ ਨਾ ਵਿਛੜਣ ਦਾ, ਨਾ ਟੁੱਟਣ ਤੇ ਨਾ ਹੀ ਗੁਆਚਣ ਦਾ ਡਰ। ਸਦੀਵੀ ਖੁਸ਼ੀ ਦੇਣ ਵਾਲਾ ਸਾਥੀ।

ਇਹ ਗਿਆਨ ਦਾ ਭੰਡਾਰ ਹਨ। ਸਾਡੇ ਕੋਲ ਮੌਜੂਦ ਹਨ ਸਾਡੇ ਵੇਦ, ਉਪਨਿਸ਼ਦ ਅਤੇ ਪਵਿੱਤਰ ਗ੍ਰੰਥ। ਇਹ ਮਨੁੱਖ ਨੂੰ ਚੰਗਾ ਜੀਵਨ ਜੀਉਣ ਦੀ ਜਾਚ ਸਿਖਾਉਂਦੇ ਹਨ। ਉਸ ਨੂੰ ਚੰਗਾ ਰਾਹ ਦਿਖਾ ਕੇ ਉਸ ਬ੍ਰਹਮ ਨਾਲ ਇਕ-ਮਿੱਕ ਹੋਣ ਦਾ ਢੰਗ ਦਸਦੇ ਹਨ, ਅਤੇ ਸੰਸਾਰਿਕ ਦੁੱਖਾਂ, ਕਲੇਸ਼ਾਂ ਤੋਂ ਉੱਪਰ ਉੱਠ ਕੇ ਆਤਮਾ ਦਾ ਪਰਮਾਤਮਾ ਵਿੱਚ ਲੀਨ ਹੋਣ ਦਾ ਰਾਹ ਦਿਖਾਉਂਦੇ ਹਨ, ਜੋ ਸਦੀਵੀ ਖੁਸ਼ੀ ਦਾ ਰਾਹ ਹੈ।

ਸਧਾਰਨ ਮਨੁੱਖ ਲਈ ਕਿਤਾਬਾਂ ਮਨ-ਪ੍ਰਚਾਵੇ ਦਾ ਸਾਧਨ ਹਨ। ਕਿਤਾਬਾਂ ਕਈ ਤਰ੍ਹਾਂ ਦੀਆਂ ਹਨ। ਇਹ ਕਿਸੇ ਵੀ ਵਿਸ਼ੇ ਨਾਲ ਸੰਬੰਧਤ ਹੋਣ, ਸਾਡੇ ਗਿਆਨ ਵਿੱਚ ਵਾਧਾ ਤਾਂ ਕਰਦੀਆਂ ਹੀ ਹਨ। ਸਾਹਿਤਕ ਕਿਤਾਬਾਂ ਦਾ ਹੀ ਘੇਰਾ ਬੜਾ ਵੱਡਾ ਹੈ। ਨਾਵਲ, ਕਵਿਤਾ, ਕਹਾਣੀਆਂ ਆਦਿ ਕਈ ਵਾਰ ਸਾਡੇ ਜੀਵਨ ਦੇ ਅਜਿਹੇ ਪੱਖਾਂ ਬਾਰੇ ਜਾਣਕਾਰੀ ਦਿੰਦੀਆਂ ਹਨ ਜਿਨ੍ਹਾਂ ਦੀ ਸਾਡੇ ਜੀਵਨ ਵਿੱਚ ਬੜੀ ਮਹੱਤਤਾ ਹੁੰਦੀ ਹੈ। ਜੇ ਸਾਹਿਤਕ ਕਿਤਾਬਾਂ ਸਾਡੀ ਬੌਧਿਕ ਗਿਆਨ ਦੀ ਭੁੱਖ ਨੂੰ ਪੂਰਾ ਕਰਦੀਆਂ ਹਨ ਤਾਂ ਇਤਿਹਾਸ ਦੀਆਂ ਕਿਤਾਬਾਂ ਸਾਡੇ ਪੁਰਾਤਨ ਇਤਿਹਾਸ ਤੋਂ ਜਾਣੂ ਕਰਵਾਉਂਦੀਆਂ ਹਨ। ਵਿਗਿਆਨ ਦੀਆਂ ਕਿਤਾਬਾਂ ਅਜੋਕੇ ਸਮੇਂ ਨਾਲ ਮਨੁੱਖ ਨੂੰ ਜੋੜਦੀਆਂ ਹਨ। ਸਰੀਰਕ ਸਿੱਖਿਆ ਨਾਲ ਸੰਬੰਧਤ ਕਿਤਾਬਾਂ ਸਰੀਰਕ ਢਾਂਚੇ ਨੂੰ ਸਮਝ ਕੇ ਸਰੀਰ ਨੂੰ ਕਿਵੇਂ ਤੰਦਰੁਸਤ ਰੱਖਿਆ ਜਾ ਸਕਦਾ ਹੈ, ਬਾਰੇ ਗਿਆਨ ਦਿੰਦੀਆਂ ਹਨ।

ਅਸਲ ਵਿੱਚ ਕਿਤਾਬਾਂ ਮਨੁੱਖ ਦੀ ਹਜ਼ਾਰਾਂ ਸਾਲਾਂ ਦੀ ਸਿਆਣਪ ਤੇ ਤਜ਼ਰਬਿਆਂ ਦਾ ਨਿਚੋੜ ਹਨ। ਇਸ ਤਰ੍ਹਾਂ ਇਹ ਕਿਤਾਬਾਂ ਜਿੱਥੇ ਮਨੁੱਖ ਨੂੰ ਨਵੇਂ ਰਾਹ ਦਿਖਾਉਣ ਵਿੱਚ ਸਹਾਈ ਹੋ ਰਹੀਆਂ ਹਨ, ਉੱਥੇ ਵਿਹਲੇ ਮਨੁੱਖ ਲਈ ਇੱਕ ਚੰਗਾ ਸਾਥੀ ਹਨ। ਕਿਤਾਬਾਂ ਨੂੰ ਆਪਣਾ ਸਾਥੀ ਬਣਾਉਣ ਤੋਂ ਪਹਿਲਾਂ ਮਨੁੱਖ/ਵਿਦਿਆਰਥੀ ਨੂੰ ਸਿਰਫ਼ ਸੁਚੇਤ ਹੋਣ ਦੀ ਲੋੜ ਹੈ। ਉਸ ਨੂੰ ਸਾਥੀ ਦੀ ਚੋਣ ਸੰਭਲ ਕੇ ਕਰਨੀ ਚਾਹੀਦੀ ਹੈ। ਚੰਗੀਆਂ ਕਿਤਾਬਾਂ ਹੀ ਪੜ੍ਹਨਾ ਉਸ ਦਾ ਉਦੇਸ਼ ਹੋਣਾ ਚਾਹੀਦਾ ਹੈ। ਉਸ ਨੂੰ ਸਮਝਣ ਲਈ ਉਹ ਆਪਣੇ ਮਾਂ-ਬਾਪ ਅਤੇ ਅਧਿਆਪਕਾਂ ਦੀ ਮਦਦ ਲੈ ਸਕਦਾ ਹੈ। ਸਾਡੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਹਨ। ਜ਼ਰੂਰਤ ਹੈ, ਉਹਨਾਂ ਦਾ ਸਾਥ ਲੈਣ ਦੀ। ਕਿਤਾਬਾਂ ਪੜ੍ਹਨਾ ਹੀ ਕਾਫੀ ਨਹੀਂ, ਉਹਨਾਂ ਉੱਪਰ ਅਮਲ ਕਰਨਾ ਉਸ ਤੋਂ ਵੀ ਵੱਧ ਜ਼ਰੂਰੀ ਹੈ, ਨਹੀਂ ਤਾਂ ਸਭ ਫ਼ਜੂਲ ਹੈ।

ਕਿਤਾਬਾਂ ਨੂੰ ਆਪਣਾ ਸਾਥੀ ਜ਼ਰੂਰ ਬਣਾਉਣਾ ਚਾਹੀਦਾ ਹੈ। ਇਹ ਧੋਖਾ ਨਾ ਦੇਣ ਵਾਲਾ ਸਾਥੀ ਹੈ। ਇਹ ਤੁਹਾਨੂੰ ਖੁਸ਼ੀ ਦੇਣ, ਮਨ-ਪ੍ਰਚਾਵਾ ਕਰਨ, ਵਿਹਲੇ ਸਮੇਂ ਦੀ ਸਹੀ ਵਰਤੋਂ ਕਰਾਉਣ, ਗਿਆਨ ਦੇਣ, ਸਾਰੇ ਸੰਸਾਰ ਦੇ ਮੁਲਕਾਂ, ਉੱਥੋਂ ਦੇ ਲੋਕਾਂ ਤੇ ਉਨ੍ਹਾਂ ਦੀ ਭਾਸ਼ਾ ਦੀ ਜਾਣਕਾਰੀ ਅਤੇ ਸੈਰ ਲਈ ਉਤਸ਼ਾਹ ਪੈਦਾ ਕਰਨ ਵਾਲਾ ਗਾਈਡ ਹੈ। ਇਹ ਮਨੁੱਖ ਦਾ ਚੰਗਾ ਸਾਥੀ ਹੈ। ਬੜੇ ਖੁਸ਼ਕਿਸਮਤ ਹਨ ਉਹ ਲੋਕ ਜਿਨ੍ਹਾਂ ਨੂੰ ਕਿਤਾਬਾਂ ਨੂੰ ਸਾਥੀ ਬਣਾਉਣ ਦਾ ਮੌਕਾ ਮਿਲਿਆ ਹੈ।