ਲੇਖ : ਮਾਤ-ਭਾਸ਼ਾ ਦੀ ਮਹਾਨਤਾ
ਮਾਤ-ਭਾਸ਼ਾ ਦੀ ਮਹਾਨਤਾ
ਜਾਣ-ਪਛਾਣ : ਮਾਤ-ਭਾਸ਼ਾ/ਮਾਂ-ਬੋਲੀ ਉਹ ਹੁੰਦੀ ਹੈ, ਜਿਸ ਨੂੰ ਬਚਪਨ ਤੋਂ ਹੀ ਮਾਂ ਦੀ ਗੋਦ ਵਿੱਚ ਬੈਠ ਕੇ ਆਪ-ਮੁਹਾਰੇ ਗ੍ਰਹਿਣ ਕੀਤਾ ਜਾਂਦਾ ਹੈ। ਇਸ ਬੋਲੀ ਦਾ ਹਰ ਸ਼ਬਦ, ਹਰ ਅੱਖਰ, ਬੋਲਣ ਦਾ ਢੰਗ ਆਦਿ ਅਚੇਤ ਰੂਪ ਵਿੱਚ ਹੀ ਸਾਡੇ ਜ਼ਿਹਨ ਵਿੱਚ ਵੱਸ ਜਾਂਦਾ ਹੈ, ਜਿਵੇਂ ਸਮਝੋ ਕਿ ਖ਼ੂਨ ਵਿੱਚ ਹੀ ਰਚ-ਮਿਚ ਜਾਂਦਾ ਹੈ। ਬਾਅਦ ਵਿੱਚ ਵਿਅਕਤੀ ਭਾਵੇਂ ਕਿੰਨੀਆਂ ਵੀ ਹੋਰ ਭਾਸ਼ਾਵਾਂ ਗ੍ਰਹਿਣ ਕਰ ਲਵੇ ਪਰ ਜੋ ਨੇੜਤਾ ਉਸ ਦੀ ਆਪਣੀ ਮਾਂ-ਬੋਲੀ ਨਾਲ ਰਹਿੰਦੀ ਹੈ, ਉਹ ਕਿਸੇ ਹੋਰ ਭਾਸ਼ਾ ਨਾਲ ਨਹੀਂ ਹੁੰਦੀ ਕਿਉਂਕਿ ਇਸ ਨੂੰ ਸਿੱਖਿਆ ਨਹੀਂ ਜਾਂਦਾ ਬਲਕਿ ਸੁਣ ਕੇ, ਸਮਝ ਕੇ ਆਪ-ਮੁਹਾਰੇ ਹੀ ਗ੍ਰਹਿਣ ਕਰ ਲਿਆ ਜਾਂਦਾ ਹੈ, ਇਸ ਲਈ ਇਹ ਸਾਡੀ ਮਾਂ-ਬੋਲੀ ਅਖਵਾਉਂਦੀ ਹੈ।
ਭਾਸ਼ਾ ਕੌਮ ਦਾ ਵਿਰਸਾ ਹੁੰਦੀ ਹੈ। ਹਰ ਇਲਾਕੇ, ਪ੍ਰਾਂਤ ਜਾਂ ਦੇਸ਼ ਵਿੱਚ ਇੱਕ ਵਿਸ਼ੇਸ਼ ਭਾਸ਼ਾ ਬੋਲੀ ਜਾਂਦੀ ਹੈ, ਜਿਸ ਤੋਂ ਉਸ ਦੀ ਪਛਾਣ ਹੁੰਦੀ ਹੈ। ਉਹ ਉਸ ਦੇਸ਼ ਦੀ ਮਾਤ-ਭਾਸ਼ਾ ਅਖਵਾਉਂਦੀ ਹੈ; ਜਿਵੇਂ ਪੰਜਾਬ ਦੀ ਮਾਤ-ਭਾਸ਼ਾ ਪੰਜਾਬੀ, ਬੰਗਾਲ ਦੀ ਬੰਗਾਲੀ ਜਾਂ ਬੰਗਲਾ ਆਦਿ।
ਭਾਸ਼ਾ ਅਤੇ ਮਾਤ-ਭਾਸ਼ਾ : ਭਾਸ਼ਾ ਸੰਚਾਰ ਦਾ ਇੱਕ ਅਜਿਹਾ ਸਾਧਨ ਹੈ, ਜਿਸ ਰਾਹੀਂ ਮਨੁੱਖ ਆਪਣੇ ਮਨ ਦੇ ਹਾਵ-ਭਾਵ ਦੂਜਿਆਂ ਸਾਹਮਣੇ ਪ੍ਰਗਟ ਕਰਦਾ ਹੈ ਤੇ ਦੂਜਿਆਂ ਦੇ ਵਿਚਾਰ ਸੁਣਨ-ਸਮਝਣ ਦੇ ਸਮਰੱਥ ਹੁੰਦਾ ਹੈ ਭਾਵ ਇਹ ਵਿਚਾਰਾਂ ਦੇ ਅਦਾਨ-ਪ੍ਰਦਾਨ ਦਾ ਇੱਕ ਮਹੱਤਵਪੂਰਨ ਸਾਧਨ ਹੈ। ਇੱਕ ਵਿਅਕਤੀ ਕੋਈ ਵੀ ਭਾਸ਼ਾ ਸਿੱਖ ਸਕਦਾ ਹੈ; ਇੱਕ ਤੋਂ ਵਧੇਰੇ ਅਨੇਕਾਂ ਭਾਸ਼ਾਵਾਂ ਗ੍ਰਹਿਣ ਕਰ ਸਕਦਾ ਹੈ।
ਭਾਵੇਂ ਇੱਕ ਵਿਅਕਤੀ ਕਿੰਨੀਆਂ ਹੋਰ ਭਾਸ਼ਾਵਾਂ ਸਿੱਖ ਲਵੇ ਪਰ ਆਪਣੇ ਮਨ ਦੇ ਅਸਲੀ ਹਾਵ-ਭਾਵ ਤੇ ਵਲਵਲਿਆਂ ਨੂੰ ਸਹੀ ਤੇ ਸਾਰਥਕ ਢੰਗ ਨਾਲ ਪ੍ਰਗਟ ਕਰਨ ਲਈ ਮਾਤ-ਭਾਸ਼ਾ ਨੂੰ ਹੀ ਚੁਣੇਗਾ ਕਿਉਂਕਿ ਜੋ ਸਹਿਜਤਾ ਮਾਤ-ਭਾਸ਼ਾ ਰਾਹੀਂ ਪ੍ਰਗਟਾਵੇ ਵਿੱਚ ਮਿਲਦੀ ਹੈ ਉਹ ਕਿਸੇ ਹੋਰ ਭਾਸ਼ਾ ਵਿੱਚ ਨਹੀਂ। ਅਕਸਰ ਵੇਖਿਆ ਜਾਂਦਾ ਹੈ ਕਿ ਕਿਸੇ ਖ਼ੁਸ਼ੀ, ਗ਼ਮੀ, ਦੁੱਖ ਮੁਸੀਬਤ ਵੇਲੇ ਆਪ-ਮੁਹਾਰੇ ਹੀ ਮਾਤ-ਭਾਸ਼ਾ ਦੇ ਸ਼ਬਦ ਉਚਰਤ ਹੋ ਜਾਂਦੇ ਹਨ, ਇਹੋ ਇਸ ਦੀ ਵਿਸ਼ੇਸ਼ਤਾ ਤੇ ਮਹਾਨਤਾ ਹੈ।
ਮਾਤ-ਭਾਸ਼ਾ ਰਾਹੀਂ ਵਿੱਦਿਆ ਪ੍ਰਾਪਤੀ : ਜੇਕਰ ਵਿੱਦਿਆ ਪ੍ਰਾਪਤੀ ਦੀ ਗੱਲ ਕੀਤੀ ਜਾਵੇ ਤਾਂ ਜੋ ਗਿਆਨ ਮਾਤ-ਭਾਸ਼ਾ ਦੇ ਮਾਧਿਅਮ ਰਾਹੀਂ ਵਿੱਦਿਆ ਹਾਸਲ ਕਰ ਕੇ ਕੀਤਾ ਜਾ ਸਕਦਾ ਹੈ, ਉਹ ਦੂਜੀਆਂ ਭਾਸ਼ਾਵਾਂ ਦੇ ਮਾਧਿਅਮ ਰਾਹੀਂ ਨਹੀਂ ਹੋ ਸਕਦਾ। ਔਖੇ ਤੋਂ ਔਖੇ ਵਿਸ਼ੇ ਨੂੰ ਸਮਝਣ ਲਈ ਵੀ ਸਾਨੂੰ ਮਾਤ-ਭਾਸ਼ਾ ਦਾ ਸਹਾਰਾ ਲੈਣਾ ਪੈਂਦਾ ਹੈ। ਅੱਜ ਭਾਵੇਂ ਪੰਜਾਬ ਵਿੱਚ ਪਬਲਿਕ ਸਕੂਲਾਂ ਵਿੱਚ ਅੰਗਰੇਜ਼ੀ ਮਾਧਿਅਮ ਪੜ੍ਹਾਇਆ ਜਾਂਦਾ ਹੈ ਤੇ ਹਿੰਦੀ ਭਾਸ਼ਾ ਬੋਲਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਪਰ ਗ਼ੌਰ ਨਾਲ ਵੇਖਿਆਂ ਇਹ ਸਹਿਜੇ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਅੱਜ ਦੇ ਬੱਚੇ ਦੂਜੀਆਂ ਭਾਸ਼ਾਵਾਂ ਦੇ ਬੋਝ ਥੱਲੇ ਦੱਬੇ ਪਏ ਹਨ। ਉਹ ਮਜਬੂਰੀ ਵੱਸ ਅੰਗਰੇਜ਼ੀ, ਹਿੰਦੀ ਪੜ੍ਹਦੇ ਤੇ ਬੋਲਦੇ ਹਨ ਪਰ ਅਸਲ ਵਿੱਚ ਉਨ੍ਹਾਂ ਦੀ ਮਾਨਸਿਕਤਾ ਖਿੱਲਰੀ ਜਿਹੀ ਹੋ ਜਾਂਦੀ ਹੈ।ਉਹ ਨਾ ਤਾਂ ਮਾਤ-ਭਾਸ਼ਾ ਨਾਲੋਂ ਟੁੱਟ ਸਕਦੇ ਹਨ ਤੇ ਨਾ ਹੀ ਦੂਜੀਆਂ ਭਾਸ਼ਾਵਾਂ ਨੂੰ ਪੂਰਨ ਤੌਰ ‘ਤੇ ਅਪਣਾ ਸਕਦੇ ਹਨ। ਉਹ ਸਿਰਫ਼ ਜਮਾਤਾਂ ਪਾਸ ਕਰਦੇ ਹਨ। ਇਸ ਲਈ ਸਿੱਖਿਆ-ਸ਼ਾਸਤਰੀ ਤੇ ਮਨੋਵਿਗਿਆਨੀ ਵੀ ਇਸ ਵਿਚਾਰ ਨਾਲ ਸਹਿਮਤ ਹਨ ਕਿ ਬੱਚੇ ਦੀ ਮੁਢਲੀ ਸਿੱਖਿਆ ਮਾਤ-ਭਾਸ਼ਾ ਵਿੱਚ ਹੋਣੀ ਚਾਹੀਦੀ ਹੈ। ਅੱਜ ਰੂਸ, ਜਰਮਨ, ਜਪਾਨ, ਚੀਨ ਆਦਿ ਵਿਕਸਿਤ ਮੁਲਕਾਂ ਵਿੱਚ ਉੱਚ ਵਿੱਦਿਆ ਤੱਕ ਦੀ ਪੜ੍ਹਾਈ ਦਾ ਮਾਧਿਅਮ ਉਨ੍ਹਾਂ ਦੀਆਂ ਆਪਣੀਆਂ ਮਾਤ-ਭਾਸ਼ਾਵਾਂ ਹਨ।
ਟੈਗੋਰ ਜੀ ਦਾ ਮਾਤ-ਭਾਸ਼ਾ ਪ੍ਰੇਮ : ਰਬਿੰਦਰ ਨਾਥ ਟੈਗੋਰ ਜੀ ਨੇ ਆਪਣੀਆਂ ਜਿੰਨੀਆਂ ਵੀ ਰਚਨਾਵਾਂ ਲਿਖੀਆਂ ਉਹ ਉਨ੍ਹਾਂ ਦੀ ਮਾਤ-ਭਾਸ਼ਾ ਵਿੱਚ ਹਨ। ਉਹ ਆਪਣੀ ਮਾਤ-ਭਾਸ਼ਾ ਨੂੰ ਸਮਰਪਿਤ ਸਨ, ਤੇ ਦੂਜਿਆਂ ਨੂੰ ਵੀ ਮਾਤ-ਭਾਸ਼ਾ ਦੀ ਕਦਰ ਕਰਨ ਲਈ ਪ੍ਰੇਰਤ ਕਰਦੇ ਸਨ। ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਬਲਰਾਜ ਸਾਹਨੀ ਜੀ ਨੂੰ ਉਨ੍ਹਾਂ ਨੇ ਹੀ ਮਾਤ-ਭਾਸ਼ਾ ਪੰਜਾਬੀ ਵਿੱਚ ਲਿਖਣ ਲਈ ਪ੍ਰੇਰਤ ਕੀਤਾ ਸੀ। ਪਹਿਲਾਂ ਉਹ ਅੰਗਰੇਜ਼ੀ ਵਿੱਚ ਲਿਖ ਰਹੇ ਸਨ ਪਰ ਟੈਗੋਰ ਜੀ ਦੇ ਕਹਿਣ ‘ਤੇ ਉਨ੍ਹਾਂ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਹੈ ਤੇ ਸਾਹਿਤ ਜਗਤ ਵਿੱਚ ਪ੍ਰਸਿੱਧੀ ਹਾਸਲ ਕੀਤੀ।
ਮਾਤ-ਭਾਸ਼ਾ ਪੰਜਾਬੀ ਦੀ ਸਥਿਤੀ : ਪੰਜਾਬੀ ਭਾਸ਼ਾ, ਜੋ ਬੜੀ ਮਿੱਠੀ ਤੇ ਪਿਆਰੀ ਭਾਸ਼ਾ ਹੈ, ਇਸ ਭਾਸ਼ਾ ਵਿੱਚ ਮਣਾਂ-ਮੂੰਹੀਂ ਸਾਹਿਤ ਰਚਿਆ ਗਿਆ ਹੈ। ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਇਸ ਭਾਸ਼ਾ ਵਿੱਚ ਹੈ, ਅਨੇਕਾਂ ਸਾਹਿਤਕਾਰਾਂ ਨੇ ਇਸ ਭਾਸ਼ਾ ਨੂੰ ਅਪਣਾ ਕੇ ਇਸ ਨੂੰ ਸਦਾ ਲਈ ਅਮਰ ਕਰ ਦਿੱਤਾ ਹੈ। ਅੱਜ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਆਪਣੀ ਮਾਂ-ਬੋਲੀ ਨੂੰ ਅਪਣਾ ਕੇ ਉਸ ਧਰਤੀ ‘ਤੇ ਇਸ ਨੂੰ ਵਿਸ਼ੇਸ਼ ਦਰਜਾ ਦਿਵਾਇਆ ਹੋਇਆ ਹੈ। ਅੱਜ ਇਹ ਭਾਸ਼ਾ ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਬੋਲੀ ਜਾਂਦੀ ਹੈ।
ਪੰਜਾਬ ਵਿੱਚ ਪੰਜਾਬੀ ਦੀ ਸਥਿਤੀ : ਅਫ਼ਸੋਸ ਇਸ ਗੱਲ ਦਾ ਹੈ ਕਿ ਅੱਜ ਪੰਜਾਬ ਵਿੱਚ ਹੀ ਪੰਜਾਬੀਆਂ ਨੇ ਬਿਨਾਂ ਕਿਸੇ ਕਾਰਨ ਤੋਂ ਐਵੇਂ ਫੋਕੀ ਸ਼ਾਨ ਲਈ ਇਸ ਭਾਸ਼ਾ ਤੋਂ ਮੂੰਹ ਮੋੜ ਲਿਆ ਹੈ ਤੇ ਅੰਗਰੇਜ਼ੀ ਰਲੀ ਹੋਈ ਹਿੰਦੀ ਨੁਮਾ ਪੰਜਾਬੀ ਭਾਸ਼ਾ ਬੋਲ ਰਹੇ ਹਨ। ਪਬਲਿਕ ਸਕੂਲਾਂ ਵਿੱਚ ਵੀ ਹਿੰਦੀ-ਅੰਗਰੇਜ਼ੀ ਨੂੰ ਹੀ ਤਰਜੀਹ ਮਿਲ ਰਹੀ ਹੈ। ਪੰਜਾਬੀ ਬੋਲਣ ਵਾਲੇ ਨੂੰ ਅਨਪੜ੍ਹ ਸਮਝਿਆ ਜਾਂਦਾ ਹੈ।
ਹਾਂ, ਦੂਜੀਆਂ ਭਾਸ਼ਾਵਾਂ ਸਿੱਖਣੀਆਂ ਚੰਗੀ ਗੱਲ ਹੈ, ਅੱਜ ਲੋੜ ਵੀ ਹੈ ਪਰ ਆਪਣੀ ਮਾਤ-ਭਾਸ਼ਾ ਨਾਲੋਂ ਉੱਕਾ ਹੀ ਨਾਤਾ ਤੋੜ ਦੇਣਾ ਕਿੱਧਰ ਦੀ ਸਿਆਣਪ ਹੈ? ਦਫ਼ਤਰਾਂ ਵਿੱਚ ਪੰਜਾਬੀ ਵਿੱਚ ਕੰਮ-ਕਾਜ ਦੀਆਂ ਹਦਾਇਤਾਂ ਹੋਣ ਦੇ ਬਾਵਜੂਦ ਕਿਸੇ ‘ਤੇ ਕੋਈ ਅਸਰ ਨਹੀਂ ਹੈ। ਦੇਸ਼ ਨੂੰ ਅਜ਼ਾਦ ਕਰਾਉਣ ਤੋਂ ਬਾਅਦ ਅਸੀਂ ਦੂਜੀਆਂ ਭਾਸ਼ਾਵਾਂ ਦੇ ਗ਼ੁਲਾਮ ਹੋ ਗਏ ਹਾਂ। ਇਹ ਗ਼ੁਲਾਮੀ ਅਸੀਂ ਆਪ ਸਹੇੜੀ ਹੋਈ ਹੈ। ਜਿਵੇਂ ਕਿਸੇ ਸਿਆਣੇ ਨੇ ਕਿਹਾ, “ਆਪਣਿਆਂ ਦੇ ਮੈਂ ਗਿੱਟੇ ਭੰਨਾਂ, ਚੁੰਮਾਂ ਪੈਰ ਪਰਾਇਆਂ ਦੇ।”
ਸਾਰੰਸ਼ : ਅੱਜ ਲੋੜ ਹੈ ਆਪਣੀ ਮਾਤ-ਭਾਸ਼ਾ ਪ੍ਰਤੀ ਸੁਚੇਤ ਹੋਣ ਦੀ, ਇਹ ਮਹਿਸੂਸ ਕਰਨ ਦੀ ਕਿ ਅਸੀਂ ਆਪਣੀ ਹੀ ਮਾਤ-ਭਾਸ਼ਾ ਦੇ ਕਾਤਲ ਹਾਂ, ਗੁਨਾਹਗ਼ਾਰ ਹਾਂ। ਇਸ ਕਲੰਕ ਨੂੰ ਅਸੀਂ ਆਪ ਹੀ ਧੋਣਾ ਹੈ, ਇਸ ਲਈ ਆਓ ਪ੍ਰਣ ਕਰੀਏ ਕਿ ਮਤਰੇਈਆਂ ਨਾਲੋਂ ਆਪਣੀ ਮਾਂ ਦੇ ਗਲੇ ਲੱਗੀਏ।