ਲੇਖ – ਮੋਬਾਇਲ ਫ਼ੋਨ ਅਤੇ ਇਸ ਦੀ ਵਰਤੋਂ

ਜਾਣ-ਪਛਾਣ : ਵਰਤਮਾਨ ਯੁੱਗ ਵਿੱਚ ਸੂਚਨਾ-ਸੰਚਾਰ ਦਾ ਸਭ ਤੋਂ ਵੱਧ ਹਰਮਨ-ਪਿਆਰਾ ਸਾਧਨ ਹੈ—ਮੋਬਾਇਲ ਫੋਨ, ਜਿਸ ਨੂੰ ‘ਸੈੱਲਫੋਨ’ ਵੀ ਕਿਹਾ ਜਾਂਦਾ ਹੈ। ਇਹ ਨਿੱਕਾ ਜਿਹਾ ਯੰਤਰ ਸਾਡਾ ਹਰ ਵਕਤ ਦਾ ਸਾਥੀ ਬਣ ਗਿਆ ਹੈ। ਅੱਜ ਦੀ ਤੇਜ਼ ਰਫ਼ਤਾਰ ਤੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਇਸ ਤੋਂ ਬਿਨਾਂ ਗੁਜ਼ਾਰਾ ਅਸੰਭਵ ਜਾਪਦਾ ਹੈ। ਅੱਜ ਤੋਂ ਲਗਭਗ 12-13 ਨਾਲ ਪਹਿਲਾਂ ਜਦੋਂ ਭਾਰਤ ਵਿੱਚ ਇਸ ਦੀ ਵਰਤੋਂ ਸ਼ੁਰੂ ਹੋਈ ਸੀ ਤਾਂ ਉਸ ਸਮੇਂ ਇਸ ਨੂੰ ਇੱਕ ‘ਨਾਯਾਬ ਚੀਜ਼’ ਸਮਝਿਆ ਜਾਂਦਾ ਸੀ। ਇਹ ਅਮੀਰੀ ਅਤੇ ਖ਼ਾਸ ਕਿਸਮ ਦੀ ਸ਼ਾਨ ਦਾ ਪ੍ਰਤੀਕ ਸੀ। ਉਸ ਸਮੇਂ ਇਸ ਦੀ ਕੀਮਤ ਤੇ ਖਰਚਾ ਵੀ ਬਹੁਤ ਜ਼ਿਆਦਾ ਸੀ। ਅੱਜ ਇਸ ਦੀ ਵਰਤੋਂ ਆਮ ਹੋ ਗਈ ਹੈ। ਹਰ ਕੋਈ ਇਸ ਨੂੰ ਅਸਾਨੀ ਨਾਲ ਖ਼ਰੀਦ ਸਕਦਾ ਹੈ। ਇਹੋ ਕਾਰਨ ਹੈ ਕਿ ਇਸ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਜਿੱਥੇ ਕੁਝ ਸਾਲ ਪਹਿਲਾਂ ਮੋਬਾਇਲ ਰੱਖਣਾ ਰੁਤਬੇ ਦੀ ਨਿਸ਼ਾਨੀ ਸੀ, ਉੱਥੇ ਅੱਜ ਇਹ ਸਾਡੀ ਸਭ ਦੀ ਲੋੜ ਬਣ ਗਿਆ ਹੈ।

ਮੋਬਾਇਲ ਨਾਲ ਸਬੰਧਤ ਕੰਪਨੀਆਂ : ਇਸ ਸਮੇਂ ਭਾਰਤ ਵਿੱਚ ਇਸ ਦੀ ਸੇਵਾ ਮੁਹੱਈਆ ਕਰਾਉਣ ਲਈ ਬਹੁਤ ਸਾਰੀਆਂ ਕੰਪਨੀਆਂ ਆ ਗਈਆਂ ਹਨ; ਜਿਵੇਂ, ਸਪਾਈਸ, ਏਅਰਟੈੱਲ, ਰਿਲਾਇੰਸ, ਹੱਚ (ਵੋਡਾਫੋਨ), ਟਾਟਾ-ਇੰਡੀਕਾਮ, ਬੀ.ਐੱਸ.ਐੱਨ. ਐੱਲ, ਕਨੈਕਟ ਆਦਿ। ਇਹ ਕੰਪਨੀਆਂ ਆਪਣੇ ਗਾਹਕਾਂ ਦੀ ਗਿਣਤੀ ਵਧਾਉਣ ਵਾਸਤੇ ਨਵੀਆਂ-ਨਵੀਆਂ ਰਿਆਇਤੀ ਸਕੀਮਾਂ, ਵਿਸ਼ੇਸ਼ ਛੋਟਾਂ ਤੇ ਹੋਰ ਕਈ ਦਿਲ-ਲੁਭਾਉਣੇ ਨਵੇਂ-ਨਵੇਂ ਪੈਕੇਜਾਂ ਨਾਲ ਗਾਹਕਾਂ ਨੂੰ ਆਕਰਸ਼ਿਤ ਕਰ ਰਹੀਆਂ ਹਨ। ਇਨ੍ਹਾਂ ਕੰਪਨੀਆਂ ਤੋਂ ਬਿਨਾਂ ਸਾਰੇ ਸੰਸਾਰ ਵਿੱਚ ਸੈਮਸੰਗ, ਮੋਟਰੋਲਾ, ਸੋਨੀ, ਪੈਨਾਸੋਨਿਕ ਆਈਫ਼ੋਨ, ਵੀਵੋ, ਓਪੋ, ਆਦਿ ਕੰਪਨੀਆਂ ਦੇ ਸੈੱਲਫੋਨ ਹੈਂਡ-ਸੈੱਟਾਂ ਦੀ ਵਿਕਰੀ ਹੋ ਰਹੀ ਹੈ।

ਮੋਬਾਇਲ ਨਾਲ ਸਬੰਧਤ ਕੰਪਨੀਆਂ : ਇਸ ਸਮੇਂ ਭਾਰਤ ਵਿੱਚ ਇਸ ਦੀ ਸੇਵਾ ਮੁਹੱਈਆ ਕਰਾਉਣ ਲਈ ਬਹੁਤ ਸਾਰੀਆਂ ਕੰਪਨੀਆਂ ਆ ਗਈਆਂ ਹਨ; ਜਿਵੇਂ, ਸਪਾਈਸ, ਏਅਰਟੈੱਲ, ਰਿਲਾਇੰਸ, ਹੱਚ (ਵੋਡਾਫੋਨ), ਟਾਟਾ-ਇੰਡੀਕਾਮ, ਬੀ.ਐੱਸ.ਐੱਨ. ਐੱਲ, ਕਨੈਕਟ ਆਦਿ। ਇਹ ਕੰਪਨੀਆਂ ਆਪਣੇ ਗਾਹਕਾਂ ਦੀ ਗਿਣਤੀ ਵਧਾਉਣ ਵਾਸਤੇ ਨਵੀਆਂ-ਨਵੀਆਂ ਰਿਆਇਤੀ ਸਕੀਮਾਂ, ਵਿਸ਼ੇਸ਼ ਛੋਟਾਂ ਤੇ ਹੋਰ ਕਈ ਦਿਲ-ਲੁਭਾਉਣੇ ਨਵੇਂ-ਨਵੇਂ ਪੈਕੇਜਾਂ ਨਾਲ ਗਾਹਕਾਂ ਨੂੰ ਆਕਰਸ਼ਿਤ ਕਰ ਰਹੀਆਂ ਹਨ। ਇਨ੍ਹਾਂ ਕੰਪਨੀਆਂ ਤੋਂ ਬਿਨਾਂ ਸਾਰੇ ਸੰਸਾਰ ਵਿੱਚ ਸੈਮਸੰਗ, ਮੋਟਰੋਲਾ, ਸੋਨੀ, ਪੈਨਾਸੋਨਿਕ ਆਈਫ਼ੋਨ, ਵੀਵੋ, ਓਪੋ, ਆਦਿ ਕੰਪਨੀਆਂ ਦੇ ਸੈੱਲਫੋਨ ਹੈੱਡ-ਸੈੱਟਾਂ ਦੀ ਵਿਕਰੀ ਹੋ ਰਹੀ ਹੈ।

ਮੋਬਾਇਲ ਫ਼ੋਨ ਦੇ ਲਾਭ : ਮੋਬਾਇਲ ਫ਼ੋਨ ਦੀਆਂ ਖ਼ੂਬੀਆਂ ਨੇ ਇਸ ਨੂੰ ਏਨਾ ਉਪਯੋਗੀ ਬਣਾ ਦਿੱਤਾ ਹੈ ਕਿ ਇਸ ਦੀ ਵਰਤੋਂ ਸਿਰਫ਼ ਲੋੜ ਅਨੁਸਾਰ ਹੀ ਨਹੀਂ ਬਲਕਿ ਲੋੜ ਤੋਂ ਵੱਧ ਵੀ ਕੀਤੀ ਜਾ ਰਹੀ ਹੈ। ਇਸ ਦੇ ਲਾਭ ਕਿਸੇ ਚਮਤਕਾਰ ਜਾਂ ਕਿਸ਼ਮੇ ਨਾਲੋਂ ਘੱਟ ਨਹੀਂ ਹਨ।

ਮੋਬਾਇਲ ਫ਼ੋਨ ਦਾ ਸਭ ਤੋਂ ਵੱਡਾ ਪਹਿਲਾ ਲਾਭ ਇਹ ਹੈ ਕਿ ਇਹ ਸਾਡੇ ਕੋਲ ਪਰਸ ਜਾਂ ਜੇਬ ਵਿੱਚ ਮੌਜੂਦ ਰਹਿੰਦਾ ਹੈ। ਇਸ ਲਈ ਅਸੀਂ ਜਦੋਂ ਵੀ ਚਾਹੀਏ ਕਿਸੇ ਨੂੰ ਕਿਸੇ ਵੀ ਵੇਲੇ ਫ਼ੋਨ ਕਰ ਸਕਦੇ ਹਾਂ। ਇਸ ਨਾਲ ਮਿੰਟਾਂ-ਸਕਿੰਟਾਂ ਵਿੱਚ ਹੀ ਤੁਹਾਡਾ ਸੰਦੇਸ਼ ਜਾਂ ਗੱਲਬਾਤ ਤੁਹਾਡੇ ਮਿੱਤਰ-ਪਿਆਰਿਆਂ ਜਾਂ ਸਕੇ-ਸਬੰਧੀਆਂ ਤੱਕ ਪਹੁੰਚ ਸਕਦੀ ਹੈ ਜਿਸ ਦੇ ਸਿੱਟੇ ਵਜੋਂ ਜ਼ਿੰਦਗੀ ਵਿੱਚ ਤੇਜ਼ੀ, ਦ੍ਰਿੜ੍ਹਤਾ ਤੇ ਸੁਖਾਲਾਪਣ ਆਉਂਦਾ ਹੈ।

ਦੂਜਾ ਲਾਭ ਇਹ ਹੈ ਕਿ ਫ਼ੋਨ ਕਰਨ ਵਾਲੇ ਦਾ ਨੰਬਰ ਤੁਹਾਡੇ ਫ਼ੋਨ ‘ਤੇ ਆ ਜਾਂਦਾ ਹੈ। ਹੁਣ ਤਾਂ ਨੰਬਰ ਦੇ ਨਾਲ-ਨਾਲ ਫੋਟੋ ਵੀ ਆਉਣ ਲੱਗ ਪਈ ਹੈ। ਇਸ ਤੋਂ ਇਲਾਵਾ ਜੇ ਕਿਸੇ ਕਾਰਨ ਦੂਜੀ ਧਿਰ ਫ਼ੋਨ ਸੁਣਨ ਤੋਂ ਅਸਮਰਥ ਰਹਿੰਦੀ ਹੈ ਤਾਂ ਤੁਸੀਂ ਉਸ ਦੇ ਮੋਬਾਇਲ ‘ਤੇ ਸੁਨੇਹਾ ਲਿਖ ਕੇ ਵੀ ਭੇਜ ਸਕਦੇ ਹੋ।

ਤੀਸਰਾ ਲਾਭ ਇਹ ਹੈ ਕਿ ਇਸ ਦੀ ਮੌਜੂਦਗੀ ਵਿੱਚ ਤੁਹਾਨੂੰ ਕੋਈ ਡਾਇਰੀ ਅਤੇ ਪੈੱਨ ਆਪਣੇ ਕੋਲ ਰੱਖਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਸ ਵਿੱਚ ਹੀ ਸਾਰੇ ਨੰਬਰ ਅੱਖਰ-ਕ੍ਰਮ ਅਨੁਸਾਰ ਫ਼ੀਡ ਕੀਤੇ ਜਾ ਸਕਦੇ ਹਨ ਤੇ ਲੋੜ ਪੈਣ ‘ਤੇ ਪੂਰੇ ਦਾ ਪੂਰਾ ਨੰਬਰ ਡਾਇਲ ਕੀਤਾ ਜਾ ਸਕਦਾ ਹੈ। ਇਸ ਤੋਂ ਘੜੀ, ਅਲਾਰਮ, ਕੈਲਕੁਲੇਟਰ ਕੈਲੰਡਰ, ਕੰਪਾਸ ਆਦਿ ਦਾ ਕੰਮ ਲਿਆ ਜਾ ਸਕਦਾ ਹੈ। ਫੋਟੋਗ੍ਰਾਫ਼ੀ, ਵੀਡੀਓ-ਫ਼ਿਲਮ ਤੇ ਰਿਕਾਰਡਿੰਗ ਆਦਿ ਵੀ ਕੀਤੀ ਜਾ ਸਕਦੀ ਹੈ।

ਕਾਰੋਬਾਰ ਵਿੱਚ ਲਾਭ : ਮੋਬਾਇਲ ਫ਼ੋਨ ਰਾਹੀਂ ਅਸੀਂ ਵਪਾਰਕ ਤੇ ਆਰਥਿਕ ਖੇਤਰ ਵਿੱਚ ਵੀ ਤਰੱਕੀ ਕਰ ਸਕਦੇ ਹਾਂ। ਕਿਉਂਕਿ ਇਸ ਰਾਹੀਂ ਖ਼ਰੀਦ-ਫ਼ਰੋਖ਼ਤ, ਆਰਡਰ ਬੁੱਕ ਕਰਵਾਉਣੇ, ਲੈਣ-ਦੇਣ, ਭੁਗਤਾਨ ਆਦਿ ਕਰ ਸਕਦੇ ਹਾਂ ਜਿਸ ਨਾਲ ਸਮਾਂ ਅਤੇ ਸਰੀਰਕ ਮਿਹਨਤ ਬਚ ਸਕਦੀ ਹੈ ਤੇ ਕੰਮ ਵੀ ਵੇਲੇ ਸਿਰ ਨਿਪਟ ਜਾਂਦਾ ਹੈ।

ਮਨੋਰੰਜਨ ਦਾ ਸਾਧਨ : ਸੈੱਲਫ਼ੋਨ ਵਿੱਚ ਦਿਲਪ੍ਰਚਾਵੇ ਦੇ ਬਹੁਤ ਸਾਰੇ ਸਾਧਨ ਮੌਜੂਦ ਹੁੰਦੇ ਹਨ ਜਿਸ ਨਾਲ ਸਾਨੂੰ ਇਕੱਲਤਾ ਦਾ ਅਹਿਸਾਸ ਨਹੀਂ ਹੁੰਦਾ। ਇਹ ਇੱਕ ਤਰ੍ਹਾਂ ਨਾਲ ਟੀ.ਵੀ. ਦਾ ਹੀ ਛੋਟਾ ਰੂਪ ਬਣ ਗਿਆ ਹੈ। ਇਸ ‘ਤੇ ਹਰ ਤਰ੍ਹਾਂ ਦੇ ਮਨੋਰੰਜਨ ਪ੍ਰੋਗਰਾਮ ਵੇਖੇ ਜਾ ਸਕਦੇ ਹਨ।

ਜੁਰਮ-ਪੜਤਾਲੀ ਏਜੰਸੀਆਂ ਲਈ ਲਾਭਦਾਇਕ : ਮੋਬਾਇਲ ਫ਼ੋਨ ਦਾ ਲਾਭ ਜੁਰਮ-ਪੜਤਾਲ ਏਜੰਸੀਆਂ ਨੂੰ, ਪੁਲਿਸ ਤੇ ਹੋਰਨਾਂ ਗੁਪਤਚਰ ਏਜੰਸੀਆਂ ਨੂੰ ਵੀ ਹੁੰਦਾ ਹੈ। ਇਸ ਦੀ ਵਰਤੋਂ ਨਾਲ ਜਰਾਇਮ-ਪੇਸ਼ਾ ਲੋਕਾਂ ਤੱਕ ਆਸਾਨੀ ਨਾਲ ਪਹੁੰਚ ਕੀਤੀ ਜਾ ਸਕਦੀ ਹੈ। ਕਿਉਂਕਿ ਇਸ ਵਿੱਚ ਆਉਣ ਤੇ ਜਾਣ ਵਾਲੀਆਂ ਸਾਰੀਆਂ ਕਾਲਾਂ ਦਾ ਰਿਕਾਰਡ ਵਿਸਥਾਰ ਸਹਿਤ ਦਰਜ ਕੀਤਾ ਜਾ ਸਕਦਾ ਹੈ ਤੇ ਇਸ ਦੀ ਵਰਤੋਂ ਕਰਨ ਵਾਲੇ ਦੀ ਲੋਕੇਸ਼ਨ ਦਾ ਪਤਾ ਲਾਇਆ ਜਾ ਸਕਦਾ ਹੈ। ਜਿਸ ਦੀ ਮਦਦ ਨਾਲ ਗੁਪਤਚਰ ਏਜੰਸੀਆਂ ਜਰਾਇਮ-ਪੇਸ਼ਾ ਲੋਕਾਂ ਤੱਕ ਪਹੁੰਚ ਕੇ ਉਨ੍ਹਾਂ ਵਿਰੁੱਧ ਕਾਰਵਾਈਆਂ ਕਰ ਸਕਦੀਆਂ ਹਨ।

ਨੌਜਵਾਨਾਂ ਵਿੱਚ ਇਸ ਦੀ ਵਰਤੋਂ : ਨੌਜਵਾਨਾਂ ਅਤੇ ਵਿਦਿਆਰਥੀਆਂ ਵਿੱਚ ਇਸ ਦੀ ਵਰਤੋਂ ਲੋੜ ਤੋਂ ਵਧੇਰੇ ਹੋ ਰਹੀ ਹੈ। ਉਹ ਇਸ ਦੀ ਦੁਰਵਰਤੋਂ ਵਧੇਰੇ ਕਰ ਰਹੇ ਹਨ। ਕਈਆਂ ਲਈ ਤਾਂ ਇਹ ਆਪਣੀ ਅਮੀਰੀ ਤੇ ਹਾਈ-ਸਟੇਟਸ ਦਾ ਚਿੰਨ੍ਹ ਬਣ ਗਿਆ ਹੈ। ਇਸੇ ਲੋਕ-ਵਿਖਾਵੇ ਦੀ ਖ਼ਾਤਰ ਕਈ ਵਾਰ ਇਹ ਨੌਜਵਾਨ ਵਰਗ ਆਪਣੀ ਅਮੀਰੀ ਦਾ ਪ੍ਰਗਟਾਵਾ ਕਰਨ ਲਈ ਨਵੇਂ ਤੋਂ ਨਵੇਂ ਅਤੇ ਮਹਿੰਗੇ ਤੋਂ ਮਹਿੰਗੇ ਮਾਡਲ ਖ਼ਰੀਦ ਕੇ ਆਪਣਾ ਪ੍ਰਭਾਵ ਪਾਉਂਦੇ ਹਨ।

ਮੋਬਾਇਲ ਫ਼ੋਨ ਦੀਆਂ ਹਾਨੀਆਂ : ਮੋਬਾਇਲ ਫ਼ੋਨ ਦੇ ਜਿੱਥੇ ਅਨੇਕਾਂ ਲਾਭ ਹਨ, ਉੱਥੇ ਇਸ ਦੀ ਵਰਤੋਂ ਖ਼ਤਰੇ ਤੋਂ ਖ਼ਾਲੀ ਨਹੀਂ ਹੈ। ਇਸ ਦੀ ਵਧੇਰੇ ਵਰਤੋਂ ਨੌਜਵਾਨ ਵਰਗ ਅਤੇ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਹੈ। ਭਾਵੇਂ ਕਿ ਵਿਦਿਆਰਥੀਆਂ ਨੂੰ ਇਸ ਦੀ ਲੋੜ ਨਹੀਂ ਪਰ ਉਹ ਹੀ ਵਰਗ ਇਸ ਦੀ ਦੁਰਵਰਤੋਂ ਕਰਨ ‘ਤੇ ਤੁਲਿਆ ਹੋਇਆ ਹੈ। ਕੈਮਰੇ ਵਾਲੇ ਫ਼ੋਨਾਂ ਅਤੇ ਐੱਸ. ਐੱਮ.ਐੱਸ. ਨੇ ਤਾਂ ਲੱਚਰਤਾ ਤੇ ਅਸ਼ਲੀਲਤਾ ਵਿੱਚ ਬਹੁਤ ਜ਼ਿਆਦਾ ਵਾਧਾ ਕਰ ਦਿੱਤਾ ਹੈ। ਕਈ ਵਾਰ ਤਾਂ ਆਪਣੇ ਹੀ ਸੰਗੀ ਸਾਥੀਆਂ ਦੀਆਂ ਗ਼ਲਤ ਫੋਟੋਆਂ ਲੈ ਕੇ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਦਾ ਧਿਆਨ ਪੜ੍ਹਾਈ ਵੱਲ ਘੱਟ ਤੇ ਐੱਸ.ਐੱਮ.ਐੱਸ. ‘ਤੇ ਵਧੇਰੇ ਹੋ ਗਿਆ ਹੈ।

ਸਮਾਜ-ਵਿਰੋਧੀ ਅਨਸਰ, ਗੁੰਡਾ ਪਾਰਟੀਆਂ, ਧੋਖੇਬਾਜ਼ ਅਤੇ ਕੈਦੀ ਇਸਦੀ ਦੁਰਵਰਤੋਂ ਕਰਨ ਵਿੱਚ ਸਭ ਤੋਂ ਅੱਗੇ ਹਨ। ਸਾਰੇ ਜਾਇਜ਼-ਨਾਜਾਇਜ਼, ਛਲ-ਕਪਟੀ ਧੰਦੇ, ਬਲੈਕਮੇਲਿੰਗ, ਧੋਖਾਧੜੀਆਂ, ਲੁੱਟਾਂ-ਖੋਹਾਂ ਤੇ ਇੱਥੋਂ ਤੱਕ ਕਿ ਕਤਲ ਤੱਕ ਦੇ ਕੰਮਾਂ ਨੂੰ ਇਸੇ ਰਾਹੀਂ ਅੰਜਾਮ ਦਿੱਤਾ ਜਾਂਦਾ ਹੈ। ਵੱਡੇ ਤੋਂ ਵੱਡੇ ਜੁਰਮ, ਚੋਰੀ, ਡਾਕੇ ਜਾਂ ਅੱਤਵਾਦੀ ਕਾਰਵਾਈਆਂ ਵਿੱਚ ਇਸੇ ਦਾ ਹੀ ਬੋਲ-ਬਾਲਾ ਹੈ। ਜੇਲ੍ਹਾਂ ਵਿੱਚ ਬੰਦ ਕੈਦੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੋਂ ਹੀ ਇਸ ਦੀ ਵਰਤੋਂ ਕਰਕੇ ਬਾਹਰ ਦੇ ਲੋਕਾਂ ਨਾਲ ਸੰਪਰਕ ਬਣਾਈ ਰੱਖਦੇ ਹਨ। ਨਕਲੀ ਕਰੰਸੀ ਤੇ ਨਸ਼ੇ ਦਾ ਵਪਾਰ ਇਸ ਦੀ ਬਦੌਲਤ ਹੀ ਦੂਜੇ ਦੇਸ਼ਾਂ ਨਾਲ ਸਬੰਧ ਸਥਾਪਿਤ ਕਰਕੇ ਅਸਾਨੀ ਨਾਲ ਚੱਲ ਰਿਹਾ ਹੈ।

ਇਸ ਤੋਂ ਬਿਨਾਂ ਇਸ ਦੀ ਹੱਦ ਤੋਂ ਵੱਧ ਵਰਤੋਂ ਨਾਲ ਸਭ ਤੋਂ ਵੱਡਾ ਨੁਕਸਾਨ ਸਿਹਤ ‘ਤੇ ਪੈ ਰਿਹਾ ਹੈ। ਹੈੱਡ-ਸੈੱਟ ਅਤੇ ਸਟੇਸ਼ਨ (ਟਾਵਰ) ਵਿੱਚੋਂ ਨਿਕਲਦੀਆਂ ਰੇਡੀਓ-ਫ੍ਰੀਕੁਐਂਸੀ ਰੇਡੀਏਸ਼ਨ ਕਿਰਨਾਂ ਨਾਲ ਸਰੀਰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਟਰਾਂਸਮੀਟਰ ਵਿੱਚੋਂ ਨਿਕਲਣ ਵਾਲੇ ਮਾਈਕਰੋਵੇਵ ਵਿਕਿਰਨ ਮਨੁੱਖ ਦੀ ਯਾਦਾਸ਼ਤ ਨੂੰ ਕਮਜ਼ੋਰ ਕਰ ਰਹੇ ਹਨ। ਦਿਲ ਦੀਆਂ ਬਿਮਾਰੀਆਂ ਤੇ ਹੋਰ ਕਈ ਨਾਮੁਰਾਦ ਬਿਮਾਰੀਆਂ ਹਮਲਾ ਕਰ ਰਹੀਆਂ ਹਨ। ਸਾਰੇ ਦੇਸ਼ ਵਿੱਚ ਦਿਨੋ-ਦਿਨ ਇਸ ਦੇ ਟਾਵਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਹ ਸਮੁੱਚੇ ਜੀਅ-ਜੰਤ ਅਤੇ ਪਸ਼ੂ-ਪੰਛੀਆਂ ਤੋਂ ਇਲਾਵਾ ਵਾਤਾਵਰਨ ਵਿੱਚ ਵੀ ਨੁਕਸਾਨ ਪਹੁੰਚਾ ਰਹੇ ਹਨ।

ਮਨੋਵਿਗਿਆਨੀਆਂ ਦਾ ਵਿਚਾਰ ਹੈ ਕਿ ਇੱਕ ਵਾਰ ਫ਼ੋਨ ‘ਤੇ ਕੋਈ ਗੱਲ ਕੀਤੀ ਜਾਂ ਸੁਣੀ ਜਾਵੇ ਤਾਂ ਉਸ ਦਾ ਅਸਰ ਘੱਟੋ ਘੱਟ ਪੰਜ ਮਿੰਟ ਤੱਕ ਮਨੁੱਖੀ ਦਿਮਾਗ਼ ‘ਤੇ ਰਹਿੰਦਾ ਹੈ। ਦੂਸਰੀ ਗੱਲ ਹੈ ਕਿ ਫ਼ੋਨ ‘ਤੇ ਗੱਲ ਕਰਨ ਲੱਗਿਆਂ ਸਾਡਾ ਧਿਆਨ ਸਿਰਫ਼ ਗੱਲਾਂ ਕਰਨ ਜਾਂ ਸੁਣਨ ਵੱਲ ਹੀ ਲੱਗਾ ਰਹਿੰਦਾ ਹੈ। ਅਸੀਂ ਆਸੇ-ਪਾਸੇ ਤੋਂ ਵੀ ਬੇਖ਼ਬਰ ਹੋ ਜਾਂਦੇ ਹਾਂ, ਖ਼ਾਸ ਕਰਕੇ ਜਦੋਂ ਅਸੀਂ ਕਈ ਵਾਹਨ ਚਲਾ ਰਹੇ ਹੁੰਦੇ ਹਾਂ ਤਾਂ ਹਾਦਸੇ ਵਾਪਰਨ ਦੀ ਸੰਭਾਵਨਾ ਲਗਾਤਾਰ ਬਣੀ ਰਹਿੰਦੀ ਹੈ ਤੇ ਹਾਦਸੇ ਹੋ ਵੀ ਰਹੇ ਹਨ।

ਅੱਜ-ਕੱਲ੍ਹ ਲੋਕਾਂ ਵਿੱਚ ਵੱਖਰੀਆਂ-ਵੱਖਰੀਆਂ ਰਿੰਗ-ਟੋਨਾਂ ਭਰਵਾਉਣ ਦਾ ਭੂਤ ਜਿਹਾ ਸਵਾਰ ਹੋਇਆ ਹੈ। ਕਈ ਵਾਰ ਇਹ ਰਿੰਗ-ਟੋਨਾਂ ਗਾਣਿਆਂ ਦੇ ਰੂਪ ਵਿੱਚ ਬੜੀਆਂ ਭੱਦੀਆਂ, ਅਪ੍ਰਸੰਗਿਕ ਤੇ ਸ਼ਰਮਨਾਕ ਹੁੰਦੀਆਂ ਹਨ। ਜਦੋਂ ਕਈ ਵਾਰ ਅਸੀਂ ਕਿਸੇ ਸੰਗਤ, ਸਭਾ, ਕਾਨਫਸ ਜਾਂ ਕਿਸੇ ਵੀ ਪ੍ਰੋਗਰਾਮ ਵਿੱਚ ਬੈਠੇ ਹੋਈਏ ਤਾਂ ਅਚਾਨਕ ਕਿਸੇ ਦੇ ਫ਼ੋਨ ਦੀ ਰਿੰਗ ਵੱਜੇ ਤਾਂ ਵਾਤਾਵਰਨ ਵਿੱਚ ਵੀ ਖ਼ਲਲ ਜਿਹਾ ਪੈ ਜਾਂਦਾ ਹੈ। ਕਈ ਵਿਅਕਤੀਆਂ ਨੇ ਤਾਂ ਰਿੰਗ-ਟੋਨਾਂ ਹੀ ਅਜਿਹੀਆਂ ਭਰਵਾਈਆਂ ਹੁੰਦੀਆਂ ਹਨ ਜੋ ਹਰ ਜਗ੍ਹਾ ਢੁਕਵੀਆਂ ਨਹੀਂ ਹੁੰਦੀਆਂ, ਜਿਸ ਨਾਲ ਕਈ ਵਾਰ ਸ਼ਰਮਿੰਦਗੀ ਵੀ ਮਹਿਸੂਸ ਹੁੰਦੀ ਹੈ।

ਸਾਰੰਸ਼ : ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਪੈਸਾ-ਬਟੋਰੂ ਕੰਪਨੀਆਂ ਨਿੱਤ ਨਵੇਂ-ਨਵੇਂ ਅਤੇ ਬਹੁਮੰਤਵੀ ਹੈਂਡ-ਸੈੱਟ ਬਜ਼ਾਰ ਵਿੱਚ ਲਿਆ ਕੇ ਅਤੇ ਹੋਰ ਕਈ ਕਿਸਮ ਦੀਆਂ ਸਹੂਲਤਾਂ ਦਾ ਲਾਲਚ ਦੇ ਕੇ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀਆਂ ਹਨ ਤੇ ਆਪ ਮਾਲਾ-ਮਾਲ ਹੋ ਰਹੀਆਂ ਹਨ। ਇਨ੍ਹਾਂ ਕੰਪਨੀਆਂ ਦਾ ਕਪਟ-ਜਾਲ ਲੋਕਾਂ ਨੂੰ ਦਿਨੋ-ਦਿਨ ਕੰਗਾਲ ਤੇ ਕਰਜ਼ਾਈ ਬਣਾਈ ਜਾ ਰਿਹਾ ਹੈ ਤੇ ਨਾਲ ਹੀ ਉਨ੍ਹਾਂ ਦੀ ਸਿਹਤ ਨਾਲ ਵੀ ਖਿਲਵਾੜ ਕਰ ਰਿਹਾ ਹੈ। ਸੈੱਲਫ਼ੋਨ ਦੇ ਇੰਨੇ ਜ਼ਿਆਦਾ ਲਾਭ ਹਨ ਪਰ ਲੋਕ ਇਸ ਦੀ ਦੁਰਵਰਤੋਂ ਕਰਕੇ ਆਪਣਾ ਨੁਕਸਾਨ ਆਪ ਕਰ ਰਹੇ ਹਨ। ਇਸ ਬੇਮਿਸਾਲ ਯੰਤਰ ਦੀ ਸੂਝ-ਬੂਝ ਨਾਲ ਵਰਤੋਂ ਕਰਨੀ ਚਾਹੀਦੀ ਹੈ।

ਸੁਝਾਅ : ਵਿਦਿਆਰਥੀਆਂ ਕੋਲ ਮੋਬਾਇਲ ਦੀ ਮਨਾਹੀ ਹੋਣੀ ਚਾਹੀਦੀ ਹੈ। ਜੇਲ੍ਹਾਂ ਆਦਿ ਵਿੱਚ ਫ਼ੋਨ ਦੀ ਦੁਰਵਰਤੋਂ ਰੋਕਣ ਲਈ ਜੈਮਰ ਲਾਏ ਜਾਣੇ ਚਾਹੀਦੇ ਹਨ ਤੇ ਹੋਰ ਵੀ ਪੁਖ਼ਤਾ ਪ੍ਰਬੰਧ ਕਰਨੇ ਚਾਹੀਦੇ ਹਨ। ਵਾਹਨ ਚਲਾਉਂਦੇ ਸਮੇਂ ਤੇ ਸਮਾਗਮਾਂ ਵਿੱਚ ਸ਼ਿਰਕਤ ਸਮੇਂ ਇਸ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ। ਸਾਨੂੰ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਇਸ ਨੂੰ ਪਰਸ ਜਾਂ ਜੇਬ ਵਿੱਚ ਹੀ ਰੱਖਣਾ ਚਾਹੀਦਾ ਹੈ। ਜੇ ਹੋ ਸਕੇ ਤਾਂ ਈਅਰ ਫ਼ੋਨ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਟਾਵਰ ਅਬਾਦੀ ਅਤੇ ਸਕੂਲਾਂ ਆਦਿ ਦੇ ਨਜ਼ਦੀਕ ਨਹੀਂ ਹੋਣੇ ਚਾਹੀਦੇ। ਐੱਸ.ਐੱਮ.ਐੱਸ. ਆਦਿ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ, ਵਕਤ ਬੇ-ਵਕਤ ਕਿਸੇ ਨੂੰ ਫ਼ੋਨ ਨਹੀਂ ਕਰਨਾ ਚਾਹੀਦਾ। ਅਜਿਹੀਆਂ ਸਾਵਧਾਨੀਆਂ ਵਰਤ ਕੇ ਮਨੁੱਖ ਆਪਣੇ ਵੱਲੋਂ ਆਪ ਸਹੇੜੇ ਖ਼ਤਰਿਆਂ ਤੋਂ ਬਚ ਸਕਦਾ ਹੈ।