CBSEEducationਲੇਖ ਰਚਨਾ (Lekh Rachna Punjabi)

ਲੇਖ ਰਚਨਾ : ਇੰਟਰਨੈੱਟ


ਜਾਣ-ਪਛਾਣ : ਇੰਟਰਨੈੱਟ ਉਸ ਵਿਵਸਥਾ ਦਾ ਨਾਂ ਹੈ, ਜਿਸ ਰਾਹੀਂ ਦੁਨੀਆ ਭਰ ਦੇ ਕਰੋੜਾਂ ਕੰਪਿਊਟਰ ਤੇ ਮੋਬਾਇਲ ਇਕ-ਦੂਜੇ ਨਾਲ ਜੁੜੇ ਹੋਏ ਹਨ ਤੇ ਉਹ ਇਕ-ਦੂਜੇ ਨੂੰ ਸੰਦੇਸ਼ ਭੇਜ ਤੇ ਪ੍ਰਾਪਤ ਕਰ ਸਕਦੇ ਹਨ ਅਤੇ ਇਕ-ਦੂਜੇ ਵਿਚ ਮੌਜੂਦ ਸੂਚਨਾ ਦਾ ਆਦਾਨ-ਪ੍ਰਦਾਨ ਕਰ ਸਕਦੇ ਹਨ।

ਇੰਟਰਨੈੱਟ ਕੁਨੈਕਸ਼ਨ : ਸਾਡੇ ਦੇਸ਼ ਵਿਚ ਜੀਓ, ਏਅਰਟੈੱਲ, ਵੀ.ਆਈ. ਅਤੇ ਬੀ.ਐੱਸ.ਐੱਨ.ਐਲ. ਆਦਿ ਕੰਪਨੀਆਂ ਵੱਖਰੇ-ਵੱਖਰੇ ਪੈਕਿਜਾਂ ਵਿਚ ਇੰਟਰਨੈੱਟ ਸਰਵਿਸ ਪ੍ਰਦਾਨ ਕਰਦੀਆਂ ਹਨ। ਤੁਸੀਂ ਕਿਸੇ ਵੀ ਕੰਪਨੀ ਤੋਂ ਆਪਣੀ ਲੋੜ ਮੁਤਾਬਕ ਇੰਟਰਨੈੱਟ ਕੁਨੈਕਸ਼ਨ ਪ੍ਰਾਪਤ ਕਰ ਸਕਦੇ ਹੋ ਅਤੇ ਰਾਊਟਰ ਰਾਹੀਂ ਵਾਈ-ਫਾਈ ਸੇਵਾ ਵੀ ਲੈ ਸਕਦੇ ਹੋ। ਇਸ ਲਈ ਤੁਹਾਨੂੰ ਹਰ ਮਹੀਨੇ ਆਪਣੇ ਪੈਕਿਜ ਅਨੁਸਾਰ ਬਿੱਲ ਦੀ ਅਦਾਇਗੀ ਕਰਨੀ ਪਵੇਗੀ। ਮੋਬਾਈਲ ਵਿਚ ਇੰਟਰਨੈੱਟ ਲਈ ਮੋਬਾਈਲ ਡਾਟੇ ਦੀ ਸਿੱਧੀ ਵਰਤੋਂ ਵੀ ਕੀਤੀ ਜਾ ਸਕਦੀ ਹੈ, ਪਰ ਉਹ ਮਹਿੰਗੀ ਪੈਂਦੀ ਹੈ। ਇਸ ਲਈ ਮੋਬਾਈਲ ਕੁਨੈਕਸ਼ਨ ਦੇਣ ਵਾਲੀ ਕੰਪਨੀ ਤੋਂ ਇੰਟਰਨੈੱਟ ਲਈ ਲੋੜ ਮੁਤਾਬਿਕ ਕੋਈ ਪੈਕੇਜ ਲੈਣਾ ਹੀ ਠੀਕ ਰਹਿੰਦਾ ਹੈ।

ਲੋਕ-ਪ੍ਰਿਅਤਾ ਤੇ ਵਰਤੋਂ : ਅੱਜ ਦੁਨੀਆ ਦੀ 8 ਅਰਬ ਆਬਾਦੀ ਵਿਚੋਂ ਪੰਜ ਅਰਬ ਲੋਕ ਇੰਟਰਨੈੱਟ ਦੀ ਵਰਤੋਂ ਕਰ ਰਹੇ ਹਨ। ਭਾਰਤ ਵਿਚ ਇਨ੍ਹਾਂ ਦੀ ਗਿਣਤੀ 66 ਕਰੋੜ ਹੈ। ਇੰਟਰਨੈੱਟ ਦੀ ਵਰਤੋਂ ਬਹੁਮੰਤਵੀ ਹੈ। ਸੰਚਾਰ ਦਾ ਸਾਧਨ ਤੇ ਜਾਣਕਾਰੀ ਦਾ ਸੋਮਾ-ਇੰਟਰਨੈੱਟ ਦੀ ਬਹੁਤੀ ਵਰਤੋਂ ਈ-ਮੇਲ, ਫਾਈਲਾਂ ਦੇ ਆਦਾਨ-ਪ੍ਰਦਾਨ, ਵੈਬ ਬ੍ਰਾਊਜ਼ਿੰਗ ਤੇ ਖ਼ਬਰਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ।

ਇਹ ਸਾਧਨਾਂ ਦਾ ਇਕ ਅਜਿਹਾ ਸਮੁੰਦਰ ਹੈ, ਜਿਹੜਾ ਇੰਤਜ਼ਾਰ ਕਰਦਾ ਹੈ ਕਿ ਤੁਸੀਂ ਇਸ ਨੂੰ ਰਿੜਕੋ ਤੇ ਇਸ ਵਿਚੋਂ ਚੌਦਾਂ ਨਹੀਂ ਅਣਗਿਣਤ ਰਤਨ ਕੱਢੋ। ਇਸ ਵਿਚ ਵਣਜ-ਵਪਾਰ ਦੇ ਅਸੀਮਿਤ ਸ਼ੁੱਭ ਮੌਕੇ ਮੌਜੂਦ ਹਨ। ਇਸ ਵਿਚ ਮੌਜੂਦ ਸੈਂਕੜੇ ਅਜਿਹੀਆਂ ਲਾਇਬਰੇਰੀਆ ਅਤੇ ਆਰਕਾਈਵਾਂ ਤੁਹਾਡੀਆਂ ਉਂਗਲਾਂ ਦੇ ਪੋਟਿਆਂ ਉੱਤੇ ਖੁੱਲ੍ਹ ਜਾਂਦੀਆਂ ਹਨ। ਵਿਦਵਾਨਾਂ ਲਈ ਇਸ ਵਿਚ ਇਹ ਸ਼ੋਧ-ਪੱਤਰਾਂ ਲਈ ਖੋਜ ਤੇ ਵਪਾਰੀਆਂ ਲਈ ਵਪਾਰ ਕਰਨ ਦੇ ਅਨੇਕਾਂ ਬਹੁਮੁੱਲੇ ਸੋਮੇ ਮੌਜੂਦ ਹਨ। ਇਸ ਵਿਚ ਦੁਨੀਆ ਭਰ ਦੇ ਅਪਹੁੰਚ ਥਾਂਵਾਂ ਦੇ ਨਕਸ਼ੇ, ਦ੍ਰਿਸ਼ ਤੇ ਜੀ.ਪੀ.ਐੱਸ. ਦੇ ਰੂਪ ਵਿਚ ਵਿਸ਼ਵਾਸ-ਯੋਗ ਰਾਹ-ਦਸੈਰਾ ਮੌਜੂਦ ਹੈ। ਇਸ ਉੱਤੇ ਭਿੰਨ-ਭਿੰਨ ਸੋਸ਼ਲ ਸਾਈਟਾਂ, ਫੇਸ-ਬੁੱਕ, ਸਕਾਈਪ, ਟਵਿੱਟਰ, ਮਾਈ ਸਪੇਸ, ਵਟਸ ਐਪ, ਜੀ+, ਤੇ ਯੂ-ਟਿਊਬ ਉੱਤੇ ਦੋਸਤੀਆਂ ਦਾ ਮੇਲਾ ਲੱਗਾ ਹੋਇਆ ਹੈ ਅਤੇ ਗਿਆਨ ਤੇ ਵਾਕਫ਼ੀ ਦੇ ਬਗੀਚੇ ਖਿੜੇ ਹੋਏ ਹਨ।

ਵਪਾਰਕ ਗਤੀਵਿਧੀਆਂ ਤੇ ਈ-ਕਾਮਰਸ : ਇੰਟਰਨੈੱਟ ਉੱਤੇ ਵੈੱਬ-ਸਾਈਟਾਂ, ਆਨ-ਲਾਈਨ ਪੜ੍ਹਾਈ ਤੇ ਸਿਖਲਾਈ, ਖ਼ਰੀਦ-ਵੇਚ, ਇਸ਼ਤਿਹਾਰਬਾਜ਼ੀ, ਫ਼ਿਲਮਾਂ, ਗੀਤ-ਸੰਗੀਤ ਤੇ ਅਖ਼ਬਾਰਾਂ, ਰਸਾਲਿਆਂ ਅਤੇ ਆਨ-ਡਿਮਾਂਡ ਵੀਡੀਓਜ਼ ਰਾਹੀਂ ਬਹੁਤ ਸਾਰੀਆਂ ਵਪਾਰਕ ਗਤੀਵਿਧੀਆਂ ਵੀ ਚਲਾਈਆ ਜਾਂਦੀਆਂ ਹਨ, ਜਿਨ੍ਹਾਂ ਤੋਂ ਘਰ ਬੈਠਿਆਂ ਪੜ੍ਹਾਈ-ਲਿਖਾਈ ਤੇ ਸਿਖਲਾਈ ਅਤੇ ਦਿਲ-ਪਰਚਾਵੇ ਦੀ ਸਾਮਗਰੀ ਪ੍ਰਾਪਤੀ ਹੁੰਦੀ ਹੈ।

ਈ-ਕਾਮਰਸ ਦਾ ਵਿਕਾਸ ਇੰਟਰਨੈੱਟ ਦੀ ਇਕ ਹੋਰ ਹੈਰਾਨ ਕਰਨ ਵਾਲੀ ਦੇਣ ਹੈ, ਜਿਸ ਨਾਲ ਇਸ ਮਾਧਿਅਮ ਦੀ ਸਮਰੱਥਾ ਦੀ ਖੋਜ ਕਰਨ ਲਈ ਵੱਧ ਤੋਂ ਵੱਧ ਕੰਪਨੀਆ ਅੱਗੇ ਆਈਆਂ ਹਨ ਅਤੇ ਇੰਟਰਨੈੱਟ ਉੱਤੇ ਉਨ੍ਹਾਂ ਸੱਚਮੁੱਚ ਦੇ ਸ਼ੋ-ਰੂਮ ਸਥਾਪਤ ਕਰ ਦਿੱਤੇ ਹਨ, ਜਿੰਨਾਂ ਤਕ ਦੁਨੀਆ ਵਿਚ ਕਿਸੇ ਥਾਂ ਵੀ ਇੰਟਰਨੈੱਟ ਦੀ ਵਰਤੋਂ ਕਰਨ ਵਾਲਾ ਵਿਅਕਤੀ ਮਾਊਸ ਨੂੰ ਕਲਿੱਕ ਕਰ ਕੇ ਪਹੁੰਚ ਕਰ ਸਕਦਾ ਹੈ ਅਤੇ ਉਹ ਉਸ ਉੱਤੇ ਇਲੈਕਟ੍ਰਾਨਿਕ ਕੈਟਾਲਾਗ, ਉਤਪਾਦਨ ਤਸਵੀਰਾਂ ਪ੍ਰਦਰਸ਼ਨ ਅਤੇ ਹੋਰ ਜਾਣਕਾਰੀ ਨੂੰ ਦੇਖ ਆਪਣੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਦਾ ਹੋਇਆ ਕਿਸੇ ਵੀ ਚੀਜ਼ ਨੂੰ ਖ਼ਰੀਦਣ ਲਈ ਆਰਡਰ ਦੇ ਸਕਦਾ ਹੈ। ਬੈਂਕਾਂ ਵਿਚ ਲੈਣ-ਦੇਣ ਲਈ ਏ.ਟੀ.ਐੱਮ. (ATM) ਇਸੇ ਦਾ ਹੀ ਹਿੱਸਾ ਹੈ। ਇਸ ਸਾਧਨ ਰਾਹੀਂ, ਜਿੱਥੇ ਕਈ ਕੰਪਨੀਆਂ ਨੇ ਇੱਕੋ ਦਿਨ ਵਿਚ ਕਰੋੜਾਂ ਰੁਪਇਆ ਦਾ ਸਮਾਨ ਵੇਚਿਆ ਹੈ, ਉੱਥੇ ਕਈ ਥਾਂਈਂ ਠਗੀਆਂ ਵੀ ਹੋ ਰਹੀਆਂ ਹਨ।

ਮੌਸਮ ਦੀ ਜਾਣਕਾਰੀ ਤੇ ਜੀ.ਪੀ.ਐੱਸ. ਦੀ ਸਹੂਲਤ : ਇੰਟਰਨੈੱਟ ਰਾਹੀਂ ਸਾਨੂੰ ਸਾਡੇ ਕੰਪਿਊਟਰ, ਲੈਪ-ਟਾਪ ਜਾਂ ਮੋਬਾਈਲ ਉੱਤੇ ਮੌਸਮ ਅਤੇ ਆਵਾਜਾਈ ਦੀ ਸਥਿਤੀ ਤੇ ਜੀ.ਪੀ.ਐੱਸ. ਰਾਹੀਂ ਆਪਣੇ ਟਿਕਾਣੇ ਜਾ ਕਿਸੇ ਥਾਂ ਜਾਣ ਲਈ ਰਸਤੇ ਦਾ ਨਿਰਦੇਸ਼ਨ ਮੌਜੂਦ ਰਹਿੰਦਾ ਹੈ, ਜਿਸ ਨਾਲ ਅਸੀ ਭੁੱਲਣ-ਭਟਕਣ ਤੇ ਪੁੱਛ-ਗਿੱਛ ਤੋਂ ਬਚ ਕੇ ਅਨਜਾਣੇ ਥਾਂਵਾਂ ਉੱਤੇ ਪਹੁੰਚ ਸਕਦੇ ਹਾਂ, ਜਾ ਉੱਥੋਂ ਲੰਘ ਸਕਦੇ ਹਾਂ। ਇਸ ਤੋਂ ਇਲਾਵਾ ਆਪਣੇ ਮੋਬਾਈਲ ਉੱਤੇ ਅਸੀਂ ਆਪਣੇ ਸੱਜਣਾਂ-ਮਿੱਤਰਾਂ, ਵਪਾਰਕ ਭਾਈਵਾਲਾਂ, ਟੀ.ਵੀ ਚੈਨਲਾਂ ਤੇ ਸੰਸਾਰ ਦੀਆ ਖ਼ਬਰਾਂ ਨਾਲ ਵੀ ਜੁੜੇ ਰਹਿੰਦੇ ਹਾਂ।

ਹੋਰ ਸਹੂਲਤਾਂ : ਇੰਟਰਨੈੱਟ ਦੀ ਵਰਤੋਂ ਉੱਪਰ ਦੱਸੇ ਅਨੁਸਾਰ ਘਰ ਬੈਠਿਆਂ ਸਕੂਲਾਂ-ਕਾਲਜਾਂ ਤੇ ਯੂਨੀਵਰਸਿਟੀਆਂ ਦੀ ਪੜ੍ਹਾਈ-ਲਿਖਾਈ ਨੂੰ ਜਾਰੀ ਰੱਖਣ, ਗਲੋਬਲ ਕੰਪਨੀਆਂ ਦੇ ਮੁਲਾਜ਼ਮਾਂ ਲਈ ਘਰ-ਬੈਠਿਆਂ ਕੰਮ ਕਰਨ ਤੇ ਬੈਂਕਿੰਗ ਆਦਿ ਲਈ ਵੀ ਕੀਤੀ ਜਾਂਦੀ ਹੈ।

ਖ਼ਬਰਦਾਰ ਰਹਿਣ ਦੀ ਲੋੜ : ਇਸ ਤੋਂ ਇਲਾਵਾ ਇੰਟਰਨੈੱਟ ਉੱਤੇ ਭਿੰਨ-ਭਿੰਨ ਵੈੱਬਸਾਈਟਾਂ ਉੱਤੇ ਬਹੁਤ ਸਾਰੀ ਗੁਮਰਾਹਕਰੂ, ਭੁਚਲਾਊ ਤੇ ਅਪਰਾਧਿਕ ਸਮੱਗਰੀ ਵੀ ਮੌਜੂਦ ਹੈ। ਇਸ ਤੋਂ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਬਚਾ ਕੇ ਰੱਖਣ ਦੀ ਬਹੁਤ ਲੋੜ ਹੈ। ਇੰਟਰਨੈੱਟ ਉੱਤੇ ਜਦੋਂ ਅਸੀਂ ਕਿਸੇ ਅਨਜਾਣ ਵਿਅਕਤੀ ਨਾਲ ਗੱਲ-ਬਾਤ (Chatting) ਕਰਦੇ ਹਾਂ ਜਾਂ ਉਸ ਨਾਲ ਆਪਣੇ ਸੰਬੰਧ ਸਥਾਪਿਤ ਕਰਦੇ ਹਾਂ, ਤਾਂ ਸਾਨੂੰ ਕਦੇ ਵੀ ਉਸ ਨੂੰ ਆਪਣਾ ਨਾਂ, ਪਤਾ, ਫੋਟੋ, ਕੰਮ-ਕਾਰ, ਰੁਚੀਆਂ ਤੇ ਆਦਤਾਂ ਬਾਰੇ ਨਹੀਂ ਦੱਸਣਾ ਚਾਹੀਦਾ ਕਿਉਂਕਿ ਕਈ ਵਾਰ ਅਗਲੇ ਪਾਸੇ ਬੈਠਾ ਵਿਅਕਤੀ ਅਪਰਾਧੀ ਬਿਰਤੀ ਵਾਲਾ ਵੀ ਹੋ ਸਕਦਾ ਹੈ। ਕਈ ਵਾਰੀ ਉਹ ਵਾਇਰਸ ਜਾ ਕਿਸੇ ਹੋਰ ਪ੍ਰਕਾਰ ਦੀ ਨੁਕਸਾਨ ਪੁਚਾਉ ਸਾਮਗਰੀ ਵੀ ਭੇਜ ਸਕਦਾ ਹੈ ਜਾਂ ਕਿਸੇ ਤਰ੍ਹਾਂ ਸਾਨੂੰ ਗੁੰਮਰਾਹ ਕਰਕੇ ਲੁੱਟ-ਪੁੱਟ ਸਕਦਾ ਹੈ। ਕੰਪਿਊਟਰ ਅੱਗੇ ਲੰਮੀ ਬੈਠਕ ਤੇ  ਇੰਟਰਨੈੱਟ ਉੱਤੇ ਗੇਮਾਂ ਦਾ ਚਸਕਾ ਸਰੀਰਕ ਸਰਗਰਮੀ ਨੂੰ ਘਟਾ ਕੇ ਮੋਟਾਪਾ ਵੀ ਵਧਾਉਂਦਾ ਹੈ ਤੇ ਮਾਨਸਿਕ ਰੋਗ ਵੀ ਪੈਦਾ ਕਰਦਾ ਹੈ। ਮੋਬਾਈਲ ਇੰਟਰਨੈੱਟ ਦੇ ਨੁਕਸਾਨ ਇਸ ਤੋਂ ਵੀ ਵਧੇਰੇ ਹਨ।

ਸਾਰ-ਅੰਸ਼ : ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਇੰਟਰਨੈੱਟ ਸਾਡੇ ਜੀਵਨ ਦੇ ਹਰ ਖੇਤਰ ਵਿਚ ਪਸਰ ਜਾਵੇਗਾ ਤੇ ਇਸ ਨਾਲ ਜੀਵਨ ਮੁਕਾਬਲੇ ਤੇ ਤਣਾਓ ਵਧਣ ਨਾਲ ਭਰਪੂਰ ਹੋਣ ਦੇ ਨਾਲ-ਨਾਲ ਤੇਜ਼ੀ, ਸੁਚੇਤਨਤਾ ਤੇ ਸਾਵਧਾਨੀ ਨੂੰ ਵੀ ਆਪਣੇ ਵਿਚ ਸਮੇਂਦਾ ਹੋਇਆ ਵਿਸ਼ਵ-ਭਾਈਚਾਰੇ ਵਿਚ ਏਕਤਾ, ਸਾਂਝ ਤੇ ਮਿਲਵਰਤਣ ਦਾ ਪਸਾਰ ਕਰੇਗਾ।


ਲੇਖ ਰਚਨਾ : ਇੰਟਰਨੈੱਟ