ਲੇਖ : ਮਨੁੱਖੀ ਕ੍ਰੋਧ


ਮਨੁੱਖੀ ਕ੍ਰੋਧ


ਗੁੱਸੇ ਜਾਂ ਕ੍ਰੋਧ ਦੀ ਭਾਵਨਾ ਦੀ ਉਪਜ ਦਾ ਮਨੋਵਿਗਿਆਨਕ ਕਾਰਨ ਸਾਡੇ ਸਵੈਮਾਣ ‘ਤੇ ਲੱਗੀ ਹੋਈ ਚੋਟ ਹੁੰਦਾ ਹੈ। ਇਸ ਨਾਲ ਸਾਡੀ ‘ਮੈਂ’ ਅਰਥਾਤ ਹੰਕਾਰ ਦੀ ਭਾਵਨਾ ਤਿਲਮਿਲਾਉਣ ਲਗ ਜਾਂਦੀ ਹੈ ਤੇ ਇਸ ਦੇ ਪ੍ਰਤੀਕਰਮ ਵਿਚ ਮਨੁੱਖ ਗੁੱਸੇ ਦੇ ਬਾਣ ਛੱਡਦਾ ਹੈ। ਉਸ ਦੇ ਸ਼ਾਂਤ ਸੁੱਤੇ ਮਨ ਦੇ ਸਮੁੰਦਰ ਵਿਚ ਜਦੋਂ ਕੋਈ ਨਿਰਾਦਰ ਦੇ ਕੰਕਰ ਸੁੱਟਦਾ ਹੈ ਤਾਂ ਉਸਦੀ ਸਵੈਮਾਣ ਦੀ ਭਾਵਨਾ ਅਪਮਾਨਿਤ ਮਹਿਸੂਸ ਕਰਨ ਲਗ ਜਾਂਦੀ ਹੈ। ਉਸ ਦਾ ਰਕਤ ਪ੍ਰਵਾਹ ਇਕ ਦਮ ਵਧ ਜਾਂਦਾ ਹੈ, ਚਿਹਰਾ ਲਾਲ ਹੋ ਜਾਂਦਾ ਹੈ, ਮੱਥੇ ਉਤੇ ਤਿਉੜੀਆਂ ਪੈ ਜਾਂਦੀਆਂ ਹਨ, ਅੱਖਾਂ ਫੈਲ ਜਾਂਦੀਆਂ ਹਨ, ਹੋਠ ਅਤੇ ਨਸਾਂ ਫੜਕਣ ਲੱਗ ਜਾਂਦੀਆਂ ਹਨ ਤੇ ਸਰੀਰ ਕੰਬਣ ਲੱਗ ਜਾਂਦਾ ਹੈ। ਵਿਗਿਆਨਕ ਨੁਕਤੇ ਤੋਂ ਉਸ ਦੇ ਸਰੀਰ ਦੇ ਸਾਰੇ ਪੱਠੇ ਤਣ ਜਾਂਦੇ ਹਨ ਤੇ ਉਤੇਜਿਤ ਅਵਸਥਾ ਵਿਚ ਉਹ ਆਪਣਾ ਮਨ ਦਾ ਸਾਵਾਪਣ ਗੰਵਾ ਲੈਂਦਾ ਹੈ। ਇਸ ਤਰ੍ਹਾਂ ਗੁੱਸੇ ਦੀ ਅਵਸਥਾ ਵਿਚ ਮਨੁੱਖ ਦੀ ਸਰੀਰਕ, ਮਾਨਸਿਕ ਅਤੇ ਭਾਵਨਾਤਮਿਕ ਰੂਪ ਵਿਚ ਸਥਿਤੀ ਡਾਵਾਂਡੋਲ ਹੋ ਜਾਂਦੀ ਹੈ, ਉਹ ਨਾ ਸਹੀ ਦਿਸ਼ਾ ਵਿਚ ਸੋਚ ਸਕਦਾ ਹੈ ਅਤੇ ਨਾ ਹੀ ਠੀਕ ਵਿਵਹਾਰ ਕਰ ਸਕਦਾ ਹੈ। ਕ੍ਰੋਧ ਆਉਣ ‘ਤੇ ਵਿਵੇਕ ਦੀ ਭਾਵਨਾ ਨਸ਼ਟ ਹੋਣ ਲਗਦੀ ਹੈ। ਜਿਸ ਮਨੁੱਖ ‘ਤੇ ਕ੍ਰੋਧ ਆ ਰਿਹਾ ਹੈ, ਉਹ ਸਨਮੁੱਖ ਹੋਵੇ ਤਾਂ ਗੁੱਸਾ ਹੋਰ ਵਧਦਾ ਹੈ। ਸਨਮੁੱਖ ਵਿਅਕਤੀ ਦਾ ਬੋਲਣਾ, ਬਹਿਸ ਕਰਨਾ, ਕ੍ਰੋਧ ਦੀ ਅਗਨੀ ਵਿਚ ਘਿਓ ਸੁੱਟਣ ਵਾਲੀ ਗੱਲ ਹੁੰਦੀ ਹੈ ਜਿਸ ਨਾਲ ਉਸ ਦੇ ਗੁੱਸੇ ਦੀਆਂ ਲਾਟਾਂ ਹੋਰ ਉਚੀਆਂ ਹੋ ਜਾਂਦੀਆਂ ਹਨ। ਜ਼ਰੂਰੀ ਇਹ ਹੈ ਕਿ ਇਸ ਤੋਂ ਪਹਿਲਾਂ ਇਹ ਲਾਟਾਂ ਬਲਣ ਤੇ ਦੋਹਾਂ ਨੂੰ ਭਸਮ ਕਰ ਦੇਣ, ਇਹ ਗੁੱਸੇ ਦਾ ਭਾਂਬੜ ਕਿਵੇਂ ਸ਼ਾਂਤ ਹੋਵੇ, ਇਸ ਦਿਸ਼ਾ ਵੱਲ ਕਦਮ ਚੁੱਕਣੇ ਚਾਹੀਦੇ ਹਨ।

ਇਸ ਦਾ ਪ੍ਰਯੋਗ ਸਮਾਜ ਅਤੇ ਪਰਿਵਾਰ ਦੀ ਦਸ਼ਾ ਨੂੰ ਉੱਨਤ ਕਰਨ ਲਈ ਵੀ ਕੀਤਾ ਜਾ ਸਕਦਾ ਹੈ ਅਤੇ ਇਸ ਕਾਰਗਰ ਸੁਕ੍ਰਿਆ ਲਈ ਇਹ ਵੀ ਜ਼ਰੂਰੀ ਹੈ ਕਿ ਗੁੱਸਾ ਵਿਅਕਤੀਗਤ ਸਵਾਰਥ ਤੋਂ ਪ੍ਰੇਰਿਤ ਨਾ ਹੋਵੇ। ਜੇ ਇਸ ਦਾ ਪ੍ਰਯੋਗ ਨੈਤਿਕ, ਸਮਾਜਿਕ ਉੱਨਤੀ ਲਈ ਕੀਤਾ ਜਾਵੇ ਤਾਂ ਕ੍ਰੋਧ ਕ੍ਰਾਂਤੀਕਾਰੀ ਪਰਿਵਰਤਨ ਦਾ ਰਾਹ ਦਸੇਰਾ ਬਣ ਸਕਦਾ ਹੈ।

ਕ੍ਰੋਧ ਕਈ ਦਿਸ਼ਾਵਾਂ ਵੱਲ ਆਪਣੀ ਭੂਮਿਕਾ ਨਿਭਾਉਂਦਾ ਹੈ। ਕ੍ਰੋਧ ਦੀ ਭਾਵਨਾ ਸਾਧਾਰਣ ਵਿਅਕਤੀ ਤੋਂ ਲੈ ਕੇ ਮਹਾਂਪੁਰਸ਼ਾਂ ਵਿਚ ਵੀ ਵੇਖਣ ਨੂੰ ਮਿਲਦੀ ਹੈ, ਫਰਕ ਕੇਵਲ ਇਤਨਾ ਹੈ ਕਿ ਜਿਥੇ ਸਾਧਾਰਣ ਵਿਅਕਤੀ ਵਿਚ ਇਹ ਭਾਵਨਾ ਨਾਕਾਰਾਤਮਿਕ ਭੂਮਿਕਾ ਅਦਾ ਕਰਦੀ ਹੈ ਉਥੇ ਮਹਾਂਪੁਰਖ ਗੁੱਸੇ ਦਾ ਸਾਧਿਆ ਹੋਇਆ ਰੂਪ ਵਰਤ ਕੇ ਸਮਾਜਿਕ ਕਲਿਆਣ ਤੇ ਕ੍ਰਾਂਤੀਕਾਰੀ ਭਾਵਨਾ ਰਾਹੀਂ ਵਿਅਕਤ ਕਰਦੇ ਹਨ। ਗੁਰੂ ਨਾਨਕ ਦੇਵ ਜੀ ਜਦੋਂ ਬਾਬਰ ਬਾਦਸ਼ਾਹ ਦੇ ਜ਼ੁਲਮਾਂ ਨੂੰ ਨਿੰਦਦੇ ਹੋਏ ਰੋਹ ਭਾਵਨਾ ਨੂੰ ਵਿਅਕਤ ਕਰਦੇ ਹਨ, ਉਹ ਪਰਮਾਤਮਾ ਤਕ ਨੂੰ ਵੀ ਆਪਣੀ ਰੋਹ ਭਰੀ ਭਾਵਨਾ ਪੇਸ਼ ਕਰਨ ਤੋਂ ਪਿੱਛੇ ਨਹੀਂ ਹਟਦੇ। ਇਸ ਭਾਵਨਾ ਨਾਲ ਹੀ ਗੁਰੂ ਨਾਨਕ ਦੇਵ ਜੀ ਕ੍ਰਾਂਤੀ ਦਾ ਬੀਜ ਪਾਉਂਦੇ ਹਨ ਜੋ ਪਿੱਛੋਂ ਜਾ ਕੇ ਗੁਰੂ ਗੋਬਿੰਦ ਸਿੰਘ ਇਸ ਨੂੰ ਜਥੇਬੰਦੀ ਦੇ ਰੂਪ ਵਿਚ ਸਿੱਖਾਂ ਨੂੰ ਇਕ ਅਨੁਸ਼ਾਸਨ ਵਿਚ ਰੱਖਦੇ ਹੋਏ ਇਕ ਸ਼ਕਤੀਸ਼ਾਲੀ ਕੰਮ ਵਿਚ ਸਿਰਜ ਲੈਂਦੇ ਹਨ। ਬਾਅਦ ਵਿਚ ਬੰਦਾ ਸਿੰਘ ਬਹਾਦਰ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਸਰਹਿੰਦ ਦੀ ਇੱਟ ਨਾਲ ਇੱਟ ਵਜਾ ਕੇ ਲੈਂਦਾ ਹੈ ਤਾਂ ਉਹ ਸਾਕਾਰਤਮਿਕ ਗੁੱਸੇ ਦੀ ਭਾਵਨਾ ਨੂੰ ਹੀ ਵਿਅਕਤ ਕਰ ਰਿਹਾ ਹੁੰਦਾ ਹੈ।

ਇਸ ਗੁੱਸੇ ਦੀ ਉਤਪਤੀ ਜੇ ਕਿਸ ਗਲਤ ਪਰੰਪਰਾ, ਸਮਾਜਿਕ ਲਾਹਨਤ ਨੂੰ ਦੂਰ ਕਰਨ ਲਈ ਹੋਵੇ ਤਾਂ ਉਸ ਦਾ ਸਾਕਾਰਤਮਿਕ ਪਹਿਲੂ ਸਾਰਥਿਕ ਭੂਮਿਕਾ ਅਦਾ ਕਰ ਸਕਦਾ ਹੈ, ਪਰ ਸਮਾਜਿਕ ਜੀਵਨ ਵਿਚ ਵਿਅਕਤੀਗਤ ਤੌਰ ਤੇ ਕ੍ਰੋਧ ਕਰਨਾ ਤੇ ਭੜਾਸ ਕੱਢਣਾ ਤੇ ਸਰੀਰਕ ਬੁਖਲਾਹਟ ਵਿਖਾਉਣਾ ਤੇ ਬਾਅਦ ਵਿਚ ਪਛਤਾਵਾ, ਆਪਣਾ ਮਨੋਬਲ ਗੰਵਾਉਣਾ ਹੈ ਅਤੇ ਆਪਣੇ ਅੰਦਰ ਗ਼ਲਤ ਆਦਤਾਂ ਧਾਰਨ ਕਰਨਾ ਹੈ। ਕੁਝ ਲੋਕ ਆਪਣੇ ਆਲੇ ਦੁਆਲੇ ਬਣਾਉਟੀ ਗੁੱਸੇ ਦਾ ਕਿਲਾ ਉਸਾਰਦੇ ਹਨ ਤੇ ਨਿਤਾਣੇ ਕਮਜ਼ੋਰ ‘ਤੇ ਗੁੱਸਾ ਦਿਖਾਉਂਦੇ ਹਨ, ਪਰ ਜਦੋਂ ਬਲਵਾਨ ਨਾਲ ਵਾਹ ਪੈਂਦਾ ਹੈ ਤਾਂ ਰੇਤੇ ਦਾ ਇਹ ਕਿਲਾ ਉਨ੍ਹਾਂ ਦੀ ਰੱਖਿਆ ਨਹੀਂ ਕਰਦਾ ਤੇ ਉਸ ਸਮੇਂ ਉਨ੍ਹਾਂ ਦੀ ਬੇਬਸੀ ਤੇ ਲਾਚਾਰੀ ਹਾਸੋਹੀਣਾ ਅਵਸਥਾ ਧਾਰਨ ਕਰਦੀ ਹੈ। ਅਜਿਹੇ ਲੋਕਾਂ ਨੂੰ ਆਪਣੇ ਮੂਰਖ ਹੋਣ ਦਾ ਗੁਮਾਨ ਜਿਹਾ ਹੋ ਜਾਂਦਾ ਹੈ ਤੇ ਉਹ ਆਪਣੇ ਸੁਭਾਅ ਨਾਲ ਇਹ ਤਖਤੀ ਜੋੜ ਕੇ ਰੱਖਦੇ ਹਨ ਕਿ ‘ਸਾਨੂੰ ਗੁੱਸਾ ਬਹੁਤ ਆਉਂਦਾ ਹੈ’ ਪਰ ਗੁੱਸੇ ਦਾ ਇਹ ਢੰਗ ਉਨ੍ਹਾਂ ਲਈ ਬਹੁਤ ਭਿਆਨਕ ਰੂਪ ਧਾਰਨ ਕਰਦਾ ਹੈ, ਜਦੋਂ ਉਨ੍ਹਾਂ ਨੂੰ ਸਨਮੁੱਖ ਵਿਅਕਤੀ ਦੀ ਤਾਕਤ ਦਾ ਅੰਦਾਜ਼ਾ ਨਹੀਂ ਲਗਦਾ। ਇਕ ਵਾਰ ਇਕ ਕਸਬੇ ਦੀ ਹਾਕੀ ਟੀਮ ਨਾਲ ਉਨ੍ਹਾਂ ਦੇ ਉਹ ਸਾਥੀ ਵੀ ਹੱਲਾਸ਼ੇਰੀ ਦੇਣ ਲਈ ਪੁੱਜੇ, ਜਿਨ੍ਹਾਂ ਬਾਰੇ ਉਨ੍ਹਾਂ ਦੀ ਆਪਣੇ ਕਸਬੇ ਵਿਚ ਅਖੌਤੀ ਦਹਿਸ਼ਤ ਮਸ਼ਹੂਰ ਸੀ। ਬਰਾਬਰ ਦੀ ਟੱਕਰ ਸੀ, ਦਹਿਸ਼ਤ ਫੈਲਾਉਣ ਵਾਲੇ ਕਸਬੇ ਦੇ ਮੁੰਡਿਆਂ ਨੇ ਆਪਣੇ ਸੁਭਾਅ ਦੇ ਅਨੁਕੂਲ ਵਿਰੋਧੀ ਧਿਰ ਨੂੰ ਗਾਲ੍ਹਾਂ ਕੱਢਣੀਆਂ ਤੇ ਡਰਾਵੇ ਦੇਣੇ ਸ਼ੁਰੂ ਕਰ ਦਿੱਤੇ। ਉਥੇ ਉਸ ਸ਼ਹਿਰ ਵਾਲੇ ਕਾਲਜ ਦੇ ਹੋਸਟਲ ਦੇ ਰਸੋਈਏ ਵੀ ਮੈਚ ਦੇਖ ਰਹੇ ਸਨ, ਉਹ ਪਹਿਲਾਂ ਤਾਂ ਸੁਣਦੇ ਰਹੇ ਤੇ ਸਹਿੰਦੇ ਰਹੇ ਪਰ ਜਦੋਂ ਸਬਰ ਦਾ ਪਿਆਲਾ ਛਲਕ ਪਿਆ ਤਾਂ ਉਨ੍ਹਾਂ ਰਸੋਈਆਂ ਨੇ ਉਹ ਗੁੱਸੇ ਵਾਲੇ ਦਹਿਸ਼ਤ ਵਾਲੇ ਮੁੰਡੇ ਬਣਾ ਸੰਵਾਰ ਕੇ ਕੁੱਟੇ ਤੇ ਉਹ ਮਸਾਂ ਜਾਨਾਂ ਬਚਾ ਕੇ ਨੱਸੇ। ਇਕ ਦੋ ਨੂੰ ਤਾਂ ਉਸ ਸ਼ਹਿਰ ਦੇ ਹਸਪਤਾਲ ਵਿਚ ਦਾਖਲ ਕਰਾਉਣਾ ਪਿਆ। ਉਹ ਜਦੋਂ ਵਾਪਸ ਆਪਣੇ ਕਸਬੇ ਵਿਚ ਪਹੁੰਚੇ ਤਾਂ ਮੂੰਹ ਦਿਖਾਉਣ ਜੋਗੇ ਵੀ ਨਾ ਰਹੇ ਤੇ ਕਹਿਣ ਲੱਗੇ “ਸ਼ਹਿਰ ਵਿਚ ਕੀ ਪਤਾ ਹੈ ਕਿਸੇ ਨੂੰ ਕਿ ਅਸੀਂ ਏਥੇ ਦੇ ਬਦਮਾਸ਼ ਹੁੰਦੇ ਹਾਂ।”

ਗੁੱਸੇ ਦੇ ਕਈ ਰੰਗ ਅਤੇ ਕਿਸਮਾਂ ਹਨ। ਇਕ ਸਾਧਾਰਣ ਵਿਅਕਤੀ ਦੇ ਗੁੱਸੇ ਦੀ ਭਾਵਨਾ ਵਿਚ ਜ਼ਿਮੀ-ਆਸਮਾਨ ਦਾ ਫਰਕ ਸਾਹਮਣੇ ਆਉਂਦਾ ਹੈ। ਸਾਹਿਤਕ ਰਚਨਾਵਾਂ ਵਿੱਚ ਵੀ ਇਨ੍ਹਾਂ ਰਾਜਿਆਂ ਦੀਆਂ ਮਿਸਾਲਾਂ ਮਿਲਦੀਆਂ ਹਨ। ਅਲੈਂਗਜੈਂਡਰ ਪੋਪ ਦੀ ਕਵਿਤਾ ‘ਜ਼ੁਲਫ ਦਾ ਬਲਾਤਕਾਰ’ ਵਿਚ ਗੁੱਸੇ ਵਿਚ ਕੱਟੀ ਗਈ ਵਾਲਾਂ ਦੀ ਇਕ ਲਿਟ ਨੂੰ ਵਾਪਸ ਲੈਣ ਲਈ ਯੁੱਧ ਛਿੜਦਾ ਹੈ। ਇਸ ਤਰ੍ਹਾਂ ਨਾਦਿਰਸ਼ਾਹ ਬਾਰੇ ਮਸ਼ਹੂਰ ਹੈ ਕਿ ਨਾਦਰ ਦੇ ਹਮਲੇ ਵੇਲੇ ਇਕ ਭੰਗੜ ਦਿਹਲਵੀ ਨੇ ਗੱਪ ਉਡਾ ਦਿੱਤੀ ਕਿ ਨਾਦਿਰ ਦਾ ਕਿਲੇ ਅੰਦਰ ਕਤਲ ਕੀਤਾ ਗਿਆ ਹੈ। ਨਾਦਿਰ ਨੂੰ ਇਹ ਸੁਣ ਕੇ ਇਤਨਾ ਗੁੱਸਾ ਆਉਂਦਾ ਹੈ ਕਿ ਨਾਦਿਰ ਤਲਵਾਰ ਧੂਹ ਕੇ ਕਿਲੇ ਅੰਦਰ ਕਤਲ ਕੀਤਾ ਗਿਆ ਹੈ। ਨਾਦਿਰ ਨੂੰ ਸੁਣ ਕੇ ਇਨ੍ਹਾਂ ਗੁੱਸਾ ਆਉਂਦਾ ਹੈ ਕਿ ਨਾਦਿਰ ਤਲਵਾਰ ਧੂਹ ਕੇ ਸੁਨਹਿਰੀ ਮਸੀਤ ਵਿਚ ਮਾਰ ਬੈਠਦਾ ਹੈ ਤੇ ਕਤਲਾਮ ਦਾ ਹੁਕਮ ਦਿੰਦਾ ਹੈ। ਨੌ ਘੰਟੇ ਦੀ ਕਤਲਾਮ ਵਿਚ ਕਈ ਹਜ਼ਾਰ ਨਾਦਿਰ ਦੇ ਗੁੱਸੇ ਦਾ ਸ਼ਿਕਾਰ ਹੁੰਦੇ ਹਨ।

ਗੁੱਸੇ ਦਾ ਵਹਾਓ ਉਸ ਪਹਾੜੀ ਨਾਲੇ ਦੀ ਤਰ੍ਹਾਂ ਹੁੰਦਾ ਹੈ, ਜਿਹੜਾ ਹੜ ਆਉਣ ‘ਤੇ ਸਭ ਹੱਦਾਂ ਬੰਨੇ ਤੋੜ ਕੇ ਆਪਣੇ ਨਿਕਾਸ ਦਾ ਰਾਹ ਬਣਾ ਲੈਂਦਾ ਹੈ। ਮਨੁੱਖ ਦੀ ਸਾਰੀ ਸੋਚ ਨਿਰਾਸ਼ਾਭਰੀ ਤੇ ਨਕਾਰਾਤਮਿਕ ਹੋ ਜਾਂਦੀ ਹੈ ਤੇ ਉਹ ਦੁਖੀ ਤੇ ਤਨਾਵਗ੍ਰਸਤ ਅਵਸਥਾ ਵਿਚ ਵਿਚਰਦਾ ਹੈ। ਉਹ ਆਪਣੇ ਆਪ ਨੂੰ ਇੱਕਲਾ, ਅਸ਼ਾਂਤ ਤੇ ਦੁਖੀ ਸਮਝਦਾ ਹੈ ਤੇ ਉਹ ਬੇਬਸ ਹੋ ਕੇ ਆਤਮਗਲਾਨੀ ਦੇ ਭੰਵਰ ਵਿਚ ਹਟਕੌਰੇ ਖਾਂਦਾ ਹੈ। ਉਸ ਨੂੰ ਸਾਰੇ ਸਹਾਰੇ ਝੂਠੇ ਅਤੇ ਛੁੱਟ ਗਏ ਪ੍ਰਤੀਤ ਹੁੰਦੇ ਹਨ। ਕ੍ਰੋਧ ਦੀ ਇਹ ਸਥਿਤੀ ਅਚਾਨਕ ਆਪਣੇ ਆਪ ਬਿਨਾਂ ਕਾਰਨ ਨਹੀਂ ਆਉਂਦੀ, ਗੁੱਸਾ ਸਥਿਤੀ ਅਨੁਸਾਰ ਪਰਵਰਤਿਤ ਹੁੰਦਾ ਹੈ। ਕਈ ਵਾਰੀ ਸਾਧਾਰਣ ਜਿਹੀ ਸਥਿਤੀ ਤੋਂ ਕ੍ਰੋਧ ਉਪਜਦਾ ਹੈ, ਜਿਸ ਦੇ ਭਿਅੰਕਰ ਨਤੀਜੇ ਨਿਕਲਦੇ ਹਨ। ਸੜਕ ‘ਤੇ ਚਲਦੇ ਹੋਏ ਜਦੋਂ ਦੋ ਵਾਹਨ ਆਪਸ ਵਿਚ ਟਕਰਾਉਂਦੇ ਹਨ, ਉਨ੍ਹਾਂ ਦੇ ਡਰਾਈਵਰ ਇਕ ਦੂਜੇ ਨੂੰ ਦੋਸ਼ੀ ਠਹਿਰਾਂਦੇ ਹੋਏ ਗੁੱਸੇ ਦੀ ਸੀਮਾ ਟੱਪਦੇ ਦਿਖਾਈ ਦਿੰਦੇ ਹਨ, ਕਈ ਵਾਰੀ ਇਹ ਝਗੜੇ ਇਕ ਦੂਸਰੇ ਨੂੰ ਮਾਰਨ ਤਕ ਵੀ ਜਾ ਪਹੁੰਚਦੇ ਹਨ। ਕਾਫੀ ਸਮਾਂ ਪਹਿਲਾਂ ਪੁਰਾਣੇ ਕ੍ਰਿਕਟ ਕਪਤਾਨ ਲਾਲਾ ਅਮਰਨਾਥ ਦਾ ਅਮਪਾਇਰ ਵਿਰੁੱਧ ਕੀਤਾ ਗਿਆ ਗੁੱਸਾ ਅਤੇ ਉਸ ਦਾ ਪਰਿਣਾਮ ਖੇਡ ਜਗਤ ਦੇ ਪ੍ਰੇਮੀਆਂ ਨੂੰ ਨਹੀਂ ਭੁੱਲਦੇ। ਜ਼ਿੰਦਗੀ ਦੇ ਹਰ ਖੇਤਰ ਵਿਚ ਮਿਸਾਲਾਂ ਭਰੀਆਂ ਹੋਈਆਂ ਹਨ ਜਿਥੇ ਉਸ ਸਮੇਂ ਗੁੱਸੇ ਵਾਲੀ ਪ੍ਰਸਥਿਤੀ ‘ਤੇ ਕਾਬੂ ਕਰ ਲਿਆ ਹੁੰਦਾ ਤਾਂ ਹੋਣੀ ਨਾ ਵਾਪਰਦੀ।

ਇਹ ਠੀਕ ਹੈ ਕਿ ਕ੍ਰੋਧਿਤ ਵਿਅਕਤੀ ਆਪ ਉਸ ਸਮੇਂ ਅਸੰਤੁਲਿਤ ਮਾਨਸਿਕ ਅਵਸਥਾ ਵਿਚ ਹੋਣ ਕਰ ਕੇ ਸਾਰਥਕ ਉਪਾਅ ਨਹੀਂ ਸੋਚ ਸਕਦਾ ਅਤੇ ਨਾ ਹੀ ਕੋਈ ਉਪਾਅ ਅਪਣਾ ਸਕਦਾ ਹੈ। ਪਰ ਦੂਸਰੇ ਵਿਅਕਤੀ, ਜੋ ਗੁੱਸੇ ਦੇ ਕਾਰਨ ਨਾਲ ਸਬੰਧਿਤ ਹੁੰਦੇ ਹਨ, ਮਦਦ ਕਰ ਸਕਦੇ ਹਨ। ਕ੍ਰੋਧ ਦੀ ਅਵਸਥਾ ਵਿਚ ਕ੍ਰੋਧ ਆਉਣ ਦਾ ਮੂਲ ਕਾਰਨ ਲੱਭ ਕੇ ਉਸ ਦੀ ਤਹਿ ਵਿਚ ਜਾ ਕੇ ਜੇ ਉਨ੍ਹਾਂ ਕਾਰਨਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਜਾਵੇ ਤਾਂ ਸਮੱਸਿਆ ਦਾ ਹੱਲ ਲੱਭ ਜਾਂਦਾ ਹੈ ਤੇ ਬਰਬਾਦੀ ਤੋਂ ਬਚਿਆ ਜਾ ਸਕਦਾ ਹੈ। ਪਰ ਜੇ ਕ੍ਰੋਧੀ ਵਿਅਕਤੀ ਭੜਾਸ ਕੱਢਦਾ ਰਹੇ, ਗਾਲ੍ਹਾਂ ਜਾਂ ਮੰਦੇ ਬੋਲ ਬੋਲਦਾ ਰਹੇ ਤਾਂ ਉਸ ਦੀ ਪ੍ਰਸਥਿਤੀ ਵਿਚ ਸੁਧਾਰ ਨਹੀਂ ਆ ਸਕਦਾ। ਕ੍ਰੋਧੀ ਵਿਅਕਤੀ ਜਿਸ ਵੀ ਗੱਲ ਨਾਲ ਆਵੇਸ਼ ਵਿਚ ਆ ਗਿਆ ਹੈ ਉਸ ਨੂੰ ਉਹ ਆਪ ਦੂਰ ਤਾਂ ਨਹੀਂ ਕਰ ਸਕਦਾ, ਇਸ ਲਈ ਜਿਸ ਦੀ ਵਜ੍ਹਾ ਨਾਲ ਇਹ ਸਥਿਤੀ ਉਪਜੀ ਹੈ, ਉਹ ਹੀ ਨਾਜ਼ੁਕ ਹੋ ਕੇ ਖਿਮਾ ਮੰਗ ਲਵੇ, ਜਾਂ ਫਿਰ ਵਿਸ਼ਵਾਸ ਦੇ ਦੇਵੇ ਕਿ ਹੁਣ ਉਹ ਸ਼ਾਂਤ ਹੋ ਜਾਵੇ, ਅੱਗੇ ਤੋਂ ਇਸ ਤਰ੍ਹਾਂ ਨਹੀਂ ਹੋਵੇਗਾ ਜਾਂ ਫਿਰ ਸਾਹਮਣੇ ਤੋਂ ਹੀ ਹਟ ਜਾਵੇ ਜਾਂ ਸਾਹਮਣੇ ਰਹੇ ਤਾਂ ਚੁੱਪ ਧਾਰਨਾ ਚੰਗੀ ਗੱਲ ਹੈ ਕਿਉਂਕਿ ਸਫਾਈ ਦੇਣ ਨਾਲ ਆਪਣੀ ਗੱਲ ਨਾ ਮੰਨਣ ਨਾਲ ਜਾਂ ਤਰਕ ਦੇਣ ਨਾਲ ਕ੍ਰੋਧ ਵਧੇਗਾ ਅਤੇ ਕ੍ਰੋਧੀ ਵਿਅਕਤੀ ਆਕਰਾਮਿਕ ਵੀ ਹੋ ਸਕਦਾ ਹੈ, ਉਸ ਦੀ ਖਿੱਝ ਵੱਧ ਸਕਦੀ ਹੈ ਤੇ ਇਸ ਅਵਸਥਾ ਵਿਚ ਉਹ ਤੁਹਾਡੇ ਸਰੀਰ ‘ਤੇ ਵੀ ਹਮਲਾ ਕਰ ਸਕਦਾ ਹੈ।

ਇਸ ਤਰ੍ਹਾਂ ਕ੍ਰੋਧ ਦੇ ਆਵੇਗ ਨਾਲ ਚੁੱਪ ਰਹਿਣਾ ਤਤਕਾਲ ਗਲਤੀ ਮੰਨ ਲੈਣਾ ਗੱਲ ਨੂੰ ਤੁਰੰਤ ਹੀ ਖਤਮ ਕਰਨਾ ਹੈ। ਇਸ ਲਈ ਕ੍ਰੋਧ ਅਗਨੀ ਠੰਢੇ ਪਾਣੀ ਪੈਣ ਦੀ ਤਰ੍ਹਾਂ ਸ਼ਾਂਤ ਵੀ ਹੋ ਜਾਂਦੀ ਹੈ।

ਕ੍ਰੋਧਿਤ ਵਿਅਕਤੀ ਦੀ ਕ੍ਰੋਧ ਅਗਨੀ ਨੂੰ ਹੋਰ ਹਵਾ ਦੇਣਾ, ਉਸ ਦੀ ਸਥਿਤੀ ਨੂੰ ਪਹਿਲੇ ਤੋਂ ਜ਼ਿਆਦਾ ਬੁਰਾ ਬਣਾਉਣਾ ਹੈ। ਭੜਾਸ ਕੱਢਣ ਲਈ ਵਿਅਕਤੀ ਬੋਲਦਾ ਚਲਾ ਜਾਂਦਾ ਹੈ, ਅਗਲੀਆਂ ਪਿਛਲੀਆਂ ਫਜ਼ੂਲ ਗੱਲਾਂ ਨੂੰ ਉਠਾਂਦਾ ਹੈ, ਗੁੱਸੇ ਵਿਚ ਰੋਂਦਾ ਕੁਰਲਾਂਦਾ ਹੈ, ਪਰ ਸਾਹਮਣੇ ਵਾਲੇ ‘ਤੇ ਕੋਈ ਅਸਰ ਨਹੀਂ ਹੁੰਦਾ ਤੇ ਉਹ ਚੀਖ ਚਲਾਹਣ ਵੀ ਕਰਦਾ ਹੈ। ਇਨ੍ਹਾਂ ਸਭ ਗੱਲਾਂ ਨਾਲ ਸਰੀਰਕ ਗੁੱਸਾ ਤਾਂ ਘੱਟ ਹੁੰਦਾ ਨਹੀਂ ਪਰ ਗੁੱਸੇ ਨਾਲ ਮੂੰਹ ਤੋਂ ਨਿਕਲੀ ਗੱਲ ਜ਼ਰੂਰ ਮੀਲ ਪੱਥਰ ਬਣ ਕੇ ਪਛਤਾਵਾ ਦਿੰਦੀ ਹੈ। ਕ੍ਰੋਧਿਤ ਵਿਵਹਾਰ ਦੀ ਪ੍ਰਤੀਕ੍ਰਿਆ ਵੀ ਦੂਸਰੇ ਲੋਕਾਂ ਨੂੰ ਉਤੇਜਿਤ ਕਰਨ ਵਿਚ ਸਹਾਇਕ ਸਿੱਧ ਹੁੰਦੀ ਹੈ। ਕਿਸੇ ‘ਤੇ ਭੜਾਸ ਕੱਢ ਕੇ ਅਸੀਂ ਖੁਦ ਨੂੰ ਹੀ ਬਰਾਬਰ ਨਸ਼ਟ ਕਰਦੇ ਹਾਂ। ਕ੍ਰੋਧ ਦਾ ਪਰਿਣਾਮ ਪਛਤਾਵਾ ਹੈ। ਇਸ ਤੋਂ ਬਚਣ ਲਈ ਆਪਣੀ ਸੁਰੱਖਿਆ ਲਈ ਪਛਤਾਣਾ ਨਾ ਪਵੇ, ਨਜ਼ਰਾਂ ਨਾ ਝੁਕਾਣੀਆਂ ਪੈਣ, ਇਸ ਦੇ ਲਈ ਜਦੋਂ ਅਸੀਂ ਸੰਤੁਲਿਤ ਜਾਂ ਸਮਾਨ ਸਥਿਤੀ ਵਿਚ ਹੋਈਏ, ਮਨ ਬਣਾਉਣਾ ਚਾਹੀਦਾ ਹੈ ਕਿ ਕਿਹੜਾ ਵਿਵਹਾਰ ਜਾਂ ਕਿਹੜੀ ਸਥਿਤੀ ਤੁਹਾਨੂੰ ਉਤੇਜਿਤ ਕਰ ਦਿੰਦੀ ਹੈ। ਤੁਹਾਡੀਆਂ ਪਸੰਦਾਂ, ਵਿਸ਼ਵਾਸ, ਸ਼ੋਕ ਕਿਸ ਤਰ੍ਹਾਂ ਦੇ ਹਨ, ਦੱਸਣੇ ਠੀਕ ਹਨ ਕਿਉਂਕਿ ਇਸ ਨਾਲ ਹੋਰ ਲੋਕ ਸਮਝ ਜਾਣਗੇ ਕਿ ਤੁਹਾਡੀਆਂ ਪਸੰਦਾਂ, ਹਸਰਤਾਂ ਜਾਂ ਉਮੀਦਾਂ ਕੀ ਹਨ ਅਤੇ ਤੁਸੀਂ ਉਨ੍ਹਾਂ ਨੂੰ ਕਿਸ ਤਰ੍ਹਾਂ ਪੂਰਾ ਕਰਨਾ ਚਾਹੁੰਦੇ ਹੋ।

ਯਾਦ ਰਹੇ, ਸਾਧਾਰਣ ਤੌਰ ਉਤੇ ਸਮਾਜਕ ਜੀਵਨ ਵਿਚ ਆਪਣਿਆਂ ਤੇ ਹੀ ਕ੍ਰੋਧ ਉਪਜਦਾ ਹੈ ਅਤੇ ਆਪਣਿਆਂ ਦਾ ਵਿਵਹਾਰ ਹੀ ਕ੍ਰੋਧ ਦਾ ਕਾਰਨ ਬਣਦਾ ਹੈ। ਇਕ ਮੈਂਬਰ ਦਾ ਕ੍ਰੋਧ ਕਿਸੇ ਨਾ ਕਿਸੇ ਸੀਮਾ ਤਕ ਪਰਿਵਾਰ ਦੇ ਮੈਂਬਰਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ, ਘਰ ਦਾ ਚੈਨ ਤਬਾਹ ਕਰਦਾ ਹੈ। ਕ੍ਰੋਧ ਆਪਣਿਆਂ ਵਿਚ ਅਣ-ਇੱਛਤ ਵਿਵਹਾਰ ਦੀ ਉਪਜ ਹੈ, ਅਰਥਾਤ ਉਸ ਨੂੰ ਸਾਰੇ ਹੀ ਦੂਰ ਕਰ ਸਕਦੇ ਹਨ। ਕ੍ਰੋਧੀ ਵਿਅਕਤੀ ਨੂੰ ਬੀਮਾਰ ਮਾਨਸਿਕਤਾ ਦਾ ਸਮਝ ਕੇ ਉਸ ਦੀ ਮਦਦ ਤਾਂ ਕਰ ਸਕਦੇ ਹਾਂ।