ਲੇਖ : ਮੇਰਾ ਪੰਜਾਬ


ਮੇਰਾ ਪੰਜਾਬ / ਸਾਡਾ ਪੰਜਾਬ


“ਐ ਪੰਜਾਬ ਕਰਾਂ ਕੀ ਸਿਫ਼ਤ ਤੇਰੀ, ਸ਼ਾਨਾਂ ਦੇ ਸਭ ਸਮਾਨ ਤਿਰੇ,
ਜਲ, ਪੌਣ ਤਿਰਾ, ਹਰਿਔਲ ਤੇਰੀ, ਦਰਿਆ ਪਰਬਤ ਮੈਦਾਨ ਤਿਰੇ।”

ਜਾਣ-ਪਛਾਣ : ਪੰਜਾਬ, ਪੰਜ + ਆਬ ਭਾਵ ਪੰਜ ਪਾਣੀਆਂ ਦੀ ਧਰਤੀ, ਪੰਜ ਦਰਿਆਵਾਂ ਦੀ ਧਰਤੀ ਪੰਜਾਬ। ਇਸ ਦਾ ਪਹਿਲਾਂ ਨਾਂ ਸਪਤ-ਸਿੰਧੂ ਸੀ ਕਿਉਂਕਿ ਪਹਿਲਾਂ ਇੱਥੇ ਸੱਤ ਦਰਿਆ ਵਗਦੇ ਸਨ। ਫਿਰ ਇਸ ਦਾ ਨਾਂ ‘ਪੰਜ-ਨਦ’ ਪਿਆ ਤੇ ਮੁਸਲਮਾਨਾਂ ਦੀ ਆਮਦ ਨਾਲ਼ ਇਹ ਪੰਜ-ਨੰਦ ਤੋਂ ਪੰਜ + ਆਬ (ਪਾਣੀ) ਪੰਜਾਬ ਪ੍ਰਸਿੱਧ ਹੋ ਗਿਆ।

ਗੁਰੂਆਂ ਪੀਰਾਂ ਦੀ ਧਰਤੀ : ਪੰਜਾਬ ਗੁਰੂਆਂ, ਪੀਰਾਂ, ਸੂਫੀਆਂ, ਸਾਧਾਂ-ਸੰਤਾਂ, ਜੋਗੀਆਂ, ਨਾਥਾਂ ਦੀ ਪਵਿੱਤਰ ਧਰਤੀ ਹੈ। ਗੋਰਖ ਨਾਥ, ਜਲੰਧਰ ਤੇ ਮਛੰਦਰ ਨਾਥ ਇੱਥੇ ਪ੍ਰਸਿੱਧ ਹੋਏ। ਬਾਬਾ ਫ਼ਰੀਦ, ਬੁੱਲ੍ਹੇਸ਼ਾਹ, ਸ਼ਾਹ ਹੁਸੈਨ ਤੇ ਬੁੱਲ੍ਹੇ ਸ਼ਾਹ ਵਰਗੇ ਮਹਾਨ ਸੂਫ਼ੀ ਇੱਥੇ ਹੋਏ। ਗੁਰੂ ਨਾਨਕ ਨੇ ਪੰਜਾਬ ਦੀ ਧਰਤੀ ਨੂੰ ਭਾਗ ਲਾਏ। ਗੁਰੂ ਅਰਜਨ ਦੇਵ, ਗੁਰੂ ਤੇਗ਼ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੀ ਰੱਖਿਆ ਲਈ ਤੇ ਲੋਕਾਂ ਵਿੱਚ ਨਵਾਂ ਇਨਕਲਾਬ ਲਿਆਉਣ ਲਈ ਉਹਨਾਂ ਦੀ ਮੁਰਦਾ ਰੂਹ ਵਿੱਚ ਜਾਨ ਫੂਕੀ। ਪ੍ਰੋ. ਪੂਰਨ ਸਿੰਘ ਇਸ ਦੀ ਸਿਫ਼ਤ ਵਜੋਂ ਲਿਖਦਾ ਹੈ :

ਪੰਜਾਬ ਸਾਰਾ ਜੀਂਦਾ
ਸਤਿਗੁਰਾਂ ਦੇ ਨਾਂ ਤੇ।

ਯੋਧਿਆਂ-ਸੂਰਬੀਰਾਂ ਦੀ ਧਰਤੀ : ਕਹਿੰਦੇ ਹਨ, “ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’’ ‘ਕਿਉਂਕਿ ਪੰਜਾਬ ਨੂੰ ਨਿੱਤ ਹਮਲਾਵਰਾਂ ਦਾ ਟਾਕਰਾ ਕਰਨਾ ਪੈਂਦਾ ਰਿਹਾ ਹੈ। ਇਹ ਵੀਰਾਂ, ਯੋਧਿਆਂ ਤੇ ਸੂਰਬੀਰਾਂ ਦੀ ਧਰਤੀ ਹੈ। ਪੰਜਾਬੀਆਂ ਨੇ ਕਈ ਮੁਸਲਮਾਨ ਹਮਲਾਵਰਾਂ ਦਾ ਟਾਕਰਾ ਕੀਤਾ। ਧਨੀ ਰਾਮ ਚਾਤ੍ਰਿਕ ਪੰਜਾਬੀਆਂ ਦੀ ਵੀਰਤਾ ਦਾ ਜ਼ਿਕਰ ਇਉਂ ਕਰਦਾ ਹੈ :

“ਧੁੰਮ ਮੱਚੀ ਹੈ ਤੇਰੀ ਬਹਾਦਰੀ ਦੀ
ਕੰਬਣ ਕਾਲਜੇ ਵੈਰੀਆਂ ਸਾਰਿਆਂ ਦੇ।”

ਦੇਸ਼-ਭਗਤਾਂ ਦੀ ਧਰਤੀ : ਇਸ ਧਰਤੀ ‘ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਮਦਨ ਲਾਲ ਢੀਂਗਰਾ ਤੇ ਕਰਤਾਰ ਸਿੰਘ ਸਰਾਭਾ ਵਰਗੇ ਕਈ ਬਹਾਦਰ ਪੰਜਾਬੀ ਦੇਸ਼ ਦੀ ਅਜ਼ਾਦੀ ਲਈ ਸ਼ਹੀਦ ਹੋਏ :

ਹਿੰਦ ਵਾਸੀਓ ਰੱਖਣਾ ਯਾਦ ਸਾਨੂੰ
ਕਿਤੇ ਦਿਲਾਂ ਤੋਂ ਨਾ ਭੁਲਾ ਦੇਣਾ
ਖ਼ਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ

ਭਾਰਤ ਦਾ ਪਹਿਰੇਦਾਰ : ਇਤਿਹਾਸ ਗਵਾਹ ਹੈ ਕਿ ਪੰਜਾਬ ਹਮੇਸ਼ਾ ਭਾਰਤ ਦਾ ਪਹਿਰੇਦਾਰ ਰਿਹਾ ਹੈ। ਇੱਥੇ ਜਿੰਨੇ ਵੀ ਹਮਲੇ ਹੋਏ, ਇਸੇ ਰਸਤਿਓਂ ਹੀ ਹੋਏ। ਪੰਜਾਬੀਆਂ ਨੇ ਹਰ ਹਮਲੇ ਦਾ ਢਾਲ ਬਣਕੇ ਮੁਕਾਬਲਾ ਕੀਤਾ। ਇਸੇ ਲਈ ਇਸ ਨੂੰ ‘ਭਾਰਤ ਦਾ ਦਰਵਾਜ਼ਾ’ ਵੀ ਕਿਹਾ ਜਾਂਦਾ ਹੈ।

ਧਰਮੀ ਧਰਤੀ : ਦੁਨੀਆ ਦੇ ਸਭ ਤੋਂ ਪੁਰਾਣੇ ਧਾਰਮਕ ਗ੍ਰੰਥ ‘ਰਿਗਵੇਦ’ ਦੀ ਰਚਨਾ ਵੀ ਪੰਜਾਬ ਦੀ ਧਰਤੀ ‘ਤੇ ਹੋਈ। ਮਹਾਭਾਰਤ ਦਾ ਯੁੱਧ ਪੰਜਾਬ ਦੀ ਧਰਤੀ ‘ਤੇ ਹੋਇਆ। ਭਗਵਾਨ ਕ੍ਰਿਸ਼ਨ ਨੇ ਅਰਜੁਨ ਨੂੰ ਗੀਤਾ ਦਾ ਉਪਦੇਸ਼ ਇਸ ਪਵਿੱਤਰ ਧਰਤੀ ‘ਤੇ ਹੀ ਦਿੱਤਾ। ਕੁਰੂਕਸ਼ੇਤਰ ਤੇ ਪਾਣੀਪਤ ਦੀ ਲੜਾਈ ਇੱਥੇ ਹੀ ਹੋਈ।

ਸੱਚੇ ਆਸ਼ਕਾਂ ਦੀ ਧਰਤੀ : ਪੰਜਾਬ ਵਿੱਚ ਢਾਈ ਇਸ਼ਕ ਮੰਨੇ ਜਾਂਦੇ ਹਨ। ਇਹ ਹੀਰ, ਸੱਸੀ, ਸੋਹਣੀ ਤੇ ਮਿਰਜ਼ਾ ਵਰਗੇ ਸੱਚ ਆਸ਼ਕਾਂ ਦੀ ਧਰਤੀ ਹੈ। ਇਨ੍ਹਾਂ ਨੇ ਆਪਣੇ ਇਸ਼ਕ ਮਜਾਜ਼ੀ ਨੂੰ ਇਸ਼ਕ ਹਕੀਕੀ ਤੱਕ ਪਹੁੰਚਾਇਆ। ਭਾਈ ਗੁਰਦਾਸ ਜੀ ਲਿਖਦੇ ਹਨ :

ਰਾਂਝਾ ਹੀਰ ਵਿਖਾਈਐ, ਉਹ ਪਿਰਤ ਪਰਾਤੀ॥

ਮੇਲਿਆਂ ਤੇ ਤਿਉਹਾਰਾਂ ਦੀ ਧਰਤੀ : ਪੰਜਾਬ ਵਿੱਚ ਮੇਲਿਆਂ ਦਾ ਕਾਫ਼ਲਾ ਨਿਰੰਤਰ ਤੁਰਿਆ ਹੀ ਰਹਿੰਦਾ ਹੈ। ਇੱਥੇ ਬਾਰਾਂ ਮਹੀਨੇ ਹੀ ਮੇਲੇ ਤੇ ਤਿਉਹਾਰ ਲੱਗੇ ਰਹਿੰਦੇ ਹਨ ਜਿਵੇਂ ਛਪਾਰ ਦਾ ਮੇਲਾ, ਜਗਰਾਵਾਂ ਦੀ ਰੋਸ਼ਨੀ, ਸੋਡਲ ਦਾ ਮੇਲਾ, ਰਾਮ ਤੀਰਥ ਦਾ ਮੇਲਾ, ਹੈਦਰ ਸ਼ੇਖ ਦਾ ਮੇਲਾ ਬਹੁਤ ਪ੍ਰਸਿੱਧ ਹੈ। ਇਸੇ ਤਰ੍ਹਾਂ ਦੀਵਾਲੀ, ਦੁਸਹਿਰਾ, ਵਿਸਾਖੀ, ਬਸੰਤ ਪੰਚਮੀ, ਗੁੱਗਾ ਨੌਮੀ, ਲੋਹੜੀ, ਮਾਘੀ, ਹੋਲੀ ਆਦਿ ਪ੍ਰਸਿੱਧ ਤਿਉਹਾਰ ਮਨਾਏ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਗੁਰੂ ਸਾਹਿਬਾਨਾਂ ਦੇ ਗੁਰਪੁਰਬ, ਸ਼ਹੀਦੀ ਜੋੜ ਮੇਲੇ, ਸੱਭਿਆਚਾਰਕ ਮੇਲੇ ਅਤੇ ਖੇਡ ਮੇਲੇ ਵੀ ਬੜੀ ਧੂਮ-ਧਾਮ ਨਾਲ ਮਨਾਏ ਜਾਂਦੇ ਹਨ।

ਖੇਡ-ਤਮਾਸ਼ਿਆਂ ਦੀ ਧਰਤੀ ’ ‘ਹੱਸਣ-ਖੇਡਣ ਮਨ ਕਾ ਚਾਓ’ ਦੇ ਵਾਕ ਅਨੁਸਾਰ ਪੰਜਾਬੀ ਖੇਡਾਂ ਖੇਡਣ ਦੇ ਵੀ ਬੇਹੱਦ ਸ਼ੌਕੀਨ ਹਨ। ਇਨ੍ਹਾਂ ਦੀਆਂ ਪ੍ਰਸਿੱਧ ਖੇਡਾਂ ਕਬੱਡੀ, ਗੁੱਲੀ-ਡੰਡਾ, ਖਿੱਦੋ-ਖੂੰਡੀ, ਕੁਸ਼ਤੀ, ਕੌਂਚੀ ਪੱਕੀ, ਕੋਟਲਾ ਛਪਾਕੀ, ਡੰਡ ਮਾਰਨੇ, ਮੁਗਦਰ ਚੁੱਕਣੇ, ਮੂੰਗਲੀਆਂ ਫੇਰਨੀਆਂ, ਪਿੱਠੂ ਮਾਰਨੇ, ਚੌਪਟ ਆਦਿ। ਅੱਜ-ਕੱਲ੍ਹ ਕਬੱਡੀ ਤੇ ਕੁਸ਼ਤੀ ਨੇ ਅੰਤਰ-ਰਾਸ਼ਟਰੀ ਪ੍ਰਸਿੱਧੀ ਹਾਸਲ ਕਰ ਲਈ ਹੈ।

ਵਿਲੱਖਣ ਸਭਿਆਚਾਰ ਦੀ ਧਰਤੀ : ਪੰਜਾਬੀ ਆਪਣੀ ਬੋਲੀ, ਪਹਿਰਾਵੇ, ਖਾਣ-ਪੀਣ, ਰਹਿਣ-ਸਹਿਣ, ਹਾਰ-ਸ਼ਿੰਗਾਰ ਤੋਂ ਪਛਾਣਿਆ ਜਾਂਦਾ ਹੈ। ਇਨ੍ਹਾਂ ਦੀ ਬਲੀ ਖੜਕਵੀਂ ਹੈ। ਪਹਿਰਾਵਾ ਸਾਦਾ ਕਮੀਜ਼, ਸਲਵਾਰ ਤੇ ਕੁੜਤਾ ਪਜਾਮਾ ਚਾਦਰਾ ਆਦਿ ਹੈ। ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਵਿਸ਼ੇਸ਼ ਪਕਵਾਨ ਹੈ। ਸਾਉਣ ਮਹੀਨੇ ਖੀਰ ਪੂੜੇ ਵਿਸ਼ੇਸ਼ ਪਕਵਾਨ ਹਨ। ਲੋਕ ਗੀਤਾਂ ਵਿੱਚੋਂ ਘੋੜੀਆਂ, ਸੁਹਾਗ, ਸਿੱਠਣੀਆਂ, ਬੋਲੀਆਂ, ਟੱਪੇ, ਮਾਹੀਏ ਵਿਸ਼ੇਸ਼ ਹਨ। ਗਿੱਧਾ, ਭੰਗੜਾ ਇਨ੍ਹਾਂ ਦੀ ਨਿਵੇਕਲੀ ਪਛਾਣ ਹੈ। ਪੰਜਾਬੀਆਂ ਦੇ ਵਿਲੱਖਣ ਸੁਭਾਅ ਬਾਰੇ ਮਹਾਨ ਕਵੀ ਪ੍ਰੋ. ਪੂਰਨ ਸਿੰਘ ਲਿਖਦੇ ਹਨ :

“ਪਿਆਰ ਨਾਲ ਇਹ ਕਰਨ ਗੁਲਾਮੀ, ਪਰ ਟੈਂ ਨਾ ਮੰਨਣ ਕਿਸੇ ਦੀ।

ਖੇਤੀ ਪ੍ਰਧਾਨ ਰਾਜ : ਪੰਜਾਬ ਇੱਕ ਖੇਤੀ ਪ੍ਰਧਾਨ ਰਾਜ ਹੈ। ਇੱਥੋਂ ਦੇ ਕਿਸਾਨ ਪੂਰੀ ਮਿਹਨਤ ਨਾਲ ਖੇਤੀ ਕਰਦੇ ਹਨ। ਪੰਜਾਬ ਨੂੰ ਅਨਾਜ ਦੇ ਭੰਡਾਰ ਹੋਣ ਕਾਰਨ ‘ਭਾਰਤ ਦਾ ਅੰਨਦਾਤਾ’ ਵੀ ਕਿਹਾ ਜਾਂਦਾ ਹੈ। ਕਣਕ, ਮੱਕੀ, ਝੋਨਾ ਆਦਿ ਇੱਥੋਂ ਦੀਆਂ ਪ੍ਰਸਿੱਧ ਫ਼ਸਲਾਂ ਹਨ। ਹਰੀ ਕ੍ਰਾਂਤੀ, ਨੀਲੀ ਕ੍ਰਾਂਤੀ, ਚਿੱਟੀ ਕ੍ਰਾਂਤੀ ਪੰਜਾਬੀ ਕਿਸਾਨਾਂ ਤੇ ਖੇਤੀ ਵਿਗਿਆਨੀਆਂ ਦੀ ਦੇਣ ਹੀ ਹਨ।

ਵਰਤਮਾਨ ਪੰਜਾਬ : 1947 ਈ: ਦੀ ਵੰਡ ਸਮੇਂ ਹੱਸਦੇ-ਵੱਸਦੇ ਪੰਜਾਬ ਦੇ ਟੋਟੇ ਹੋ ਗਏ। ਪਾਕਿਸਤਾਨ ਤੇ ਹਿੰਦੁਸਤਾਨ। ਫਿਰ 1966 ਈ: ਵਿੱਚ ਪੰਜਾਬੀ ਸੂਬੇ ਦੀ ਮੰਗ ਸਮੇਂ ਇਸ ਦੀ ਮੁੜ ਵੰਡ ਹੋਈ, ਜਿਸ ਦੇ ਸਿੱਟੇ ਵਜੋਂ ਹਰਿਆਣਾ, ਪ੍ਰਾਂਤ ਹੋਂਦ ਵਿੱਚ ਆਇਆ। ਕਾਂਗੜਾ ਤੇ ਕੁਝ ਹਿੱਸੇ ਪੰਜਾਬ ਨਾਲੋਂ ਕੱਟ ਕੇ ਹਿਮਾਚਲ ਪ੍ਰਦੇਸ਼ ਬਣ ਗਿਆ। ਇਸ ਤਰ੍ਹਾਂ ਪੰਜਾਬ ਦੇਸ਼ ਦੀ ਵੰਡ ਤੋਂ ਮਗਰੋਂ ਵੀ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ।

ਪੁਰਾਣੇ ਪੰਜਾਬ ਦੀ ਨਿਵੇਕਲੀ ਪਛਾਣ ਹੋਰ ਸੀ। ਵਰਤਮਾਨ ਪੰਜਾਬ ਦੀ ਪਛਾਣ ਹੋਰ ਹੈ। ਪੁਰਾਣੇ ਪੰਜਾਬ ਵਿੱਚ ਹਰ ਪਾਸੇ ਖ਼ੁਸ਼ਹਾਲੀ, ਹਰਿਆਲੀ ਤੇ ਸ਼ੁੱਧਤਾ ਦਾ ਵਾਤਾਵਰਨ ਸੀ ਜਦਕਿ ਅੱਜ ਦੇ ਸਮੇਂ ਵਿੱਚ ਸਮੁੱਚਾ ਵਾਤਾਵਰਨ ਪਲੀਤ ਹੋ ਗਿਆ ਹੈ। ਹਰਿਆਲੀ ਤੇ ਖ਼ੁਸ਼ਹਾਲੀ ਗ਼ਾਇਬ ਹੋ ਗਈ ਹੈ। ਇਮਾਰਤਾਂ ਦੀ ਉਸਾਰੀ ਨੇ ਪੱਥਰ ਕ੍ਰਾਂਤੀ ਲੈ ਆਂਦੀ ਹੈ। ਕੁਦਰਤੀ ਵਾਤਾਵਰਨ ਅਲੋਪ ਹੋ ਗਿਆ ਹੈ। ਹਵਾ, ਮਿੱਟੀ, ਪਾਣੀ, ਸਭ ਪਲੀਤ ਹੋ ਗਿਆ। ਵਿਡੰਬਨਾ ਇਹ ਹੈ ਕਿ ਪਾਣੀਆਂ ਦੇ ਨਾਂ ‘ਤੇ ਜਿਸ ਦੇਸ਼ ਦਾ ਨਾਂ ਪਿਆ ਹੋਵੇ ਤੇ ਉਸੇ ਦੇਸ਼ ਦਾ ਪਾਣੀ ਅਲੋਪ ਹੋ ਗਿਆ ਹੋਵੇ ਜਾਂ ਪਲੀਤ ਹੋ ਗਿਆ ਹੋਵੇ, ਕਿੰਨੀ ਸ਼ਰਮਨਾਕ ਗੱਲ ਹੈ। ਹਮਲਾਵਰਾਂ ਦੇ ਹਮਲੇ ਤਾਂ ਅਸੀਂ ਰੋਕ ਲਏ ਪਰ ਆਪਣਿਆਂ ਵਲੋਂ ਕੀਤੇ ਹਮਲੇ ਕਿਵੇਂ ਰੋਕਾਂਗੇ ? ਅੱਜ ਇੱਥੇ ਪਾਣੀ ਦਾ ਦਰਿਆ ਨਹੀਂ ਬਲਕਿ ਨਸ਼ੇ ਦਾ ਦਰਿਆ ਨਿਰੰਤਰ ਤੇ ਬੇਰੋਕ ਵਗ ਰਿਹਾ ਹੈ। ਸਭਿਆਚਾਰ ਦੂਸ਼ਿਤ ਹੋ ਗਿਆ ਹੈ। ਪੱਛਮੀਕਰਨ ਦੇ ਨਾਂ ਹੇਠ ਅਸ਼ਲੀਲਤਾ ਪਰੋਸੀ ਜਾ ਰਹੀ ਹੈ। ਲੋਕਾਂ ਵਿੱਚ ਸਮਾਜਕ, ਨੈਤਿਕਤਾ ਤੇ ਕਦਰਾਂ-ਕੀਮਤਾਂ ਅਲੋਪ ਹੋ ਗਈਆਂ ਹਨ। ਬਜ਼ੁਰਗਾਂ ਦਾ ਸਤਿਕਾਰ ਨਹੀਂ, ਭਰੂਣ ਹੱਤਿਆਵਾਂ ਵਿੱਚ ਮੋਹਰੀ ਹੋ ਗਿਆ ਹੈ। ਅਜਿਹੇ ਵਰਤਾਰਿਆਂ ਨੂੰ ਤਿਆਗਣ ਦੀ ਲੋੜ ਹੈ।

ਸਾਰੰਸ਼ : ਪੰਜਾਬ ਦੀ ਸਮੁੱਚੇ ਦੇਸ਼ ‘ਚ ਆਪਣੀ ਪਛਾਣ ਹੈ। ਅੱਜ ਪੰਜਾਬੀ ਵੀ ਬਦਲਦੀਆਂ ਸਥਿਤੀਆਂ ‘ਚ ਬਦਲ ਰਹੇ ਹਨ। ਠੀਕ ਹੈ ਵਕਤ ਨਾਲ ਬਦਲਣਾ ਠੀਕ ਹੁੰਦਾ ਹੈ ਪਰ ਆਪਣੀ ਬੋਲੀ, ਆਪਣੇ ਸੰਸਕਾਰ, ਆਪਣੀਆਂ ਮਰਿਆਦਾਵਾਂ ਭੁੱਲ ਕੇ ਆਪਣੀ ਤਬਦੀਲੀ ਆਪਣੇ ਹੀ ਵਿਨਾਸ਼ ਦਾ ਕਾਰਨ ਬਣਦੀ ਹੈ। ਸੋ ਆਓ ਸਾਰੇ ਪ੍ਰਣ ਕਰਕੇ ਆਪਣੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਵਿਲੱਖਣ ਪਛਾਣ ਨੂੰ ਬਣਾਈ ਰੱਖਣ ’ਚ ਆਪੋ-ਆਪਣੀ ਵਿਸ਼ੇਸ਼ ਭੂਮਿਕਾ ਨਿਭਾਉਣ ਦਾ ਸੁਹਿਰਦ ਯਤਨ ਕਰੀਏ।