ਲੇਖ ਰਚਨਾ : ਅਜੋਕਾ ਇਮਤਿਹਾਨੀ ਢਾਂਚਾ
ਅਜੋਕਾ ਇਮਤਿਹਾਨੀ ਢਾਂਚਾ
ਇਮਤਿਹਾਨ : ਜਾਣ-ਪਛਾਣ : ‘ਇਮਤਿਹਾਨ’ ਸ਼ਬਦ ਹੀ ਆਪਣੇ ਆਪ ਵਿੱਚ ‘ਗੋਰਖ-ਧੰਦਾ’ ਜਾਪਦਾ ਹੈ। ਹਜ਼ਰਤ ਮੂਸਾ ਨੇ ਇੱਕ ਵਾਰ ਕਿਹਾ ਸੀ, ‘ਰੱਬਾ ਮੈਨੂੰ ਕਦੇ ਇਮਤਿਹਾਨ ਵਿੱਚ ਨਾ ਪਾਈਂ!’
ਮਨੁੱਖੀ ਜੀਵਨ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਇਮਤਿਹਾਨ ਹੈ। ਇਸ ਵਿੱਚ ਸਮੇਂ-ਸਮੇਂ, ਥਾਂ ਥਾਂ ‘ਤੇ ਅਜਿਹੀਆਂ ਔਕੜਾਂ ਆਉਂਦੀਆਂ ਹਨ ਜਿਨ੍ਹਾਂ ‘ਤੇ ਕਾਬੂ ਪਾਉਣਾ ਅਤੇ ਜੀਵਨ-ਪੰਧ ਨੂੰ ਸੁਖਾਲਾ ਕਰਨਾ ਹੀ ਮਨੁੱਖ ਦਾ ਯਤਨ ਹੁੰਦਾ ਹੈ। ਇਸ ਯਤਨ ਵਿੱਚ ਸਫਲਤਾ ਹੀ ਜੀਵਨ ਦੇ ਇਮਤਿਹਾਨ ਦੀ ਸਫਲਤਾ ਕਹੀ ਜਾ ਸਕਦੀ ਹੈ। ਸਾਨੂੰ ਪੁਰਾਤਨ ਇਤਿਹਾਸਕ-ਮਿਥਿਹਾਸਕ ਕਹਾਣੀਆਂ ਤੋਂ ਪਤਾ ਲੱਗਦਾ ਹੈ ਕਿ ਪੁਰਾਣੇ ਗੁਰੂ – ਪੀਰ ਆਪਣੇ ਚੇਲਿਆਂ ਦੀ ਯੋਗਤਾ ਪਰਖਣ ਲਈ ਭਾਂਤ-ਭਾਂਤ ਦੇ ਪਰਤਾਵੇ ਲਿਆ ਕਰਦੇ ਸਨ। ਹੁਣ ਵਿਦਿਆਰਥੀਆਂ ਦੀ ਯੋਗਤਾ ਪਰਖਣ ਲਈ ਬੋਰਡ ਜਾਂ ਯੂਨੀਵਰਸਿਟੀਆਂ ਵੱਲੋਂ ਇਮਤਿਹਾਨ ਲਏ ਜਾਂਦੇ ਹਨ। ਹਰ ਸਾਲ ਇਸ ਪਰਖ ਵਿੱਚ ਪਾਸ ਵਿਦਿਆਰਥੀ ਅਗਲੀ ਜਮਾਤ ਵਿੱਚ ਚੜ੍ਹ ਜਾਂਦਾ ਹੈ ਤੇ ਫ਼ੇਲ੍ਹ ਮੁੜ ਉਸੇ ਜਮਾਤ ਵਿੱਚ ਰਹਿ ਜਾਂਦਾ ਹੈ। ਇਹ ਇਮਤਿਹਾਨ ਕੇਵਲ ਸਕੂਲਾਂ-ਕਾਲਜਾਂ ਵਿੱਚ ਹੀ ਨਹੀਂ ਸਗੋਂ ਜੀਵਨ ਦੇ ਪੈਰ-ਪੈਰ ‘ਤੇ ਹੁੰਦੇ ਹਨ। ਇਹ ਲਿਖਤੀ, ਜ਼ਬਾਨੀ ਅਤੇ ਤਜਰਬਿਆਂ (Practicals) ਆਦਿ ਦੇ ਰੂਪ ਵਿੱਚ ਲਏ ਜਾਂਦੇ ਹਨ।
ਇਮਤਿਹਾਨ ਇੱਕ ਮਾਪਦੰਡ ਹੈ : ਇਮਤਿਹਾਨ ਉਹ ਮਾਪਦੰਡ ਹਨ ਜਿਸ ਨਾਲ ਵਿਦਿਆਰਥੀਆਂ ਦੀ ਲਿਆਕਤ ਪਰਖੀ ਜਾਂਦੀ ਹੈ। ਵਿਦਿਆਰਥੀ ਦੀ ਕਿਸੇ ਵਿਸ਼ੇ ਬਾਰੇ ਜਾਣਕਾਰੀ ਦਾ ਅਨੁਮਾਨ ਇਮਤਿਹਾਨ ਹੀ ਲਾ ਸਕਦੇ ਹਨ। ਹੁਣ ਤੀਕ ਵਿਗਿਆਨ ਨੇ ਕੋਈ ਅਜਿਹੀ ਕਾਢ ਨਹੀਂ ਕੱਢੀ ਅਤੇ ਨਾ ਹੀ ਸਾਡੇ ਕੋਲ ਕੋਈ ਅਜਿਹਾ ਜਾਦੂ ਦਾ ਡੰਡਾ ਹੈ ਜਿਸ ਨਾਲ ਵਿਦਿਆਰਥੀ ਦੀ ਬੁੱਧੀ ਦੀ ਤੀਖਣਤਾ ਅਤੇ ਗਿਆਨ ਦੀ ਵਿਸ਼ਾਲਤਾ ਨੂੰ ਜਾਣਿਆ ਜਾ ਸਕੇ। ਇਹ ਜਾਣਕਾਰੀ ਤਾਂ ਇਮਤਿਹਾਨ ਰਾਹੀਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਲਈ ਕਿਸੇ ਹੋਰ ਯੋਗ ਸਾਧਨ ਦੀ ਅਣਹੋਂਦ ਕਾਰਣ ਇਮਤਿਹਾਨਾਂ ਦੀ ਲੋੜ ਸਪੱਸ਼ਟ ਹੋ ਜਾਂਦੀ ਹੈ।
ਇਮਤਿਹਾਨਾਂ ਦੇ ਲਾਭ :
1. ਇਮਤਿਹਾਨ ਮਿਹਨਤ ਦੀ ਆਦਤ ਦਾ ਸੋਮਾ : ਗਹੁ ਨਾਲ ਵਿਚਾਰੀਏ ਤਾਂ ਪਤਾ ਚਲਦਾ ਹੈ ਕਿ ਇਮਤਿਹਾਨ ਕੇਵਲ ਬੁੱਧੀ-ਮਾਪਕ ਜਾਂ ਬੁੱਧੀ-ਪਰਖ ਹੀ ਨਹੀਂ ਸਗੋਂ ਬੁੱਧੀ ਤੀਖਣ ਕਰਨ ਅਤੇ ਮਿਹਨਤ ਕਰਨ ਦੀ ਆਦਤ ਪਾਉਣ ਵਿੱਚ ਵੀ ਸਹਾਈ ਹੁੰਦੇ ਹਨ। ਇਮਤਿਹਾਨ ਨੇੜੇ ਆਉਣ `ਤੇ ਵਿਦਿਆਰਥੀ ਸਾਰੀ-ਸਾਰੀ ਰਾਤ ਪੜ੍ਹਦੇ ਰਹਿੰਦੇ ਹਨ, ਲਗਾਤਾਰ ਕਈ-ਕਈ ਘੰਟੇ ਬੈਠ ਕੇ ਮਿਹਨਤ ਕਰਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਮਿਹਨਤ ਕਰਨ ਦੀ ਆਦਤ ਪੈ ਜਾਂਦੀ ਹੈ। ਮਨੋਵਿਗਿਆਨੀ ਦੱਸਦੇ ਹਨ ਕਿ ਜਿਹੜਾ ਕੰਮ ਇੱਕ ਆਦਮੀ ਹਰ ਰੋਜ਼ ਕਰਦਾ ਹੈ, ਕੁਝ ਸਮੇਂ ਬਾਅਦ ਉਹ ਕੰਮ ਕਰਨ ਦੀ ਉਸ ਆਦਮੀ ਨੂੰ ਆਦਤ ਪੈ ਜਾਂਦੀ ਹੈ। ਇਵੇਂ ਰੋਜ਼ ਮਿਹਨਤ ਕਰਨ ਨਾਲ ਵਿਦਿਆਰਥੀ ਮਿਹਨਤੀ ਬਣ ਜਾਂਦੇ ਹਨ।
2. ਮੁਕਾਬਲੇ ਦੀ ਭਾਵਨਾ ਦਾ ਸੋਮਾ : ਇਮਤਿਹਾਨ ਵਿਦਿਆਰਥੀ ਨੂੰ ਅੱਗੇ ਵਧਣ ਦੀ ਪ੍ਰੇਰਨਾ ਵੀ ਦਿੰਦੇ ਹਨ। ਹਰ ਸਾਲ ਜਦੋਂ ਇਮਤਿਹਾਨ ਹੁੰਦਾ ਹੈ ਤਾਂ ਹਰ ਵਿਦਿਆਰਥੀ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਹੋਰਨਾਂ ਨਾਲੋਂ ਜ਼ਿਆਦਾ ਨੰਬਰ ਲੈ ਕੇ ਅੱਗੇ ਲੰਘੇ। ਇਹ ਭਾਵਨਾ ਉਸ ਨੂੰ ਮਿਹਨਤੀ ਤੇ ਸਿਰੜੀ ਬਣਾ ਦਿੰਦੀ ਹੈ। ਨਾਲੇ ਅੱਗੇ ਵਧਣ ਹਿਤ ਮੁਕਾਬਲਾ ਇੱਕ ਨਰੋਆ ਮੁਕਾਬਲਾ ਹੈ, ਜਿਸ ਤੋਂ ਹਰ ਵਿਦਿਆਰਥੀ ਹੋਰ ਅਗੇਰੇ ਵਧਣ ਦੀ ਪ੍ਰੇਰਨਾ ਲੈਂਦਾ ਹੈ।
3. ਸਵੈ-ਵਿਸ਼ਵਾਸ ਵਧਾਉਣ ਦਾ ਸੋਮਾ : ਇਮਤਿਹਾਨ ਵਿੱਚ ਪਾਸ ਹੋਣ ਨਾਲ ਵਿਦਿਆਰਥੀ ਨੂੰ ਆਪਣੇ ਆਪ ਵਿੱਚ ਵਿਸ਼ਵਾਸ ਆ ਜਾਂਦਾ ਹੈ ਕਿ ਉਹ ਵੀ ਕੁਝ ਕਰ ਸਕਣ ਦੇ ਯੋਗ ਹੈ। ਇਹ ਸਵੈ-ਭਰੋਸੇ ਦੀ ਭਾਵਨਾ ਉਸ ਦੇ ਵਿਅਕਤਿਤਵ ਦੇ ਵਿਕਾਸ ਵਿੱਚ ਸਹਾਈ ਹੁੰਦੀ ਹੈ। ਉਸ ਵਿੱਚ ਜੀਵਨ ਦੀਆਂ ਭਿਆਨਕ ਕਠਿਨਾਈਆਂ ਦਾ ਟਾਕਰਾ ਕਰਨ ਦਾ ਸਾਹਸ ਤੇ ਸ਼ਕਤੀ ਪੈਦਾ ਹੁੰਦੀ ਹੈ। ਇਹ ਇੱਕ ਵਿਅਕਤੀ ਦੇ ਵਿਕਾਸ ਦੀ ਵੱਡੀ ਨਿਸ਼ਾਨੀ ਹੈ।
ਇਮਤਿਹਾਨੀ ਪ੍ਰਬੰਧ ਵਿੱਚ ਊਣਤਾਈਆਂ : ਉਪਰੋਕਤ ਵਿਚਾਰ ਤੋਂ ਸਪੱਸ਼ਟ ਹੈ ਕਿ ਇਮਤਿਹਾਨਾਂ ਦੇ ਕਈ ਲਾਭ ਹਨ ਅਤੇ ਇਨ੍ਹਾਂ ਤੋਂ ਬਗ਼ੈਰ ਉਲਝਣਾਂ ਦੇ ਘਟਣ ਨਾਲੋਂ ਵਧਣ ਦੀ ਵਧੇਰੇ ਸੰਭਾਵਨਾ ਹੈ। ਇਸ ਲਈ ਇਮਤਿਹਾਨ ਜ਼ਰੂਰੀ ਲੋੜ ਹਨ, ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਸਾਡੇ ਇਮਤਿਹਾਨੀ ਪ੍ਰਬੰਧ ਵਿੱਚ ਕਈ ਊਣਤਾਈਆਂ ਹਨ।
ਅਵਿਗਿਆਨਕ ਅਧਾਰ : ਸਾਡੇ ਇਮਤਿਹਾਨੀ ਪ੍ਰਬੰਧ ਦੀ ਸਭ ਤੋਂ ਵੱਡੀ ਊਣਤਾਈ ਇਸ ਦਾ ਅਵਿਗਿਆਨਕ ਹੋਣਾ ਹੈ। ਇਸ ਦੁਆਰਾ ਵਿਦਿਆਰਥੀ ਦੀ ਲਿਆਕਤ ਜਾਂ ਬੁੱਧੀ ਦਾ ਪੂਰੀ ਤਰ੍ਹਾਂ ਅਨੁਮਾਨ ਨਹੀਂ ਲਾਇਆ ਜਾ ਸਕਦਾ। ਇਨ੍ਹਾਂ ਇਮਤਿਹਾਨਾਂ ਵਿੱਚ ਕਈ ਨਾਲਾਇਕ ਵਿਦਿਆਰਥੀ ਚੰਗੇ ਨੰਬਰ, ਇਥੋਂ ਤੀਕ ਕਿ ਚੰਗੀ ਡਵੀਜ਼ਨ ਲੈ ਕੇ ਪਾਸ ਹੁੰਦੇ ਹਨ ਜਦੋਂ ਕਿ ਕਈ ਲਾਇਕ ਵਿਦਿਆਰਥੀ ਮਸਾਂ ਹੀ ਪਾਸ ਹੁੰਦੇ ਹਨ ਜਾਂ ਕਈ ਵਾਰੀ ਫ਼ੇਲ੍ਹ ਵੀ ਹੋ ਜਾਂਦੇ ਹਨ। ਇਸ ਤਰੁੱਟੀ ਦੇ ਕਈ ਕਾਰਣ ਹਨ। ਇੱਕ ਤਾਂ ਇਸ ਇਮਤਿਹਾਨੀ ਪ੍ਰਣਾਲੀ ਵਿੱਚ ਸਾਰੇ ਸਾਲ ਦੀ ਪਰਖ ਕੇਵਲ ਤਿੰਨ ਘੰਟਿਆਂ ਵਿੱਚ ਕੀਤੀ ਜਾਂਦੀ ਹੈ। ਨਿਸ਼ਚਿਤ ਪਾਠ-ਪੁਸਤਕਾਂ ਵਿੱਚੋਂ ਇਮਤਿਹਾਨ ਵਿੱਚ ਕੇਵਲ ਕੁਝ ਚੋਣਵੇਂ ਪ੍ਰਸ਼ਨ ਹੀ ਪੁੱਛੇ ਜਾਂਦੇ ਹਨ ਅਤੇ ਇਨ੍ਹਾਂ ਦੇ ਉੱਤਰਾਂ ਦੇ ਅਧਾਰ ‘ਤੇ ਵਿਦਿਆਰਥੀ ਦੀ ਲਿਆਕਤ ਦੀ ਪਰਖ ਕੀਤੀ ਜਾਂਦੀ ਹੈ। ਜੇ ਕੋਈ ਲਾਇਕ ਵਿਦਿਆਰਥੀ ਇਮਤਿਹਾਨ ਦੇ ਦਿਨਾਂ ਵਿੱਚ ਬੀਮਾਰ ਪੈ ਜਾਏ ਜਾਂ ਕਿਸੇ ਘਰੇਲੂ ਫ਼ਿਕਰ ਕਾਰਣ ਚੰਗੀ ਤਰ੍ਹਾਂ ਇਮਤਿਹਾਨ ਨਾ ਦੇ ਸਕੇ ਤਾਂ ਉਸ ਦਾ ਸਾਲ ਨਾਸ ਹੋ ਜਾਂਦਾ ਹੈ। ਦੂਜੇ ਕਈ ਵਾਰੀ ਵਿਦਿਆਰਥੀ ਦੀ ਸਫਲਤਾ ਜਾਂ ਅਸਫਲਤਾ ਪਰਚਾ ਵੇਖਣ ਵਾਲੇ ਦੀ ਰੌਂ (Mood) ‘ਤੇ ਨਿਰਭਰ ਹੁੰਦੀ ਹੈ। ਜੇ ਘਰੋਗੀ ਝਗੜੇ ਜਾਂ ਕਿਸੇ ਹੋਰ ਕਾਰਣ ਕਰਕੇ ਪ੍ਰੀਖਿਅਕ ਸਤਿਆ ਹੋਇਆ ਹੋਵੇ ਤਾਂ ਉਹ ਗੁੱਸੇ ਵਿੱਚ, ਅਚੇਤ ਤੌਰ ‘ਤੇ ਘੱਟ ਨੰਬਰ ਦੇਣ ਦੀ ਕੋਸ਼ਿਸ਼ ਕਰਦਾ ਹੈ। ਜੇ ਉਹ ਕਿਸੇ ਕਾਰਣ ਖ਼ੁਸ਼ ਹੋਵੇ ਭਾਵ ਚੰਗੇ ਮੂਡ ਵਿੱਚ ਹੋਵੇ ਤਾਂ ਸਹਿਜ-ਸੁਭਾਅ ਜ਼ਿਆਦਾ ਨੰਬਰ ਦੇਈ ਜਾਂਦਾ ਹੈ। ਇਸ ਲਈ ਇੱਕੋ ਪਰਚੇ ਨੂੰ ਇੱਕੋ ਪ੍ਰੀਖਿਅਕ ਅੱਡ-ਅੱਡ ਮੂਡ ਵਿੱਚ ਵੇਖਣ ‘ਤੇ ਅੱਡ-ਅੱਡ ਨੰਬਰ ਦਿੰਦਾ ਹੈ। ਨਾਲੇ ਜੇ ਇੱਕ ਪਰਚੇ ਨੂੰ ਅੱਡ-ਅੱਡ ਪ੍ਰੀਖਿਅਕ ਵੇਖਣ ਤਾਂ ਉਹ ਨਿਰਸੰਦੇਹ ਅੱਡ-ਅੱਡ ਨੰਬਰ ਲਾਉਣਗੇ ਅਤੇ ਕਈ ਵਾਰੀ ਇਨ੍ਹਾਂ ਨੰਬਰਾਂ ਵਿੱਚ ਅੰਤਰ ਬਹੁਤ ਜ਼ਿਆਦਾ ਹੁੰਦਾ ਹੈ। ਤਜਰਬੇ ਵਜੋਂ ਕਈ ਯੂਨੀਵਰਸਿਟੀਆਂ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ।
ਘੋਟਾ ਪ੍ਰਵਿਰਤੀ ਦਾ ਮਾੜਾ ਰੁਝਾਨ : ਸਾਡੇ ਇਮਤਿਹਾਨੀ ਪ੍ਰਬੰਧ ਦਾ ਇੱਕ ਹੋਰ ਦੋਸ਼ ਇਹ ਹੈ ਕਿ ਇਹ ਪ੍ਰਬੰਧ ਵਿਦਿਆਰਥੀਆਂ ਦੀ ਰਚਨਾਤਮਕ ਰੁਚੀ ਨੂੰ ਦਬਾਉਂਦਾ ਹੈ। ਇਸ ਵਿੱਚ ਵਿਦਿਆਰਥੀਆਂ ਨੂੰ ਘੋਟਾ ਲਾਉਣ ਦੀ ਪ੍ਰੇਰਨਾ ਮਿਲਦੀ ਹੈ। ਘੋਟਾ ਲਾਉਣ ਨਾਲ ਉਨ੍ਹਾਂ ਦੀ ਬੁੱਧੀ ਦਾ ਵਿਕਾਸ ਨਹੀਂ ਹੁੰਦਾ ਅਤੇ ਉਹ ਗਿਆਨ ਦੇ ਸੀਮਿਤ ਘੇਰੇ ਵਿੱਚ ਹੀ ਘਿਰ ਜਾਂਦੇ ਹਨ ਜਾਂ ਖੂਹ ਦੇ ਡੱਡੂ ਬਣ ਕੇ ਰਹਿ ਜਾਂਦੇ ਹਨ।
ਡਰਾਵਾ : ਧਿਆਨ ਨਾਲ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਇਹ ਇਮਤਿਹਾਨੀ ਪ੍ਰਬੰਧ ਵਿਦਿਆਰਥੀਆਂ ਦੇ ਵਿਅਕਤਿਤਵ ਦੇ ਵਿਕਾਸ ਵਿੱਚ ਰੁਕਾਵਟ ਸਿੱਧ ਹੁੰਦਾ ਹੈ। ਇਮਤਿਹਾਨ ਹੋਣ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਇਮਤਿਹਾਨਾਂ ਦਾ ਫ਼ਿਕਰ ਲੱਗ ਜਾਂਦਾ ਹੈ। ਇਹ ਫ਼ਿਕਰ ਉਨ੍ਹਾਂ ਨੂੰ ਤੋੜ-ਤੋੜ ਖਾਂਦਾ ਹੈ। ਇਸੇ ਫ਼ਿਕਰ ਕਰਕੇ ਉਹ ਖਾਣਾ-ਪੀਣਾ, ਰਾਗ-ਰੰਗ ਮਾਣਨਾ ਤੇ ਖੇਡਣਾ-ਕੁੱਦਣਾ ਭੁੱਲ ਜਾਂਦੇ ਹਨ। ਮਾਨੋ ਇਮਤਿਹਾਨ ਉਹਨਾਂ ਲਈ ਇੱਕ ਹਊਆ ਬਣ ਜਾਂਦਾ ਹੈ।
ਜੁਆਬਾਜ਼ੀ : ਇੱਕ ਹੋਰ ਦੋਸ਼ ਇਹ ਹੈ ਕਿ ਸਾਡੇ ਇਮਤਿਹਾਨ ਜੂਆ ਬਣ ਰਹਿ ਗਏ ਹਨ। ਜੇ ਕਿਸੇ ਵਿਦਿਆਰਥੀ ਦੇ ਯਾਦ ਕੀਤੇ ਹੋਏ ਪ੍ਰਸ਼ਨ ਇਮਤਿਹਾਨ ਵਿੱਚ ਆ ਜਾਣ ਤਾਂ ਉਹ ਪਾਸ ਹੋ ਜਾਂਦਾ ਹੈ, ਭਾਵੇਂ ਉਂਜ ਉਸ ਨੂੰ ਸੰਬੰਧਿਤ ਵਿਸ਼ੇ ਬਾਰੇ ਕੁਝ ਵੀ ਨਾ ਪਤਾ ਹੋਵੇ। ਕਈ ਵਿਦਿਆਰਥੀ ਇਹ ਕਹਿੰਦੇ ਸੁਣੇ ਜਾਂਦੇ ਹਨ, ‘ਮੈਂ ਤਾਂ ਬਸ ਇਹ ਛੇ ਪ੍ਰਸ਼ਨ ਹੀ ਯਾਦ ਕੀਤੇ ਹਨ, ਚੰਗੀ ਤਰ੍ਹਾਂ ਘੋਟਾ ਲਾਇਆ ਹੋਇਆ ਹੈ। ਜੇ ਇਹ ਆ ਗਏ ਤਾਂ ਪੌਂ ਬਾਰਾਂ ਨਹੀਂ ਤਾਂ ਤਿੰਨ ਕਾਣੇ।’ ਹੈ ਨਾ ਨਿਰਾ ਜੂਆ ਖੇਡਣ ਵਾਲੀ ਗੱਲ!
ਅਧਿਆਪਕਾਂ ਤੇ ਵਿਦਿਆਰਥੀਆਂ ਵਿੱਚ ਦੂਰੀ : ਸਾਡਾ ਇਮਤਿਹਾਨੀ ਪ੍ਰਬੰਧ ਅਜਿਹਾ ਹੈ ਜਿਸ ਨਾਲ ਵਿਦਿਆਰਥੀ ਅਤੇ ਅਧਿਆਪਕ ਵਿਚਕਾਰ ਦੂਰੀ ਬਣੀ ਰਹਿੰਦੀ ਹੈ। ਵਿਦਿਆਰਥੀ ਸਮਝਦੇ ਹਨ ਕਿ ਉਹ ਪਾਸ ਤਾਂ ਘੋਟਾ ਲਾ ਕੇ ਜਾਂ ਨਕਲ ਆਦਿ ਕਰ ਕੇ ਹੋ ਜਾਣਗੇ, ਅਧਿਆਪਕਾਂ ਦੀ ਪਰਵਾਹ ਕਰਨ ਦੀ ਕੀ ਲੋੜ ਹੈ? ਇਸ ਲਈ ਉਹ ਅਧਿਆਪਕਾਂ ਦੇ ਨੇੜੇ ਨਹੀਂ ਢੁੱਕਦੇ, ਬਸ ਤੂੜੀ ਵਾਂਗ ਭਰੇ ਕਮਰੇ ਵਿੱਚ ਲੈਕਚਰ ਜ਼ਰੂਰ ਸੁਣਦੇ ਹਨ ਕਿਉਂਕਿ ਲੈਕਚਰ ਘਟਣ ਨਾਲ ਦਾਖ਼ਲਾ ਰੁਕਣ ਦਾ ਡਰ ਹੁੰਦਾ ਹੈ। ਇਸ ਦੂਰੀ ਕਰਕੇ ਵਿਦਿਆਰਥੀਆਂ ਵਿੱਚ ਅਨੁਸ਼ਾਸਨਹੀਣਤਾ ਆ ਜਾਂਦੀ ਹੈ ਅਤੇ ਵਿਦਿਆਰਥੀ ਜੀਵਨ ਸਵਰਗ ਦੀ ਥਾਂ ਨਰਕ ਬਣ ਕੇ ਰਹਿ ਜਾਂਦਾ ਹੈ।
ਨਕਲ ਦੀ ਬੁਰਾਈ : ਇਸ ਇਮਤਿਹਾਨੀ ਪ੍ਰਬੰਧ ਕਾਰਣ ਵਿੱਦਿਆ ਵਿਭਾਗ ਵਿੱਚ ਭ੍ਰਿਸ਼ਟਾਚਾਰ ਦਿਨੋਂ – ਦਿਨ ਵਧ ਰਿਹਾ ਹੈ। ਵਿਦਿਆਰਥੀ ਇਮਤਿਹਾਨੀ ਹਾਲ ਵਿੱਚ ਨਕਲ ਕਰਨ ਲਈ ਨਿਗਰਾਨਾਂ ਤੇ ਏਥੋਂ ਤੀਕ ਕਿ ਚਪੜਾਸੀਆਂ ਆਦਿ ਦੀਆਂ ਜੇਬਾਂ ਗਰਮ ਕਰਦੇ ਹਨ। ਵੱਧ ਨੰਬਰ ਲੈਣ ਲਈ ਪਰੀਖਿਅਕਾਂ ਨੂੰ ਭੇਟਾ ਚੜ੍ਹਾਉਂਦੇ ਹਨ। ਇਹ ਭ੍ਰਿਸ਼ਟਾਚਾਰ ਵੱਡੀਆਂ ਜਮਾਤਾਂ ਵਿੱਚ ਵੱਡੇ ਪੱਧਰ ‘ਤੇ ਹੋ ਰਿਹਾ ਹੈ।
ਇਮਤਿਹਾਨੀ ਪ੍ਰਬੰਧ ਵਿੱਚ ਸੁਧਾਰ ਲਈ ਸੁਝਾਅ : ਸਾਡਾ ਅਜੋਕਾ ਇਮਤਿਹਾਨੀ ਪ੍ਰਬੰਧ ਦੋਸ਼-ਪੂਰਣ ਹੈ। ਹੇਠਾਂ ਅਸੀਂ ਇਸ ਨੂੰ ਸੁਧਾਰਨ ਲਈ ਕੁਝ ਕੁ ਸੁਝਾਅ ਦਿੰਦੇ ਹਾਂ :
1. ਲਿਖਤੀ ਤੇ ਪ੍ਰਯੋਗਕ ਵਿੱਦਿਆ : ਪਹਿਲੀ ਗੱਲ ਇਹ ਕਿ ਇਮਤਿਹਾਨੀ ਪ੍ਰਬੰਧ ਨਿਰਾ ਲਿਖਤ ਪ੍ਰਧਾਨ ਨਹੀਂ ਹੋਣਾ ਚਾਹੀਦਾ। ਵਿਦਿਆਰਥੀਆਂ ਦੀ ਯੋਗਤਾ ਦਾ ਪੂਰਾ-ਪੂਰਾ ਅਨੁਮਾਨ ਕੇਵਲ ਉਨ੍ਹਾਂ ਦੀ ਲਿਖਤ ਰਾਹੀਂ ਨਹੀਂ ਲਾਇਆ ਜਾ ਸਕਦਾ ਕਿਉਂਕਿ ਕਈ ਅਜਿਹੇ ਵੀ ਹੁੰਦੇ ਹਨ ਜੋ ਆਪਣੀ ਲਿਆਕਤ ਦਾ ਪ੍ਰਗਟਾਵਾ ਲਿਖਤ ਰਾਹੀਂ ਪੂਰਨ ਤੌਰ ‘ਤੇ ਨਹੀਂ ਕਰ ਸਕਦੇ। ਸਾਇੰਸ ਦੇ ਵਿਸ਼ਿਆਂ ਵਾਂਗ ਆਰਟਸ-ਵਿਸ਼ਿਆਂ ਵਿੱਚ ਵੀ ਜ਼ਬਾਨੀ ਅਤੇ ਤਜਰਬਿਆਂ (Practicals) ਦੇ ਇਮਤਿਹਾਨ ਲਏ ਜਾਣੇ ਚਾਹੀਦੇ ਹਨ।
2. ਸਾਲਾਨਾ ਪਰਖ : ਕਿਸੇ ਵਿਦਿਆਰਥੀ ਦੀ ਲਿਆਕਤ ਦਾ ਅਨੁਮਾਨ ਕੇਵਲ ਤਿੰਨ ਘੰਟਿਆਂ ਵਿੱਚ ਲੈਣ ਦੀ ਥਾਂ ਸਾਰੇ ਸਾਲ ਦੀ ਪੜ੍ਹਾਈ ਦੇ ਦੌਰਾਨ ਲੈਣਾ ਚਾਹੀਦਾ ਹੈ। ਪੜ੍ਹਾਈ ਕਰਨ ਸਮੇਂ ਉਹ ਕਿੰਨਾ ਕੁ ਹਾਜ਼ਰ ਰਹਿੰਦਾ ਹੈ, ਕਿੰਨਾ ਕੁ ਧਿਆਨ ਦਿੰਦਾ ਹੈ, ਉਹਦੀ ਯਾਦ-ਸ਼ਕਤੀ ਕਿੰਨੀ ਕੁ ਹੈ, ਘਰ ਦਾ ਕੰਮ ਕਰਦਾ ਹੈ ਕਿ ਨਹੀਂ ਆਦਿ ਦੇ ਅਨੁਮਾਨ ਤੋਂ ਸਾਲ ਦੇ ਅੰਤ ਵਿੱਚ ਪਾਸ ਜਾਂ ਫ਼ੇਲ੍ਹ ਦਾ ਨਿਰਣਾ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦਾ ਪ੍ਰਬੰਧ ਪੱਛਮ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਲਾਗੂ ਹੈ।
3. ਸਮੇਂ ਅਨੁਸਾਰ ਇਮਤਿਹਾਨੀ ਪ੍ਰਬੰਧ ਵਿੱਚ ਤਬਦੀਲੀ : ਇਮਤਿਹਾਨੀ ਪ੍ਰਬੰਧ ਅਜਿਹਾ ਹੋਣਾ ਚਾਹੀਦਾ ਹੈ ਜੋ ਸਮੇਂ ਦੀ ਲੋੜ ਅਨੁਸਾਰ ਬਦਲਿਆ ਜਾ ਸਕੇ। ਇਸ ਵਿੱਚ ਵਿਵਹਾਰਿਕਤਾ ਨੂੰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ।
ਸਿੱਟਾ : ਮੁਕਦੀ ਗੱਲ ਇਹ ਹੈ ਕਿ ਇਨ੍ਹਾਂ ਕੁਝ ਕੁ ਪ੍ਰੀਵਰਤਨਾਂ ਨਾਲ ਇਮਤਿਹਾਨੀ ਪ੍ਰਬੰਧ ਨੂੰ ਸੁਧਾਰਿਆ ਜਾ ਸਕਦਾ ਹੈ। ਸਿੱਖਿਆ-ਸ਼ਾਸਤਰੀਆਂ ਅਤੇ ਵਿੱਦਿਅਕ-ਅਧਿਕਾਰੀਆਂ ਨੂੰ ਇਸ ਪਾਸੇ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਇਮਤਿਹਾਨਾਂ ਦੀ ਸਾਰਥਿਕਤਾ ਨੂੰ ਉਘਾੜ ਕੇ ਇਨ੍ਹਾਂ ਨੂੰ ਲਾਹੇਵੰਦ ਬਣਾਇਆ ਜਾ ਸਕੇ।