ਲੇਖ : ਮਨੁੱਖੀ ਸ੍ਵੈ-ਮਾਣ
ਮਨੁੱਖੀ ਸ੍ਵੈ-ਮਾਣ
ਦੋ ਪੈਰ ਘੱਟ ਤੁਰਨ ਵਾਲੇ ਅਰਥਾਤ ਇੱਜ਼ਤ ਸ੍ਵੈ-ਮਾਣ ਦਾ ਜੀਵਨ ਜੀਣ ਵਾਲੇ ਲੋਕ ਉਸ ਧਰਤੀ ਹੇਠਲੇ ਬੌਲਦ ਦੀ ਤਰ੍ਹਾਂ ਹਨ, ਜਿਸ ਦੇ ਸਬਰ ਸੰਤੋਖ ਦੇ ਸਿੰਗਾਂ ਨੇ ਇਸ ਧਰਤੀ ਦੇ ਭਾਰ ਨੂੰ ਚੁੱਕਿਆ ਹੋਇਆ ਹੈ। ਦੋ ਪੈਰ ਘੱਟ ਤੁਰਨ ਵਾਲੇ ਲੋਕ ਪਰੰਤੂ ਸ੍ਵੈ-ਮਾਣ ਦਾ ਜੀਵਨ ਜੀਣ ਵਾਲੇ ਲੋਕ ਭਾਵੇਂ ਅੱਜ ਦੇ ਖ਼ੁਦਗਰਜ਼ ਤੇ ਕਾਹਲੀ ਨਾਲ ਚਲਣ ਵਾਲੇ ਲੋਕਾਂ ਦੇ ਮੁਕਾਬਲੇ ਵਿੱਚ ਆਟੇ ਵਿੱਚ ਲੂਣ ਦੀ ਤਰ੍ਹਾਂ ਹਨ, ਪਰ ਇਨ੍ਹਾਂ ਦੀ ਮਿਜਾਜ਼ਾਂ ਵਾਲੀ ਚਾਲ ਦੂਸਰਿਆਂ ਦੀ ਚਾਲ ਤੋਂ ਹਮੇਸ਼ਾ ਨਿਆਰੀ ਹੁੰਦੀ ਹੈ। ਇਹ ਲੋਕ ਕੋਠੀਆਂ, ਕਾਰਾਂ ਵਿੱਚ ਨਹੀਂ ਰਹਿੰਦੇ ਅਤੇ ਨਾ ਹੀ ਮਹਿੰਗੇ ਚਕਾਚੌਂਧ ਕਰਨ ਵਾਲੇ ਕੱਪੜੇ ਪਹਿਨਦੇ ਹਨ। ਇਹ ਆਪਣੇ ਤਨ ਨੂੰ ਸੋਨੇ, ਹੀਰੇ, ਜਵਾਹਰਾਤ ਨਾਲ ਨਹੀਂ ਢਕਦੇ ਅਤੇ ਨਾ ਹੀ ਇਹ ਕਿਸੇ ਦਾ ਬਖਸ਼ਿਆ ਹੋਇਆ ਤਾਜ ਹੀ ਪਹਿਨਦੇ ਹਨ। ਦੋ ਪੈਰ ਘੱਟ ਤੁਰਨ ਵਾਲੇ ਸ੍ਵੈ-ਮਾਣ ਵਾਲੇ ਲੋਕ ਹੱਡ-ਹਰਾਮੀ ਨਹੀਂ ਹੁੰਦੇ ਅਤੇ ਨਾ ਹੀ ਇਹ ਪਿਤਾ-ਪੁਰਖੀ ਜ਼ਮੀਨਾਂ ਦੇ ਮਾਲਕ ਬਣ ਕੇ ਵਿਹਲੀਆਂ ਖਾ ਕੇ ਜੀਵਨ ਬਿਤਾਉਂਦੇ ਹਨ। ਇਹ ਲੋਕ ਆਮ ਗ਼ਰੀਬਾਂ ਤੇ ਨਾ ਬੇਲੋੜਾ ਤਰਸ ਕਰਦੇ ਹਨ ਅਤੇ ਨਾ ਹੀ ਸੰਕਟ ਦਾ ਸਮਾਂ ਆਉਣ ਤੇ ਆਪਣੇ ਆਪ ਤੇ। ਅਜਿਹੇ ਲੋਕ ਆਪਣੀ ਸੇਵਾ ਦੇ ਬਦਲੇ ਵਿੱਚ ਕੋਈ ਸਨਮਾਨ, ਇਨਾਮ ਨਹੀਂ ਚਾਹੁੰਦੇ ਅਤੇ ਨਾ ਹੀ ਖ਼ੁਦਗਰਜ਼ ਲੋਕ ਤੇ ਤੇਜ਼ ਦੌੜਨ ਵਾਲੇ ਤੇ ਮੰਜਲ ਤੇ ਛੇਤੀ ਪਹੁੰਚਣ ਵਾਲੇ ਲੋਕਾਂ ਨੂੰ ਇਨਾਮ, ਸਨਮਾਨ ਲੈਂਦੇ ਹੋਏ ਵੇਖਦੇ ਹੋਏ ਉਨ੍ਹਾਂ ਪ੍ਰਤੀ ਨਫ਼ਰਤ, ਈਰਖਾ ਦੀ ਚਿੰਗਾਰੀ ਆਪਣੇ ਮਨ ਵਿੱਚ ਬਾਲਦੇ ਹਨ। ਸ੍ਵੈ-ਮਾਣ ਭਰਪੂਰ ਵਿਅਕਤੀ ਦਾ ਸੁਭਾਅ ਉਸ ਪਹਾੜੀ ਚਸ਼ਮੇ ਦੀ ਤਰ੍ਹਾਂ ਹੁੰਦਾ ਹੈ, ਜਿਸ ਵਿੱਚ ਗਿਲੇ ਸ਼ਿਕਵੇ, ਕੀਨੇ, ਸਾੜੇ ਉਸ ਦੇ ਸੰਜਮ ਸੰਤੋਖ ਵਾਲੇ ਚਰਿੱਤਰ ਦੀ ਰਵਾਨੀ ਵਿੱਚ ਰੋੜਾ ਨਹੀਂ ਬਣ ਸਕਦੇ, ਅਜਿਹੇ ਵਿਅਕਤੀ ਭਾਵੇਂ ਦੋ ਪੈਰ ਘੱਟ ਤੁਰਦੇ ਹਨ, ਪਰ ਮੜ੍ਹਕ ਨਾਲ ਤੁਰਦੇ ਹਨ। ਉਨ੍ਹਾਂ ਦੇ ਮਨ ਵਿੱਚ ਸਦਾ ਬਹਾਰ ਰਹਿੰਦੀ ਹੈ, ਜਿਸ ਵਿੱਚ ਖਿਮਾ, ਸਿਦਕ, ਕੁਰਬਾਨੀ ਤੇ ਸੇਵਾ ਦੇ ਰੰਗ ਬਰੰਗੇ ਫੁੱਲਾਂ ਦੀ ਖੁਸ਼ਬੂ ਹਮੇਸ਼ਾ ਖਿੜੀ ਰਹਿੰਦੀ ਹੈ। ਪਹਾੜਾਂ ਵਿੱਚ ਤੇਜ਼ੀ ਨਾਲ ਚੱਲਣ ਵਾਲੇ ਬਰਸਾਤੀ ਨਾਲੇ ਬੜਾ ਸ਼ੋਰ ਮਚਾਉਂਦੇ ਲੰਘਦੇ ਹਨ, ਪਰ ਜਦ ਬਰਸਾਤ ਖ਼ਤਮ ਹੁੰਦੀ ਹੈ, ਉਨ੍ਹਾਂ ਵਿੱਚ ਪਾਣੀ ਦੀ ਬੂੰਦ ਵੀ ਨਹੀਂ ਮਿਲਦੀ। ਇਸ ਦੇ ਉਲਟ ਸਹਿਜ ਨਾਲ ਚਲਣ ਵਾਲੇ ਦਰਿਆ ਹਮੇਸ਼ਾ ਲਈ ਸਮੁੰਦਰ ਵਿੱਚ ਜਾ ਰਲਦੇ ਹਨ।
ਜਿਹੜੀ ਵੀ ਕੌਮ ਨੇ ਆਪਣੀ ਅਣਖ ਦੀ ਰਾਖੀ ਕੀਤੀ ਹੈ, ਉਸ ਨੂੰ ਸੰਕਟ ਵਿੱਚੋਂ ਲੰਘਣਾ ਪਿਆ ਹੈ, ਪਰ ਤਕੜੇ ਦੀ ਈਨ ਨਹੀਂ ਮੰਨੀ। ਅਣਖ ਦਾ ਜੀਵਨ ਜੀਣ ਵਾਲੇ ਲੋਕ ਕਦੇ ਅਸੂਲਾਂ ਨਾਲ ਸਮਝੌਤਾ ਨਹੀਂ ਕਰਦੇ, ਭਾਵੇਂ ਉਹ ਤੋਪ ਦੇ ਗੋਲੇ ਅੱਗੇ ਉਡਾਏ ਜਾਂਦੇ ਹਨ। ਮੌਤ ਲਾੜੀ ਨਾਲ ਵਿਆਹ ਕਰਨ ਲਈ ਉਹ ਕਰਤਾਰ ਸਿੰਘ ਸਰਾਭੇ ਦੀ ਤਰ੍ਹਾਂ ਫਾਂਸੀ ਦੇ ਰੱਸੇ ਨੂੰ ਚੁੰਮਦੇ ਹਨ, ਪਰ ਉਹ ਆਪਣੀ ਕੌਮ ਦੇ ਅਣਖ ਦੇ ਫੁੱਲਾਂ ਨੂੰ ਕਦੇ ਮੁਰਝਾਣ ਨਹੀਂ ਦੇਂਦੇ। ਮਹਾ-ਪੁਰਖ ਤਾਂ ਕੀ ਅਣਖੀ ਕੌਮ ਦੇ ਸਾਧਾਰਣ ਪੁਰਸ਼ ਤੇ ਇਸਤਰੀਆਂ ਭੁੱਖਿਆਂ ਪਿਆਸਿਆਂ ਨੂੰ ਭੋਜਨ ਖੁਆਉਣ ਲਈ ਰੇਲ ਦੀ ਪਟੜੀ ਉੱਤੇ ਲੇਟ ਜਾਂਦੇ ਹਨ ਤੇ ਭੁੱਖੇ ਪਿਆਸਿਆਂ ਦੀ ਗੱਡੀ ਨੂੰ ਆਪਣੇ ਸਿਰੋਂ ਨਹੀਂ ਲੰਘਣ ਦਿੰਦੇ।
ਸ੍ਵੈ-ਮਾਣ ਭਰਪੂਰ ਦੋ ਕਦਮ ਮਾਣ ਨਾਲ ਤੁਰਨ ਵਾਲਾ ਵਿਅਕਤੀ ਰੀਸਕਾਰ ਨਹੀਂ ਹੁੰਦਾ, ਉਹ ਦੂਸਰੇ ਦੇ ਭਰੇ ਘਰ ਨੂੰ ਦੇਖ ਕੇ ਆਪਣੇ ਖਾਲੀ ਘਰ ਬਾਰੇ ਝੂਰਦਾ ਨਹੀਂ, ਸਗੋਂ ਆਪਣੀਆਂ ਲੋੜਾਂ ਹੀ ਅਜਿਹੀਆਂ ਬਣਾ ਲੈਂਦਾ ਹੈ ਕਿ ਦੂਸਰੇ ਦੀ ਚੋਪੜੀ ਨੂੰ ਦੇਖ ਕੇ ਆਪਣੀ ਰੁਖੀ-ਸੁਖੀ ਪ੍ਰਤੀ ਤਰਸ ਦੀ ਭਾਵਨਾ ਆਪਣੇ ਮਨ ਵਿੱਚ ਨਹੀਂ ਲਿਆਉਂਦਾ। ਸ੍ਵੈ-ਮਾਣ ਭਰਪੂਰ ਅਤੇ ਦੋ ਕਦਮ ਘੱਟ ਤੁਰਨ ਵਾਲੇ ਵਿਅਕਤੀ ਦੀ ਨਿਮਰਤਾ ਉਸ ਫੁੱਲਾਂ ਲੱਦੀ ਟਹਿਣੀ ਦੀ ਤਰ੍ਹਾਂ ਹੁੰਦੀ ਹੈ, ਜਿਨ੍ਹਾਂ ਨੂੰ ਧਰਤੀ ਦੀ ਛੋਹ ਕਾਰਨ ਮਿੱਟੀ ਦੀ ਮਹਿਕ ਹਮੇਸ਼ਾ ਆਉਂਦੀ ਰਹਿੰਦੀ ਹੈ। ਉਨ੍ਹਾਂ ਦੇ ਪੈਰ ਹਮੇਸ਼ਾ ਧਰਤੀ ਤੇ ਰਹਿੰਦੇ ਹਨ। ਅਜਿਹੇ ਵਿਅਕਤੀ ਸਾਲਾਂ ਬੱਧੀ ਮਿਹਨਤ ਤੋਂ ਬਾਅਦ ਦੁਨੀਆਂ ਸਾਹਮਣੇ ਆਪਣੇ ਕੀਤੇ ਕੰਮਾਂ ਨੂੰ ਨਸ਼ਰ ਕਰਦੇ ਹਨ। ਪ੍ਰਸਿੱਧ ਰੂਸੀ ਸਾਹਿਤਕਾਰ ਟਾਲਸਟਾਏ ਨੇ ‘ਜੰਗ ਅਤੇ ਅਮਨ’ ਨਾਂ ਦੇ ਨਾਵਲ ਨੂੰ ਲਿਖਣ ਲਈ ਕਈ ਸਾਲ ਲਗਾਏ ਅਤੇ ਅਨੇਕਾਂ ਵਰ੍ਹੇ ਉਸ ਖਰੜੇ ਨੂੰ ਛਾਪਿਆ ਨਹੀਂ ਅਤੇ ਜੀਵਨ ਦੇ ਅਭਿਆਸ ਨਾਲ ਆਪਣੇ ਖਿਆਲਾਂ ਨੂੰ ਪਕਾਉਂਦੇ ਰਹੇ ਤੇ ਕਈ ਵਾਰ ਸੋਧਣ ਤੋਂ ਬਾਅਦ ਉਨ੍ਹਾਂ ਮਹਾ-ਕਾਵਿਕ ਨਾਵਲ ਨੂੰ ਪਾਠਕਾਂ ਸਾਹਮਣੇ ਲਿਆਂਦਾ। ਜੇਨ ਆਸਟਨ ਬਾਰੇ ਵੀ ਪ੍ਰਸਿੱਧ ਹੈ ਕਿ ਉਹ ਆਪਣੇ ਨਾਵਲਾਂ ਨੂੰ ਅਨੇਕਾਂ ਵਾਰ ਸੋਧਦੀ ਸੀ, ਉਸ ਦੇ ਨਾਵਲਾਂ ਵਿੱਚ ਇੱਕ ਵੀ ਸ਼ਬਦ ਫਾਲਤੂ ਨਹੀਂ ਮਿਲੇਗਾ। ਭਾਈ ਵੀਰ ਸਿੰਘ ਵਿੱਚ ਵੀ ਰਚਨਾ ਨੂੰ ਛਪਵਾਉਣ ਦੀ ਕਾਹਲ ਨਹੀਂ ਸੀ ਤੇ ਰਚਨਾ ਕਈ ਵਰ੍ਹੇ ਉਨ੍ਹਾਂ ਕੋਲ ਪਈ ਰਹਿੰਦੀ ਸੀ ਜਿਸ ਨੂੰ ਬਾਅਦ ਵਿੱਚ ਉਹ ਚਿੰਤਨ ਨਾਲ ਸੋਧ ਕੇ ਛਪਵਾਉਂਦੇ ਸਨ।
ਕਾਹਲੀ ਵਿੱਚ ਕੀਤਾ ਗਿਆ ਕੋਈ ਵੀ ਕਲਾ ਦਾ ਕੰਮ ਸ੍ਵੈ-ਮਾਣ ਵਿੱਚ ਵਾਧਾ ਨਹੀਂ ਕਰਦਾ। ਸਾਹਿਤ ਰਚਨਾ ਦਰਜੀ ਨੂੰ ਦਿੱਤੇ ਗਏ ਸੂਟ ਦੀ ਤਰ੍ਹਾਂ ਨਹੀਂ ਹੈ, ਜਿਹੜਾ ਸਵੇਰੇ ਦਿਓ ਤੇ ਸ਼ਾਮ ਨੂੰ ਤਿਆਰ ਹੋਇਆ ਲੈ ਲਵੋ। ਦੇਖਣ ਵਿੱਚ ਆਇਆ ਹੈ ਕਿ ਸੈਂਕੜੇ ਕਾਗ਼ਜ਼ ਪਹਿਲਾਂ ਕਚਘਰੜ ਲਿਖਤ ਦੇ ਲਿਖੇ ਜਾਂਦੇ ਹਨ, ਫਿਰ ਉਨ੍ਹਾਂ ਨੂੰ ਆਪਣੇ ਖ਼ਰਚੇ ਤੇ ਛਾਪਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਛਪਣ ਤੋਂ ਬਾਅਦ ਪ੍ਰਸ਼ੰਸਾ ਲਿਖਣ ਲਈ ਲੇਖਕ ਲੱਭੇ ਜਾਂਦੇ ਹਨ, ਫਿਰ ਸਨਮਾਨ ਲੈਣ ਲਈ ਪਹੁੰਚ ਕੀਤੀ ਜਾਂਦੀ ਹੈ, ਕਈ ਤਾਂ ਆਪ ਪੱਲਿਓਂ ਪੈਸਾ ਖ਼ਰਚ ਕੇ ਆਪਣਾ ਸਨਮਾਨ ਕਰਾਉਂਦੇ ਹਨ ਤੇ ਅਭਿਨੰਦਨ ਗ੍ਰੰਥ ਦਾ ਕਾਫੀ ਸਾਰਾ ਬੋਝ ਚੁੱਕਣ ਲਈ ਵੀ ਉਹ ਤਿਆਰ ਹੋ ਜਾਂਦੇ ਹਨ। ਸਪੱਸ਼ਟ ਹੈ ਇਹ ਲੇਖਕ ਸ੍ਵੈ-ਮਾਣ ਨਾਲ ਦੋ ਪੈਰ ਘੱਟ ਤੁਰਨ ਵਾਲੇ ਲੇਖਕਾਂ ਨਾਲੋਂ ਕਾਹਲੀ ਨਾਲ ਤੇਜ਼ੀ ਨਾਲ ਦੌੜਦੇ ਹਨ ਤੇ ਆਖਰਕਾਰ ਨਿਰਾਸ਼ਾ ਦੀ ਡੂੰਘੀ ਖਾਈ ਵਿੱਚ ਡਿੱਗਦੇ ਹਨ।
ਅਜ਼ਰਾ ਪੇਂਡ ਦਾ ਕਹਿਣਾ ਹੈ ਕਿ ਇੱਕ ਗ੍ਰੰਥ ਨਾਲੋਂ ਇੱਕ ਸ਼ਕਤੀਸ਼ਾਲੀ ਬਿੰਬ ਸਿਰਜਣਾ ਜਿਆਦਾ ਲਾਭਕਾਰੀ ਹੁੰਦਾ। ਜਿਹੜੇ ਲੇਖਕ ਹਰ ਸਮੇਂ ਆਪਣੇ ਮੂੰਹੋ ਆਪ ਹੀ ਹਮੇਸ਼ਾ ਆਪਣੀ ਸਿਫਤ ਕਰਦੇ ਹਨ, ਉਹ ਉਸ ਇਸਤਰੀ ਦੀ ਤਰ੍ਹਾਂ ਹਨ, ਜੋ ਹਮੇਸ਼ਾ ਆਪਣੀ ਸੰਤਾਨ ਦੀ ਬੇਲੋੜੀ ਪ੍ਰਸ਼ੰਸਾ ਕਰਦੀ ਰਹਿੰਦੀ ਹੈ। ਰਚਨਾ ਨੇ ਆਪਣੀ ਯੋਗਤਾ ਅਨੁਸਾਰ ਅਤੇ ਸੰਤਾਨ ਨੇ ਆਪਣੇ ਕੰਮਾਂ ਅਨੁਸਾਰ ਲੋਕਾਂ ਕੋਲੋਂ ਪ੍ਰਸ਼ੰਸਾ ਪ੍ਰਾਪਤ ਕਰ ਲੈਣੀ ਹੈ। ਮਾਰਕ ਟਵੇਨ ਦਾ ਇੱਕ ਕਥਨ ਹੈ ਕਿ ਮਨੁੱਖ ਹੀ ਇੱਕ ਅਜਿਹਾ ਜੀਵ ਹੈ, ਜੋ ਸ਼ਰਮਾਉਂਦਾ ਹੈ। ਜਦੋਂ ਦੀ ਝੂਠੀ ਸ਼ਰਮ ਸ਼ੁਰੂ ਹੋਈ ਹੈ, ਉਦੋਂ ਤੋਂ ਹੀ ਸੁਭਾਵਕ ਸ਼ਰਮ ਦੀ ਮੌਤ ਹੋ ਗਈ ਹੈ। ਸ਼ਰਮ ਵਾਲੇ ਤੇ ਛੁਪੇ ਰਹਿਣ ਦੀ ਚਾਹ ਵਾਲੇ ਲੇਖਕ ਤਾਂ ਆਪਣੀ ਪੁਸਤਕ ਉੱਤੇ ਆਪਣਾ ਨਾਂ ਵੀ ਨਹੀਂ ਲਿਖਦੇ ਰਹੇ, ਜਿਵੇਂ ਭਾਈ ਵੀਰ ਸਿੰਘ ਦੀਆਂ ਪੁਸਤਕਾਂ ਉੱਤੇ ਕਿਸੇ ਦੂਸਰੀ ਪੁਸਤਕ ਦਾ ਕਰਤਾ ਹੀ ਲਿਖਿਆ ਹੁੰਦਾ ਹੈ, ਜਿਵੇਂ ਲਹਿਰਾਂ ਦੇ ਹਾਰ ਪੁਸਤਕ ਤੇ ਕਰਤਾ ਦੇ ਨਾਂ ਦੀ ਥਾਂ ਤੇ ਲਿਖਿਆ ਮਿਲਦਾ ਹੈ—ਕਰਤਾ ਰਾਣਾ ਸੂਰਤ ਸਿੰਘ। ਬਾਲਜ਼ਾਕ ਦਾ ਕਹਿਣਾ ਹੈ ਕਿ ਸ਼ਰਮ ਮਨੁੱਖੀ ਸਰੀਰ ਦੀ ਆਤਮਾ ਹੈ। ਨਾ ਕੇਵਲ ਲੇਖਕ ਸਗੋਂ ਸੰਸਾਰ ਦੇ ਪ੍ਰਸਿੱਧ ਦਾਰਸ਼ਨਿਕਾਂ ਦਾ ਜੀਵਨ ਦੱਸਦਾ ਹੈ ਕਿ ਉਨ੍ਹਾਂ ਨੇ ਆਪਣੇ ਦਾਰਸ਼ਨਿਕ ਵਿਚਾਰਾਂ ਨੂੰ ਪੇਸ਼ ਕਰਨ ਵਿੱਚ ਕਿੰਨਾ ਲੰਮਾ ਅਭਿਆਸ ਕੀਤਾ ਹੈ। ਪਲੈਟੋ, ਸੁਕਰਾਤ, ਅਰਸਤੂ, ਡਾਂਟੇ, ਗੈਟੇ ਆਦਿ ਦੇ ਦਰਸ਼ਨ ਨਿਰੰਤਰ ਸਾਧਨਾਂ ਤੇ ਅਭਿਆਸ ਦਾ ਸਿੱਟਾ ਸਨ, ਜੋ ਇੰਨੀਆਂ ਸਦੀਆਂ ਲੰਘਣ ਤੋਂ ਬਾਅਦ ਵੀ ਜਿਨ੍ਹਾਂ ਦੀ ਸਾਰਥਿਕਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਰ ਵਾਲਟਰ ਸਕਾਟ ਬਾਰੇ ਇਹ ਤੱਥ ਜੁੜਿਆ ਹੋਇਆ ਹੈ ਕਿ ਉਨ੍ਹਾਂ ਨੇ ਆਪਣੇ ਇਤਿਹਾਸਕ ਨਾਵਲਾਂ ਨੂੰ ਲਿਖਣ ਲਈ ਆਪਣੀ ਉਮਰ ਦੇ ਅਨੇਕਾਂ ਵਰ੍ਹੇ ਲਗਾਏ ਤੇ ਬੀਮਾਰੀ ਦਾ ਖਿਆਲ ਵੀ ਨਹੀਂ ਕੀਤਾ ਤੇ ਜਦੋਂ ਉਨ੍ਹਾਂ ਦੀ ਮੌਤ ਹੋਈ ਤਾਂ ਉਨ੍ਹਾਂ ਦੇ ਹੱਥਾਂ ਵਿੱਚ ਕਲਮ ਸੀ ਤੇ ਉਹ ਲਿਖ ਰਹੇ ਸਨ।
ਅਜਿਹੇ ਵਿਅਕਤੀ ਆਪਣੀ ਮਨ ਦੀ ਮੌਜ ਵਿੱਚ ਹਮੇਸ਼ਾ ਮਸਤ ਰਹਿੰਦੇ ਹਨ, ਜਿਹੜੇ ਲੋਕ ਜੀਵਨ ਵਿੱਚ ਸੁਪਨੇ ਪਾਲਦੇ ਹਨ ਤੇ ਉਨ੍ਹਾਂ ਸੁਪਨਿਆਂ ਨੂੰ ਅਮਲੀ ਰੂਪ ਵਿੱਚ ਜੀਵਨ ਵਿੱਚ ਸਾਰਥਕ ਬਣਾਉਣ ਲਈ ਨਿਰੰਤਰ ਸਾਧਨਾ ਕਰਦੇ ਹਨ, ਉਨ੍ਹਾਂ ਵਿੱਚ ਦੁਨਿਆਵੀ ਤੌਰ ਤੇ ਅਣਗਹਿਲੀ ਦਾ ਵਤੀਰਾ ਦੇਖਣ ਨੂੰ ਮਿਲਦਾ ਹੈ। ਉਹ ਆਪਣੀ ਪੁਸ਼ਾਕ ਅਤੇ ਹੋਰ ਜੀਵਨ ਦੀਆਂ ਸਾਧਾਰਨ ਰਸਮਾਂ ਸੰਬੰਧੀ ਲਾਪਰਵਾਹੀ ਵਾਲਾ ਵਤੀਰਾ ਧਾਰਨ ਕਰਦੇ ਹਨ, ਕਿਉਂਕਿ ਉਨ੍ਹਾਂ ਦਾ ਮਨ ਤੇ ਦਿਮਾਗ ਤਾਂ ਆਪਣੀ ਕਲਾ ਵਿੱਚ ਹੀ ਰੁਝਿਆ ਰਹਿੰਦਾ ਹੈ। ਪ੍ਰਸਿੱਧ ਵਿਗਿਆਨੀਆਂ ਦਾ ਜੀਵਨ ਵੀ ਦੱਸਦਾ ਹੈ ਕਿ ਉਹ ਜੀਵਨ ਦੇ ਹੋਰ ਝਮੇਲਿਆਂ ਪ੍ਰਤੀ ਕਿੰਨਾ ਅਣਗਹਿਲੀ ਵਾਲਾ ਵਤੀਰਾ ਧਾਰਨ ਕਰਦੇ ਸਨ। ਇਹ ਵਤੀਰਾ ਵੀ ਉਨ੍ਹਾਂ ਦੀ ਮੜ੍ਹਕ ਦੀ ਰੁਚੀ ਦਾ ਹੀ ਪ੍ਰਗਟਾਵਾ ਹੁੰਦਾ ਹੈ। ਉਨ੍ਹਾਂ ਅਨੁਸਾਰ ਉਨ੍ਹਾਂ ਦੀ ਕਲਾ ਅਤੇ ਕੰਮ ਤੋਂ ਬਿਨਾਂ ਸਭ ਗੱਲਾਂ ਤੁੱਛ ਹਨ।
ਦੋ ਪੈਰ ਘੱਟ ਤੁਰਨ ਵਾਲੇ ਤੇ ਸ੍ਵੈ-ਮਾਣ ਭਰਿਆ ਜੀਵਨ ਜੀਣ ਵਾਲੇ ਲੋਕ ਸਿਰਫ ਆਜ਼ਾਦ ਫ਼ਿਜ਼ਾ ਵਿੱਚ ਪਲਰ ਸਕਦੇ ਹਨ। ਭਾਰਤ ਦੀ ਗ਼ਰੀਬੀ ਦਾ ਕਾਰਨ ਵੀ ਇਹ ਹੈ ਕਿ ਅਸੀਂ ਕਈ ਸਦੀਆਂ ਗ਼ੁਲਾਮੀ ਵਿੱਚ ਰਹੇ ਤੇ ਸਾਡੇ ਵਿੱਚ ਸ੍ਵੈ-ਮਾਣ ਦਾ ਬੀਜ ਵੀ ਖ਼ਤਮ ਹੋ ਗਿਆ, ਸਾਡੇ ਵਿੱਚ ਹੀਣ ਭਾਵਨਾ ਰਚ-ਮਿਚ ਗਈ ਹੈ ਤੇ ਅਸੀਂ ਹਮੇਸ਼ਾ ਚੜ੍ਹਦੇ ਸੂਰਜ ਨੂੰ ਹੀ ਸਲਾਮਾਂ ਕਰਨੀਆਂ ਜਾਣਦੇ ਹਾਂ ਤੇ ਜਦੋਂ ਸਾਡਾ ਸੂਰਜ ਬਦਲਦਾ ਹੈ ਤਾਂ ਅਸੀਂ ਫਿਰ ਨਵੇਂ ਸੂਰਜ ਅੱਗੇ ਸੂਰਜਮੁਖੀ ਦੇ ਫੁੱਲ ਬਣ ਜਾਂਦੇ ਹਨ। ਸੰਪੂਰਨ ਆਜ਼ਾਦ ਫ਼ਿਜ਼ਾ ਵਿੱਚ ਪ੍ਰਤਿਭਾ ਅਤੇ ਸ੍ਵੈ-ਮਾਣ ਦਾ ਪੌਦਾ ਪੁੰਗਰ ਸਕਦਾ ਹੈ।