ਲੇਖ ਰਚਨਾ : ਇਸਤਰੀ ਵਿੱਦਿਆ
ਇਸਤਰੀ ਵਿੱਦਿਆ
ਵਿੱਦਿਆ ਅਤੇ ਇਸਤਰੀ ਵਿੱਦਿਆ ਦੀ ਮਹਾਨਤਾ : ਵਿੱਦਿਆ ਚਾਨਣ ਹੈ, ਜਿਸ ਨੇ ਅਗਿਆਨ ਦਾ ਹਨੇਰਾ ਦੂਰ ਕਰਨਾ ਹੈ। ਵਿੱਦਿਆ ਬਾਰੇ ਕਿਹਾ ਜਾਂਦਾ ਹੈ ਕਿ ‘ਵਿੱਦਿਆ ਵਿਚਾਰੀ ਤਾਂ ਪਰਉਪਕਾਰੀ’ ਤੇ ਇਸਤਰੀ, ਜਿਹੜੀ ਸ੍ਰਿਸ਼ਟੀ ਦੀ ਜਨਮ-ਦਾਤੀ ਹੈ ਅਤੇ ਜਿਸ ਨੂੰ ਮਰਦ ਦੀ ਅਰਧੰਗਨੀ ਕਿਹਾ ਜਾਂਦਾ ਹੈ, ਨੂੰ ਵਿੱਦਿਆ ਦੇਣੀ ਹੋਰ ਵੀ ਜ਼ਰੂਰੀ ਹੈ। ਸਾਰੇ ਅਗਾਂਹ-ਵਧੂ ਦੇਸ਼ਾਂ ਵਿੱਚ ਇਸਤਰੀ ਵਿੱਦਿਆ ਬਾਰੇ ਉੱਨਾ ਹੀ ਧਿਆਨ ਦਿੱਤਾ ਜਾਂਦਾ ਹੈ ਜਿੰਨਾ ਕਿ ਮਰਦ-ਵਿੱਦਿਆ ਬਾਰੇ। ਹੁਣ ਜਦੋਂ ਕਿ ਭਾਰਤ ਅਜ਼ਾਦ ਹੋ ਚੁੱਕਿਆ ਹੈ, ਇਸ ਨੇ ਦੁਨੀਆ ਦੇ ਅਗਰਗਾਮੀ ਦੇਸ਼ਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਹੈ, ਏਥੇ ਕਿਵੇਂ ਇਸਤਰੀ ਜਾਤੀ ਨੂੰ ਅਗਿਆਨ ਦੀ ਧੁੰਦ ਉਹਲੇ ਰੱਖਿਆ ਜਾ ਸਕਦਾ ਹੈ।
ਹੱਕਾਂ ਪ੍ਰਤੀ ਸੁਚੇਤ ਕਰਨ ਦਾ ਸਾਧਨ : ਵਿੱਦਿਆ ਆਮ ਵਾਕਫ਼ੀਅਤ ਵਧਾਉਣ ਦਾ ਇੱਕ ਸਾਧਨ ਹੈ। ਅਖ਼ਬਾਰਾਂ, ਕਿਤਾਬਾਂ ਤੇ ਰਸਾਲੇ ਪੜ੍ਹ ਕੇ ਦੇਸ਼-ਪ੍ਰਦੇਸ਼ ਦੀ ਜਾਣਕਾਰੀ ਹੋ ਜਾਂਦੀ ਹੈ, ਜਿਸ ਨਾਲ ਇਸਤਰੀ ਆਪਣੇ ਘਰੋਗੀ ਫ਼ਰਜ਼ਾਂ ਦੇ ਨਾਲ-ਨਾਲ ਦੇਸ਼-ਦੇਸ਼ਾਂਤਰਾਂ ਦੇ ਦੁੱਖ-ਸੁਖ ਦੀ ਭਾਈਵਾਲ ਬਣ ਸਕਦੀ ਹੈ। ਇਸ ਵਿੱਦਿਆ ਦੁਆਰਾ ਇਸ ਨੂੰ ਆਪਣੇ ਹੱਕਾਂ ਤੇ ਫ਼ਰਜ਼ਾਂ ਦਾ ਚੰਗਾ ਗਿਆਨ ਹੋ ਸਕਦਾ ਹੈ।
ਸਮਾਜਕ ਤਰੱਕੀ ਵਿੱਚ ਸਹਾਈ : ਨਾਲੇ ਇਸਤਰੀ ਸਮਾਜ ਦਾ ਉੱਨਾ ਹੀ ਜ਼ਰੂਰੀ ਤੇ ਮਹੱਤਵਪੂਰਨ ਭਾਗ ਹੈ ਜਿੰਨਾ ਕਿ ਮਰਦ। ਹਰ ਸਿਆਣਾ ਪਾਰਖੂ ਕਿਸੇ ਦੇਸ਼ ਦੀ ਸਮਾਜਕ ਉੱਨਤੀ ਦਾ ਅਨੁਮਾਨ ਉਸ ਦੀ ਇਸਤਰੀ ਜਾਤੀ ਦੀ ਉੱਨਤੀ ਤੋਂ ਲਾਉਂਦਾ ਹੈ; ਬੂਟੇ ਤੋਂ ਹੀ ਫਲ ਦੇ ਗੁਣਾਂ-ਔਗੁਣਾਂ ਦਾ ਪਤਾ ਲੱਗਦਾ ਹੈ। ਇਸਤਰੀ ਇੱਕ ਬੂਟੇ ਦੀ ਨਿਆਈਂ ਹੈ ਅਤੇ ਏਸੇ ਅਨੁਸਾਰ ਇਸ ਦੇ ਬੱਚਿਆਂ (ਫਲਾਂ) ਨੇ ਬਣਨਾ ਹੈ। ਵਾਸਤਵ ਵਿੱਚ ਬੱਚੇ ਜ਼ਿਆਦਾ ਚਿਰ ਮਾਂ ਕੋਲ ਰਹਿਣ ਕਾਰਣ ਬਹੁਤ ਸਾਰੀਆਂ ਆਦਤਾਂ ਪਿਤਾ ਨਾਲੋਂ ਮਾਤਾ ਤੋਂ ਹੀ ਗ੍ਰਹਿਣ ਕਰਦੇ ਹਨ।
ਪਰਿਵਾਰ ਨੂੰ ਸਹੀ ਦਿਸ਼ਾ ਦੇਣ ਵਿੱਚ ਸਹਾਈ : ਇਸਤਰੀ ਪ੍ਰੇਰਨਾ ਦਾ ਸਾਧਨ ਹੈ। ਇਸ ਨੇ ਭੈਣ ਬਣ ਕੇ ਆਪਣੇ ਵੀਰ ਨੂੰ ਸਮਝਾਉਣਾ-ਬੁਝਾਉਣਾ ਹੈ ; ਮਾਂ ਬਣ ਕੇ ਪੁੱਤਾਂ-ਧੀਆਂ, ਪੋਤਰੀਆਂ-ਪੋਤਰਿਆਂ ਅਤੇ ਦੋਹਤਰਿਆਂ-ਦੋਹਤਰੀਆਂ ਆਦਿ ਨੂੰ ਪਿਆਰੀਆਂ ਤੇ ਲਾਡ-ਭਰੀਆਂ ਲੋਰੀਆਂ ਦੁਆਰਾ ਸਿੱਖਿਆ ਦਾ ਜਾਦੂ ਫੂਕਣਾ ਹੈ ਅਤੇ ਸਭ ਲੋਕਾਈ ਦੇ ਬੱਚਿਆਂ ਨੂੰ ਅਸੀਸ ਦੇਣੀ ਹੈ। ਕਵੀ ਪੂਰਨ ਸਿੰਘ ਕਹਿੰਦਾ ਹੈ :
ਜੀਊਣ ਸਭ ਬੱਚੇ ਮਾਵਾਂ ਦੇ,
ਹਰ ਮਾਂ ਆਖਦੀ।
ਇਹ ਧੰਨ ਜਿਗਰਾ ਮਾਂ ਦਾ।
ਇਸ ਨੇ ਪਤਨੀ ਬਣ ਕੇ, ਘਰ ਦੇ ਵਜ਼ੀਰ ਵਜੋਂ ਆਪਣੇ ਰਾਜਾ ਰੂਪੀ ਪਤੀ ਨੂੰ ਯੋਗ ਸਲਾਹ ਦੇਣੀ ਹੈ ਅਤੇ ਘਰ ਦੇ ਸਾਰੇ ਪ੍ਰਬੰਧ ਨੂੰ ਇੰਜ ਚਲਾਉਣਾ ਹੈ ਕਿ ਉਹ ਸਵਰਗ ਜਾਪੇ। ਇਸ ਨੇ ਖ਼ਿਆਲ ਰੱਖਣਾ ਹੈ ਕਿ ਕਿਵੇਂ ਪਤੀ ਦੀ ਕਮਾਈ ਦਾ ਇੱਕ ਪੈਸਾ ਵੀ ਅਜਾਈਂ ਨਾ ਜਾਵੇ। ਇਸ ਨੇ ਆਪਣੇ ਪਤੀ ਨੂੰ ਸਮਾਜਕ, ਰਾਜਸੀ ਤੇ ਆਰਥਿਕ ਸਮੱਸਿਆਵਾਂ ਬਾਰੇ ਯੋਗ ਰਾਏ ਦੇਣੀ ਹੈ। ਇਸ ਨੇ ਸਮਾਜਕ ਪ੍ਰਾਣੀ ਹੋਣ ਦੇ ਨਾਤੇ ਸਮਾਜ ਨੂੰ ਚੜ੍ਹਦੀਆਂ ਕਲਾਂ ਵੱਲ ਲਿਜਾਣ ਲਈ ਆਗੂ ਬਣਨਾ ਹੈ, ਬੋਝ ਬਣ ਕੇ ਨਹੀਂ ਬੈਠਿਆਂ ਰਹਿਣਾ। ਇਸ ਨੇ ਕੁਰੀਤੀਆਂ ਭਰੇ ਦੇਸ਼ ਦੀ ਨਈਆ ਨੂੰ ਆਪਣੇ ਠੰਢੇ ਦਿਲ ਨਾਲ ਸੋਚੀ, ਸਮਝੀ ਤੇ ਸੁਲਝੀ ਹੋਈ ਵਿਉਂਤ ਦੁਆਰਾ ਪਾਰ ਲਾਉਣਾ ਹੈ।
ਇਸਤਰੀ ਦੀ ਸਮਰੱਥਾ : ਸੁਹਜ, ਪਿਆਰ, ਮਿਲਾਪ, ਕੋਮਲਤਾ, ਸਹਿਨਸ਼ੀਲਤਾ ਅਤੇ ਮਿੱਠ-ਜੀਭੜਾਪਨ ਆਦਿ ਦੈਵੀ ਗੁਣਾਂ ਦੀ ਦਾਤ ਕੁਦਰਤ ਨੇ ਮਰਦਾਂ ਨਾਲੋਂ ਇਸਤਰੀਆਂ ਨੂੰ ਵਧੇਰੇ ਬਖ਼ਸ਼ੀ ਹੈ। ਇਸ ਨੂੰ ਅਨਪੜ੍ਹਤਾ ਦੇ ਹਨੇਰੇ ਵਿੱਚ ਰੱਖਣਾ ਇਸ ਗੁਣਾਂ-ਭਰੀ ਦਾਤ ਨੂੰ ਅਜਾਈਂ ਗੁਆਉਣਾ ਹੈ। ਇਨ੍ਹਾਂ ਕੁਦਰਤੀ ਗੁਣਾਂ ਕਾਰਣ ਕਈ ਕੰਮ, ਜਿਹਾ ਕਿ ਬੀਮਾ, ਅਧਿਆਪਕੀ, ਸਟੈਨੋਗਰਾਫ਼ੀ ਤੇ ਹੋਰ ਦਫ਼ਤਰੀ ਕਾਰ-ਵਿਹਾਰ ਅਜਿਹੇ ਹਨ ਜਿਨ੍ਹਾਂ ਨੂੰ ਮਰਦ ਨਾਲੋਂ ਇੱਕ ਇਸਤਰੀ ਚੰਗੀ ਤਰ੍ਹਾਂ ਕਰ ਸਕਦੀ ਹੈ। ਕਈਆਂ ਦਾ ਤਾਂ ਇਹ ਵੀ ਵਿਚਾਰ ਹੈ ਕਿ ਇਹ ਲੜਾਈਆਂ-ਝਗੜੇ ਤੇ ਸਰਦ-ਗਰਮ ਜੰਗਾਂ ਦਾ ਕਾਰਣ ਮਰਦ-ਜਾਤੀ ਦਾ ਖਰ੍ਹਵਾਪਨ ਤੇ ਰੁੱਖਾਪਨ ਹੈ।ਜੇ ਰਾਜਸੀ ਵਾਗ-ਡੋਰ ਇਸਤਰੀ ਜਾਤੀ ਨੂੰ ਸੌਂਪੀ ਜਾਏ ਤਾਂ ਕੋਈ ਵੱਡੀ ਗੱਲ ਨਹੀਂ ਕਿ ਇਹ ਸਭ ਸੀਨਾ-ਜ਼ੋਰੀਆਂ, ਧੱਕੇਸ਼ਾਹੀਆਂ ਤੇ ਡਰ-ਡੁੱਕਰ ਬੰਦ ਹੋ ਜਾਣ ਅਤੇ ਸੰਸਾਰ ਵਿੱਚ ਅਮਨ-ਸ਼ਾਂਤੀ ਸਥਾਪਤ ਹੋ ਜਾਵੇ।
ਮਹਾਨ ਇਸਤਰੀਆਂ ਦਾ ਯੋਗਦਾਨ : ਜੇ ਲੋਕ-ਰਾਜ ਮਰਦਾਂ-ਇਸਤਰੀਆਂ ਦਾ ਸਾਂਝਾ ਰਾਜ ਹੈ, ਤਾਂ ਇਸਤਰੀ ਜਾਤੀ ਨੂੰ ਵਿੱਦਿਆ ਦੇ ਚਾਨਣ ਤੋਂ ਦੂਰ ਰੱਖਣਾ ਇਸ ਨਾਲ ਘੋਰ ਅਨਿਆਂ ਕਰਨਾ ਹੈ। ਕੀ ਅਸੀਂ ਮਹਾਰਾਣੀ ਝਾਂਸੀ ਦੀ ਸੂਰਬੀਰਤਾ ਨੂੰ ਭੁੱਲ ਗਏ ਹਾਂ? ਸਾਡੇ ਵੇਖਦਿਆਂ-ਵੇਖਦਿਆਂ ਸ੍ਰੀਮਤੀ ਵਿਜੈ ਲਕਸ਼ਮੀ ਪੰਡਤ ਨੇ ਯੂ.ਐੱਨ.ਓ. ਦੀ ਪਰਧਾਨਗੀ ਤੇ ਵਿਦੇਸ਼ਾਂ ਵਿੱਚ ਰਾਜਦੂਤ ਦੀ ਜ਼ਿੰਮੇਵਾਰੀ ਨੂੰ ਅਤਿ ਸਫ਼ਲਤਾ ਨਾਲ ਨਿਭਾਇਆ, ਰਾਜ ਕੁਮਾਰੀ ਅੰਮ੍ਰਿਤ ਕੌਰ ਦੁਨੀਆ ਦੀ ਰੈੱਡ ਕਰਾਸ ਐਸੋਸੀਏਸ਼ਨ ਦੀ ਪ੍ਰਧਾਨ ਅਤੇ ਭਾਰਤ ਦੀ ਕੇਂਦਰੀ ਸਰਕਾਰ ਦੇ ਸਿਹਤ ਵਿਭਾਗ ਵਿੱਚ ਵਜ਼ੀਰ ਰਹੀ ਅਤੇ ਸ੍ਰੀਮਤੀ ਇੰਦਰਾ ਗਾਂਧੀ ਨੇ ਸਰਬ-ਹਿੰਦ ਕਾਂਗਰਸ ਦੀ ਪ੍ਰਧਾਨਗੀ ਤੇ ਭਾਰਤ ਦੀ ਪ੍ਰਧਾਨ ਮੰਤਰੀ ਦੇ ਫ਼ਰਜ਼ ਨੂੰ ਚੰਗੀ ਤਰ੍ਹਾਂ ਸੰਭਾਲਿਆ ਅਤੇ ਕਮਾਲ ਦੀ ਸੂਝ-ਬੂਝ ਨਾਲ ਸਾਰੀਆਂ ਦੇਸ਼ੀ-ਵਿਦੇਸ਼ੀ ਸਮੱਸਿਆਵਾਂ ਨੂੰ ਨਜਿੱਠਿਆ। ਸ੍ਰੀਮਤੀ ਥੈਚਰ, ਸ੍ਰੀਮਤੀ ਗੋਲਡਾ ਮਾਇਰ, ਸ੍ਰੀਮਤੀ ਭੰਡਾਰਨਾਇਕ ਤੇ ਬੇਨਜ਼ੀਰ ਭੁੱਟੋ ਆਦਿ ਦੀਆਂ ਉਦਾਹਰਣਾਂ ਵਰਣਨਯੋਗ ਹਨ।
ਅਨਪੜ੍ਹਤਾ ਅੰਧ-ਵਿਸ਼ਵਾਸਾਂ ਦੀ ਜਨਮ-ਦਾਤੀ : ਪਰ ਇਸ ਅਨਪੜ੍ਹਤਾ ਨੇ ਇਸਤਰੀ ਜਾਤੀ ਨੂੰ ਵਹਿਮਾਂ – ਭਰਮਾਂ ਦਾ ਸ਼ਿਕਾਰ ਬਣਾ ਦਿੱਤਾ ਹੈ ਅਤੇ ਇਸ ਵਿੱਚ ਹੀਣ-ਭਾਵ (Inferiority Complex) ਪੈਦਾ ਕਰ ਦਿੱਤਾ ਹੈ। ਇਸ ਦੀ ਨਜ਼ਰੇ ਸਾਰੀ ਦੁਨੀਆ ਇਸ ਦੇ ਘਰ ਦੀ ਚਾਰ ਦੀਵਾਰੀ ਤਕ ਸੀਮਿਤ ਹੈ। ਇਸ ਦੇ ਭਾਣੇ ਹਰ ਬੀਮਾਰੀ ਦਾ ਕਾਰਣ ਜਾਦੂ-ਮੰਤਰ, ਜਿੰਨ-ਭੂਤ ਤੇ ਛਾਇਆ ਆਦਿ ਹੈ ਅਤੇ ਉਸ ਦਾ ਇਲਾਜ ਟੂਣਿਆਂ, ਜੰਤਰਾਂ-ਮੰਤਰਾਂ, ਸੁੱਖਣਾ-ਚੜ੍ਹਾਵਿਆਂ ਤੇ ਪੁੰਨ-ਦਾਨਾਂ ਵਿੱਚ ਹੈ। ਇਹ ਮਾਮੂਲੀ ਭਾਟੜਿਆਂ ਦੀਆਂ ਗੱਲਾਂ ਵਿੱਚ ਆ ਕੇ ਘਰ ਲੁਟਾ ਬੈਠਦੀ ਹੈ। ਇਹ ਰੋਂਦੇ ਬੱਚੇ ਨੂੰ ਅਫ਼ੀਮ ਦੇ ਕੇ ਸੁਆ ਦਿੰਦੀ ਹੈ ਅਤੇ ਕਈ ਵਾਰੀ ਉਹ ਸਦਾ ਦੀ ਨੀਂਦ ਸੌਂ ਜਾਂਦਾ ਹੈ। ਘਰੋਂ ਬਾਹਰ ਨਿਕਲਣ ਲਈ ਇਹ ਕਿਸੇ ਸਾਥ ਦੀ ਲੋੜ ਮਹਿਸੂਸ ਕਰਦੀ ਹੈ ਜਿਹੜਾ ਇਸ ਦੀ ਅਗਵਾਈ ਕਰ ਸਕੇ। ਇਹ ਕਿਸੇ ਨਾਲ ਇਥੋਂ ਤੀਕ ਕਿ ਆਪਣੇ ਪਤੀ ਨਾਲ ਵੀ ਖੁੱਲ੍ਹ ਕੇ ਗੱਲ ਕਰਨੋ ਸ਼ਰਮਾਉਂਦੀ ਹੈ।
ਇਸਤਰੀ ਵਿੱਦਿਆ ਦੇ ਵਿਰੋਧੀ : ਇਸਤਰੀ ਵਿੱਦਿਆ ਦੇ ਵਿਰੋਧੀਆਂ ਦੇ ਕਈ ਵਿਚਾਰ ਹਨ। ਇੱਕ ਤਾਂ ਇਹ ਕਿ ਇਸਤਰੀ ਨੇ ਘਰ ਨੂੰ ਸੰਭਾਲਣਾ ਤੇ ਬੱਚੇ ਜੰਮਣਾ, ਪਾਲਣਾ ਹੈ ਨਾ ਕਿ ਨੌਕਰੀ ਕਰਨਾ। ਦੂਜੇ, ਪੜ੍ਹਾਈ ਇਸ ਨੂੰ ਫ਼ੈਸ਼ਨ-ਪ੍ਰਸਤ ਬਣਾ ਦਿੰਦੀ ਹੈ, ਜਿਸ ਨਾਲ ਇਸ ਦਾ ਆਚਰਣ ਵਿਗੜ ਜਾਂਦਾ ਹੈ ਅਤੇ ਸ਼ਰਮ-ਹਯਾ ਉੱਡ ਜਾਂਦੀ ਹੈ। ਤੀਜੇ, ਇਸ ਦੀਆਂ ਰੁਚੀਆਂ ਮਰਦਾਂ ਨਾਲੋਂ ਬਿਲਕੁਲ ਵੱਖਰੀਆਂ ਹੁੰਦੀਆਂ ਹਨ, ਇਸ ‘ਤੇ ਖ਼ਾਹ-ਮਖ਼ਾਹ ਵਿੱਦਿਆ ਦਾ ਬੋਝ ਨਹੀਂ ਪਾਉਣਾ ਚਾਹੀਦਾ।
ਹਮਾਇਤੀ : ਅਸਲ ਵਿੱਚ ਇਹ ਸਭ ਦਲੀਲਾਂ ਨਿਰਮੂਲ ਹਨ। ਵਿੱਦਿਆ ਤਾਂ ਮਨੁੱਖ ਦਾ ਆਚਰਣ ਬਣਾਉਣ ਵਿੱਚ ਸਹਾਈ ਹੁੰਦੀ ਹੈ। ਇਹ ਵੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੀਆਂ ਅਨਪੜ੍ਹ ਇਸਤਰੀਆਂ ਹੀ ਮਰਦਾਂ ਦੇ ਝਾਂਸੇ ਵਿੱਚ ਆ ਕੇ ਠੱਗੀਆਂ ਗਈਆਂ ਤੇ ਆਚਰਣਹੀਣ ਹੋਈਆਂ। ਨਾਲੇ ਜੇ ਇਹ ਨੌਕਰੀ ਕਰ ਲੈਣ ਤਾਂ ਇਸ ਵਿੱਚ ਕੋਈ ਹਰਜ ਨਹੀਂ। ਇਸ ਤਰ੍ਹਾਂ ਘਰ ਦੀ ਆਰਥਿਕ ਦਸ਼ਾ ਚੰਗੇਰੀ ਹੋ ਸਕਦੀ ਹੈ। ਰੱਬ ਨਾ ਕਰੇ, ਜੇ ਕਿਸੀ ਇਸਤਰੀ ਦਾ ਪਤੀ ਚਲਾਣਾ ਕਰ ਜਾਏ, ਤਾਂ ਉਹ ਆਪਣੇ ਪੈਰਾਂ ਤੇ ਖੜੀ ਹੋ ਕੇ ਆਪਣਾ ਤੇ ਆਪਣੇ ਬੱਚਿਆਂ ਦਾ ਨਿਰਬਾਹ ਕਰਨ ਦੇ ਯੋਗ ਹੋ ਸਕਦੀ ਹੈ। ਤੀਜੇ, ਜਿੱਥੋਂ ਤਕ ਰੁਚੀ ਦਾ ਸੰਬੰਧ ਹੈ, ਇਹ ਗੱਲ ਤਾਂ ਮਰਦਾਂ ਨਾਲ ਵੀ ਢੁੱਕਦੀ ਹੈ। ਵਿੱਦਿਆ ਤਾਂ ਹਰ ਇੱਕ ਨੂੰ ਉਸ ਦੀ ਰੁਚੀ ਅਨੁਸਾਰ ਦੇਣੀ ਚਾਹੀਦੀ ਹੈ। ਇਸ ਲਈ, ਜੇ ਇਸਤਰੀ ਦੀ ਰੁਚੀ ਕੇਵਲ ਘਰ ਸੰਭਾਲਣ ਦੀ ਹੈ, ਤਾਂ ਇਸ ਨੂੰ ਘਰੋਗੀ ਜੀਵਨ ਚੰਗੇਰਾ ਤੇ ਸੁਹਣਾ ਬਣਾਉਣ ਦੀ ਵਿੱਦਿਆ ਦੇਣੀ ਚਾਹੀਦੀ ਹੈ। ਜੇ ਇਸ ਨੇ ਵੱਡੇ ਹੋ ਕੇ ਆਪਣੇ ਪਤੀ ਨੂੰ ਕਮਾ ਕੇ ਦੇਣਾ ਹੈ, ਇਸ ਨੂੰ ਇਸ ਤਰ੍ਹਾਂ ਦੀ ਵਿੱਦਿਆ ਲੈਣ ਦਾ ਅਵਸਰ ਮਿਲਣਾ ਚਾਹੀਦਾ ਹੈ।
ਸਿੱਟਾ : ਹਰ ਹਾਲਤ ਵਿੱਚ ਇਸਤਰੀ ਨੂੰ ਅਨਪੜ੍ਹ ਨਹੀਂ ਰਹਿਣਾ ਚਾਹੀਦਾ। ਵੱਡੇ ਹੋ ਕੇ ਇਸ ਨੇ ਜਿਹੋ ਜਿਹਾ ਕੰਮ ਕਰਨਾ ਹੈ, ਉਸ ਨੂੰ ਉਹੋ ਜਿਹੀ ਵਿੱਦਿਆ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਇਹ ਕਿਸੇ ‘ਤੇ ਬੋਝ ਨਹੀਂ ਬਣੇਗੀ, ਅਤੇ ਆਪਣੇ ਜੀਵਨ ਨੂੰ ਹੱਸਦਿਆਂ-ਖੇਡਦਿਆਂ, ਨੱਚਦਿਆਂ-ਟੱਪਦਿਆਂ ਅਤੇ ਕਈ ਤਰ੍ਹਾਂ ਦੇ ਉਸਾਰੂ ਤੇ ਦੇਸ਼-ਸੰਵਾਰੂ ਕੰਮ ਕਰਦਿਆਂ ਬਿਤਾ ਸਕੇਗੀ। ਹੁਣ ਤਾਂ ਨਵੇਂ ਕਾਨੂੰਨ ਅਨੁਸਾਰ ਇਸ ਨੂੰ ਮਾਪਿਆਂ ਦੀ ਜਾਇਦਾਦ ਦਾ ਹਿੱਸਾ ਵੀ ਮਿਲਣ ਲੱਗ ਪਿਆ ਹੈ। ਇਸ ਨਾਲ ਇਸ ਦੀਆਂ ਜ਼ਿੰਮੇਵਾਰੀਆਂ ਹੋਰ ਵੀ ਵਧ ਗਈਆਂ ਹਨ। ਇਸ ਲਈ ਇਸ ਦਾ ਪੜ੍ਹਨਾ ਹੋਰ ਵੀ ਜ਼ਰੂਰੀ ਹੋ ਗਿਆ ਹੈ। ਇਸਤਰੀ ਵਿੱਦਿਆ ਦੀ ਉੱਨੀ ਹੀ ਅਧਿਕਾਰੀ ਹੈ ਜਿੰਨਾ ਕਿ ਮਰਦ, ਸਗੋਂ ਕੁਝ ਹਾਲਤਾਂ ਵਿੱਚ ਤਾਂ ਇਹ ਮਰਦ ਨਾਲੋਂ ਵੀ ਵਧੇਰੇ ਸੁਸਿੱਖਿਅਤ ਹੋਣੀ ਚਾਹੀਦੀ ਹੈ। ਅਸੀਂ ਸਮਾਜ ਵਿੱਚ ਇਸਤਰੀ ਨੂੰ ਗਿਆਨ ਅਤੇ ਵਿਕਾਸ ਦੇ ਵਧੇਰੇ ਅਵਸਰ ਪ੍ਰਦਾਨ ਕਰਕੇ ਸੰਸਾਰ-ਜਨਨੀ ਦਾ ਸਤਿਕਾਰ ਕਰ ਸਕਦੇ ਹਾਂ।