ਲੇਖ : ਮਾਂ ਦੀ ਮਹਾਨਤਾ


ਮਾਂ ਦੀ ਮਹਾਨਤਾ


ਇਨਸਾਨੀ ਜੀਵਨ ਵਿਚ ਮਾਂ ਦਾ ਰੂਪ ਪੁਰਖ ਨਾਲੋਂ ਹੀ ਵਧੇਰੇ ਮਹੱਤਵਪੂਰਨ ਤੇ ਸੰਪੂਰਨ ਹੁੰਦਾ ਹੈ। ਇਹ ਮਾਂ ਹੀ ਹੈ, ਜੋ ਬੱਚੇ ਨੂੰ ਨੌ ਮਹੀਨੇ ਗਰਭ ਵਿਚ ਰੱਖ ਕੇ ਉਸ ਨੂੰ ਜਨਮ ਦਿੰਦੀ ਹੈ। ਮਾਂ ਨੂੰ ਹੀ ਜਨਮ ਪੀੜਾਂ ਹੁੰਦੀਆਂ ਹਨ ਤੇ ਮਾਂ ਹੀ ਬੱਚੇ ਦੀ ਪਰਿਵਰਸ਼ ਕਰਦੀ ਹੋਈ ਉਸ ਨਾਲ ਇਕ ਹੋਈ ਅਨੇਕਾਂ ਜਫਰ ਜਾਲਦੀ ਹੈ। ਬੱਚਾ, ਜੇ ਜਨਮ ਤੋਂ ਪਹਿਲਾਂ ਮਾਂ ਦੇ ਸਰੀਰ ਦਾ ਹਿੱਸਾ ਹੁੰਦਾ ਹੈ ਤਾਂ ਜਨਮ ਦੇਣ ਤੋਂ ਬਾਅਦ ਉਹ ਉਸ ਦੀਆਂ ਆਂਦਰਾਂ ਦਾ ਹੀ ਹਿੱਸਾ ਬਣ ਜਾਂਦਾ ਹੈ। ਮਾਂ ਇਨਸਾਨੀ ਰੂਪ ਵਿਚ ਇਕ ਨਹੀਂ, ਦੋ ਜੀਵਨ ਜੀਊਂਦੀ ਹੈ, ਇਸ ਲਈ ਇਹ ਮਨੁੱਖ ਨਾਲੋਂ ਵਧੇਰੇ ਸੰਪੂਰਨ ਰੂਪ ਹੈ। ਜੇ ਮਾਂ ਬੱਚੇ ਲਈ ਇੰਨੀ ਮਿਹਨਤ ਕਰਦੀ ਹੈ ਤਾਂ ਬੱਚੇ ਦੀ ਹੋਂਦ ਉਸ ਨੂੰ ਸਮਾਜ ਵਿਚ ਸਤਿਕਾਰ ਵੀ ਦੁਆਉਂਦੀ ਹੈ। ਬੱਚਾ ਜਦੋਂ ਜਵਾਨੀ ਜਾਂ ਕਿਸੇ ਵੀ ਉਮਰ ਵਿਚ ਕੋਈ ਵੀ ਪ੍ਰਾਪਤੀ ਕਰਦਾ ਹੈ ਤਾਂ ਸਭ ਤੋਂ ਵਧ ਖੁਸ਼ ਹੋਣ ਵਾਲੀ ਉਸ ਦੀ ਮਾਂ ਹੀ ਹੁੰਦੀ ਹੈ। ਜਵਾਨੀ ਵਿਚ ਵਿਧਵਾ ਹੋਈਆਂ ਨਿਕਰਮਣ ਮਾਵਾਂ ਆਪਣੇ ਬੁਢਾਪੇ ਵਿਚ ਬੱਚਿਆਂ ਦੇ ਕੁੱਛੜ ਬੜੀ ਬੇਫ਼ਿਕਰੀ ਨਾਲ ਸੌਂਦੀਆਂ ਹਨ। ਮਾਂ ਲਈ ਸਭ ਤੋਂ ਵੱਧ ਕੀਮਤੀ ਸੌਗਾਤ ਉਸ ਦਾ ਬੱਚਾ ਹੀ ਹੁੰਦਾ ਹੈ, ਜਿਸ ਦੇ ਸੋਹਣੇ ਚੰਨ ਵਰਗੇ ਮੂੰਹ ‘ਤੇ ਜ਼ਮਾਨੇ ਦੀ ਭੈੜੀ ਨਜ਼ਰ ਤੋਂ ਬਚਣ ਲਈ ਉਹ ਕਾਲਾ ਟਿੱਕਾ ਲਾਉਂਦੀ ਹੈ। ਅਜਿਹਾ ਉਹ ਇਸ ਲਈ ਕਰਦੀ ਹੈ ਕਿ ਉਸ ਦੀ ਮਾਂ ਦੀ ਮਮਤਾ ਕੇਵਲ ਬੱਚੇ ਲਈ ਹੀ ਰਾਖਵੀਂ ਹੁੰਦੀ ਹੈ। ਬੱਚਾ ਭਾਵੇਂ ਅਕਬਰ ਸਮਰਾਟ ਜਿਹਾ ਬਣ ਜਾਵੇ, ਸੁਪਰੀਮ ਕੋਰਟ ਦਾ ਜੱਜ ਜਾਂ ਕਿਸੇ ਉੱਚੇ ਪਦ ਤੇ ਬਿਰਾਜਮਾਨ ਕਿਉਂ ਨਾ ਹੋ ਜਾਵੇ, ਉਹ ਮਾਂ ਲਈ ਬੱਚਾ ਹੀ ਹੁੰਦਾ ਹੈ ਤੇ ਸਿਰਫ ਮਾਂ ਦੀ ਘੁਰਕੀ ਤੋਂ ਹੀ ਉਹ ਡਰਦਾ ਹੈ।

ਇਹ ਹੀ ਕਾਰਣ ਹੈ ਕਿ ਸੰਸਾਰ ਵਿਚ ਮਹਾਨ ਪੁਰਸ਼ਾਂ ਨੇ ਮਾਂ ਰੂਪ ਦਾ ਜਸ ਗਾਇਆ ਹੈ ਕਿ ਮਾਂ ਵਰਗਾ ਕੋਈ ਹੋਰ ਨਹੀਂ ਹੋ ਸਕਦਾ, ਸੰਸਾਰ ਵਿਚ ਸਭ ਤੋਂ ਵਧ ਸਤਿਕਾਰ ਦਾ ਪਾਤਰ ਮਾਂ ਹੀ ਹੁੰਦੀ ਹੈ, ਮਾਂ ਦੀ ਠੰਡੀ ਛਾਂ ਹਮੇਸ਼ਾ ਸਾਡੇ ਰਸਤੇ ਦੀਆਂ ਦੁਸ਼ਵਾਰੀਆਂ ਨੂੰ ਦੂਰ ਕਰਦੀ ਹੈ, ਮਾਂ ਦੀ ਪੂਜਾ ਹੀ ਪਰਮਾਤਮਾ ਦੀ ਪੂਜਾ ਕਰਨ ਦੇ ਸਮਾਨ ਹੈ। ਦੁਨੀਆ ਦੇ ਮਹਾਨ ਚਿੰਤਕਾਂ, ਸੰਤਾਂ, ਗੁਰੂਆਂ ਨੇ ਮਾਂ ਦੀ ਮਹਿਮਾ ਨੂੰ ਗਾਇਆ ਹੈ।

ਲਿੰਕਨ ਕਹਿੰਦਾ ਹੈ, “ਮੈਂ ਜੋ ਕੁਝ ਵੀ ਹਾਂ ਤੇ ਬਣਨਾ ਚਾਹੁੰਦਾ ਹਾਂ ਸਭ ਮਾਂ ਕਰ ਕੇ ਹੀ ਹੈ।”

ਦੁਨੀਆ ਦੇ ਪ੍ਰਸਿੱਧ ਫਿਲਾਸਫਰ ਕਵੀ ਕਾਲਰਿਜ ਦਾ ਕਥਨ ਹੈ, ਜ਼ਿੰਦਗੀ ਦੀ ਸਭ ਤੋਂ ਪਵਿੱਤਰ ਵਸਤੂ ਮਾਂ ਹੈ।”

ਪ੍ਰਸਿੱਧ ਨਿਬੰਧਕਾਰ ਐਮਰਸਨ ਮਾਂ ਬਾਰੇ ਆਪਣੀ ਰਾਏ ਦੋਦਾ ਹੋਇਆ ਕਹਿੰਦਾ ਹੈ. “ਮਨੁੱਖ ਜੋ ਹਨ, ਉਹ ਮਾਂ ਦੇ ਹੀ ਬਣਾਏ ਹੋਏ ਹਨ।”

ਕਿਪਲਿੰਗ ਦਾ ਕਥਨ ਹੈ, “ਜੇ ਮੈਨੂੰ ਸਭ ਤੋਂ ਉੱਚੀ ਚੋਟੀ ਤੇ ਫਾਂਸੀ ਤੇ ਲਟਕਾਇਆ ਜਾਵੇ ਤਾਂ ਇਹ ਮਾਂ ਦਾ ਹੀ ਦਿਲ ਹੈ, ਜੇ ਮੇਰਾ ਪਿੱਛਾ ਕਰੇਗਾ।”

ਦੁਨੀਆ ਦਾ ਮਸ਼ਹੂਰ ਛੋਟੇ ਕੱਦ ਦਾ ਯੋਧਾ ਕਹਿੰਦਾ ਹੈ, ‘ਜ਼ਿੰਦਗੀ ਦਾ ਸਭ ਤੋਂ ਬਹਾਦਰੀ ਦਾ ਯੁੱਧ ਦੁਨੀਆ ਦੇ ਕਿਸੇ ਨਕਸ਼ੇ ਤੇ ਨਹੀਂ ਮਿਲਦਾ ਹੈ। ਇਹ ਤਾਂ ਸਭ ਮਹਾਨ ਇਸਤਰੀਆਂ ਦੀਆਂ ਮਾਵਾਂ ਨੇ ਲੜਿਆ ਹੈ। ਇਕ ਰਾਜਪੂਤੀ ਮਾਂ ਆਪਣੇ ਪੁੱਤਰ ਨੂੰ ਯੁੱਧ-ਭੂਮੀ ਵਿਚ ਭੇਜਦੀ ਹੋਈ ਕਹਿੰਦੀ ਹੈ, ‘ਦੇਖੀਂ ਗੋਲੀ ਤੇਰੀ ਛਾਤੀ ‘ਤੇ ਭਾਵੇਂ ਲੱਗੇ, ਪਰ ਪਿੱਠ ਪਿੱਛੇ ਨਹੀਂ ਲਗਣੀ ਚਾਹੀਦੀ।”

ਸ਼ਿਵਾ ਜੀ ਦੀ ਮਾਂ ਨੇ ਹੀ ਸ਼ਿਵਾ ਜੀ ਨੂੰ ਵੀਰ ਪੁਰਸ਼ਾਂ ਦੀਆਂ ਕਹਾਣੀਆਂ ਸੁਣਾ ਕੇ ਉਸ ਨੂੰ ਮਹਾਨ ਯੋਧਾ ਬਣਾਇਆ।

ਸਿੱਖ ਧਰਮ ਵਿਚ ਮਾਤਾ ਗੁਜਰੀ ਵਲੋਂ ਵੱਧ ਕੁਰਬਾਨੀ ਦੇਣ ਵਾਲੀ ਦੁਨੀਆ ਵਿਚ ਮਿਸਾਲ ਲਭਣੀ ਮੁਸ਼ਕਿਲ ਹੈ। ਜਿਸ ਨੇ ਆਪਣੇ ਪਤੀ, ਪੁੱਤਰ, ਪੋਤਰਿਆਂ ਨੂੰ ਸ਼ਹੀਦੀ ਦੇ ਰਸਤੇ ਤੇ ਤੋਰਿਆ।

ਨਾ ਕੇਵਲ ਸਿੱਖ ਅਤੇ ਰਾਜਪੂਤੀ ਮਾਵਾਂ ਨੇ ਆਪਣੀ ਧਰਤੀ ਦੀ ਰੱਖਿਆ ਲਈ ਢਾਲ ਬਣ ਕੇ ਭੂਮਿਕਾ ਨਿਭਾਈ ਹੈ, ਸਗੋਂ ਸੰਸਾਰ ਵਿਚ ਜਿਥੇ ਕਿਤੇ ਵੀ ਮਾਂ ਹੈ, ਉਹ ਕੁਰਬਾਨੀ ਦੀ ਮੂਰਤ ਹੈ।

ਇਹ ਹੀ ਕਾਰਨ ਹੈ ਕਿ ਰੂਸੀ ਨਾਵਲਕਾਰ ਗੋਰਕੀ ‘ਮਾਂ’ ਨਾਵਲ ਲਿਖ ਕੇ ਮਾਂ ਦੀ ਮਹਿਮਾ ਨੂੰ ਗਾਉਂਦਾ ਹੈ।

ਨੋਬਲ ਇਨਾਮ ਲੈਣ ਵਾਲੀ ਲੇਖਿਕਾ ਪਰਲਸ ਬੱਕ ਆਪਣੇ ਸੰਸਾਰ ਪ੍ਰਸਿੱਧ ਨਾਵਲ ‘ਦੀ ਗੁੱਡ ਅਰਥ’ ਵਿਚ ਪਹਿਲੇ ਹੀ ਅਧਿਆਇ ਵਿਚ ਚੀਨੀ ਮਾਂ ਦੇ ਕਿਰਸਾਨੀ ਜੀਵਨ ਨੂੰ ਪੇਸ਼ ਕਰਦੀ ਹੋਈ ਇਕ ਦ੍ਰਿਸ਼ ਪੇਸ਼ ਕਰਦੀ ਹੈ ਕਿ ਇਕ ਚੀਨੀ ਇਸਤਰੀ ਨੂੰ ਹੱਲ ਵਾਹੁੰਦੇ ਹੋਏ ਜਨਮ ਪੀੜਾਂ ਹੁੰਦੀਆਂ ਹਨ, ਉਹ ਖੇਤਾਂ ਤੋਂ ਬਾਹਰ ਆ ਕੇ ਬੱਚੇ ਨੂੰ ਜਨਮ ਦਿੰਦੀ ਹੈ ਤੇ ਕੁਝ ਪਲਾਂ ਬਾਅਦ ਹੀ ਉਹ ਫਿਰ ਹਲ ਵਾਹੁਣਾ ਸੁਰੂ ਕਰ ਦਿੰਦੀ ਹੈ।

ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਰਚਨਾ ‘ਅਣਵਿਆਹੀ ਮਾਂ’ ਜਿਹੜੀ ਮਜਬੂਰ ਹੋ ਕੇ ਬੱਚੇ ਨੂੰ ਜਨਮ ਦਿੰਦੀ ਹੈ, ਉਹ ਵੀ ਆਪਣੇ ਬੱਚੇ ਲਈ ਓਨਾ ਹੀ ਤੜਫਦੀ ਤੇ ਵਿਲਖਦੀ ਹੈ। ਬੱਚੇ ਦਾ ਪਿਓ ਭਾਵੇਂ ਉਸ ਦਾ ਤ੍ਰਿਸਕਾਰ ਕਰਦਾ ਹੈ, ਪਰ ਮਾਂ ਦੀ ਮਮਤਾ ਵਿਚ ਕੋਈ ਫਰਕ ਨਹੀਂ ਆਉਂਦਾ।

ਸੰਸਾਰ ਦਾ ਸਭ ਤੋਂ ਵੱਡਾ ਨਾਵਲਕਾਰ ਹਾਰਡੀ ਟੈੱਸ ਨੂੰ ਇਕ ਕੁਆਰੀ ਮਾਂ ਦੇ ਰੂਪ ਵਿਚ ਪੇਸ਼ ਕਰਦਾ ਹੈ, ਪਰ ਪੁਸਤਕ ਦਾ ਨਾਂ ਟੈੱਸ ‘ਇਕ ਪਵਿੱਤਰ ਔਰਤ’ ਰੱਖਦਾ ਹੈ। ਇਸ ਗੁਸਤਾਖ਼ੀ ਸਦਕਾ ਭਾਵੇਂ ਉਹ ਵਿਕਟੋਰੀਅਨ ਸਮਾਜ ਦੇ ਪਾਦਰੀਆਂ ਦੀ ਕਰੋਪੀ ਦਾ ਸ਼ਿਕਾਰ ਬਣਦਾ ਹੈ, ਪਰ ਟੈੱਸ ਨੂੰ ਸੰਸਾਰ ਵਿਚ ਇਕ ਪਵਿੱਤਰ ਔਰਤ ਤੇ ਮਾਂ ਹੀ ਸਮਝਿਆ ਜਾਂਦਾ ਹੈ।

ਆਧੁਨਿਕ ਸਮੇਂ ਵਿਚ ਆ ਕੇ ਭਾਰਤੀ ਮਾਂ ਨੇ ਵੀ ਆਪਣਾ ਪਰੰਪਰਾਗਤ ਰੂਪ ਕਿਸੇ ਨਿਸ਼ਚਿਤ ਹੱਦ ਤਕ ਬਦਲਿਆ ਹੈ। ਹੁਣ ਜਦੋਂ ਅਸੀਂ ਆਧੁਨਿਕ ਮਾਂ ਦੀ ਸ਼ਕਲ ਸਾਹਮਣੇ ਲਿਆਉਂਦੇ ਹਾਂ ਤਾਂ ਸਾਡਾ ਧਿਆਨ ਕੰਮ ਕਰਨ ਵਾਲੀਆਂ ਮਾਵਾਂ ਵੱਲ ਜਾਂਦਾ ਹੈ। ਹੁਣ ਦੀ ਮਾਂ ਸਵੇਰ ਵੇਲੇ ਉਠਦੀ ਹੈ, ਬੱਚਿਆਂ ਲਈ ਰੋਟੀ ਤਿਆਰ ਕਰਦੀ ਹੈ, ਘਰ ਦੀ ਸਫਾਈ ਆਦਿ ਕਰ ਕੇ ਹੱਥ ਵਿਚ ਪਰਸ ਅਤੇ ਰੋਟੀ ਦਾ ਟਿਫਨ ਫੜ ਕੇ ਦਫਤਰ ਜਾਂ ਸਕੂਲ ਜਾਂਦੀ ਹੈ। ਛੋਟੇ ਬੱਚਿਆ ਨੂੰ ਉਹ ਕੰਮ ਵਾਲੀ ਥਾਂ ‘ਤੇ ਪਹੁੰਚਣ ਤੋਂ ਪਹਿਲਾਂ ਕਿਸੇ ਬਾਲ ਭਵਨ ਵਿਚ ਛੱਡ ਕੇ ਜਾਂਦੀ ਹੈ। ਵਾਪਸੀ ‘ਤੇ ਉਨ੍ਹਾਂ ਨੂੰ ਲੈ ਕੇ ਆਉਂਦੀ ਹੈ। ਇਸ ਤਰ੍ਹਾਂ ਘਰ ਗ੍ਰਹਿਸਥੀ ਦੀ ਗੱਡੀ ਨੂੰ ਮਾਂ ਦੇ ਫਰਜ਼ ਨਿਭਾਉਂਦੇ ਹੋਏ ਵੀ ਦੋਹਰਾ ਜੀਵਨ ਜਿਉਣ ਲਈ ਮਜਬੂਰ ਹੋ ਜਾਂਦੀ ਹੈ। ਆਜ਼ਾਦੀ ਪਿਛੋਂ ਦੇ ਪੰਜਾਬ ਵਿਚ ਮਾਂ ਦੇ ਜੀਵਨ ਵਿਚ ਬਹੁਤ ਅੰਤਰ ਆਇਆ ਹੈ। ਉਨ੍ਹਾਂ ਦੇ ਰਹਿਣ-ਸਹਿਣ, ਪੁਸ਼ਾਕ ਵਿਚ ਇਹ ਅੰਤਰ ਦੇਖਣ ਨੂੰ ਮਿਲਦਾ ਹੈ। ਹੁਣ ਦੇ ਸਮੇਂ ਦੀਆਂ ਮਾਵਾਂ ਤਾਂ ਕੀ ਦਾਦੀਆਂ, ਨਾਨੀਆਂ ਵੀ ਝੁਰੜੀਆਂ ਵਾਲੇ ਮੂੰਹਾਂ ਵਾਲੀਆਂ ਨਹੀਂ ਮਿਲਦੀਆਂ, ਸਗੋਂ ਇਹ ਤਾਂ ਆਪਣੀ ਤੌਫੀਕ ਦੇ ਮੁਤਾਬਕ ਮੋਪਿਡ, ਸਕੂਟਰ, ਮਾਰੂਤੀ ਕਾਰਾਂ ‘ਤੇ ਸਵਾਰ ਹੋ ਕੇ ਆਪਣੇ ਕੰਮਕਾਜ ਦੇ ਸਥਾਨ ‘ਤੇ ਪਹੁੰਚਦੀਆਂ ਹਨ। ਆਧੁਨਿਕ ਮਾਂ ਨੇ ਹੁਣ ਆਪਣੀ ਪੁਰਾਤਨਤਾ ਦੀ ਪੁਸ਼ਾਕ ਲਾਹ ਦਿਤੀ ਹੈ ਤੇ ਨਵੀਨ ਖਿੱਚਪਾਊ ਪੁਸ਼ਾਕ ਪਹਿਨਣੀ ਸ਼ੁਰੂ ਕੀਤੀ ਹੈ। ਦੁਨੀਆ ਦੇ ਬਦਲਦੇ ਰੰਗਾਂ ਨੂੰ ਦੇਖਦੇ ਹੋਏ ਹੁਣ ਉਹ ਘਰ ਦਾ ਪੰਛੀ ਬਣਨ ਲਈ ਤਿਆਰ ਨਹੀਂ, ਸਗੋਂ ਪੁਰਸ਼ ਨਾਲ ਮੋਢੇ ਨਾਲ ਮੋਢਾ ਡਾਹ ਕੇ ਪੁਰਸ਼ਾਂ ਵਾਂਗ ਹੀ ਜ਼ਿੰਦਗੀ ਦੇ ਹਰ ਖੇਤਰ ਵਿਚ ਵੇਖਣ ਨੂੰ ਮਿਲ ਰਹੀ ਹੈ। ਹੁਣ ਕੁਝ ਮਾਵਾਂ ਪੰਜ ਸਿਤਾਰੇ ਵਾਲੇ ਹੋਟਲਾਂ ਅਤੇ ਪ੍ਰਤਿਸ਼ਠਾ ਕਲੱਬਾਂ ਵਿਚ ਜਿਥੇ ਪੁਰਸ਼ਾਂ ਨਾਲ ਪੱਛਮੀ ਅੰਦਾਜ਼ ਨਾਲ ਨਾਚ ਨਚਦੀਆਂ ਹਨ, ਉਥੇ ਕੁਝ ਮਾਵਾਂ ਇਨ੍ਹਾਂ ਹੋਟਲਾਂ ਅਤੇ ਆਲੀਸ਼ਾਨ ਕਲੱਬਾਂ ਨੂੰ ਉਸਾਰੀ ਵੇਲੇ ਬਿਆਈਆਂ ਵਾਲੇ ਪੈਰਾਂ ਨਾਲ ਦੁਧੀਆਂ ਨਾਲ ਪਲਮਦੇ ਬੱਚਿਆਂ ਸਮੇਤ ਸਿਰ ‘ਤੇ ਇੱਟਾਂ ਵਾਲੀ ਕੜਾਹੀ ਚੁੱਕੀ ਆਪਣੀ ਸੰਤਾਨ ਲਈ ਚੱਪਾ ਕੁ ਰੋਟੀ ਕਮਾਉਣ ਲਈ ਕੰਮ ਕਰਦੀਆਂ ਦੇਖੀਆਂ ਜਾਂਦੀਆਂ ਹਨ।

ਮਾਂ ਬੱਚੇ ਦੀ ਸਭ ਤੋਂ ਪਹਿਲੀ ਅਧਿਆਪਕ ਹੈ, ਇਸ ਲਈ ਚੰਗੀ ਪੜ੍ਹੀ-ਲਿਖੀ ਵਿਗਿਆਨਕ ਸੂਝ ਵਾਲੀ ਆਧੁਨਿਕ ਵਿਚਾਰਾਂ ਵਾਲੀ ਹੋਵੇਗੀ ਤਾਂ ਪੁੱਤਰ ਕਦੇ ਵੀ ਅੰਧ ਵਿਸ਼ਵਾਸਾਂ ਤੇ ਆਪਣੇ ਰਸਤੇ ਤੋਂ ਭਟਕਣ ਵਾਲਾ ਨਹੀਂ ਹੋ ਸਕਦਾ। ਜਦੋਂ ਅਸੀਂ ਇਕ ਨੌਜਵਾਨ ਨੂੰ ਪੜ੍ਹਾਉਂਦੇ-ਲਿਖਾਉਂਦੇ ਹੋਏ ਸੂਝਵਾਨ ਬਣਾਉਂਦੇ ਹਾਂ ਤਾਂ ਉਹ ਕੇਵਲ ਆਪਣੇ ਤਕ ਹੀ ਸੀਮਤ ਹੁੰਦਾ ਹੈ, ਪਰੰਤੂ ਜਦੋਂ ਇਕ ਲੜਕੀ ਨੂੰ ਚੰਗੀ ਵਿਦਿਆ ਤੇ ਉੱਚਾ ਆਚਰਣ ਸਿਖਾਉਂਦੇ ਹਾਂ ਤਾਂ ਇਸ ਨਾਲ ਪੂਰਾ ਪਰਿਵਾਰ ਸੁਧਰਦਾ ਹੈ ਕਿਉਂਕਿ ਲੜਕੀ ਨੇ ਅੱਗੇ ਜਾ ਕੇ ਮਾਂ ਬਣਨਾ ਹੁੰਦਾ ਹੈ। ਇਸਤਰੀ ਲਈ ਮਾਂ ਬਣਨਾ ਜ਼ਰੂਰੀ ਹੀ ਹੈ ਤੇ ਮਾਣ ਭਰਿਆ ਵੀ। ਬਿਨਾਂ ਸੰਤਾਨ ਤੋਂ ਇਸਤਰੀ ਦੀ ਅਵਸਥਾ ਇਸ ਹਸਦੇ-ਵਸਦੇ ਸੰਸਾਰ ਵਿਚ ਰੋਹੀ ਬੀਆਬਾਨ ਵਿਚ ਭਟਕਣ ਵਾਲੇ ਵਿਅਕਤੀ ਦੀ ਤਰ੍ਹਾਂ ਹੁੰਦੀ ਹੈ।

ਇਕ ਮਾਂ ਇਸ ਰਿਸ਼ਤੇ ਤੋਂ ਬਿਨਾਂ ਹੋਰ ਕਈ ਰਿਸ਼ਤਿਆਂ ਨਾਲ ਬੱਝੀ ਹੁੰਦੀ ਹੈ, ਪਰ ਉਸ ਦਾ ਇਹ ਰੂਪ ਬਾਕੀ ਸਭ ਰੂਪਾਂ ਨਾਲੋਂ ਕੁਰਬਾਨੀ ਵਾਲਾ ਹੁੰਦਾ ਹੈ। ਇਕ ਮਾਂ ਕਈ ਰਿਸ਼ਤੇ ਨਿਭਾਉਂਦੀ ਹੈ। ਪਹਿਲਾਂ ਲੜਕੀ ਦੇ ਰੂਪ ਵਿਚ ਫਿਰ ਇਕ ਪਤਨੀ ਦੇ ਰੂਪ ਵਿਚ ਤੇ ਆਖਰ ਮਾਂ ਦੇ ਰੂਪ ਵਿਚ। ਇਹ ਤਿੰਨੇ ਰੂਪ ਆਪਸ ਵਿਚ ਸੰਗਲ ਦੀ ਕੜੀ ਦੀ ਤਰ੍ਹਾਂ ਇੱਕ ਦੂਜੇ ਨਾਲ ਜੁੜੇ ਹੋਏ ਹੁੰਦੇ ਹਨ। ਇਹ ਤਿੰਨੇ ਇਕੱਠੇ ਹੀ ਨਿਭਾਏ ਜਾਂਦੇ ਹਨ।

ਮਾਂ ਦੀ ਮਹਾਨਤਾ ਉਦੋਂ ਪਤਾ ਚਲਦੀ ਹੈ, ਜਦੋਂ ਇਹ ਸਾਇਆ ਸਾਡੇ ਉਤੋਂ ਹਮੇਸ਼ਾ ਲਈ ਉਠ ਜਾਂਦਾ ਹੈ। ਉਦੋਂ ਜਾਪਦਾ ਹੈ, ਜਿਵੇਂ ਸੰਘਣੀ ਦਰਖਤ ਦੀ ਠੰਡੀ ਛਾਂ ਥੱਲੇ ਸਾਨੂੰ ਕਿਸੇ ਨੇ ਤਪਦੇ ਮਾਰੂਥਲ ਵੱਲ ਧਕੇਲ ਦਿੱਤਾ ਹੋਵੇ। ਉਸ ਸਮੇਂ ਸਾਨੂੰ ਜੀਵਨ ਵਿਚ ਇਕੱਲਤਾ ਦਾ ਅਹਿਸਾਸ ਹੁੰਦਾ ਹੈ ਤੇ ਦੂਸਰੇ ਰਿਸ਼ਤੇ ਸਾਨੂੰ ਬਿਲਕੁਲ ਨਿਗੂਣੇ ਜਾਪਣ ਲੱਗਦੇ ਹਨ ਤੇ ਸਾਨੂੰ ਜਾਪਦਾ ਹੈ ਕਿ ਹਰ ਕੋਈ ਸਾਡੇ ਨਾਲ ਕੇਵਲ ਆਪਣੀ ਖ਼ੁਦਗਰਜ਼ੀ ਨੂੰ ਪੂਰਾ ਕਰਨ ਲਈ ਰਿਸ਼ਤਾ ਕਾਇਮ ਕਰ ਰਿਹਾ ਹੈ। ਮਾਂ ਦੀ ਮਮਤਾ ਤੋਂ ਵਿਰਵਾ ਪੁਰਸ਼ ਉਸ ਸਮੇਂ ਹੀ ਸਹੀ ਅੰਦਾਜ਼ਾ ਲਾਉਂਦਾ ਹੈ ਕਿ ਉਹ ਇੱਕਲਾ ਹੀ ਇਸ ਸੰਸਾਰ ਵਿਚ ਆਇਆ ਹੈ ਤੇ ਇੱਕਲਾ ਹੀ ਤੁਰ ਜਾਵੇਗਾ। ਉਹ ਦੁਨੀਆ ਦੀ ਇਸ ਭੀੜ ਵਿਚ ਗੁਆਚਾ ਮਹਿਸੂਸ ਕਰਦਾ ਹੈ ਤੇ ਮਾਂ ਦੀ ਅਸੀਸ ਕੇਵਲ ਸੁਪਨੇ ਵਿਚ ਹੀ ਪ੍ਰਾਪਤ ਕਰਦਾ ਹੈ। ਮਾਂ ਤਾਂ ਤੁਰ ਜਾਂਦੀ ਹੈ, ਪਰ ਆਪਣੀਆਂ ਯਾਦਾਂ ਘਰ ਦੇ ਵਾਤਾਵਰਣ ਵਿਚ ਛੱਡ ਜਾਂਦੀ ਹੈ। ਘਰ ਦੀ ਹਰ ਵਸਤੂ ਤੇ ਉਸ ਦੀ ਮਮਤਾ ਤੇ ਪਿਆਰ ਦੀ ਛਾਪ ਉਕਰੀ ਹੋਈ ਨਜ਼ਰ ਆਉਂਦੀ ਹੈ ਤੇ ਅਵੇਸਲੇ ਹੀ ਜਦੋਂ ਇਨ੍ਹਾਂ ਯਾਦਾਂ ਰਾਹੀ ਮਾਂ ਨੂੰ ਉਹ ਮਨ ਵਿਚ ਲਿਆਉਂਦਾ ਹੈ ਤਾਂ ਅੰਦਰੋਂ ਬਿਰਹਾ ਦਾ ਇਕ ਕੜ੍ਹ ਪਾਟ ਕੇ ਵਹਿ ਤੁਰਦਾ ਹੈ ਤੇ ਇਕ ਚੀਖ ਵਿਲਕਣੀ ਬਣ ਕੇ ਦਿਲ ਦੀ ਕਿਸੇ ਨੁੱਕਰ ਵਿਚ ਪੁਕਾਰ ਉਠਦੀ ਹੈ, “ਮਾਂ ਆਖਰ ਦੁਨੀਆ ਵਾਲਿਓ ! ਮਾਂ ਹੀ ਹੁੰਦੀ ਹੈ, ਇਸ ਦੀ ਥਾਂ ਕੋਈ ਹੋਰ ਨਹੀਂ ਲੈ ਸਕਦਾ।”