ਲੇਖ : ਮਨਿ ਜੀਤੈ ਜਗੁ ਜੀਤ

ਮਨਿ ਜੀਤੈ ਜਗੁ ਜੀਤ

ਅਰਥ : ‘ਮਨਿ ਜੀਤੈ ਜਗੁ ਜੀਤੁ’ ਤੁਕ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੀ ਹੋਈ ਹੈ। ਇਹ ਬਾਣੀ ‘ਜਪੁਜੀ ਸਾਹਿਬ ਦੀ 27ਵੀਂ ਪਉੜੀ ਵਿੱਚ ਦਰਜ ਹੈ। ਇਸ ਵਿੱਚ ਗੁਰੂ ਜੀ ਨੇ ਇੱਕ ਅਟੱਲ ਸਚਾਈ ਨੂੰ ਬਿਆਨ ਕੀਤਾ ਹੈ। ਮਨੁੱਖ ਆਪਣੇ ਮਨ ‘ਤੇ ਕਾਬੂ ਪਾ ਕੇ ਹੀ ਸਾਰੇ ਸੰਸਾਰ ਨੂੰ ਜਿੱਤ ਲੈਣ ਦੇ ਸਮਰੱਥ ਹੋ ਸਕਦਾ ਹੈ। ਭਾਵ ਮਨ ਦਾ ਜੇਤੂ ਜੱਗ-ਜੇਤੂ ਹੋ ਜਾਂਦਾ ਹੈ।

ਮਨ ਕੀ ਹੈ ? : ਮਨ ਸਰੀਰ ਦਾ ਇੱਕ ਸੂਖਮ ਅੰਗ ਹੈ ਜੋ ਦਿਸਦਾ ਨਹੀਂ ਸਗੋਂ ਅਨੁਭਵ ਹੁੰਦਾ ਹੈ ਤੇ ਅਛੋਹ ਹੈ। ਇਹ ਮਨੁੱਖੀ ਸਰੀਰਕ ਢਾਂਚੇ ਨੂੰ ਚਲਾਉਂਦਾ ਹੈ। ਇਸ ਦਾ ਟਿਕਾਣਾ ਦਿਮਾਗ਼ ਵਿੱਚ ਹੁੰਦਾ ਹੈ ਜਦੋਂ ਕਿ ਦਿਲ ਛਾਤੀ ਵਿੱਚ ਹੁੰਦਾ ਹੈ। ਮਨ ਅੱਖਾਂ ਨੂੰ ਵੇਖਣ, ਕੰਨਾਂ ਨੂੰ ਸੁਣਨ, ਨੱਕ ਨੂੰ ਸੁੰਘਣ, ਹੱਥਾਂ ਨੂੰ ਕੰਮ ਕਰਨ ਅਤੇ ਪੈਰਾਂ ਨੂੰ ਤੁਰਨ-ਫਿਰਨ ਦੀ ਸ਼ਕਤੀ ਦਿੰਦਾ ਹੈ।

ਮਨ ਚੰਚਲ ਹੈ : ਮਨ ਚੰਚਲ ਹੈ। ਇਹ ਭਟਕਦਾ ਹੀ ਰਹਿੰਦਾ ਹੈ। ਇਹ ਮਨ ਹੀ ਹੈ ਜਿਸ ਵਿੱਚ ਸਾਡੀਆਂ ਇੱਛਾਵਾਂ, ਲਾਲਸਾਵਾਂ, ਉਮੰਗਾਂ ਤੇ ਸਧਰਾਂ ਪਲਦੀਆਂ ਹਨ। ਮਨ ਦੇ ਹੁਕਮ ਅਨੁਸਾਰ ਹੀ ਸਾਡੀਆਂ ਗਿਆਨ ਇੰਦਰੀਆਂ ਕੰਮ ਕਰਦੀਆਂ ਹਨ। ਇਸ ਵਿੱਚ ਇੱਛਾਵਾਂ ਪੈਦਾ ਹੁੰਦੀਆਂ ਹਨ ਜੋ ਮਿਰਗ-ਤ੍ਰਿਸ਼ਨਾ ਵਾਂਗ ਵਧਦੀਆਂ ਹੀ ਜਾਂਦੀਆਂ ਹਨ ਇਹਨਾਂ ਇੱਛਾਵਾਂ ਦੀ ਪੂਰਤੀ ਨਾ ਹੋਵੇ ਤਾਂ ਮਨੁੱਖ ਦੁਖੀ ਹੁੰਦਾ ਹੈ।

ਮਨ ‘ਤੇ ਕਾਬੂ ਪਾਉਣ ਦੀ ਲੋੜ : ਦੁੱਖਾਂ ਤੋਂ ਛੁਟਕਾਰਾ ਪਾਉਣ ਤੇ ਜ਼ਿੰਦਗੀ ਵਿੱਚ ਤਰੱਕੀ ਪਾਉਣ ਲਈ ਮਨ ‘ਤੇ ਕਾਬੂ ਪਾਉਣ ਦੀ ਲੋੜ ਹੈ। ਜੋ ਮਨੁੱਖ ਕੁਦਰਤ ਦੇ ਭਾਣੇ ਅਨੁਸਾਰ ਚੱਲ ਕੇ ਆਪਣੀਆਂ ਇੱਛਾਵਾਂ ਨੂੰ ਸੀਮਿਤ ਘੇਰੇ ਵਿੱਚ ਰੱਖਦਾ ਹੈ, ਹਮੇਸ਼ਾ ਸੁੱਖੀ ਰਹਿੰਦਾ ਹੈ।

ਸੁੰਨ-ਅਵਸਥਾ ਤੇ ਪਰਮਾਤਮਾ ਦਾ ਮੇਲ : ਸੁੰਨ ਹੋਏ ਮਨ ਵਾਲਾ ਪ੍ਰਾਣੀ ਜੱਗ-ਜੇਤੂ ਹੋ ਕੇ ਚੁਰਾਸੀ ਕੱਟ ਲੈਂਦਾ ਹੈ। ਉਸ ਨੂੰ ਜੰਮਣ-ਮਰਨ ਦੇ ਗੇੜ ਵਿੱਚ ਨਹੀਂ ਪੈਣਾ ਪੈਂਦਾ। ਅਸਲ ਵਿੱਚ ਜਦੋਂ ਵਿਚਾਰ, ਫੁਰਨੇ ਤੇ ਤ੍ਰਿਸ਼ਨਾਵਾਂ ਮੁੱਕ ਜਾਂਦੀਆਂ ਹਨ ਤਾਂ ਉਹ ਸੰਤੋਖੀ ਹੋ ਜਾਂਦਾ ਹੈ। ਉਸ ਨੂੰ ਬਿਨਾਂ ਮੰਗਿਆਂ ਸਭ ਕੁਝ ਆਪਣੇ-ਆਪ ਮਿਲ ਜਾਂਦਾ ਹੈ। ਹੁਣ ਤੱਕ ਪ੍ਰਭੂ-ਭਗਤਾਂ ਨੂੰ ਇਹੀ ਅਨੁਭਵ ਹੋਇਆ ਹੈ ਕਿ ਈਸ਼ਵਰ ਮਨ ਦੇ ਮਰ ਜਾਣ ਨਾਲ ਹੀ ਪ੍ਰਾਪਤ ਹੋਇਆ ਹੈ। ਜਦ ਅਜਿਹੇ ਮਨ ਦੇ ਜੇਤੂ ਨੂੰ ਰੋਸ਼ਨੀ ਆ ਜਾਂਦੀ ਹੈ ਤਦ ਉਹ ਹੋਰਨਾਂ ਵਿੱਚ ਵੰਡਦਾ ਹੈ ਤੇ ਜੱਗ-ਜੇਤੂ ਬਣ ਜਾਂਦਾ ਹੈ; ਇੰਨ-ਬਿੰਨ ਜਿਵੇਂ ਇੱਕ ਦੀਵਾ ਆਪਣੀ ਜੋਤ ਨਾਲ ਅਨੇਕ ਦੀਵੇ ਜਗਾ ਰਿਹਾ ਹੋਵੇ।

ਮਨ ਨੂੰ ਕਿਵੇਂ ਜਿੱਤਿਆ ਜਾਵੇ : ਮਨ ਦਾ ਜੇਤੂ ਹੋਣ ਲਈ ਪ੍ਰਾਚੀਨ ਸਾਧੂ-ਸੰਤਾਂ ਨੇ ਘਰ-ਬਾਹਰ ਛੱਡ ਕੇ ਜੰਗਲਾਂ ਵਿੱਚ ਡੇਰੇ ਲਾ ਲਏ। ਉਨ੍ਹਾਂ ਘੋਰ ਤਪੱਸਿਆ ਵਿੱਚ ਅਨੇਕ ਮੁਸੀਬਤਾਂ ਝਾਗੀਆਂ ਪਰ ਗੁਰੂ ਨਾਨਕ ਦੇਵ ਜੀ ਨੇ ਗ੍ਰਹਿਸਤ ਵਿੱਚ ਰਹਿ ਕੇ ਮਾਇਆ ਤੋਂ ਨਿਰਲੇਪ ਰਹਿਣ ਦਾ ਮਾਰਗ ਦੱਸਿਆ। ਭਗਤ ਨਾਮਦੇਵ ਜੀ ਨੇ ਭਗਤ ਤ੍ਰਿਲੋਚਨ ਦਾ ਸੰਸਾ ਦੂਰ ਕਰਦਿਆਂ ਕਿਹਾ ਕਿ ਹੱਥਾਂ-ਪੈਰਾਂ ਨਾਲ ਕੰਮ ਕਰਦਿਆਂ ਹੋਇਆਂ ਮਨ ਨੂੰ ਨਾਮ-ਸਿਮਰਨ ਦੁਆਰਾ ਈਸ਼ਵਰ ਨਾਲ ਜੋੜਿਆ ਜਾ ਸਕਦਾ ਹੈ।

ਤ੍ਰਿਸ਼ਨਾਵਾਂ ਦਾ ਤਿਆਗ : ਧਰਮ ਦੀ ਸਾਰੀ ਸਾਧਨਾ ਮਨ ‘ਤੇ ਜਿੱਤ ਪ੍ਰਾਪਤ ਕਰਨ ਦੀ ਹੈ। ਜਾਨ-ਮਾਰੀ ਕਰ ਕੇ ਸੰਸਾਰਕ ਲੋੜਾਂ ਤਾਂ ਕਿਸੇ ਹੱਦ ਤੱਕ ਪੂਰੀਆਂ ਹੋ ਸਕਦੀਆਂ ਹਨ ਪਰ ਨਾ ਮਨ ’ਤੇ ਨਾ ਜੱਗ ਅਤੇ ਨਾ ਹੀ ਈਸ਼ਵਰ ਜਿੱਤਿਆ ਜਾ ਸਕਦਾ ਹੈ। ਇਹ ਸਭ ਕੁਝ ਤਾਂ ਮਨ ਮਾਰਨ ਨਾਲ ਹੀ ਸੰਭਵ ਹੋ ਸਕਦਾ ਹੈ। ਸਹੀ ਸ਼ਬਦਾਂ ਵਿੱਚ ਮਨੁੱਖ ਬਣਨ ਲਈ ਮਨ ਨੂੰ ਕਾਬੂ ਵਿੱਚ ਰੱਖ ਕੇ ਫ਼ੁਰਨਿਆਂ ਤੇ ਤ੍ਰਿਸ਼ਨਾਵਾਂ-ਰਹਿਤ ਕਰਨਾ ਚਾਹੀਦਾ ਹੈ। ਇਸ ਸਹਿਜ – ਅਵਸਥਾ ਵਿੱਚ ਵਿਚਰਨ ਲਈ ਗੁਰੂ ਧਾਰਨ ਕਰ ਕੇ ਉਸ ਦੇ ਉਪਦੇਸ਼ ’ਤੇ ਚੱਲਣਾ ਚਾਹੀਦਾ ਹੈ। ਸੰਤੁਸ਼ਟ ਮਨ ਸੰਸਾਰ ਨਾਲ ਨਹੀਂ ਟਕਰਾਉਂਦਾ ਤੇ ਜਗਤ-ਜੇਤੂ ਹੋ ਜਾਂਦਾ ਹੈ।

ਹਿੰਸਾ ਨਾਲ ਜੱਗ ਨਹੀਂ ਜਿੱਤਿਆ ਜਾ ਸਕਦਾ : ਮੁੱਢ-ਕਦੀਮ ਤੋਂ ਹਿੰਸਾ ਦੇ ਪੁਜਾਰੀ ਜੱਗ ਨੂੰ ਜਿੱਤਣ ਅਥਵਾ ਚੱਕਰਵਰਤੀ ਰਾਜਾ ਬਣਨ ਲਈ, ਮਾਰ-ਧਾੜ ਤੇ ਖ਼ੂਨ-ਖ਼ਰਾਬਾ ਕਰਦੇ ਆਏ ਹਨ। ਤ੍ਰੇਤੇ ਯੁੱਗ ਵਿੱਚ ਰਾਮ-ਰਾਵਣ ਵਿੱਚ ਲੰਕਾ ਵਿਖੇ, ਦੁਆਪਰ ਯੁੱਗ ਵਿੱਚ ਕੌਰਵਾਂ-ਪਾਂਡਵਾਂ ਵਿੱਚ ਕੁਰੂਕਸ਼ੇਤਰ ਵਿੱਚ ਯੁੱਧ ਹੋਇਆ ਕਲਜੁਗ ਵਿੱਚ ਗ਼ੋਰੀਆਂ, ਗ਼ਜ਼ਨਵੀਆਂ ਤੇ ਅਬਦਾਲੀਆਂ ਆਦਿ ਨੇ ਭਾਰਤ ਦੀ ਤਬਾਹੀ-ਬਰਬਾਦੀ ਕੀਤੀ ; ਵੀਹਵੀਂ ਸਦੀ ਵਿੱਚ ੧੯੧੪-੧੮ ਈ: ਅਤੇ ੧੯੩੯-੪੫ ਦੇ ਦੋ ਵਿਸ਼ਵ ਯੁੱਧ ਹੋਏ ਤੇ ਤੀਜੇ ਲਈ ਕਮਰ-ਕੱਸੇ ਕੀਤੇ ਜਾ ਰਹੇ ਹਨ ਪਰ ਇਸ ਤਰ੍ਹਾਂ ਨਾ ਕੋਈ ਜੱਗ ਜਿੱਤ ਸਕਿਆ ਹੈ ਤੇ ਨਾ ਹੀ ਰਹਿੰਦੀ ਦੁਨੀਆ ਤੱਕ ਜਿੱਤ ਸਕੇਗਾ।

ਮੁਸ਼ਕਲਾਂ ਤੋਂ ਨਾ ਘਬਰਾਉਣਾ : ਜਿਵੇਂ ਪ੍ਰਕਾਸ਼ ਵਿੱਚ ਜਾਣ ਲਈ ਹਨੇਰੇ ਤੋਂ ਲੰਘਣਾ ਪੈਂਦਾ ਹੈ; ਇਵੇਂ ਹੀ ਮਨ ‘ਤੇ ਜਿੱਤ ਪ੍ਰਾਪਤ ਕਰਨ ਲਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਔਕੜਾਂ ਦੂਰ ਹੋ ਕੇ ਪ੍ਰਾਣੀ ਨੂੰ ਨਿਖਾਰ ਕੇ ਰੱਬ-ਰੂਪ ਬਣਾ ਦਿੰਦੀਆਂ ਹਨ। ਮਨ ਦਾ ਜੇਤੂ ਜਗਤ-ਜੇਤੂ ਬਣ ਕੇ ਨਿਰਭਉ ਹੋ ਜਾਂਦਾ ਹੈ। ਇਸੇ ਸਥਿਤੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਵੇਲੇ ਦੇ ਜ਼ਾਲਮ ਹਾਕਮਾਂ ਨੂੰ ਖਰੀਆਂ ਤੇ ਖਰ੍ਹਵੀਆਂ ਸੁਣਾਈਆਂ :

ਰਾਜੇ ਸ਼ੀਂਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥ ਕਲ ਕਾਤੀ ਰਾਜੇ ਕਾਸਾਈ ਧਰਮ ਪੰਖ ਕਰ ਉਡਰਿਆ॥
ਕੂੜ ਅਮਾਵਸ ਸਚ ਚੰਦਰਮਾ ਦੀਸੈ ਨਾਹੀ ਕੈ ਚੜ੍ਹਿਆ॥

(ਵਾਰ ਮਾਝ ਮ: 1)

ਸਾਰੰਸ਼ : ਜਿਨ੍ਹਾਂ ਲੋਕਾਂ ਨੇ ਆਪਣੇ ਮਨ ‘ਤੇ ਕਾਬੂ ਪਾਇਆ ਹੋਇਆ ਹੈ ਉਨ੍ਹਾਂ ਨੇ ਸੰਸਾਰ ਉੱਤੇ ਬੜੇ-ਬੜੇ ਕਾਰਨਾਮੇ ਕਰਕੇ ਵਿਖਾਏ ਹਨ। ਵਿਗਿਆਨ ਦੀਆਂ ਕਾਢਾਂ ਮਨੁੱਖੀ ਮਨ ਦੇ ਟਿਕਾਅ ਵਿੱਚੋਂ ਹੀ ਪੈਦਾ ਹੋਈਆਂ ਹਨ। ਭਗਤੀ ਅਤੇ ਤਪੱਸਿਆ ਮਨ ਦੀ ਇਕਾਗਰਤਾ ਨਾਲ ਹੀ ਹੋ ਸਕਦੀ ਹੈ। ਸਾਰੇ ਇਲਮ, ਗਿਆਨ ਤੇ ਹੁਨਰ ਇਕਾਗਰ ਮਨ ਦੀ ਹੀ ਕਿਰਤ ਹਨ। ਜੋ ਲੋਕ ਮਨ ਨੂੰ ਜਿੱਤ ਲੈਂਦੇ ਹਨ ਉਹ ਪੂਜਣਯੋਗ ਹੋ ਜਾਂਦੇ ਹਨ। ਲੋਕ ਉਹਨਾਂ ਨੂੰ ਆਪਣਾ ਆਦਰਸ਼ ਮੰਨਦੇ ਹਨ। ਇੰਞ ਮਨ ਦਾ ਜੇਤੂ ਸਾਰੇ ਜੱਗ ‘ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ।