ਲੇਖ : ਮਾਂ ਦੀਆਂ ਗਾਲਾਂ ਘਿਉ ਦੀਆਂ ਨਾਲਾਂ
ਸੰਸਾਰ ਦੇ ਜੀਵਾਂ ਵਿੱਚ ਕੋਈ ਅਜਿਹਾ ਨਹੀਂ ਹੈ, ਜੋ ਮਾਂ ਦੇ ਨਾਮ ਤੋਂ ਅਨਜਾਣ ਹੋਵੇ। ਧਰਤੀ ਤੇ ਰੱਬ ਤੋਂ ਬਾਅਦ ਅਸਲ ਰੂਪ ਵਿੱਚ ਨਿਰਸਵਾਰਥ ਪਿਆਰ ਕਰਨ ਵਾਲਾ ਜੇ ਕੋਈ ਹੈ ਤਾਂ ਉਹ ਮਾਂ ਹੀ ਹੈ। ਹਰ ਜਨਮ ਵਿੱਚ ਚਾਹੇ ਉਹ ਪਸ਼ੂ-ਪੰਛੀ ਹਨ ਜਾਂ ਮਨੁੱਖ ਸਭ ਨੂੰ ਰੱਬ ਦੇ ਦਰਸ਼ਨ ਮਾਂ ਦੇ ਰੂਪ ਵਿੱਚ ਹੀ ਹੁੰਦੇ ਹਨ। ਸਾਡੀ ਜਨਮ ਦਾਤੀ ਮਾਂ ਅਨੇਕ ਦਰਦ ਸਹਿ ਕੇ ਸਾਨੂੰ ਜਨਮ ਦਿੰਦੀ ਹੈ ਤੇ ਫਿਰ ਪਾਲਣ-ਪੋਸ਼ਣ ਵੀ ਕਰਦੀ ਹੈ।
ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਦਾ ਨੌਜਵਾਨ ਵਰਗ ਆਪਣੀਆਂ ਜਰੂਰਤਾਂ ਨੂੰ ਪੂਰਾ ਕਰਨ ਦੀ ਹੋੜ ਵਿੱਚ ਮਾਂ ਦੀ ਮਹਤੱਤਾ ਨੂੰ ਭੁੱਲ ਗਿਆ ਹੈ। ਅੱਜਕਲ੍ਹ ਦੇ ਬੱਚਿਆਂ ਕੋਲ ਆਪਣੇ ਬਜ਼ੁਰਗ ਮਾਂ-ਪਿਉ ਕੋਲ ਬੈਠਣ ਦਾ ਸਮਾਂ ਨਹੀਂ ਹੈ।
ਇਸੇ ਹੀ ਕਾਰਨ ਅੱਜਕਲ੍ਹ ਥਾਂ-ਥਾਂ ਤੇ ਬਿਰਧ ਆਸ਼ਰਮ ਖੁੱਲ੍ਹੇ ਹੋਏ ਹਨ ਤੇ ਅਫ਼ਸੋਸ ਕਿ ਉਨ੍ਹਾਂ ਵਿੱਚ ਕਈਆਂ ਦੇ ਮਾਂ-ਬਾਪ ਬੈਠੇ ਆਪਣੇ ਬੱਚਿਆਂ ਦੀ ਉਡੀਕ ਕਰਦੇ ਹਨ ਕਿ ਸ਼ਾਇਦ ਉਹ ਬੱਚੇ ਮਾਂ-ਬਾਪ ਨੂੰ ਮਿਲਣ ਹੀ ਆ ਜਾਣ। ਸੱਚ ਹੀ ਲੋਕ ਕਹਿੰਦੇ ਹਨ ਕਿ ਪੁੱਤ-ਕਪੁੱਤ ਹੋ ਜਾਂਦੇ ਹਨ। ਪਰ ਮਾਪੇ-ਕੁਮਾਪੇ ਨਹੀਂ ਹੁੰਦੇ। ਬੱਚੇ ਕਿੰਨੇ ਵੀ ਬੁਰੇ ਹੋਣ ਪਰ ਮਾਂ ਨੂੰ ਹਮੇਸ਼ਾ ਪਿਆਰੇ ਹੀ ਲੱਗਦੇ ਹਨ। ਮਾਂ ਦਾ ਦਿਲ ਕਦੇ ਵੀ ਆਪਣੇ ਬੱਚੇ ਨੂੰ ਬਦਅਸੀਸ ਨਹੀਂ ਦਿੰਦਾ ਹੈ। ਹਮੇਸ਼ਾ ਉਸ ਦੀਆਂ ਖੁਸ਼ੀਆਂ ਲਈ ਦੁਆਵਾਂ ਕਰਦਾ ਹੈ। ਮਾਂ ਦਾ ਦੇਣਾ ਕੋਈ ਨਹੀਂ ਦੇ ਸਕਦਾ। ਮਾਂ ਦਾ ਕਰਜ਼ ਕੋਈ ਨਹੀਂ ਉਤਾਰ ਸਕਦਾ। ਮਾਂ ਕੁਦਰਤ ਦਾ ਇੱਕ ਅਨਮੋਲ ਤੋਹਫ਼ਾ ਹੈ, ਜਿਸਦੀ ਸਾਨੂੰ ਸਾਰਿਆਂ ਨੂੰ ਕਦਰ ਕਰਨੀ ਚਾਹੀਦੀ ਹੈ।
14 ਮਈ, 2023 ਨੂੰ ਅਸੀਂ ਸਭ ਵਿਸ਼ਵ ਪੱਧਰ ਤੇ ‘ਮਾਂ ਦਿਵਸ’ ਮਨਾਉਣ ਜਾ ਰਹੇ ਹਾਂ। ਪਰ ਸਭ ਨੂੰ ਇਹ ਬੇਨਤੀ ਹੈ ਕਿ ਸਿਰਫ਼ ‘ਮਾਂ ਦਿਵਸ’ ਤੇ ਹੀ ਨਹੀਂ ਬਲਕਿ ਪੂਰਾ ਸਾਲ ਹਰ ਦਿਨ ਸਾਨੂੰ ਆਪਣੀ ਮਾਂ ਦਾ ਆਦਰ ਕਰਨਾ ਚਾਹੀਦਾ ਹੈ। ਉਸਨੂੰ ਖੁਸ਼ੀਆਂ ਦੇਣੀਆਂ ਚਾਹੀਦੀਆਂ ਹਨ। ਕਿਉਂਕਿ ਮਾਂ ਦੀ ਸੇਵਾ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਹੁੰਦੀ। ਮਾਵਾਂ ਨੂੰ ਠੰਢੀਆਂ ਛਾਵਾਂ ਦਾ ਦਰਜ਼ਾ ਦਿੱਤਾ ਗਿਆ ਹੈ। ਮਾਂ ਬੱਚੇ ਨੂੰ ਗਾਲ ਵੀ ਕੱਢਦੀ ਹੈ ਤਾਂ ਉਸ ਵਿੱਚ ਵੀ ਮਾਂ ਦਾ ਪਿਆਰ ਛੁਪਿਆ ਹੁੰਦਾ ਹੈ। ਮਾਂ ਧਰਤੀ ਤੇ ਸਵਰਗ ਹੈ। ਸਾਨੂੰ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਪਰ ਸਿਆਣੇ ਕਹਿੰਦੇ ਹਨ ਮਾਂ ਦੀਆਂ ਗਾਲਾਂ ਘਿਉ ਦੀਆਂ ਨਾਲਾਂ ਹੁੰਦੀਆਂ ਹਨ। ਸਾਨੂੰ ਆਪਣੀ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।