ਲੇਖ : ਮੇਰਾ ਮਨ-ਭਾਉਂਦਾ ਨਾਵਲਕਾਰ
ਲੇਖ ਰਚਨਾ : ਨਾਵਲਕਾਰ ਨਾਨਕ ਸਿੰਘ
ਨਾਨਕ ਸਿੰਘ ਪੰਜਾਬੀ ਦੇ ਮਸ਼ਹੂਰ ਨਾਵਲਕਾਰ ਸਨ। ਉਨ੍ਹਾਂ ਨੇ ਪੰਜਾਬੀ ਵਿੱਚ ਸਭ ਤੋਂ ਵੱਧ ਨਾਵਲ ਲਿਖੇ। ਆਪ ਦੇ ਨਾਵਲਾਂ ਨਾਲ ਹੀ ਪੰਜਾਬੀ ਸਾਹਿਤ ਵਿੱਚ ਸਮਾਜਵਾਦੀ ਤੇ ਸੁਧਾਰਵਾਦੀ ਨਾਵਲ ਲਿਖਣ ਦੀ ਪਿਰਤ ਪਈ। ਇਨ੍ਹਾਂ ਨੇ ਨਾਵਲ ਲਿਖਣ ਲਈ ਨਵੀਨ ਸ਼ੈਲੀ ਦੀ ਵਰਤੋਂ ਕੀਤੀ। ਨਾਵਲਾਂ ਵਿੱਚ ਕਹਾਣੀ-ਰਸ ਤੇ ਘਟਨਾਵਾਂ ਨੂੰ ਨਾਟਕੀ ਰੂਪ ਦੇਣਾ ਵੀ ਇਨ੍ਹਾਂ ਨੇ ਹੀ ਅਰੰਭਿਆ। ਇਸ ਤਰ੍ਹਾਂ ਪੰਜਾਬੀ ਨਾਵਲ ਦਾ ਇੱਕ ਨਵਾਂ ਇਤਿਹਾਸ ਸਿਰਜਿਆ। ਆਪ ਨੂੰ ਪੰਜਾਬੀ ਨਾਵਲ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ।
ਨਾਵਲ ਲਿਖਣ ਦੀ ਪ੍ਰੇਰਨਾ ਆਪ ਜੀ ਨੂੰ ਸੰਨ 1922 ਈ. ਵਿੱਚ ਗੁਰੂ ਦੇ ਬਾਗ਼ ਦੇ ਮੋਰਚੇ ਸਮੇਂ ਹੋਈ ਜਦੋਂ ਆਪ ਜੇਲ੍ਹ ਵਿੱਚ ਸਨ। ਜੇਲ੍ਹ ਵਿੱਚ ਰਹਿੰਦਿਆਂ ਆਪ ਨੇ ਮੁਨਸ਼ੀ ਪ੍ਰੇਮਚੰਦ ਦੇ ਕਈ ਨਾਵਲ ਪੜ੍ਹੇ। ਇੱਥੋਂ ਹੀ ਪੰਜਾਬੀ ਵਿੱਚ ਨਾਵਲ ਲਿਖਣ ਦੀ ਲਗਨ ਲੱਗ ਗਈ। ਜੇਲ੍ਹ ਵਿੱਚ ਹੀ ਆਪ ਨੇ ਆਪਣਾ ਪਹਿਲਾ ਨਾਵਲ ‘ਅੱਧ ਖਿੜੀ ਕਲੀ’ ਲਿਖਿਆ ਜੋ ਬਾਅਦ ਵਿੱਚ ‘ਅੱਧ ਖਿੜਿਆ ਫੁੱਲ’ ਦੇ ਨਾਂ ਨਾਲ ਮਸ਼ਹੂਰ ਹੋਇਆ।
ਮੁਨਸ਼ੀ ਪ੍ਰੇਮਚੰਦ ਦੇ ਸਾਹਿਤ ਤੋਂ ਪ੍ਰਭਾਵਿਤ ਅਤੇ ਚਰਨ ਸਿੰਘ ਸ਼ਹੀਦ ਤੋਂ ਪ੍ਰੇਰਿਤ ਹੋ ਕੇ ਪਹਿਲੀ ਵਾਰ ਮੌਲਿਕ ਨਾਵਲ “ਮਤਰੇਈ ਮਾਂ’ ਲਿਖਿਆ। ਇਹ ਨਾਵਲ ਬੜਾ ਸਰਾਹਿਆ ਗਿਆ। ਸੰਨ 1932 ਈ. ਵਿੱਚ ਲਿਖੇ ‘ਚਿੱਟਾ ਲਹੂ’ ਨੇ ਤਾਂ ਪੰਜਾਬੀ ਜਗਤ ਵਿੱਚ ਤਰਥੱਲੀ ਹੀ ਮਚਾ ਦਿੱਤੀ। ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ 1938 ਈ. ਵਿੱਚ ਪ੍ਰੀਤ ਨਗਰ ਵਿੱਚ ਆ ਕੇ ਰਹਿਣ ਲੱਗ ਪਏ। ਇੱਥੇ ਆਪ ਨੇ ‘ਪਿਆਰ ਦੀ ਦੁਨੀਆ’ ਨਾਵਲ ਲਿਖਿਆ। ਇਸ ਤੋਂ ਮਗਰੋਂ ‘ਗਰੀਬ ਦੀ ਦੁਨੀਆ’, ‘ਜੀਵਨ ਸੰਗਰਾਮ’, ‘ਅੱਧ ਖਿੜਿਆ ਫੁੱਲ’, ‘ਲਵ ਮੈਰਿਜ’ ਆਦਿ ਕਈ ਨਾਵਲ ਛਪੇ। 1947 ਈ. ਵਿੱਚ ਹੋਈ ਦੇਸ਼ ਦੀ ਵੰਡ ਦੀਆਂ ਘਟਨਾਵਾਂ ਨੇ ਇਨ੍ਹਾਂ ਦੇ ਮਨ ‘ਤੇ ਡੂੰਘਾ ਅਸਰ ਕੀਤਾ। ਇਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਖੂਨ ਦੇ ਸੋਹਲੇ’, ‘ਅੱਗ ਦੀ ਖੇਡ’, ‘ਮੰਝਧਾਰ’, ‘ਚਿੱਤਰਕਾਰ’ ਆਦਿ ਨਾਵਲ ਦਿੱਤੇ। ਇਨ੍ਹਾਂ ਦਾ ‘ਇਕ ਮਿਆਨ ਦੋ ਤਲਵਾਰਾਂ’ ਇੱਕ ਸਫਲ ਇਤਿਹਾਸਕ ਨਾਵਲ ਹੈ। ਇਸ ਨੂੰ ਸਾਹਿਤ ਅਕਾਦਮੀ ਦਾ ਇਨਾਮ ਵੀ ਪ੍ਰਾਪਤ ਹੈ। ਆਪ ਦੇ ਨਾਵਲ ‘ਪਵਿੱਤਰ ਪਾਪੀ’ ਦੇ ਅਧਾਰ ‘ਤੇ ਫਿਲਮ ਵੀ ਬਣੀ ਹੈ।
ਆਪ ਦਾ ਜਨਮ 4 ਜੁਲਾਈ, 1897 ਈ. ਨੂੰ ਹੋਇਆ। ਆਪ ਦੇ ਬਚਪਨ ਦਾ ਨਾਂ ਹੰਸਰਾਜ ਸੀ। ਆਪ ਦਾ ਬਚਪਨ ਬੜੀਆਂ ਮੁਸੀਬਤਾਂ ਵਿੱਚ ਬੀਤਿਆ।
ਨਾਨਕ ਸਿੰਘ ਇੱਕ ਅਸਧਾਰਨ ਸ਼ਖਸੀਅਤ ਸਨ। ਆਪ ਨੇ ਆਪਣੀਆਂ ਰਚਨਾਵਾਂ ਵਿੱਚ ਆਪਣੇ ਸਮੇਂ ਦੀਆਂ ਲਗਭਗ ਸਾਰੀਆਂ ਸਮਾਜਕ-ਕੁਰੀਤੀਆਂ ਨੂੰ ਪੇਸ਼ ਕੀਤਾ ਅਤੇ ਨਾਲ ਹੀ ਇਸਤਰੀਆਂ ਦੀਆਂ ਦੁੱਖ-ਤਕਲੀਫਾਂ ਨੂੰ ਕਲਮਬਧ ਕੀਤਾ।
ਨਾਨਕ ਸਿੰਘ ਦਾ ਪੰਜਾਬੀ ਨਾਵਲ ਦੇ ਇਤਿਹਾਸ ਵਿੱਚ ਉਹ ਸਥਾਨ ਹੈ ਜੋ ਭਾਈ ਵੀਰ ਸਿੰਘ ਦਾ ਆਧੁਨਿਕ ਕਵਿਤਾ ਦੇ ਇਤਿਹਾਸ ਵਿੱਚ ਹੈ। ਆਪ ਆਪਣੇ ਅੰਤਲੇ ਸਮੇਂ ਤੱਕ ਸਾਹਿਤ ਰਚਨਾ ਕਰਦੇ ਰਹੇ। ਸੰਨ 1971 ਈ. ਵਿੱਚ ਆਪ ਇਸ ਦੁਨੀਆ ਤੋਂ ਚਲਾਣਾ ਕਰ ਗਏ।