ਲੇਖ ਰਚਨਾ : ਆਨਲਾਈਨ ਅਧਿਆਪਨ (ਪੜ੍ਹਾਈ)


ਕੋਵਿਡ-19 ਦਾ ਫੈਲਣਾ : ਕੋਵਿਡ-19 ਦੇ ਵਿਸ਼ਵ-ਵਿਆਪੀ ਰੂਪ ਵਿਚ ਫ਼ੈਲਣ ਕਰਕੇ ਦੁਨੀਆ ਭਰ ਦੇ ਬਹੁਤ ਸਾਰੇ ਦੇਸ਼ਾਂ ਵਿਚ ਲੋਕ-ਡਾਉਨ ਲਾਗੂ ਹੋਣ ਦੇ ਸਿੱਟੇ ਵਜੋਂ ਬਹੁਤ ਸਾਰੇ ਉਹ ਕਾਰੋਬਾਰ ਤੇ ਅਦਾਰੇ ਬੰਦ ਹੋਏ ਪਏ ਸਨ, ਜਿੱਥੇ ਬਹੁਤ ਸਾਰੇ ਲੋਕ ਇਕੱਠੇ ਹੁੰਦੇ ਸਨ। ਇਸ ਕਰਕੇ ਕਿਉਂਕਿ ਇਸ ਬਿਮਾਰੀ ਦਾ ਕੋਈ ਡਾਕਟਰੀ ਇਲਾਜ ਮੌਜੂਦ ਨਹੀਂ ਤੇ ਨਾਲ ਹੀ ਇਸ ਤੋਂ ਬਚਾਓ ਦੀ ਕੋਈ ਦਵਾਈ ਵੀ ਨਹੀਂ ਮਿਲ ਰਹੀ ਸੀ। ਇਸ ਕਰਕੇ ਇਸ ਬਿਮਾਰੀ ਤੋਂ ਬਚਾ ਲਈ ਲੋਕਾਂ ਦਾ ਇਕ-ਦੂਜੇ ਦੇ ਨੇੜੇ ਰਹਿਣਾ, ਉਨ੍ਹਾਂ ਲਈ ਨੱਕ-ਮੂੰਹ ਨੂੰ ਮਾਸਕ ਨਾਲ ਢੱਕ ਕੇ ਰੱਖਣਾ ਤੇ ਇਕ-ਦੂਜੇ ਦੀ ਛੋਹ ਤੋਂ ਦੂਰ ਰਹਿਣਾ ਲਾਜ਼ਮੀ ਕਰ ਦਿੱਤਾ ਗਿਆ ਤੇ ਹੋਰਨਾਂ ਅਦਾਰਿਆਂ ਦੇ ਨਾਲ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਬੰਦ ਕਰ ਦਿੱਤੇ ਗਏ।

ਲਾਕ-ਡਾਉਨ ‘ਤੇ ਆਨਲਾਈਨ ਅਧਿਆਪਨ ਦੀ ਲੋੜ : ਮਾਰਚ, 2020 ਦੇ ਤੀਜੇ ਹਫ਼ਤੇ ਭਾਰਤ ਵਿਚ ਇਹ ਲਾਕ-ਡਾਉਨ ਕਰਫਿਊ ਦੀ ਸ਼ਕਲ ਵਿਚ ਲਾਗੂ ਹੋਇਆ ਤੇ ਸਖ਼ਤੀ ਨਾਲ ਇਸਦੀ ਪਾਲਣਾ ਕੀਤੀ ਗਈ। ਇਹ ਉਹ ਸਮਾਂ ਸੀ ਜਦੋਂ ਸਕੂਲਾਂ- ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਦੇ ਇਮਤਿਹਾਨ ਸਿਰ ‘ਤੇ ਸਨ ਤੇ ਫਿਰ ਅਪਰੈਲ ਵਿਚ ਨਵੀਆਂ ਕਲਾਸਾਂ ਆਰੰਭ ਹੋ ਜਾਣੀਆਂ ਸਨ। ਕੁੱਝ ਸਮੇਂ ਮਗਰੋਂ ਜਦੋਂ ਕਰਫ਼ਿਊ ਵਿਚ ਢਿੱਲ ਦਿੱਤੀ ਗਈ ਤੇ ਨਾਲ ਹੀ ਸਕੂਲਾਂ-ਕਾਲਜਾਂ ਵਿਚ ਆਨਲਾਈਨ ਪੜ੍ਹਾਈ ਕਰਾਉਣ ਦਾ ਕੰਮ ਸ਼ੁਰੂ ਹੋਇਆ।

ਆਨਲਾਈਨ ਅਧਿਆਪਨ ਦੇ ਸਾਧਨ : ਆਨਲਾਈਨ ਅਧਿਆਪਨ ਵਿਚ ਸਭ ਤੋਂ ਵੱਡਾ ਯੋਗਦਾਨ ਇੰਟਰਨੈੱਟ ਤੇ ਮੋਬਾਈਲ ਫੋਨ ਦਾ ਹੈ। ਲੈਪਟਾਪ ਤੇ ਕੰਪਿਊਟਰ ਵੀ ਇਸ ਕੰਮ ਲਈ ਵਰਤੇ ਜਾਂਦੇ ਹਨ। ਇਹ ਸਿੱਖਿਆ ਜੂਮ, ਗੂਗਲ ਕਲਾਸਰੂਮ, ਵਟਸ ਐਪ, ਈ.ਮੇਲ ਜਾਂ ਹੋਰ ਸੋਸ਼ਲ ਮੀਡੀਆ ਐਪਾਂ ਰਾਹੀਂ ਦਿੱਤੀ-ਲਈ ਜਾਣ ਲੱਗੀ। ਕਈ ਥਾਈਂ ਸਿੱਖਿਆ ਵਿਭਾਗਾਂ ਨੇ ਆਨਲਾਈਨ ਪੜ੍ਹਾਈ ਕਰਾਉਣ ਲਈ ਆਪਣੇ ਐਪ ਤਿਆਰ ਕਰ ਲਏ ਹਨ, ਜਿਵੇਂ ਪੰਜਾਬ ਸਿੱਖਿਆ ਵਿਭਾਗ ਨੇ ਪ੍ਰੀ-ਨਰਸਰੀ ਤੋਂ 10 + 2 ਤਕ ਵਿਦਿਆਰਥੀਆਂ ਲਈ ਪੰਜਾਬ ਐਜੂਕੇਅਰ ਨਾਂ ਦੀ ਐਪ ਤਿਆਰ ਕੀਤੀ ਸੀ।

ਪੜ੍ਹਾਈ ਦਾ ਜਾਰੀ ਰਹਿਣਾ : ਇਸ ਦਾ ਸਭ ਤੋਂ ਮੁੱਖ ਲਾਭ ਤਾਂ ਇਹ ਹੋਇਆ ਕਿ ਜਦੋਂ ਸਭ ਕੁੱਝ ਬੰਦ ਪਿਆ ਸੀ ਤਾਂ ਘੱਟੋ-ਘੱਟ, ਬੱਚਿਆਂ-ਵਿਦਿਆਰਥੀਆਂ ਦੀ ਕੁੱਝ ਨਾ ਕੁੱਝ ਪੜ੍ਹਾਈ ਤਾਂ ਹੋ ਹੀ ਰਹੀ ਸੀ। ਬੱਚੇ ਘਰ ਬੈਠੇ ਆਪਣੇ ਅਧਿਆਪਕਾਂ ਨਾਲ ਜੁੜ ਕੇ ਕੁੱਝ ਸਿੱਖਦੇ ਤੇ ਆਪਣੀ ਪੜ੍ਹਾਈ ਨੂੰ ਅੱਗੇ ਤੋਰ ਰਹੇ ਸਨ ਪਰ ਇਸ ਦੇ ਨਾਲ ਕੁੱਝ ਸਮੱਸਿਆਵਾਂ ਵੀ ਆਈਆਂ। 

ਅਧਿਆਪਨ ਦੀ ਮੁਹਾਰਤ ਤੇ ਸਾਧਨਾਂ ਦੀ ਕਮੀ : ਇਸ ਸੰਬੰਧ ਵਿਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਕ ਤਾਂ ਅਧਿਆਪਕਾਂ ਤੇ ਬੱਚਿਆਂ ਨੂੰ ਅਜਿਹੀ ਪੜ੍ਹਾਈ ਦੀ ਮੁਹਾਰਤ ਨਹੀਂ ਸੀ, ਦੂਜੀ ਇਹ ਕਿ ਸਾਰੇ ਮਾਪੇ ਇੰਨੀ ਸਮਰੱਥਾ ਵਾਲੇ ਨਹੀਂ ਕਿ ਉਹ ਆਪਣੇ ਬੱਚਿਆਂ ਨੂੰ ਸਮਾਰਟ ਫ਼ੋਨ ਖ਼ਰੀਦ ਕੇ ਦੇ ਸਕਦੇ ਸੀ। ਕਈ ਗ਼ਰੀਬ ਲੋਕਾਂ ਨੇ ਤਾਂ ਆਪਣੇ ਘਰਾਂ ਦੀਆਂ ਜ਼ਰੂਰੀ ਲੋੜਾਂ ਨੂੰ ਪਿੱਛੇ ਪਾ ਕੇ ਜਾਂ ਜ਼ਰੂਰੀ ਚੀਜ਼ਾਂ ਵੇਚ ਕੇ ਆਪਣੇ ਬੱਚਿਆਂ ਨੂੰ ਮੋਬਾਈਲ ਲੈ ਕੇ ਦਿੱਤੇ। ਕਈਆਂ ਬੱਚਿਆਂ ਨੇ ਆਪ ਮਿਹਨਤ ਕਰ ਕੇ ਪੈਸੇ ਜੋੜੇ ਤੇ ਕਈਆਂ ਨੂੰ ਆਪਣੇ ਹੱਥ ਮੁਸ਼ਕਿਲ ਨਾਲ ਆਏ ਮੋਬਾਈਲ ਫ਼ੋਨ ਨੂੰ ਬਚਾਉਣ ਲਈ ਗੁੰਡਿਆਂ ਤੇ ਲੁਟੇਰਿਆਂ ਨਾਲ ਟੱਕਰ ਲੈਣੀ ਪਈ। ਕਈ ਥਾਈਂ ਤਿੰਨ-ਚਾਰ ਭੈਣ-ਭਰਾਵਾਂ ਕੋਲ ਇਕ ਹੀ ਮੋਬਾਈਲ ਸੀ ਜਾਂ ਇਕ ਵੀ ਨਹੀਂ ਸੀ ਤੇ ਉਹ ਇਸ ਸਹੂਲਤ ਦਾ ਫ਼ਾਇਦਾ ਨਹੀਂ ਸਨ ਉਠਾ ਸਕਦੇ। ਨਾਲ ਹੀ ਮਾਪਿਆਂ ਲਈ ਬੱਚਿਆਂ ਨੂੰ ਫ਼ੋਨ ਉੱਤੇ ਪੜ੍ਹਨ ਲਈ ਬਿਠਾਉਣਾ ਬਹੁਤ ਔਖਾ ਹੈ। ਫਿਰ ਬੱਚਿਆਂ ਨੇ ਪੜ੍ਹਨ ਲਈ ਮੋਬਾਈਲ ਤਾਂ ਲੈ ਲਏ, ਪਰ ਉਹ ਪੜ੍ਹਨ ਨਾਲੋਂ ਗੇਮਾਂ ਜ਼ਿਆਦਾ ਖੇਡਣ ਤੇ ਕਾਰਟੂਨ ਦੇਖਣ ਲੱਗੇ।

ਆਨਲਾਈਨ ਪੜ੍ਹਾਈ ਬਨਾਮ ਕਲਾਸ ਰੂਮ ਪੜਾਈ : ਅਸਲ ਵਿਚ ਆਨਲਾਈਨ ਪੜ੍ਹਾਈ ਕਲਾਸ ਰੂਮ ਵਿਚ ਪੜ੍ਹਾ ਰਹੇ ਅਧਿਆਪਕ ਦਾ ਬਦਲ ਨਹੀਂ ਹੋ ਸਕਦਾ। ਕਲਾਸ ਵਿਚ ਅਧਿਆਪਕ ਬੱਚਿਆਂ ਦੇ ਹਾਵ-ਭਾਵ ਸਮਝ ਕੇ ਪੜ੍ਹਾਉਂਦਾ ਹੈ। ਉਹ ਇਕੱਲੇ-ਇਕੱਲੇ ਵਿਦਿਆਰਥੀ ਨਾਲ ਸਵਾਲਾਂ-ਜਵਾਬਾਂ ਦਾ ਸਿਲਸਿਲਾ ਬਣਾ ਕੇ ਤੇ ਲੋੜ ਪੈਣ ‘ਤੇ ਆਪਣੀ ਗੱਲ ਦੁਹਰਾ ਕੇ ਬੱਚਿਆਂ ਦੇ ਧਿਆਨ ਨੂੰ ਭਟਕਣ ਨਹੀਂ ਦਿੰਦਾ।

ਸਰੀਰ ਦਾ ਹਿਲ-ਜੁਲ ਰਹਿਤ ਹੋਣਾ : ਇਸਦੇ ਨਾਲ ਹੀ ਵਿਦਿਆਰਥੀ ਸਕੂਲ ਜਾਣ ਸਮੇਂ, ਵਿਹਲੇ ਪੀਰੀਅਡ ਤੇ ਗੇਮਾਂ ਦੇ ਪੀਰੀਅਡ ਵਿਚ ਦੌੜਾ-ਭੱਜਾ ਫਿਰਦਾ ਹੈ ਤੇ ਉਸਦੇ ਸਰੀਰ ਦੀ ਖ਼ੂਬ ਕਸਰਤ ਹੁੰਦੀ ਹੈ, ਜੋ ਕਿ ਵਧ-ਫੁੱਲ ਰਹੇ ਬੱਚਿਆਂ ਲਈ ਬਹੁਤ ਜ਼ਰੂਰੀ ਹੈ। ਇਸ ਕਰਕੇ ਆਨਲਾਈਨ ਪੜ੍ਹਾਈ ਨੂੰ ਇਕ ਸਹਾਇਕ ਤਕਨੀਕ ਵਜੋਂ ਤਾਂ ਸਮਝਿਆ ਜਾ ਸਕਦਾ ਹੈ, ਪਰੰਤੂ ਇਸ ਨੂੰ ਕਲਾਸ ਰੂਮ ਦੀ ਪੜ੍ਹਾਈ ਦਾ ਬਦਲ ਨਹੀਂ ਮੰਨਿਆ ਜਾ ਸਕਦਾ। ਉਂਞ ਗੂਗਲ ਉੱਤੇ ਪਹਿਲਾਂ ਹੀ ਬਹੁਤ ਸਾਰੇ ਵੈਬ-ਸਾਈਟਾਂ ਉੱਤੇ ਭਿੰਨ-ਭਿੰਨ ਕੋਰਸਾਂ ਲਈ ਆਨ-ਲਾਈਨ ਪੜ੍ਹਾਈ ਤੇ ਸਰਟੀਫਿਕੇਸ਼ਨ-ਡਿਗਰੀਆਂ ਦਾ ਪ੍ਰਬੰਧ ਹੈ, ਪਰ ਇਸ ਲਈ ਜਿੱਥੇ ਬੁਨਿਆਦੀ ਢਾਂਚੇ ਦੀ ਜ਼ਰੂਰਤ ਹੁੰਦੀ ਹੈ, ਉੱਥੇ ਨਾਲ ਹੀ ਇਨ੍ਹਾਂ ਦਾ ਫ਼ਾਇਦਾ ਉਠਾਉਣ ਵਾਲੇ ਬਹੁਤੇ ਨੌਕਰੀ-ਪੇਸ਼ਾ ਲੋਕ ਹਨ । ਵੈਸੇ ਇਨ੍ਹਾਂ ਦਾ ਬਹੁਤਾ ਮਕਸਦ ਐਜੂਕੇਸ਼ਨ ਨਹੀਂ, ਬਲਕਿ ਧੰਦਾ ਚਲਾਉਣਾ ਹੈ।

ਅਧਿਆਪਕਾਂ ਉੱਤੇ ਬੋਝ : ਇਸਦੇ ਨਾਲ ਹੀ ਇਸਦਾ ਅਧਿਆਪਕਾਂ ਉੱਤੇ ਬੋਝ ਵੀ ਵਧਦਾ ਹੈ, ਜਿਨ੍ਹਾਂ ਨੂੰ ਅੱਜ-ਕਲ੍ਹ ਸਕੂਲਾਂ ਵਿਚ ਘੱਟ ਤਨਖਾਹਾਂ ‘ਤੇ ਰੱਖ ਕੇ ਹੱਡ-ਤੋੜਵਾਂ ਕੰਮ ਲਿਆ ਜਾਂਦਾ ਹੈ। ਨਾਲ ਹੀ ਉਨ੍ਹਾਂ ਨੂੰ ਇਸ ਸੰਬੰਧੀ ਕੋਈ ਤਕਨੀਕੀ ਸਿਖਲਾਈ ਵੀ ਨਹੀਂ ਸੀ।

ਇੰਟਰਨੈੱਟ ਦਾ ਚਸਕਾ : ਇਸਦੇ ਨਾਲ ਹੀ ਆਨਲਾਈਨ ਪੜ੍ਹਾਈ ਨਾਲ ਅਲ੍ਹੜ ਉਮਰ ਦੇ ਬੱਚਿਆਂ ਵਿਚ ਇੰਟਰਨੈੱਟ ਦਾ ਚਸਕਾ ਵੀ ਵਧ ਰਿਹਾ ਹੈ। ਫਲਸਰੂਪ ਕਈ ਵਾਰ ਉਹ ਖ਼ਤਰਨਾਕ ਗੇਮਾਂ ਖੇਡਣ ਲਗਦੇ ਹਨ ਜਾਂ ਮਾਰ-ਧਾੜ, ਗਲੈਮਰਜ਼ ਤੇ ਅਸ਼ਲੀਲਤਾ ਨਾਲ ਸੰਬੰਧਿਤ ਵੈਬ-ਸਾਈਟਾਂ ਵਿਚ ਰੁਚੀ ਲੈਣ ਲੱਗਦੇ, ਜੋ ਕਿ ਉਨ੍ਹਾਂ ਦੀ ਚਰਿੱਤਰ ਉਸਾਰੀ ਲਈ ਘਾਤਕ ਸਿੱਧ ਹੁੰਦੀ ਹੈ। ਇਸ ਨਾਲ ਬੱਚਿਆਂ ਵਿਚ ਕਈ ਮਨੋ-ਵਿਕਾਰ ਵੀ ਪੈਦਾ ਹੋ ਜਾਂਦੇ ਹਨ ਤੇ ਉਨ੍ਹਾਂ ਦੇ ਮਾਤਾ-ਪਿਤਾ, ਭੈਣਾਂ-ਭਰਾਵਾਂ ਤੇ ਸਾਥੀਆਂ ਪ੍ਰਤੀ ਰਵੱਈਏ ਵਿਚ ਤਬਦੀਲੀ ਆਉਣ ਲਗਦੀ ਹੈ। ਇਸ ਲਈ ਮਾਤਾ-ਪਿਤਾ ਦੀ ਜ਼ਿੰਮੇਵਾਰੀ ਵਧ ਜਾਂਦੀ ਹੈ ਕਿ ਉਹ ਬੱਚਿਆਂ ਦੀ ਮੋਬਾਈਲ ਦੀ ਵਰਤੋਂ ਉੱਤੇ ਲਗਾਤਾਰ ਨਜ਼ਰ ਰੱਖਣ। ਕਈ ਵਾਰੀ ਬੱਚਿਆਂ ਨੂੰ ਮੋਬਾਈਲ ਹੱਥ ਵਿਚ ਫੜਾ ਕੇ ਗ਼ਲਤ ਪਾਸੇ ਜਾਣ ਤੋਂ ਰੋਕਣ ਨਾਲ ਉਨ੍ਹਾਂ ਵਿਚ ਬਗ਼ਾਵਤੀ ਰੁਚੀਆਂ ਵੀ ਪੈਦਾ ਹੋਣ ਲਗਦੀਆਂ ਹਨ।

ਸਾਰ-ਅੰਸ਼ : ਇਸ ਸਮੇਂ ਕਰੋਨਾ ਦਾ ਜ਼ੋਰ ਘਟਣ ਤੇ ਇਸ ਤੋਂ ਅਗਾਊਂ ਬਚਾਓ ਲਈ ਟੀਕਾਕਰਨ ਹੋਣ ਪਿੱਛੋਂ ਪੜ੍ਹਾਈ ਮੁੜ ਪਹਿਲਾਂ ਵਾਲੀ ਲੀਹ ‘ਤੇ ਆ ਗਈ ਹੈ, ਪਰ ਆਨਲਾਈਨ ਪੜ੍ਹਾਈ ਵੇਲੇ-ਕੁਵੇਲੇ ਵਿਦਿਆਰਥੀਆਂ ਲਈ ਸਹਾਇਕ ਸਿੱਧ ਹੁੰਦੀ ਰਹੇਗੀ।