ਲੇਖ – ਮੰਗਣਾ : ਇੱਕ ਲਾਹਨਤ
ਮੰਗਣਾ : ਇੱਕ ਲਾਹਨਤ
ਭੂਮਿਕਾ : ਹਰ ਮਨੁੱਖ ਰੋਜ਼ੀ-ਰੋਟੀ ਕਮਾਉਣ ਲਈ ਕੋਈ ਨਾ ਕੋਈ ਕਿਰਤ ਜਾਂ ਕਾਰੋਬਾਰ ਕਰਦਾ ਹੈ। ਗੁਰਬਾਣੀ ਵਿੱਚ ਵੀ ਦਸਾਂ-ਨਹੁੰਆਂ ਦੀ ਕਿਰਤ-ਕਮਾਈ ‘ਤੇ ਜ਼ੋਰ ਦਿੱਤਾ ਗਿਆ ਹੈ। ‘ਕਰ ਮਜੂਰੀ ਤੇ ਖਾ ਚੂਰੀ’ ਵਰਗੇ ਅਖਾਣ ਵਿੱਚ ਵੀ ਅਟੱਲ ਸਚਾਈ ਛੁਪੀ ਹੈ ਕਿ ਜੋ ਅਨੰਦ ਹੱਥੀਂ ਕਿਰਤ ਕਰਕੇ, ਮਿਹਨਤ-ਮਜ਼ਦੂਰੀ ਕਰਕੇ ਰੋਟੀ ਖਾਣ ਵਿੱਚ ਹੈ, ਉਹ ਕਿਸੇ ਹੋਰ ਸਾਧਨ ਵਿੱਚ ਨਹੀਂ ਹੈ ਪਰੰਤੂ ਕਈ ਲੋਕ ਅਜਿਹੇ ਹੁੰਦੇ ਹਨ ਜਿਹੜੇ ‘ਮੰਗ ਕੇ ਖਾਣ’ ਨੂੰ ਹੀ ਆਪਣੀ ਕਿਰਤ ਸਮਝ ਬੈਠੇ ਹਨ। ਪੇਟ ਪਾਲਣ ਦੀ ਖ਼ਾਤਰ ਕਿਸੇ ਦੂਸਰਿਆਂ ਅੱਗੇ ਹੱਥ ਅੱਡਣਾ ਲਾਹਨਤ ਹੈ । ਮੰਗਣਾ ਚਾਹੇ ਕਿਸੇ ਤਰ੍ਹਾਂ ਦਾ ਵੀ ਹੋਵੇ, ਇੱਕ ਬੁਰਾਈ ਹੈ, ਇਹ ਸਮਾਜ ਦੇ ਮੱਥੇ ‘ਤੇ ਬਦਨੁਮਾ ਦਾਗ਼ ਹੈ। ਕਿਸੇ ਦੇ ਰਹਿਮ ‘ਤੇ ਪਲਣਾ, ਕਿਸੇ ਦੂਸਰੇ ਦੀ ਕਮਾਈ ਖਾਣੀ ਤੇ ਆਪ ਮੁਫ਼ਤਖ਼ੋਰਾ ਬਣ ਕੇ ਸਮਾਜ ਵਿੱਚ ਵਿਚਰਨਾ ਲਾਹਨਤੀਆਂ ਦਾ ਕੰਮ ਹੁੰਦਾ ਹੈ।
(ਭੀਖ) ਮੰਗਣ ਦੇ ਕਾਰਨ : ਮੰਗਣ ਦੇ ਕਈ ਕਾਰਨ ਹੋ ਸਕਦੇ ਹਨ; ਜਿਵੇਂ :
- ਕੁਝ ਮੰਗਤੇ ਮਜਬੂਰੀ-ਵੱਸ ਮੰਗਦੇ ਹਨ; ਜਿਵੇਂ ਅੰਨ੍ਹੇ, ਲੰਗੜੇ, ਕੋਹੜੇ ਜਾਂ ਅੰਗਹੀਣ ਕਿਉਂਕਿ ਉਹ ਕਿਸੇ ਕਿਸਮ ਦੀ ਸਰੀਰਕ ਮਿਹਨਤ ਕਰਨ ਤੋਂ ਅਸਮਰੱਥ ਹੁੰਦੇ ਹਨ। ਕੁਝ ਇਸ ਕਰਕੇ ਮੰਗਦੇ ਹਨ ਕਿਉਂਕਿ ਮੰਗਣਾ ਉਨ੍ਹਾਂ ਦਾ ਪਿਤਾ-ਪੁਰਖੀ ਧੰਦਾ ਹੁੰਦਾ ਹੈ; ਜਿਵੇਂ ਸਾਂਹਸੀ, ਬਾਜ਼ੀਗਰ, ਮਰਾਸੀ, ਭਾਟੜੇ, ਭੰਡ, ਖੁਸਰੇ, ਲਾਗੀ ਆਦਿ। ਕੁਝ ਧਰਮ ਦੀ ਆੜ ਲੈ ਕੇ ਮੰਗਦੇ ਹਨ, ਇਹ ਹੱਟੇ-ਕੱਟੇ, ਵਿਹਲੜ, ਪਖੰਡੀ-ਸਾਧੂ ਧਾਰਮਕ ਸੰਸਥਾਵਾਂ ਤੇ ਅਨਾਥ-ਆਸ਼ਰਮਾਂ ਦੇ ਨਾਂ ‘ਤੇ ਜ਼ਬਰਦਸਤੀ ਉਗਰਾਹੀ ਕਰਦੇ ਹਨ।
- ਕੁਝ ਕੁਦਰਤੀ ਕਰੋਪੀ ਜਿਵੇਂ ਭੁਚਾਲ, ਸੋਕਾ ਜਾਂ ਹੜ੍ਹਾਂ ਤੋਂ ਪੀੜਤ ਹੋ ਕੇ ਮਜਬੂਰਨ ਮੰਗਦੇ ਹਨ।
ਮੰਗਣ ਦੇ ਢੰਗ : ਇਹ ਮੰਗਤੇ ਗਲੀਆਂ, ਬਜ਼ਾਰਾਂ, ਬੱਸ-ਅੱਡੇ, ਰੇਲਵੇ-ਸਟੇਸ਼ਨਾਂ, ਮੰਦਰ-ਗੁਰਦੁਆਰਿਆਂ, ਮੇਲਿਆਂ ਤੇ ਪੈਲੇਸਾਂ ਆਦਿ ਦੇ ਬਾਹਰ ਅਕਸਰ ਹੱਥ ਅੱਡ ਕੇ ਲਿਲ੍ਹਕੜੀਆਂ ਲੈਂਦੇ, ਕਰੁਣਾਮਈ ਸੁਰ ਤੇ ਸ਼ਬਦਾਵਲੀ ਵਿੱਚ ਮੰਗਦੇ ਵੇਖੇ ਜਾਂਦੇ ਹਨ। ਇਨ੍ਹਾਂ ਨੂੰ ਮੰਗਣ ਦੇ ਕਈ ਢੰਗ-ਤਰੀਕੇ ਆਉਂਦੇ ਹਨ, ਜਿਵੇਂ ਬੱਚਿਆਂ ਦੀ ਭੁੱਖ ਦਾ ਵਾਸਤਾ, ਕਿਸੇ ਦੁਰਘਟਨਾ ਜਾਂ ਬਿਮਾਰੀ ਦਾ ਜ਼ਿਕਰ ਕਈ ਵਾਰ ਤਾਂ ਇਥੋਂ ਤੱਕ ਨੌਬਤ ਆ ਜਾਂਦੀ ਹੈ ਕਿ ਇਹ ਕਿਸੇ ਸਾਕ-ਸਬੰਧੀ ਜਾਂ ਆਪਣੇ ਹੀ ਖ਼ੂਨ ਦੇ ਰਿਸ਼ਤੇ ਦੀ ਮੌਤ ਦਾ ਬਹਾਨਾ ਬਣਾ ਕੇ ਤਰਲੇ ਪਾਉਣ ਲੱਗ ਪੈਂਦੇ ਹਨ ਤਾਂ ਜੋ ਲੋਕ ਤਰਸ ਕਰਕੇ ਜ਼ਰੂਰ ਹੀ ਇਨ੍ਹਾਂ ਨੂੰ ਕੁਝ ਨਾ ਕੁਝ ਖ਼ੈਰ ਵਜੋਂ ਦੇ ਦੇਣ।
ਮੰਗਤਿਆਂ ਦੇ ਹੋਰ ਬਹਾਨੇ : ਕਈ ਮੰਗਤਿਆਂ ਨੇ ਆਪਣੇ ਇਲਾਕੇ ਤੇ ਅੱਡੇ ਨਿਸਚਿਤ ਕੀਤੇ ਹੁੰਦੇ ਹਨ। ਇਹ ਆਮ ਦਿਨਾਂ ਤੋਂ ਇਲਾਵਾ ਖ਼ਾਸ ਤਿਉਹਾਰ, ਹਰ ਖ਼ੁਸ਼ੀ ਦੇ ਮੌਕੇ ਜਿਵੇਂ ਕਿਸੇ ਵਿਆਹ ਵਾਲੇ ਘਰ ਜਾਂ ਪੁੱਤਰ ਦੇ ਜਨਮ ਦੀ ਖ਼ੁਸ਼ੀ ਦੇ ਮੌਕੇ ਜਾਂ ਕਿਸੇ ਕੋਈ ਨਵਾਂ ਕਾਰੋਬਾਰ ਸ਼ੁਰੂ ਕੀਤਾ ਹੋਵੇ ਜਾਂ ਫਿਰ ਨਵਾਂ ਮਕਾਨ ਹੀ ਕਿਉਂ ਨਾ ਬਣਾਇਆ ਹੋਵੇ, ਬੱਸ ਇਨ੍ਹਾਂ ਨੂੰ ਕੋਈ ਵੀ ਬਹਾਨਾ ਚਾਹੀਦਾ ਹੈ ਮੰਗਣ ਦਾ। ਅਜਿਹੇ ਵਿਸ਼ੇਸ਼ ਮੌਕਿਆਂ ‘ਤੇ ਇਹ ਮੂੰਹ-ਮੰਗਿਆ ਦਾਨ ਲੈਣ ਦੀ ਇੱਛਾ ਰੱਖਦੇ ਹਨ ਤੇ ਕਈ ਲੋਕਾਂ ਤੋਂ ਵੱਧ ਤੋਂ ਵੱਧ ਦਾਨ ਲੈਣ ਲਈ ਬੋਲ-ਬੁਲਾਰਾ ਵੀ ਕਰਦੇ ਹਨ।
ਇਸ ਬੁਰਾਈ ਨੂੰ ਉਤਸ਼ਾਹਿਤ ਕਰਨ ਵਿੱਚ ਸਮਾਜ ਦਾ ਯੋਗਦਾਨ : ਮੰਗਣ ਵਰਗੀ ਭਿਆਨਕ ਬੁਰਾਈ ਨੂੰ ਉਤਸ਼ਾਹਿਤ ਕਰਨ ਵਿੱਚ ਸਾਡੇ ਸਮਾਜ ਦਾ ਬਹੁਤ ਵੱਡਾ ਯੋਗਦਾਨ ਹੈ। ਅਸੀਂ ਘਰ ਆਏ ਮੰਗਤੇ ਨੂੰ ਧਾਰਮਕ ਦ੍ਰਿਸ਼ਟੀ ਤੋਂ ਆਪਣੇ ਦਰ ਤੋਂ ਖ਼ਾਲੀ ਮੋੜਨਾ ਅਸ਼ੁੱਭ ਸਮਝਦੇ ਹਾਂ। ਅਜਿਹੀ ਮਾਨਸਕ ਸੋਚ ਦੇ ਅਧਾਰ ‘ਤੇ ਅਸੀਂ ਮੰਗਤਿਆਂ ਨੂੰ ਖ਼ੈਰ ਪਾ ਦਿੰਦੇ ਹਾਂ। ਦੂਜਾ ਕਾਰਨ ਹੈ ਕਿ ਭੀਖ ਦੇਣੀ ‘ਦਾਨ ਦੇਣ’ ਦੇ ਬਰਾਬਰ ਸਮਝਿਆ ਜਾਂਦਾ ਹੈ ਜੋ ਪਰਲੋਕ ਵਿੱਚ ਸਾਡਾ ਸਹਾਈ ਬਣਦਾ ਹੈ। ਇਸ ਤੋਂ ਇਲਾਵਾ ਕਿਸੇ ਧਾਰਮਕ ਸੰਸਥਾ ਦੇ ਨਾਂ ‘ਤੇ ਮੰਗਣ ਵਾਲੇ ਜਾਂ ਕਿਸੇ ਅਨਾਥ ਆਸ਼ਰਮਾਂ ਦੇ ਨਾਂ ‘ਤੇ ਮੰਗਣ ਵਾਲਿਆਂ ਨੂੰ ਇਸ ਲਈ ਉਗਰਾਹੀ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵਿਸ਼ੇਸ਼ ਧਾਰਮਕ ਸਥਾਨ ਦੇ ਨਾਂ ’ਤੇ ਹੁੰਦੀ ਹੈ। ਇਸ ਦਾ ਫ਼ਾਇਦਾ ਇਹ ਮੰਗਣ ਵਾਲੇ ਉਠਾਉਂਦੇ ਹਨ ਤੇ ਉਹ ਮੰਗਣ ਨੂੰ ਹੀ ‘ਕਿੱਤਾ’ ਬਣਾ ਲੈਂਦੇ ਹਨ। ‘ਦਾਨ ਨਾਲ ਹੀ ਕਲਿਆਣ’ ਦੀ ਫ਼ਿਲਾਸਫ਼ੀ ਸਾਡੇ ਰੋਮ-ਰੋਮ ਵਿੱਚ ਸਮਾਈ ਹੈ। ਇਨ੍ਹਾਂ ਭੁੱਖੜ, ਵਿਹਲੜ ਤੇ ਕੰਮਚੋਰ ਮੰਗਤਿਆਂ ਦੀਆਂ ਸ਼ਬਦੀ ਅਸੀਸਾਂ ਮਨੁੱਖ ਨੂੰ ਸੁਅਰਗ ਦੇ ਸੁਪਨੇ ਵਿਖਾਉਂਦੀਆਂ ਹਨ ਤੇ ਮਨੁੱਖ ਭੁੱਲ ਜਾਂਦਾ ਹੈ ਕਿ ਉਸ ਵੱਲੋਂ ਕੀਤੀ ਹੋਈ ਕਿਰਤ ਕਮਾਈ ‘ਵਿਹਲੜਾਂ’ ਦੇ ਲੇਖੇ ਲੱਗ ਗਈ ਹੈ।
ਮੰਗਣਾ : ਕਿੱਤੇ ਅਤੇ ਵਪਾਰ ਦੇ ਸਾਧਨ ਵਜੋਂ : ਕਈਆਂ ਨੇ ਤਾਂ ਮੰਗਣ ਨੂੰ ਇੱਕ ਕਿੱਤਾ ਬਣਾਇਆ ਹੋਇਆ ਹੈ ਤੇ ਕਈਆਂ ਨੇ ਤਾਂ ਇਸ ਕਿੱਤੇ ਨੂੰ ਵਪਾਰ ਬਣਾ ਲਿਆ ਹੈ। ਉਹ ਲਾਵਾਰਸ, ਅਪਾਹਜ, ਬੇਸਹਾਰਾ, ਅਵਾਰਾ ਫਿਰਦੇ ਗ਼ਰੀਬ ਬੱਚਿਆਂ ਨੂੰ ਲਾਲਚ ਦੇ ਕੇ ਮੰਗਣ ਵਿੱਚ ਨਿਪੁੰਨ ਕਰਦੇ ਹਨ। ਕਈ ਤਾਂ ਏਨੇ ਬੇਰਹਿਮ ਹੁੰਦੇ ਹਨ ਕਿ ਉਹ ਬੱਚਿਆਂ ਨੂੰ ਅਗਵਾ ਕਰਕੇ ਆਪ ਅੰਗਹੀਣ ਬਣਾ ਦਿੰਦੇ ਹਨ ਤਾਂ ਜੋ ਲੋਕ ਤਰਸ ਦੀ ਭਾਵਨਾ ਨਾਲ ਇਨ੍ਹਾਂ ਨੂੰ ਵੱਧ ਤੋਂ ਵੱਧ ਖ਼ੈਰ ਪਾਉਣ। ਇਹ ਮਜਬੂਰ ਬੱਚੇ ਇਕੱਠੀ ਕੀਤੀ ਹੋਈ ਖ਼ੈਰ ਅਤੇ ਰਕਮ ਆਪਣੇ ਆਗੂ ਕੋਲ ਜਮ੍ਹਾ ਕਰਵਾ ਦਿੰਦੇ ਹਨ ਤੇ ਉਹ ਇਨ੍ਹਾਂ ਬੱਚਿਆਂ ਨੂੰ ਥੋੜ੍ਹਾ-ਬਹੁਤ ਹਿੱਸਾ ਦੇ ਛੱਡਦੇ ਹਨ ਤੇ ਬਾਕੀ ਪੈਸੇ ਆਪ ਬਟੋਰ ਲੈਂਦੇ ਹਨ।
ਮੰਗਣ ਦੀ ਨਿੰਦਿਆ : ਅਜਿਹੇ ਮੰਗਣ ਵਾਲਿਆਂ ਦੀ ਜਿੰਨੀ ਨਿਖੇਧੀ ਕੀਤੀ ਜਾਵੇ, ਓਨੀ ਥੋੜ੍ਹੀ ਹੈ। ਬਾਬਾ ਫ਼ਰੀਦ ਜੀ ਅਜਿਹੇ ਮੰਗਣ ਨਾਲੋਂ ਜਾਂ ਮੰਗ ਕੇ ਖਾਣ ਨਾਲੋਂ ‘ਮਰਨਾ’ ਬਿਹਤਰ ਸਮਝਦੇ ਹਨ।
ਬਾਰਿ ਪਰਾਇ ਬੈਸਣਾ ਸਾਈਂ ਮੁਝੇ ਨ ਦੇਹਿ॥
ਜੇ ਤੂ ਏਵੇ ਰਖਸੀ ਜੀਉ ਸਰੀਰਹੁ ਲੇਹਿ॥
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ‘ਸਿੱਧ ਗੋਸਟਿ’ ਬਾਣੀ ਵਿੱਚ ਮੰਗਣ ਨੂੰ ਮਰਨ ਬਰਾਬਰ ਮੰਨਿਆ ਹੈ।
ਮੰਗਣ ਗਏ ਸੁ ਮਰ ਗਏ ਮੰਗਣ ਮੂਲ ਨਾ ਜਾਹ।।
ਮੰਗਤੇ ਦਾ ਸਵੈ-ਸਤਿਕਾਰ ਖ਼ਤਮ ਹੋ ਜਾਂਦਾ ਹੈ, ਉਹ ਦਰ-ਦਰ ਤੋਂ ਦੁਰਕਾਰਿਆ ਜਾਂਦਾ ਹੈ ਤੇ ਤ੍ਰਿਸਕਾਰ ਤੇ ਘਿਰਨਾ ਦਾ ਪਾਤਰ ਬਣਦਾ ਹੈ। ਇਸ ਲਈ “ਜਿਹੜਾ ਮਨੁੱਖ ਆਪਣੀਆਂ ਲੋੜਾਂ ਲਈ ਦੂਜਿਆਂ ਅੱਗੇ ਹੱਥ ਫੈਲਾਉਂਦਾ ਹੈ, ਉਸ ਦਾ ਜਿਊਣਾ ਮੌਤ ਦੇ ਬਰਾਬਰ ਹੁੰਦਾ ਹੈ।”
ਮੰਗਤਿਆਂ ਦੀਆਂ ਹੋਰ ਕਿਸਮਾਂ : ਮੰਗਤਿਆਂ ਦੀਆਂ ਕਈ ਕਿਸਮਾਂ ਸਮਾਜ ਦੇ ਮੱਥੇ ਤੇ ਕਲੰਕ ਹਨ। ਇਨ੍ਹਾਂ ਵਿੱਚੋਂ ਇੱਕ ਪ੍ਰਮੁੱਖ ਹੈ—ਦਾਜ ਮੰਗਣ ਵਾਲੇ ਮੰਗਤੇ। ਦਾਜ ਦੇ ਲੋਭੀ ਆਪਣਾ ਦੀਨ-ਇਮਾਨ ਸਭ ਛਿੱਕੇ ਟੰਗ ਕੇ ਲੜਕੀ ਵਾਲਿਆਂ ਤੋਂ ਮੂੰਹ ਅੱਡ ਕੇ ਦਾਜ ਮੰਗਦੇ ਹਨ। ਜੇ ਦਾਜ ਨਹੀਂ ਤਾਂ ਵਿਆਹ ਨਹੀਂ ਜਾਂ ਵਿਆਹ ਤੋਂ ਬਾਅਦ ਵੀ ਨੂੰਹ ਨੂੰ ਦਾਜ ਦੀ ਬਲੀ ਚਾੜ੍ਹ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਰਿਸ਼ਵਤ ਮੰਗਣੀ, ਨੇਤਾਗਿਰੀ, ਚਮਚਾਗਿਰੀ, ਝੋਲੀ-ਚੁੱਕ, ਖ਼ੁਸ਼ਾਮਦਾਂ ਕਰਨ ਵਾਲੇ ਚਾਪਲੂਸ ਵੀ ਤਾਂ ਮੰਗਤੇ ਹੀ ਹੁੰਦੇ ਹਨ।
ਮੰਗਣ ਵਾਲਿਆਂ ਨਾਲ ਸਮਾਜਕ ਬੁਰਾਈਆਂ ਦਾ ਜਨਮ : ਮੰਗਤਿਆਂ ਦੀ ਸਮੱਸਿਆ ਬਹੁਤ ਗੰਭੀਰ ਹੈ। ਇਹ ਅਜ਼ਾਦ ਭਾਰਤ ਦੇਸ਼ ਦੇ ਮੱਥੇ ‘ਤੇ ਨਾ-ਮਿਟਣ ਵਾਲਾ ਕਾਲਖ਼ ਦਾ ਟਿੱਕਾ ਹੈ। ਯੂਰਪੀ ਦੇਸ਼ਾਂ ਦੀ ਨਜ਼ਰ ਵਿੱਚ ਭਾਰਤ ਅਜੇ ਵੀ ਮੰਗਤਿਆਂ, ਸਪੇਰਿਆਂ ਤੇ ਭਾਟੜਿਆਂ ਦਾ ਦੇਸ਼ ਹੈ। ਇਨ੍ਹਾਂ ਮੰਗਤਿਆਂ ਕਾਰਨ ਕਈ ਹੋਰ ਸਮਾਜਕ ਬੁਰਾਈਆਂ ਜਨਮ ਲੈਂਦੀਆਂ ਹਨ, ਜਿਵੇਂ : ਜੇਬ-ਕਤਰੇ, ਚੋਰੀ, ਡਾਕੇ, ਕਤਲ, ਲੁੱਟਾਂ-ਖੋਹਾਂ ਆਦਿ। ਇਨ੍ਹਾਂ ਦੀ ਦਹਿਸ਼ਤ ਨਾਲ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ। ਅਜਿਹੇ ਲੋਕ ਬਜ਼ਾਰਾਂ, ਦੁਕਾਨਾਂ ਤੇ ਘਰ ‘ਚ ਯੋਜਨਾਬੱਧ ਢੰਗ ਨਾਲ ਚੋਰੀਆਂ ਕਰਦੇ ਹਨ।
ਸੁਝਾਅ : ਇਹ ਗੱਲ ਠੀਕ ਹੈ ਕਿ ਸਰੀਰਕ ਪੱਖੋਂ ਅਪਾਹਜ ਵਿਅਕਤੀ ਮੰਗਣ ਲਈ ਮਜਬੂਰ ਹੁੰਦਾ ਹੈ ਪਰ ਕਈ ਅਪਾਹਜ ਵਿਅਕਤੀ ਅਜਿਹੇ ਵੀ ਹਨ ਜਿਹਨਾਂ ਦੀ ਮਾਨਸਕ ਸੋਚ ਬੁਲੰਦ ਹੈ। ਉਹ ਕਿਸੇ ‘ਤੇ ਬੋਝ ਨਹੀਂ ਬਣਨਾ ਚਾਹੁੰਦੇ ਤੇ ਉਹ ਸਰੀਰ ਦੇ ਬਾਕੀ ਅੰਗਾਂ ਨਾਲ ਕਈ ਕਲਾ-ਕਿਰਤਾਂ ਰਚਦੇ ਹਨ, ਪੜ੍ਹਾਈ ਵੀ ਕਰਦੇ ਹਨ, ਹੱਥਾਂ ਤੋਂ ਅਪਾਹਜ ਵਿਅਕਤੀ ਪੈਰਾਂ ਨਾਲ ਲਿਖਦੇ ਹਨ, ਅੰਨ੍ਹੇ ਵਿਅਕਤੀ ਵੀ ਅੱਜ-ਕੱਲ੍ਹ ਵਿਸ਼ੇਸ਼ ਪੜ੍ਹਾਈ ਕਰਕੇ ਵਿਸ਼ੇਸ਼ ਸਿਖਲਾਈ ਪ੍ਰਾਪਤ ਕਰ ਰਹੇ ਹਨ ਤੇ ਹੁਨਰਮੰਦ ਹਨ। ਇਸ ਲਈ ਸਰਕਾਰ ਤੇ ਅਜਿਹੀਆਂ ਹੋਰ ਸਮਾਜ-ਸੇਵੀ ਸੰਸਥਾਵਾਂ ਨੂੰ ਅਜਿਹੇ ਹੋਰ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਅਪਾਹਜ ਵਿਅਕਤੀਆਂ ਦੀ ਜ਼ਿੰਦਗੀ ਅਪਾਹਜ ਨਾ ਬਣ ਸਕੇ | ਲੋਕਾਂ ਨੂੰ ਚਾਹੀਦਾ ਹੈ ਕਿ ਉਹ ਹੱਟੇ – ਕੱਟੇ ਪਖੰਡੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਉਗਰਾਹੀ ਨਾ ਦੇਣ। ਅਨਾਥ ਆਸ਼ਰਮ ਤੇ ਪਿੰਗਲਵਾੜਾ ਸੁਸਾਇਟੀਆਂ ਵਰਗੇ ਉਪਰਾਲੇ ਵੱਧ ਤੋਂ ਵੱਧ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਸਰਕਾਰੀ ਜਾਂ ਗੈਰ – ਸਰਕਾਰੀ ਜਾਂ ਪੰਚਾਇਤੀ ਪੱਧਰ ‘ਤੇ ਖੁਸਰਿਆਂ ਤੇ ਹੋਰ ਲਾਗੀਆਂ ਦੇ ਲਾਗ ਨਿਸਚਿਤ ਕਰ ਕੇ ਸਾਂਝੇ ਨੋਟਿਸ ਬੋਰਡਾਂ ‘ਤੇ ਲਾਉਣੇ ਚਾਹੀਦੇ ਹਨ।
ਸਾਰੰਸ਼ : ਇੰਜ ਜੀਵਨ ਨਿਰਬਾਹ ਲਈ ਲਈ ਰਿਸ਼ਟ-ਪੁਸ਼ਟ ਹੁੰਦਿਆਂ ਹੋਇਆਂ ਮੰਗਣਾ ਜਾਂ ਮੰਗ ਕੇ ਖਾਣਾ ਨਿੰਦਣਯੋਗ ਕਰਮ ਹੈ। ਵਿਹਲੜਾਂ ਵਿਰੁੱਧ ਲੋਕਾਂ ਤੇ ਸਰਕਾਰ ਨੂੰ ਲਾਮਬੰਦ ਹੋ ਜਾਣਾ ਚਾਹੀਦਾ ਹੈ। ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਮੰਗਣਾ ਤੇ ਮੰਗ ਕੇ ਖਾਣਾ ਸੱਚ-ਮੁੱਚ ਹੀ ਇੱਕ ਲਾਹਨਤ ਹੈ। ਪਰ ਸਰਕਾਰ ਨੂੰ ਅਪਾਹਜਾਂ ਜਾਂ ਖ਼ਾਸ ਲੋੜਾਂ ਵਾਲੇ ਵਿਅਕਤੀਆਂ ਦੇ ਗੁਜ਼ਾਰੇ ਲਈ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ।