ਲੇਖ : ਮਾਂ


‘ਮਾਂ’ ਸ਼ਬਦ ਵਿੱਚ ਰੱਬ ਵੱਲੋਂ ਹੀ ਮਮਤਾ ਭਰਪੂਰ ਤਾਕਤ ਹੈ। ਵੱਡੇ-ਵੱਡੇ ਗਾਇਕਾਂ ਆਦਿਕ ਨੇ ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਹੈ।

“ਮਾਂ ਦੀ ਪੂਜਾ ਹੈ ਰੱਬ ਦੀ ਪੂਜਾ,

ਮਾਂ ਤਾਂ ਰੱਬ ਦਾ ਰੂਪ ਹੈ ਦੂਜਾ

ਮਾਂ ਦੀ ਨਿੱਘੀ ਗੋਦ, ਲਾਡ, ਪਿਆਰ ਤੇ ਲੋਰੀਆਂ ਵਿੱਚ ਕਰਿਸ਼ਮੇ ਵਰਗੀ ਤਾਕਤ ਹੁੰਦੀ ਹੈ ਜੋ ਕਿ ਬੱਚੇ ਨੂੰ ਸੁਖਦ ਅਹਿਸਾਸ ਦਿੰਦੀ ਹੈ ਅਤੇ ਬੱਚੇ ਦਾ ਸਰਬਪੱਖੀ ਵਿਕਾਸ ਕਰਦੀ ਹੈ। ਇਸੇ ਤਰ੍ਹਾਂ ਹੀ ਬੱਚੇ ਦੀਆਂ ਕਿਲਕਾਰੀਆਂ ਵੀ ਮਾਂ ਨੂੰ ਸੁੱਖ ਦਾ ਅਹਿਸਾਸ ਕਰਵਾਉਂਦੀਆਂ ਹਨ। ਮਾਂ ਅਤੇ ਬੱਚੇ ਵਰਗਾ ਦੁਨੀਆਂ ‘ਤੇ ਕੋਈ ਵੀ ਰਿਸ਼ਤਾ ਨਹੀਂ ਹੈ। ਮਾਂ ਨੂੰ ਭਾਵੇਂ ਆਪਣੀ ਜ਼ਿੰਦਗੀ ਵਿੱਚ ਕਿੰਨੀਆਂ ਹੀ ਮੁਸੀਬਤਾਂ, ਠੋਕਰਾਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਪਰ ਫਿਰ ਵੀ ਮਾਂ ਆਪਣੇ ਬੱਚੇ ਦੀ ਤਕਲੀਫ਼ ਨੂੰ ਸਹਿਣ ਨਹੀਂ ਕਰ ਸਕਦੀ। ਜਿਸ ਤਰ੍ਹਾਂ ‘ਦੀਵਾ’ ਰੋਸ਼ਨੀ ਦਿੰਦਾ ਹੈ, ਉਸੇ ਤਰ੍ਹਾਂ ਮਾਂ ਵੀ ਆਪਣੇ ਬੱਚਿਆਂ ਨੂੰ ਜੀਵਨ ਦਾ ਅਧਾਰ ਦਿੰਦੀ ਹੈ। ਮਾਂ ਆਪਣੇ ਬੱਚੇ ਦੀ ਪਹਿਲੀ ਅਧਿਆਪਕਾ ਹੁੰਦੀ ਹੈ। ਮਾਂ ਆਪਣੇ ਬੱਚੇ ਦੀ ਮਾਰਗ-ਦਰਸ਼ਕ ਬਣ ਕੇ ਉਸਨੂੰ ਜ਼ਿੰਦਗੀ ਵਿੱਚ ਸਹੀ ਰਾਹ ’ਤੇ ਚਲਣਾ ਸਿਖਾਉਂਦੀ ਹੈ। ਮਾਂ ਜ਼ਿੰਦਗੀ ਦੇ ਹਰੇਕ ਹਾਲਾਤ ਵਿੱਚ ਆਪਣੇ ਮੂੰਹ ਵਿੱਚੋਂ ਕੱਢ ਕੇ ਬੱਚਿਆਂ ਦੇ ਮੂੰਹ ਵਿੱਚ ਪਾਉਂਦੀ ਹੈ। ਮਾਂ ਰੱਬ ਵੱਲੋਂ ਬੱਚੇ ਨੂੰ ਦਿੱਤੀ ਗਈ ‘ਸੁਖਦ ਨਿਆਮਤ’ ਹੈ ਜੋ ਕਿ ਆਪਣੇ ਬੱਚਿਆਂ ਲਈ ਆਪਣੇ-ਆਪ ਨੂੰ ਕੁਰਬਾਨ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ।

“ਮਾਂ ਬਿਨਾ ਹੈ ਘੁੱਪ ਹਨ੍ਹੇਰਾ,
ਸੁੰਨਾ ਲੱਗਦਾ ਚਾਰ ਚੁਫ਼ੇਰਾ।”