ਲੇਖ ਰਚਨਾ : ਅਜੋਕੇ ਸਮੇਂ ਵਿਚ ਵਧ ਰਹੇ ਨਸ਼ੇ
ਲੇਖ ਰਚਨਾ : ਵਿਦਿਆਰਥੀ ਤੇ ਨਸ਼ੇ / ਨਸ਼ਾ ਨਾਸ਼ ਕਰਦਾ ਹੈ
ਨੌਜਵਾਨਾਂ ਵਿਚ ਨਸ਼ਿਆਂ ਦੇ ਸੇਵਨ ਦਾ ਦਿਨੋ-ਦਿਨ ਵਧਣਾ : ਭਾਰਤ ਖ਼ਾਸ ਕਰ ਪੰਜਾਬ ਦੇ ਯੁਵਕਾਂ ਵਿਚ ਨਸ਼ਿਆਂ ਦੇ ਸੇਵਨ ਦੀ ਰੁਚੀ ਦਿਨੋ-ਦਿਨ ਵਧ ਰਹੀ ਹੈ। ਇਕ ਸਰਵੇਖਣ ਅਨੁਸਾਰ ਪੰਜਾਬ ਦੇ ਵਿਚ ਲਗਪਗ 40 ਲੱਖ ਨੌਜਵਾਨ ਨਸ਼ਿਆਂ ਦੇ ਸ਼ਿਕਾਰ ਹਨ, ਜਿਨ੍ਹਾਂ ਵਿਚੋਂ 2% ਤੋਂ 5% ਤਕ ਕੁੜੀਆਂ ਸ਼ਾਮਿਲ ਹਨ। ਇਨ੍ਹਾਂ ਨਸ਼ਿਆਂ ਨੇ ਪੰਜਾਬ ਦੀ ਜੁਆਨੀ ਨੂੰ ਗਾਲ ਕੇ ਰੱਖ ਦਿੱਤਾ ਹੈ। ਇਹੋ ਕਾਰਨ ਹੈ ਕਿ ਅੱਜ ਤੋਂ 20-25 ਸਾਲ ਪਹਿਲਾਂ ਹਰ ਪਿੰਡ ਵਿਚ ਕਬੱਡੀ ਦੀਆਂ ਦੋ-ਦੋ ਤਿੰਨ-ਤਿੰਨ ਟੀਮਾਂ ਹੁੰਦੀਆਂ ਸਨ, ਪਰੰਤੂ ਅੱਜ 10 ਪਿੰਡਾਂ ਨੂੰ ਰਲਾ ਕੇ ਵੀ ਇਕ ਟੀਮ ਨਹੀਂ ਬਣਦੀ।
ਸੰਸਾਰ ਵਿਚ ਨਸ਼ਿਆਂ ਦਾ ਪਸਾਰ : ਇਕ ਅਨੁਮਾਨ ਅਨੁਸਾਰ ਸਾਰੇ ਸੰਸਾਰ ਵਿਚ ਇਸ ਸਮੇਂ 20 ਕਰੋੜ 50 ਲੱਖ ਤੋਂ ਵੱਧ ਲੋਕ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ। ਇਸ ਪੱਖ ਤੋਂ ਏਸ਼ਿਆਈ ਲੋਕ ਸਭ ਤੋਂ ਵੱਧ ਨਸ਼ਿਆਂ ਦੀ ਮਾਰ ਹੇਠ ਹਨ ਤੇ ਸਾਡਾ ਮੁਲਕ ਏਸ਼ਿਆਈ ਮੁਲਕਾਂ ਦੇ ਨਸ਼ੇਬਾਜ਼ਾਂ ਵਿਚੋਂ ਮੋਹਰਲੀ ਕਤਾਰ ਵਿਚ ਆਉਂਦਾ ਹੈ। ਇਕ ਰਿਪੋਰਟ ਮੁਤਾਬਕ ਭਾਰਤ ਵਿਚ 7 ਕਰੋੜ ਬੰਦੇ ਸ਼ਰਾਬ, 9 ਲੱਖ ਚਰਸ, 27 ਲੱਖ ਚਰਸ, ਸਮੈਕ ਤੇ ਹੈਰੋਇਨ ਅਤੇ 20 ਲੱਖ ਲੋਕ ਹੋਰਨਾਂ ਨਸ਼ੀਲੇ ਪਦਾਰਥਾਂ ਦੇ ਆਦੀ ਹੋ ਚੁੱਕੇ ਹਨ।
ਭਿੰਨ-ਭਿੰਨ ਪ੍ਰਕਾਰ ਦੇ ਨਸ਼ੇ : ਕਈ ਥਾਵਾਂ ਤੇ ਸਕੂਲਾਂ ਜਾਂ ਕਾਲਜਾਂ ਦੇ ਹੋਸਟਲਾਂ ਦੀ ਤਲਾਸ਼ੀ ਲੈਣ ਉਪਰੰਤ ਉੱਥੇ ਸ਼ਰਾਬ, ਅਫ਼ੀਮ, ਚਰਸ, ਸਿਗਰਟ, ਭੰਗ, ਪੋਸਤ, ਸੁਲਫਾ, ਗਾਂਜਾ, ਕੋਕੀਨ, ਸਮੈਕ ਤੇ ਹੈਰੋਇਨ ਆਦਿ ਨਸ਼ਾ ਦੇਣ ਵਾਲੀਆਂ ਵਸਤਾਂ ਮਿਲੀਆਂ ਹਨ, ਜਿਨ੍ਹਾਂ ਦਾ ਪ੍ਰਯੋਗ ਨੌਜਵਾਨ ਕਰਦੇ ਹਨ। ਇਸ ਤੋਂ ਬਿਨਾਂ ਉਹ ਕਈ ਪ੍ਰਕਾਰ ਦੀਆਂ ਹੋਰ ਨਸ਼ੇਦਾਰ ਗੋਲੀਆਂ, ਸਿੰਥੈਟਿਕ ਨਸ਼ੇ, ਨੀਂਦ ਲਿਆਉਣ ਵਾਲੀਆਂ ਗੋਲੀਆਂ ਤੇ ਦਵਾਈਆਂ ਦੀ ਵਰਤੋਂ ਵੀ ਕਰਦੇ ਹਨ। ਕਈ ਨੌਜਵਾਨ ਨਸ਼ੇ ਦੇ ਟੀਕੇ ਵੀ ਲਾਉਂਦੇ ਹਨ। ਨਸ਼ਿਆਂ ਦੇ ਸੇਵਨ ਦੀ ਇਹ ਰੁਚੀ ਕੇਵਲ ਸਕੂਲਾਂ ਤੇ ਕਾਲਜਾਂ ਦੇ ਹੋਸਟਲਾਂ ਤਕ ਹੀ ਸੀਮਿਤ ਨਹੀਂ, ਸਗੋਂ ਨੌਕਰੀ-ਪੇਸ਼ਾ ਜਾਂ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਵਿਚ ਵੀ ਹੈ। ਉਹ ਆਪਣੇ ਫ਼ਿਕਰਾਂ, ਗ਼ਮਾਂ ਤੇ ਚਿੰਤਾਵਾਂ ਨੂੰ ਭੁਲਾਉਣ ਲਈ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਦੇ ਹਨ। ਸ਼ੁਰੂ-ਸ਼ੁਰੂ ਵਿਚ ਹੋਰਨਾਂ ਨਸ਼ਈਆਂ ਦੇ ਬਹਿਕਾਵੇ ਵਿਚ ਆ ਕੇ ਪਲ ਭਰ ਦੇ ਆਨੰਦ ਲਈ ਲਿਆ ਨਸ਼ਾ ਕੱਚੀ ਉਮਰ ਦੇ ਬੱਚਿਆਂ ਲਈ ਮੌਤ ਦਾ ਫ਼ਰਮਾਨ ਹੋ ਨਿਬੜਦਾ ਹੈ।
ਨਸ਼ਾ-ਤੰਤਰ : ਨੌਜਵਾਨਾਂ ਵਿਚ ਨਸ਼ਿਆਂ ਦੇ ਪਸਾਰ ਦਾ ਮੁੱਖ ਕਾਰਨ ਪੈਸੇ ਦੀ ਹਵਸ ਦੇ ਸ਼ਿਕਾਰ ਸਮਾਜ ਵਿਰੋਧੀ ਅਨਸਰ ਹਨ, ਜਿਨ੍ਹਾਂ ਦਾ ਪੂਰੀ ਦੁਨੀਆ ਵਿਚ ਫੈਲਿਆ ਇਕ ਨੈੱਟਵਰਕ ਹੈ। ਬੇਸ਼ਕ ਹਰ ਦੂਜੇ-ਚੌਥੇ ਦਿਨ ਕਰੋੜਾਂ ਰੁਪਏ ਦੀ ਹੈਰੋਇਨ ਫੜੇ ਜਾਣ ਦੀਆਂ ਖ਼ਬਰਾਂ ਆਉਂਦੀਆਂ ਹਨ, ਪਰ ਇਸ ਦੇ ਬਾਵਜੂਦ ਵੱਡੇ ਪੱਧਰ ਤੇ ਸਮਗਲਿੰਗ ਰਾਹੀਂ ਹੈਰੋਇਨ, ਚਰਸ, ਸਮੈਕ ਤੇ ਹੋਰ ਨਸ਼ੇ ਪੰਜਾਬ ਤੇ ਹੋਰ ਥਾਂਵਾਂ ਉੱਤੇ ਸਪਲਾਈ ਹੁੰਦੇ ਹਨ। ਸਾਡੇ ਪਿੰਡਾਂ ਤੇ ਸ਼ਹਿਰਾਂ ਵਿਚ ਇਹ ਨਸ਼ਾ-ਤੰਤਰ ਬੜੇ ਭਿਆਨਕ ਰੂਪ ਵਿਚ ਫੈਲਿਆ ਹੋਇਆ ਹੈ, ਜਿਸ ਵਿਚ ਭ੍ਰਿਸ਼ਟ ਰਾਜਨੀਤਕ ਲੀਡਰ, ਪੁਲਿਸ ਤੇ ਖ਼ੁਫ਼ੀਆ ਮਹਿਕਮੇ ਦੇ ਭ੍ਰਿਸ਼ਟ ਅਫਸਰਾਂ ਤਕ ਸਭ ਭਾਈਵਾਲ ਹਨ। ਗਭਰੂਆਂ ਨੂੰ ਨਸ਼ਿਆਂ ‘ਤੇ ਲਾਉਣ ਲਈ ਇਹ ਸਮਗਲਰ ਬਹੁ-ਕੌਮੀ ਕੰਪਨੀਆਂ ਵਾਂਗ ਕੰਮ ਕਰਦੇ ਹੋਏ ਆਪਣੇ ਨਵੇਂ ਸ਼ਿਕਾਰਾਂ ਨੂੰ ਚਾਰ ਪੁੜੀਆਂ ਪਿੱਛੇ ਪੰਜਵੀਂ ਮੁਫ਼ਤ ਦਿੰਦੇ ਹਨ ਤੇ ਫਿਰ ਉਨ੍ਹਾਂ ਰਾਹੀਂ ਹੀ ਸਬ-ਏਜੰਟ ਬਣਾ ਕੇ ਇਹ ਜ਼ਹਿਰ ਘਰ-ਘਰ ਪੁਚਾਉਣ ਦਾ ਕਾਰੋਬਾਰ ਕੀਤਾ ਜਾਂਦਾ ਹੈ। ਇਸੇ ਕਾਰਨ ਚੋਣਾਂ ਵਿਚ ਵੀ ਨਸ਼ਿਆਂ ਦੀ ਖੁੱਲ੍ਹੀ ਵਰਤੋਂ ਹੁੰਦੀ ਹੈ। ਅਸਲ ਵਿਚ ਨਸ਼ਾ ਮਨੁੱਖ ਦੀ ਸੋਚਣ-ਵਿਚਾਰਨ ਦੀ ਸ਼ਕਤੀ ਖੋਹ ਲੈਂਦਾ ਹੈ ਤੇ ਵਰਤਮਾਨ ਸਿਆਸਤ ਦੇ ਚੌਧਰੀਆਂ ਨੂੰ ਅਜਿਹੇ ਲੋਕਾਂ ਦੀ ਹੀ ਜ਼ਰੂਰਤ ਹੈ, ਜਿਹੜੇ ਆਪਣੀ ਸੋਚ-ਵਿਚਾਰ ਤੋਂ ਵਾਂਝੇ ਹੋਣ ਤੇ ਨਸ਼ੇ ਦੀਆਂ ਦੋ-ਚਾਰ ਖ਼ੁਰਾਕਾਂ ਤੇ ਦੋ-ਚਾਰ ਸੌ ਰੁਪਏ ਲੈ ਕੇ ਉਨ੍ਹਾਂ ਦੇ ਬਕਸੇ ਵਿਚ ਵੋਟ ਪਾ ਆਉਣ। ਇਸੇ ਕਰਕੇ ਸਰਕਾਰ ਵਲੋਂ ਸ਼ਰਾਬ ਦੀ ਵਿਕਰੀ ਦਾ ਰੱਜ ਕੇ ਪਸਾਰ ਕੀਤਾ ਗਿਆ ਹੈ। ਇਸ ਅਨੁਸਾਰ ਪੰਜਾਬ ਵਿਚ ਇਕ ਸਾਲ ਵਿਚ 40 ਕਰੋੜ ਰੁਪਏ ਦੀ ਸ਼ਰਾਬ ਦੀ ਖ਼ਪਤ ਹੁੰਦੀ ਹੈ। ਇਸ ਤੋਂ ਇਲਾਵਾ ਦੇਸੀ ਸ਼ਰਾਬ ਤੇ ਜਿੰਨਾਂ ਹੋਰਨਾ ਨਸ਼ਿਆਂ ਦੀ ਵਰਤੋਂ ਹੁੰਦੀ ਹੈ, ਉਨ੍ਹਾਂ ਬਾਰੇ ਜੋ ਤੱਥ ਹਰ ਰੋਜ਼ ਸਾਹਮਣੇ ਆਉਂਦੇ ਹਨ, ਉਹ ਕੰਬਣੀ ਛੇੜਣ ਵਾਲੇ ਹਨ। ਇਸੇ ਕਾਰਨ ਪੰਜਾਬ ਵਿਚ ਘਰਾਂ ਦੇ ਘਰ ਤਬਾਹ ਹੋ ਰਹੇ ਹਨ। ਸੈਂਕੜੇ ਨੌਜਵਾਨ ਮੌਤ ਦਾ ਖਾਜਾ ਬਣ ਰਹੇ ਹਨ। ਅਨੇਕਾਂ ਆਤਮਘਾਤ ਦੇ ਰਾਹ ਤੁਰੇ ਜਾਂਦੇ ਹਨ ਤੇ ਮਾਪਿਆਂ, ਪੁੱਤਰਾਂ, ਭੈਣਾਂ ਤੇ ਭਰਾਵਾਂ ਦੇ ਰਿਸ਼ਤੇ ਤਿੜਕ ਰਹੇ ਹਨ। ਸਮਾਜਿਕ ਕਦਰਾਂ-ਕੀਮਤਾਂ ਖੂਹ ਵਿਚ ਪੈ ਗਈਆਂ ਹਨ। ਪਰ ਨਸ਼ਿਆਂ ਦਾ ਪਸਾਰਾ ਘਟਣ ਦਾ ਨਾਂ ਨਹੀਂ ਲੈ ਰਿਹਾ। ਨਸ਼ਿਆਂ ਦੇ ਅਜਿਹੇ ਵਾਤਾਵਰਨ ਤੋਂ ਡਰੇ ਹੋਏ ਬਹੁਤੇ ਆਪੇ ਇਸ ਆਪਣੇ ਜੁਆਨ ਹੋ ਰਹੇ ਮੁੰਡਿਆਂ-ਕੁੜੀਆਂ ਨੂੰ ਪੰਜਾਬ ਤੋਂ ਬਾਹਰ ਵਿਦੇਸ਼ ਵਿਚ ਭੇਜਣ ਵਿਚ ਹੀ ਭਲਾ ਸਮਝਣ ਲੱਗੇ ਹਨ। ਇਲਾਵਾ ਹੇਠ ਲਿਖੇ ਕੁੱਝ ਹੋਰ ਕਾਰਨ ਵੀ ਹਨ, ਜੋ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਇਨ੍ਹਾਂ ਨਸ਼ੇ ਦੇ ਵਪਾਰੀਆਂ ਦੇ ਸ਼ਿਕਾਰ ਬਣਾਉਣ ਵਿਚ ਹਿੱਸਾ ਪਾ ਰਹੇ ਹਨ।
ਹੋਸਟਲਾਂ ਦਾ ਦੂਸ਼ਿਤ ਵਾਤਾਵਰਨ : ਜਦੋਂ ਨੌਜਵਾਨ ਹੋਸਟਲਾਂ ਵਿਚ ਇਕੱਠੇ ਰਹਿੰਦੇ ਹਨ, ਤਾਂ ਹੋਸਟਲਾਂ ਵਿਚ ਪੁਰਾਣੇ ਨਸ਼ੇਬਾਜ਼ ਜਾਂ ਨਸ਼ੇ ਦੇ ਵਪਾਰੀਆਂ ਦੇ ਏਜੰਟ ਨਵਿਆਂ ਨੂੰ ਮਜਬੂਰ ਕਰ ਕੇ ਆਪਣੇ ਵਰਗੇ ਬਣਾਉਂਦੇ ਤੇ ਨਸ਼ੇ ਖਾਣ ਵਿਚ ਲਾ ਦਿੰਦੇ ਹਨ। ਉੱਥੇ ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੁੰਦਾ। ਫਿਰ ਹੋਸਟਲ ਦੀ ਜ਼ਿੰਦਗੀ ਸਮਾਜਿਕ ਤੇ ਧਾਰਮਿਕ ਜੀਵਨ ਨਾਲੋਂ ਟੁੱਟੀ ਹੋਣ ਕਰਕੇ ਉੱਥੇ ਰਹਿੰਦੇ ਯੁਵਕਾਂ ਨੂੰ ਨਾ ਤਾ ਕਿਸੇ ਮਾਨ-ਮਰਯਾਦਾ ਦੀ ਪਾਲਣਾ ਦਾ ਫ਼ਿਕਰ ਹੁੰਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਦੀ ਸ਼ਰਮ- ਹਯਾ ਹੁੰਦੀ ਹੈ। ਫਲਸਰੂਪ ਉਹ ਮਨ ਆਏ ਕੁਕਰਮ ਕਰਦੇ ਹਨ।
ਹੋਰ ਕਾਰਨ : ਇਸਦੇ ਨਾਲ ਹੀ ਨੁਕਸਦਾਰ ਵਿੱਦਿਅਕ ਢਾਂਚੇ ਕਾਰਨ ਵਿਦਿਆਰਥੀਆਂ ਦਾ ਪੜ੍ਹਾਈ ਕਰਨ ਦੀ ਥਾਂ ਨਕਲ ਮਾਰ ਕੇ ਪਾਸ ਹੋਣ ਵਿਚ ਵਿਸ਼ਵਾਸ ਰੱਖਣਾ, ਬੇਰੁਜ਼ਗਾਰੀ ਦੇ ਪਸਾਰੇ ਕਾਰਨ ਭਵਿੱਖ ਦਾ ਹਨੇਰਾ ਦਿਸਣਾ, ਫ਼ਿਲਮਾਂ, ਸੋਸ਼ਲ ਮੀਡੀਆ ਅਤੇ ਤੰਬਾਕੂ ਖਾਣ ਵਾਲੇ ਯੂ.ਪੀ. ਤੇ ਬਿਹਾਰ ਦੇ ਪਰਵਾਸੀ ਮਜ਼ਦੂਰਾਂ ਅਤੇ ਢਾਣੀਆਂ ਦਾ ਪ੍ਰਭਾਵ ਵੀ ਨੌਜਵਾਨਾਂ ਵਿਚ ਨਸ਼ਿਆਂ ਦਾ ਪਸਾਰ ਕਰਨ ਦਾ ਜ਼ਿੰਮੇਵਾਰ ਹੈ।
ਚਰਿੱਤਰ ਤੇ ਨੈਤਿਕਤਾ ਦਾ ਨਾਸ਼ : ਨਸ਼ੇ ਮਨੁੱਖ ਦੇ ਚਰਿੱਤਰ, ਨੈਤਿਕਤਾ ਤੇ ਸਿਹਤ ਦਾ ਸਤਿਆਨਾਸ ਕਰ ਦਿੰਦੇ ਹਨ। ਜਿਹੜਾ ਇਕ ਵਾਰੀ ਇਸ ਇੱਲਤ ਦਾ ਸ਼ਿਕਾਰ ਹੋ ਜਾਂਦਾ ਹੈ, ਉਸ ਦਾ ਇਸ ਵਿਚੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ ਤੇ ਦੋ-ਤਿੰਨ ਸਾਲਾਂ ਵਿਚ ਹੀ ਉਹ ਸਿਵਿਆਂ ਵਿਚ ਪੁੱਜ ਜਾਂਦਾ ਹੈ। ਨਸ਼ਿਆਂ ਵਿਚ ਗਲਤਾਨ ਮਨੁੱਖ ਸਮਾਜਿਕ ਤੇ ਨੈਤਿਕ ਕਦਰਾਂ-ਕੀਮਤਾਂ ਭੁੱਲ ਜਾਂਦੇ ਹਨ। ਉਹ ਚੋਰੀਆਂ ਕਰਦੇ, ਜੂਆ ਖੇਡਦੇ ਅਤੇ ਘਰਦਿਆਂ ਤੋਂ ਪੈਸੇ ਨਾ ਮਿਲਣ ਦੀ ਸੂਰਤ ਵਿਚ ਮਾਂ-ਪਿਓ ਦਾ ਕਤਲ ਵੀ ਕਰ ਦਿੰਦੇ ਹਨ। ਮਾਂ-ਪਿਓ ਤੇ ਘਰ ਦੇ ਹੋਰ ਮੈਂਬਰ ਆਪਣੇ ਆਪ ਨੂੰ ਉਨ੍ਹਾਂ ਦੀਆਂ ਹਰਕਤਾਂ ਸਾਹਮਣੇ ਬੇਵੱਸ ਮਹਿਸੂਸ ਕਰਦੇ ਹਨ। ਕਈ ਵਾਰੀ ਉਹ ਲੋਕ-ਲਾਜ ਤੇ ਸ਼ਰਮ ਦੇ ਮਾਰੇ ਕਿਸੇ ਨੂੰ ਦੱਸਦੇ ਵੀ ਨਹੀਂ ਤੇ ਕਈ ਵਾਰੀ ਉਨ੍ਹਾਂ ਨੂੰ ਹਸਪਤਾਲਾਂ ਵਿਚ ਧੱਕੇ ਖਾਣੇ ਪੈਂਦੇ ਹਨ।
ਪ੍ਰਭਾਵਸ਼ਾਲੀ ਕਾਰਵਾਈ ਦੀ ਲੋੜ : ਸਾਡੀ ਸਰਕਾਰ ਤੇ ਸਮਾਜਿਕ ਜਥੇਬੰਦੀਆਂ ਨੂੰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਜ਼ੋਰਦਾਰ ਕਦਮ ਚੁੱਕਣੇ ਚਾਹੀਦੇ ਹਨ। ਇਸ ਮੰਤਵ ਲਈ ਇਨ੍ਹਾਂ ਦੇ ਨੈੱਟਵਰਕ ਨੂੰ ਤੋੜਨਾ ਤੇ ਨਸ਼ੇ ਦੀ ਸਮਗਲਿੰਗ ਦੇ ਰਸਤਿਆਂ ਨੂੰ ਬੰਦ ਕਰਨਾ ਬਹੁਤ ਜ਼ਰੂਰੀ ਹੈ। ਪਿੰਡਾਂ ਵਿਚ ਪੰਚਾਇਤਾਂ ਨੂੰ ਹਰ ਨੌਜਵਾਨ ਮੁੰਡੇ-ਕੁੜੀ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਪਿੰਡਾਂ ਵਿਚ ਨਸ਼ੇਬਾਜ਼ਾਂ ਦੇ ਕਿਸੇ ਏਜੰਟ ਜਾਂ ਕਿਸੇ ਦੇ ਨਸ਼ੇਬਾਜ਼ ਰਿਸ਼ਤੇਦਾਰ ਨੂੰ ਵੜਨ ਨਹੀਂ ਦੇਣਾ ਚਾਹੀਦਾ। ਇਸ ਦੇ ਨਾਲ ਨੈਣ ਹੀ ਸਰਕਾਰ ਨੂੰ ਵਿੱਦਿਅਕ ਢਾਂਚੇ ਦਾ ਸੁਧਾਰ ਕਰਦਿਆਂ ਉਸ ਨੂੰ ਰੁਜ਼ਗਾਰਮੁਖੀ ਬਣਾ ਕੇ ਹਰ ਇਕ ਲਈ ਰੁਜ਼ਗਾਰ ਦੀ ਗਰੰਟੀ ਦੇਣ ਵਾਲੇ ਕਦਮ ਚੁੱਕਣੇ ਚਾਹੀਦੇ ਹਨ ਤੇ ਨੌਜਵਾਨਾਂ ਵਿਚ ਖੇਡਾਂ ਤੋਂ ਇਲਾਵਾ ਹੋਰਨਾਂ ਮੁਕਾਬਲਿਆਂ ਨੂੰ ਉਤਸ਼ਾਹਿਤ ਕਰ ਕੇ ਉਨ੍ਹਾਂ ਵਿਚ ਨਵੀਆਂ ਪ੍ਰੇਰਨਾਵਾਂ ਪੈਦਾ ਕਰਨੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਮਾਪਿਆਂ ਦਾ ਵੀ ਫ਼ਰਜ਼ ਹੈ ਕਿ ਉਹ ਆਪਣੇ ਬੱਚਿਆਂ ਦੀਆ ਆਦਤਾਂ ਉੱਤੇ ਨਜ਼ਰ ਰੱਖਣ ਤੇ ਉਨ੍ਹਾਂ ਨੂੰ ਭਟਕਣ ਨਾ ਦੇਣ।