ਲੇਖ ਰਚਨਾ – ਕਾਲੇ ਧਨ ਦੇ ਪੁਜਾਰੀ : ਦੇਸ਼ ਨਾਲ ਗੱਦਾਰੀ


ਕਾਲੇ ਧਨ ਦੇ ਪੁਜਾਰੀ : ਦੇਸ਼ ਨਾਲ ਗੱਦਾਰੀ


ਜਾਣ-ਪਛਾਣ : ਕਿਸੇ ਵੀ ਤਰ੍ਹਾਂ ਦੇ ਨਜਾਇਜ਼ ਤਰੀਕੇ ਨਾਲ ਇਕੱਠਾ ਕੀਤਾ ਗਿਆ ਧਨ, ਕਾਲਾ ਧਨ ਅਖਵਾਉਂਦਾ ਹੈ। ਭਾਵ ਬੇਈਮਾਨੀ ਰਾਹੀਂ ਕੀਤੀ ਜਾਣ ਵਾਲੀ ਮੋਟੀ ਤੇ ਬੇਹਿਸਾਬੀ ਕਮਾਈ ਕਾਲਾ ਧਨ ਅਖਵਾਉਂਦੀ ਹੈ। ਇਸ ਨੂੰ ਹਰ ਹੀਲੇ ਸਰਕਾਰ ਤੋਂ ਲੁਕਾ ਕੇ ਰੱਖਿਆ ਤੇ ਵਰਤਿਆ ਜਾਂਦਾ ਹੈ, ਤਾਂ ਜੋ ਸਰਕਾਰ ਨੂੰ ਇਸ ਕਮਾਈ ਦਾ ਕੋਈ ਲੇਖਾ ਜਾਂ ਟੈਕਸ ਨਾ ਦੇਣਾ ਪਵੇ। ਨਕਦੀ ਦੇ ਰੂਪ ਵਿੱਚ ਇਕੱਠੀ ਹੋਈ ਰਕਮ ਨੂੰ ਨਿੱਜੀ ਸੁਰੱਖਿਅਤ ਥਾਵਾਂ ‘ਤੇ ਲੁਕਾਇਆ ਜਾਂਦਾ ਹੈ ਜਾਂ ਅਸਿੱਧੇ ਤੌਰ ‘ਤੇ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਹੈ ਜਾਂ ਮਹਿੰਗੀਆਂ ਜਾਇਦਾਦਾਂ, ਸੋਨੇ-ਜਵਾਹਰਾਤ ਦੇ ਗਹਿਣੇ ਆਦਿ ਖ਼ਰੀਦ ਕੇ ਇਸ ਨੂੰ ਚਿੱਟੇ ਧਨ ਦੇ ਰੂਪ ਵਿੱਚ ਆਪ ਹੀ ਵਰਤ ਲਿਆ ਜਾਂਦਾ ਹੈ।

ਪਰਿਭਾਸ਼ਾ : ਇਥੇ ਇਹ ਵੀ ਧਿਆਨ ਵਿੱਚ ਰੱਖਣ ਵਾਲੀ ਗੱਲ ਹੈ ਕਿ ਕਾਲਾ ਧਨ ਇੱਕ ਥਾਂ ‘ਤੇ ਰੁਕੀ ਹੋਈ ਜਾਂ ਜਮ੍ਹਾਂ ਕੀਤੀ ਹੋਈ ਆਮਦਨ ਨਹੀਂ ਬਲਕਿ ਇਹ ਤਾਂ ਚਾਲੂ ਆਮਦਨ ਦੇ ਰੂਪ ਵਿੱਚ ਹੁੰਦਾ ਹੈ। ਇਸ ਬਾਰੇ ਪ੍ਰੋ: ਅਭੈ ਕੁਮਾਰ ਦੂਲੇ ਦਾ ਵਿਚਾਰ ਹੈ, “ਕਾਲਾ ਧਨ ਕਿਸੇ ਇੱਕ ਜਾਂ ਕੁਝ ਥਾਵਾਂ ‘ਤੇ ਜਮ੍ਹਾਂ ਪਈ ਹੋਈ ਰਕਮ ਨਾ ਹੋ ਕੇ ਇੱਕ ਚਾਲੂ ਰਾਸ਼ੀ ਹੈ, ਜੋ ਤੇਜ਼ੀ ਨਾਲ ਅਰਥ-ਵਿਵਸਥਾ ਦੇ ਵੱਖ-ਵੱਖ ਖੇਤਰਾਂ ਵਿੱਚ ਚਲਦੀ ਰਹਿੰਦੀ ਹੈ ਤੇ ਬੈਂਕਿੰਗ ਪ੍ਰਣਾਲੀ ਰਾਹੀਂ ਟਿਕਦੀ ਤੇ ਫਿਰ ਅੱਗੇ ਵਧਦੀ ਰਹਿੰਦੀ ਹੈ।

ਸਰੋਤ : ਰਿਸ਼ਵਤਖੋਰੀ, ਜਮ੍ਹਾਖੋਰੀ, ਮੁਨਾਫ਼ਾਖੋਰੀ, ਭ੍ਰਿਸ਼ਟਾਚਾਰ, ਟੈਕਸ-ਚੋਰੀ, ਚੁੰਗੀ, ਨਕਲੀ ਕਰੰਸੀ, ਵਿਦੇਸ਼ੀ ਸਿੱਕੇ ਦੀ ਹੇਰਾਫੇਰੀ, ਘੁਟਾਲੇ ਆਦਿ ਇਸ ਕਮਾਈ ਦੇ ਪ੍ਰਮੁੱਖ ਸਰੋਤ ਹਨ। ਨੁਕਸਦਾਰ ਰਾਜ ਪ੍ਰਬੰਧ ਇਸ ਬੁਰਾਈ ਲਈ ਜ਼ਿੰਮੇਵਾਰ ਹੁੰਦਾ ਹੈ।

ਦੇਸ਼ ਦੇ ਦੁਸ਼ਮਣ : ਸਮਾਜ ਵਿੱਚ ਅਜਿਹੇ ਲੋਕਾਂ ਦੀ ਕਮੀ ਨਹੀਂ ਜੋ ਨਿੱਜੀ ਹਿਤਾਂ ਤੇ ਸੁਆਰਥ ਨੂੰ ਮੁੱਖ ਰੱਖ ਕੇ ਸਮਾਜ ਪ੍ਰਤੀ ਆਪਣੇ ਫ਼ਰਜ਼ਾਂ ਤੇ ਜ਼ਿੰਮੇਵਾਰੀਆਂ ਨੂੰ ਛਿੱਕੇ ਟੰਗ ਕੇ ਹਰ ਜਾਇਜ਼-ਨਜਾਇਜ਼ ਢੰਗ ਨਾਲ ਧਨ ਇਕੱਠਾ ਕਰਨ ਵੱਲ ਹੀ ਲੱਗੇ ਹੋਏ ਹਨ। ਬੇਸ਼ੱਕ ਕਾਲੇ ਧਨ ਤੇ ਕਿਸੇ ਇੱਕ ਦਾ ਏਕਾਧਿਕਾਰ ਹੁੰਦਾ ਹੈ ਪਰ ਇਹ ਕੰਮ ਕਈਆਂ ਦੀ ਮਿਲੀ-ਭੁਗਤ ਨਾਲ ਹੀ ਨੇਪਰੇ ਚੜ੍ਹਦਾ ਹੈ। ਕਾਲੇ ਧਨ ਨੂੰ ਇਕੱਠਾ ਕਰਨ ਵਾਲੇ ਲੋਕ ਦੇਸ਼ ਦੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ ਹਨ। ਇਹ ਕੇਵਲ ਸਰਕਾਰ ਨੂੰ ਹੀ ਧੋਖਾ ਨਹੀਂ ਦਿੰਦੇ, ਸਗੋਂ ਉਨ੍ਹਾਂ ‘ਤੇ ਹੋਰ ਟੈਕਸਾਂ ਦਾ ਭਾਰ ਪਾ ਦਿੰਦੇ ਹਨ ਜੋ ਪਹਿਲਾਂ ਹੀ ਇਮਾਨਦਾਰੀ ਨਾਲ ਟੈਕਸ ਅਦਾ ਕਰਦੇ ਹਨ।

ਟੈਕਸਾਂ ਦਾ ਮਨੋਰਥ : ਟੈਕਸ ਮਾਲੀਆ ਇਕੱਠਾ ਕਰਨ ਦਾ ਸਾਧਨ ਹੀ ਨਹੀਂ ਸਗੋਂ ਸਰਕਾਰੀ ਨੀਤੀ ਨੂੰ ਨਿਰਧਾਰਤ ਕਰਨ ਦਾ ਸਭ ਤੋਂ ਵੱਡਾ ਹਥਿਆਰ ਹੈ। ਇਸ ਪੈਸੇ ਨਾਲ ਹੀ ਦੇਸ਼ ਦੀਆਂ ਸਰਕਾਰੀ ਵਿਕਾਸ ਯੋਜਨਾਵਾਂ ਸਿਰੇ ਚੜ੍ਹਦੀਆਂ ਹਨ। ਪਰ ਕਾਲਾ ਧਨ ਦੇਸ਼ ਦੇ ਅਰਥ ਪ੍ਰਬੰਧ ਨੂੰ ਘੁਣ ਵਾਂਗ ਲੱਗਾ ਹੋਇਆ ਹੈ। ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਵਿਕਸਤ ਸਮਾਜ ਦੀ ਸਥਾਪਤੀ ਲਈ ਯੋਗ ਟੈਕਸ ਪ੍ਰਬੰਧ ਦੀ ਬਹੁਤ ਮਹਾਨਤਾ ਹੈ। ਸਰਕਾਰਾਂ ਟੈਕਸਾਂ ਤੋਂ ਹੀ ਦੇਸ਼ ਦਾ ਵਿਕਾਸ ਕਰਦੀਆਂ ਹਨ, ਜਿਸ ਨਾਲ ਰੁਜ਼ਗਾਰ ਵੀ ਵਧਦਾ ਹੈ, ਕੀਮਤਾਂ ਸਥਿਰ ਰਹਿੰਦੀਆਂ ਹਨ, ਟੈਕਸਾਂ ਦਾ ਬੋਝ ਘਟਦਾ ਹੈ ਤੇ ਆਰਥਕ ਕਾਣੀ-ਵੰਡ ਖ਼ਤਮ ਹੋ ਸਕਦੀ ਹੈ। ਇੱਕ ਅੰਦਾਜ਼ੇ ਮੁਤਾਬਕ ਇਸ ਵਕਤ ਆਪਣੇ ਹੀ ਦੇਸ਼ ਵਿੱਚ 130 ਲੱਖ ਕਰੋੜ ਦੇ ਲਗਪਗ ਕਾਲਾ ਧਨ ਮੌਜੂਦ ਹੋਣ ਦੀ ਸੰਭਾਵਨਾ ਹੈ। ਜੇ ਇਹ ਰਕਮ ਬੈਂਕਾਂ ਵਿੱਚ ਹੋਵੇ ਤਾਂ ਇਸ ਤੋਂ ਇਕੱਠੇ ਹੋਏ ਟੈਕਸ ਨਾਲ ਕਈ ਯੋਜਨਾਵਾਂ ਨੇਪਰੇ ਚੜ੍ਹ ਸਕਦੀਆਂ ਹਨ।

ਪ੍ਰਤੱਖ ਤੇ ਅਪ੍ਰਤੱਖ ਟੈਕਸ : ਭਾਰਤ ਵਿੱਚ ਪ੍ਰਤੱਖ ਤੌਰ ‘ਤੇ ਇਕੱਠਾ ਹੋਣ ਵਾਲਾ ਟੈਕਸ ਆਮਦਨ ਟੈਕਸ ਹੈ, ਜੋ ਨੌਕਰੀਪੇਸ਼ਾ, ਨੇਕ, ਇਮਾਨਦਾਰ, ਵਪਾਰੀ ਤੇ ਹੋਰ ਕਾਰੋਬਾਰੀਆਂ ਦੀ ਆਮਦਨੀ ਤੋਂ ਇਕੱਠਾ ਹੁੰਦਾ ਹੈ। ਉਹ ਨਿਯਮਾਂ ਅਨੁਸਾਰ ਟੈਕਸ ਅਦਾ ਕਰਦੇ ਹਨ। ਇਸ ਖੇਤਰ ਵਿੱਚ ਟੈਕਸ ਚੋਰੀ ਦੀ ਸੰਭਾਵਨਾ ਨਹੀਂ ਰਹਿੰਦੀ। ਜਦਕਿ ਅਤੱਖ ਕਰ ਪ੍ਰਣਾਲੀ ਜਿਵੇਂ ਵਿਕਰੀ ਕਰ, ਐਕਸਾਈਜ਼ ਡਿਊਟੀ ਆਦਿ ਤਾਂ ਹਰ ਇੱਕ ਨੂੰ ਪ੍ਰਭਾਵਿਤ ਕਰਦੀ ਹੈ। ਟੈਕਸ ਤਾਂ ਜਨਤਾ ਦਾ ਹਰ ਵਰਗ ਕਿਸੇ ਨਾ ਕਿਸੇ ਰੂਪ ਵਿੱਚ ਰੋਜ਼ਾਨਾ ਹੀ ਅਦਾ ਕਰਦਾ ਹੈ ਪਰ ਕੁਝ ਕੁ ਸ਼ਾਤਰ ਜਾਂ ਬੇਈਮਾਨ ਕਿਸਮ ਦੇ ਲੋਕ ਇਸ ਨੂੰ ਟਾਲਣ ਦਾ ਯਤਨ ਕਰਦੇ ਹਨ ਜਾਂ ਇਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ। ਇਸ ਪ੍ਰਕਾਰ ਥੋੜ੍ਹੇ ਜਿਹੇ ਬੇਈਮਾਨਾਂ ਦੀ ਥੋੜ੍ਹੀ-ਥੋੜ੍ਹੀ ਹੇਰਾਫੇਰੀ ਦੀ ਕਮਾਈ ਹੌਲੀ – ਹੌਲੀ ਵੱਡੀ ਮਾਤਰਾ ਵਿੱਚ ਇਕੱਠੀ ਹੋ ਜਾਂਦੀ ਹੈ। ਇਸ ਕਮਾਈ ਦਾ ਕਿਤੇ ਵੀ ਹਿਸਾਬ-ਕਿਤਾਬ ਦਰਜ ਨਹੀਂ ਕਰਵਾਇਆ ਜਾਂਦਾ। ਇੱਥੋਂ ਤੱਕ ਕਿ ਕਈ ਵਾਰ ਕਾਲੇ ਧਨ ਦੇ ਕੁਬੇਰਾਂ ਜਾਂ ਲੋਕਾਂ ਦਾ ਖੂਨ ਚੂਸਣ ਵਾਲੀਆਂ ਜੋਕਾਂ ਨੂੰ ਵੀ ਇਸ ਰਕਮ ਦਾ ਅੰਦਾਜ਼ਾ ਨਹੀਂ ਹੁੰਦਾ।

ਭ੍ਰਿਸ਼ਟਾਚਾਰ ਦਾ ਬੋਲਬਾਲਾ : ਵਰਤਮਾਨ ਦੌਰ ਵਿੱਚ ਭ੍ਰਿਸ਼ਟਾਚਾਰ ਚਰਮ ਸੀਮਾ ‘ਤੇ ਪੁੱਜ ਚੁੱਕਾ ਹੈ। ਲਗਪਗ ਹਰ ਖੇਤਰ ਵਿੱਚ ਛੋਟੇ ਕਲਰਕ ਤੋਂ ਲੈ ਕੇ ਵੱਡੇ ਅਫ਼ਸਰ ਤੱਕ ਇਸ ਦਾ ਪਸਾਰਾ ਫੈਲ ਚੁੱਕਾ ਹੈ। ਵੋਟਾਂ ਵੇਲੇ ਰਾਜਨੀਤੀ ਵਿੱਚ ਕਾਲੇ ਧਨ ਦੀ ਵਰਤੋਂ ਖੁੱਲ੍ਹੇਆਮ ਹੁੰਦੀ ਹੈ ਤੇ ਵੋਟਾਂ ਤੋਂ ਬਾਅਦ ਉਹੋ ਵਰਤਿਆ ਗਿਆ ਧਨ ਮੁੜ ਤੋਂ ਇਕੱਠਾ ਕਰਨਾ ਸ਼ੁਰੂ ਕੀਤਾ ਜਾਂਦਾ ਹੈ। ਇਸ ਤਰ੍ਹਾਂ ਇਹ ਚੱਕਰ ਚਲਦਾ ਹੀ ਰਹਿੰਦਾ ਹੈ। ਤਕਨਾਲੋਜੀ ਦੀ ਨਵੀਨਤਾ ਤੇ ਨਕਲੀ ਕਰੰਸੀ ਦੇ ਚਲਨ ਨੇ ਅਸਲ ਕਰੰਸੀ ਤੋਂ ਵੀ ਅਗਾਂਹ ਪੈਰ ਪੁੱਟ ਲਿਆ ਹੈ। ਇਸ ਬੁਰਾਈ ਨਾਲ ਦੇਸ਼ ਵਿੱਚ ਅਮੀਰ ਹੋਰ ਅਮੀਰ ਤੇ ਗ਼ਰੀਬ ਹੋਰ ਗ਼ਰੀਬ ਹੋ ਗਿਆ ਹੈ। ਮਹਿੰਗਾਈ ਨੇ ਕਚੂੰਮਰ ਕੱਢ ਦਿੱਤਾ ਹੈ। ਦੇਸ਼ ਕਰਜ਼ਾਈ ਹੋ ਗਿਆ ਹੈ।

ਕਾਲਾ ਧਨ ਰੋਕਣ ਦੇ ਉਪਰਾਲੇ : ਕਾਲੇ ਧਨ ਨੂੰ ਠੱਲ੍ਹ ਪਾਉਣ ਲਈ ਸਮੇਂ-ਸਮੇਂ ‘ਤੇ ਸਰਕਾਰਾਂ ਨੇ ਕਈ ਅਹਿਮ ਉਪਰਾਲੇ ਵੀ ਕੀਤੇ। 1978 ਵਿੱਚ ਮੁਰਾਰਜੀ ਦੇਸਾਈ ਨੇ 1000, 5000 ਤੇ 10 ਹਜ਼ਾਰ ਦੇ ਨੋਟ ਬੰਦ ਕਰਕੇ ਬੇਸ਼ੁਮਾਰ ਧਨ ਇਕੱਠਾ ਕੀਤਾ। ਵਿਦੇਸ਼ੀ ਕਰੰਸੀ ਲਈ ਕਾਨੂੰਨ ਬਣਾਇਆ ਗਿਆ। ਇਸੇ ਤਰ੍ਹਾਂ ਵਰਤਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਾਨਕ ਨੋਟਬੰਦੀ ਦਾ ਐਲਾਨ ਕਰਕੇ ਕਾਲੇ ਧਨ ਦੇ ਕੁਬੇਰਾਂ ਨੂੰ ਭਾਜੜਾਂ ਪਾ ਦਿੱਤੀਆਂ ਹਨ। ਪਹਿਲਾਂ ਵਾਂਗ ਹੀ ਸਰਕਾਰ ਵੱਲੋਂ ਪਹਿਲਾਂ ਆਪੋ–ਆਪਣੀ ਅਣਐਲਾਨੀ ਆਮਦਨ ਨੂੰ ਸਵੈ-ਘੋਸ਼ਤ ਕਰਨ ਲਈ ਸਮਾਂ ਦਿੱਤਾ ਗਿਆ ਤੇ ਟੈਕਸ ਦੀਆਂ ਰਿਆਇਤਾਂ ਵੀ ਦਿਤੀਆਂ ਗਈਆਂ, ਜਿਸ ਤੇ ਕੁਝ ਕੁ ਨਾ-ਮਾਤਰ ਜਿਹੇ ਲੋਕਾਂ ਨੇ ਹੀ ਅਮਲ ਕੀਤਾ। ਫਿਰ ਨੋਟਬੰਦੀ ਨਾਲ ਟੈਕਸ ਦੇ ਘੇਰੇ ਵਿਚਲੀ ਆਮਦਨ ਨਿਸਚਤ ਕਰ ਦਿੱਤੀ ਗਈ ਤੇ ਮੋਟੀ ਰਕਮ ‘ਤੇ ਟੈਕਸ ਤੇ ਨਾਲ-ਨਾਲ ਪਨੈਲਟੀ ਦਾ ਵੀ ਐਲਾਨ ਕਰ ਦਿੱਤਾ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਕਾਲੇ ਧਨ ਨੂੰ ਬਾਹਰ ਕਢਵਾਇਆ ਜਾ ਸਕੇਗਾ, ਅੱਤਵਾਦੀਆਂ ਨਕਸਲਵਾੜੀਆਂ ਦੇ ਮਨਸੂਬੇ ਫੇਲ੍ਹ ਕੀਤੇ ਜਾ ਸਕਦੇ ਹਨ ਤੇ ਦੇਸ਼ ਵਿੱਚ ਤਰੱਕੀ ਤੇ ਖੁਸ਼ਹਾਲੀ ਆ ਸਕਦੀ ਹੈ। ਇਹ ਪ੍ਰਕਿਰਿਆ ਅਜੇ ਮੁਢਲੀ ਅਵਸਥਾ ਵਿੱਚ ਹੈ। ਭਵਿੱਖ ਵਿੱਚ ਕੀ ਨਤੀਜੇ ਆਉਣਗੇ, ਇਸ ਦਾ ਇੰਤਜ਼ਾਰ ਕਰਨਾ ਪਵੇਗਾ।

ਸੁਝਾਅ : ਕਾਲੇ ਧਨ ਦੀ ਬੁਰਾਈ ਖ਼ਤਮ ਹੋ ਜਾਵੇ, ਇਹ ਹਰ ਕੋਈ ਚਾਹੁੰਦਾ ਹੈ। ਇਸ ਲਈ ਸਭ ਤੋਂ ਪਹਿਲਾਂ ਆਮ ਲੋਕਾਂ ਤੋਂ ਲੈ ਕੇ ਵੱਡੇ-ਵੱਡੇ ਲੀਡਰਾਂ ਤੱਕ ਹਰ ਇੱਕ ਨੂੰ ਇਮਾਨਦਾਰ ਹੋਣਾ ਚਾਹੀਦਾ ਹੈ। ਵੱਧ ਤੋਂ ਵੱਧ ਅਦਾਇਗੀਆਂ ਨਕਦ-ਰਹਿਤ ਹੋਣੀਆਂ ਚਾਹੀਦੀਆਂ ਹਨ, ਟੈਕਸਾਂ ਦਾ ਮਨੋਰਥ ਤੇ ਉਸ ਦੀ ਵਰਤੋਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਭ੍ਰਿਸ਼ਟਾਚਾਰੀਆਂ ਨੂੰ ਫੌਰਨ ਜੇਲ੍ਹ ਵਿੱਚ ਕੈਦ ਕੀਤਾ ਜਾਣਾ ਚਾਹੀਦਾ ਹੈ। ਨਕਲੀ ਕੁਰਸੀ ਜ਼ਬਤ ਕਰਕੇ ਨਸ਼ਟ ਕਰ ਦੇਣੀ ਚਾਹੀਦੀ ਹੈ, ਸਮੇਂ-ਸਮੇਂ ‘ਤੇ ਕਰੰਸੀ ਵਿੱਚ ਤਬਦੀਲੀ ਆਉਂਦੀ ਰਹਿਣੀ ਚਾਹੀਦੀ ਹੈ ਤੇ ਨੋਟਬੰਦੀ ਕਰਨ ਤੋਂ ਪਹਿਲਾਂ ਘੱਟੋ-ਘੱਟ ਇੱਕ-ਡੇਢ ਮਹੀਨਾ ਪਹਿਲਾਂ ਲੋਕਾਂ ਨੂੰ ਦੋ ਦੇਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਨੂੰ ਕੋਈ ਵੀ ਮੁਸ਼ਕਲ ਨਾ ਆਵੇ ਤੇ ਵੱਧ ਤੋਂ ਵੱਧ ਖ਼ਰੀਦਦਾਰੀ ਨਾਲ ਵੱਧ ਤੋਂ ਵੱਧ ਪੈਸਾ ਬਜ਼ਾਰ ਵਿੱਚ ਆ ਸਕੇ।