BloggingKavita/ਕਵਿਤਾ/ कविताMother's dayPoetryਲੇਖ ਰਚਨਾ (Lekh Rachna Punjabi)

ਲੇਖ : ਮਾਂ ਇਕ ਘਣਛਾਵਾਂ ਬੂਟਾ


ਮਾਂ ਦਾ ਰਿਸ਼ਤਾ ਇੱਕ ਅਜਿਹਾ ਰਿਸ਼ਤਾ ਹੈ ਜਿਸ ਵਿੱਚ ਕੋਈ ਲਾਲਚ ਨਹੀਂ ਹੁੰਦਾ। ਮਾਂ ਦਾ ਪਿਆਰ ਕਿਸੇ ਵੀ ਚੀਜ਼ ਦਾ ਮੁਹਤਾਜ਼ ਨਹੀਂ ਹੁੰਦਾ। ਮਮਤਾ ਦੀ ਇਹ ਮੂਰਤ ਆਪਣੇ ਬੱਚੇ ਦੀ ਹਰ ਖੁਸ਼ੀ ਪੂਰੀ ਕਰਨ ਲਈ ਕੁਝ ਵੀ ਕਰ ਸਕਦੀ ਹੈ। ਮਾਂ ਬੱਚੇ ਨੂੰ ਦੁਨੀਆਂ ਦਾ ਹਰ ਸੁੱਖ ਦਿੰਦੀ ਹੈ। ਬੱਚੇ ਨੂੰ ਸੁੱਕੀ ਥਾਂ ਤੇ ਸੁਆ ਕੇ ਆਪ ਗਿੱਲੀ ਜਗ੍ਹਾ ਸੋਣਾ ਕੋਈ ਆਮ ਗੱਲ ਨਹੀਂ ਹੈ। ਤਿਆਗ ਦੀ ਇਹ ਮੂਰਤ ਕਿਸੇ ਰੱਬ ਤੋਂ ਵੀ ਘੱਟ ਨਹੀਂ।

ਮਹਾਨ ਕਵੀ ਰਵਿੰਦਰ ਨਾਥ ਟੈਗੋਰ ਨੇ ਕਿਹਾ ਸੀ ਕਿ ਇਹ ਝੂਠ ਹੈ ਕਿ ਰੱਬ ਹਰ ਜਗ੍ਹਾ ਹੈ। ਪਰ ਉਸ ਨੇ ਇਹ ਕਮੀ ਪੂਰੀ ਕਰਨ ਲਈ ਮਾਂ ਨੂੰ ਫਿਰ ਧਰਤੀ ਤੇ ਭੇਜ ਦਿੱਤਾ ਹੈ। ਇਹ ਸ਼ਬਦ ਆਪਣੇ ਆਪ ‘ਚ ਹੀ ਮਾਂ ਦੀ ਮਹਾਨਤਾ ਨੂੰ ਬਿਆਨ ਕਰਦੇ ਹਨ। ਸਾਰੇ ਧਰਮਾਂ ਵਿੱਚ ਮਾਂ ਦੀ ਮਹਾਨਤਾ ਦਾ ਗੁਣਗਾਨ ਕੀਤਾ ਗਿਆ ਹੈ।

ਇੱਕ ਮਾਂ ਦਾ ਬੱਚੇ ਦੇ ਚਰਿੱਤਰ ਵਿਕਾਸ ਵਿੱਚ ਵੱਡਾ ਹੱਥ ਹੁੰਦਾ ਹੈ। ਬਾਬਾ ਫਰੀਦ ਨੂੰ ਰੱਬ ਦੇ ਰਾਹ ਲਗਾਉਣ ਵਾਲੀ ਉਨ੍ਹਾਂ ਦੀ ਮਾਂ ਹੀ ਸੀ। ਇੱਕ ਸੁਚੇਤ ਮਾਂ ਦਾ ਬੱਚਾ ਕਦੀ ਕੁਰਾਹੇ ਨਹੀਂ ਪੈਂਦਾ। ਪਰ ਅਚੇਤ ਮਾਂ ਦੇ ਬੱਚੇ ਚੋਰ, ਡਾਕੂ ਆਦਿ ਬਣ ਜਾਂਦੇ ਹਨ।

ਮਾਂ ਦਾ ਜਜ਼ਬਾ ਸਿਰਫ਼ ਆਦਮ ਜਾਤ ਵਿੱਚ ਹੀ ਨਹੀਂ, ਜਾਨਵਰਾਂ ਵਿੱਚ ਵੀ ਉਨ੍ਹਾਂ ਹੀ ਹੈ। ਇੱਕ ਬਾਂਦਰੀ ਮਰੇ ਹੋਏ ਬੱਚੇ ਨੂੰ ਉਨਾਂ ਚਿਰ ਨਹੀਂ ਸੁੱਟਦੀ ਜਦ ਤੱਕ ਉਸਦੇ ਸਰੀਰ ਦੇ ਟੁਕੜੇ-ਟੁਕੜੇ ਹੋ ਕੇ ਝੜ ਨਹੀਂ ਜਾਂਦੇ। ਘੁੱਗੀ ਇੱਕ ਡਰਪੋਕ ਜਿਹਾ ਪੰਛੀ ਹੈ ਪਰ ਜੇਕਰ ਉਸ ਦੇ ਬੱਚੇ’ ਤੇ ਕੋਈ ਸੰਕਟ ਆਉਂਦਾ ਹੈ ਤਾਂ ਉਹ ਮੌਤ ਨਾਲ ਵੀ ਟਕਰਾ ਜਾਂਦੀ ਹੈ।

ਮਾਂ ਇੱਕ ਪਿਆਰ, ਤਿਆਗ ਅਤੇ ਮਮਤਾ ਦੀ ਮੂਰਤ ਹੀ ਨਹੀਂ, ਸਗੋਂ ਇੱਕ ਸ਼ਕਤੀ ਦਾ ਰੂਪ ਵੀ ਹੈ। ਹਿੰਦੂ ਧਰਮ ਵਿੱਚ ‘ਮਾਂ ਦੁਰਗਾ’ ਸ਼ਕਤੀ ਦਾ ਹੀ ਰੂਪ ਹੈ। ਜੋ ਇੱਕ ਮਾਂ ਰੂਪ ਹੋ ਕੇ ਵੀ ‘ਚੰਡ’, ‘ਮੁੰਡ’, ‘ਮਹਿਖਾਸੁਰ’ ਅਤੇ ‘ਰਕਤਬੀਜ’ ਜਿਹੇ ਸ਼ਕਤੀਸ਼ਾਲੀ ਰਾਖਸ਼ਾਂ ਦਾ ਸਰਵਨਾਸ਼ ਕਰਦੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਇੱਕ ਰਚਨਾ ‘ਚੰਡੀ ਦੀ ਵਾਰ’ ਵਿੱਚ ਉਸ ਸਮੇਂ ਦੇ ਜ਼ੁਲਮਾਂ ਤੋਂ ਹਾਰੇ ਲੋਕਾਂ ਨੂੰ ਜ਼ੁਲਮ ਨਾਲ ਲੜਨ ਲਈ ਕਿਹਾ। ਇਸ ਦੇ ਲਈ ਉਨ੍ਹਾਂ ਨੇ ਮਾਂ ਦੁਰਗਾ ਦੀ ਬਹਾਦਰੀ ਦੀ ਚਰਚਾ ਕੀਤੀ ਹੈ।

ਅੱਜ ਦੇ ਯੁੱਗ ਵਿੱਚ ਅਸੀਂ ਕਿਤੇ ਨਾ ਕਿਤੇ ਮਾਂ ਦੀ ਕਦਰ ਵਲੋਂ ਅਸਫ਼ਲੇ ਹਾਂ। ਪਰ ਸਾਡੀ ਇੱਕ ਪਿਆਰ ਦੀ ਅਵਾਜ ਨਾਲ ਮਮਤਾ ਦੀ ਇਹ ਮੂਰਤ ਸਭ ਗਿਲੇ ਸ਼ਿਕਵੇ ਭੁਲਾ ਦਿੰਦੀ ਹੈ। ਇੱਕ ਮਾਂ ਦਾ ਇਹ ਹੀ ਸੁਪਨਾ ਹੁੰਦਾ ਹੈ ਕਿ ਉਸ ਦੇ ਬੱਚੇ ਹਮੇਸ਼ਾਂ ਖੁਸ਼ਹਾਲ ਰਹਿਣ।

ਅੱਜ ਵੀ ਪਰਦੇਸ ਵਿੱਚ ਜੇਕਰ ਸਾਨੂੰ ਕੋਈ ਰਿਸ਼ਤਾ ਪਿਆਰ ਨਾਲ ਬੰਨ੍ਹੀ ਬੈਠਾ ਹੈ ਤਾਂ ਉਹ ਮਾਂ ਹੈ, ਜਿਸਦੀ ਅਵਾਜ਼ ਸੁਣ ਕੇ ਇੱਕ ਵਾਰ ਫ਼ਿਰ ਮਨ ‘ਚੋਂ ਫਿਕਰਾਂ ਦਾ ਸੈਲਾਬ ਸੁੱਕ ਜਾਂਦਾ ਹੈ। ਦੁਨੀਆਂ ਦਾ ਹਰ ਰਿਸ਼ਤਾ ਕਿਸੇ ਨਾ ਕਿਸੇ ਲਾਲਚ ਜਾਂ ਸਵਾਰਥ ‘ਤੇ ਟਿਕਿਆ ਹੈ। ਪਰ ਉਹ ਮਾਂ ਦਾ ਰਿਸ਼ਤਾ ਹੀ ਹੈ ਜਿਸ ਵਿੱਚ ਲੈਣਾ ਕੁਝ ਨਹੀਂ ਬਸ ਦੇਣਾ ਹੀ ਦੇਣਾ ਹੈ।

ਅੱਜ ਦੇ ਯੁੱਗ ਵਿੱਚ ਵੀ ਮਾਂ ਦਾ ਪਿਆਰ ਜੇਠ-ਹਾੜ ਦੀ ਧੁੱਪ ਵਿੱਚ ਪਿੱਪਲ ਦੀ ਛਾਂ ਵਰਗਾ ਹੈ, ਜੋ ਸਾਨੂੰ ਫਿਕਰਾਂ ਅਤੇ ਦਰਦਾਂ ਦੀ ਧੁੱਪ ਤੋਂ ਅੰਤ ਵਿੱਚ ਮੈਂ ਮਾਂ ਦੀ ਤਾਰੀਫ਼ ਵਿੱਚ ਦੋ ਸਤਰਾਂ ਪੇਸ਼ ਕਰਨਾ ਚਾਹਾਂਗੀ –

“ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ,
ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸਵਰਗ ਬਣਾਏ।