ਲੇਖ : ਮਨਭਾਉਂਦਾ ਕਵੀ ਭਾਈ ਵੀਰ ਸਿੰਘ
ਮਨਭਾਉਂਦਾ ਕਵੀ ਭਾਈ ਵੀਰ ਸਿੰਘ
ਭਾਈ ਵੀਰ ਸਿੰਘ ਪੰਜਾਬੀ ਦੇ ਬਹੁਪੱਖੀ ਸਾਹਿਤਕਾਰ ਹੋਏ ਹਨ। ਆਪ ਨੇ ਪੰਜਾਬੀ ਨਾਵਲ, ਨਾਟਕ, ਖੋਜ, ਸੰਪਾਦਨਾ ਅਤੇ ਟੀਕਾਕਾਰੀ ਦੇ ਖੇਤਰ ਵਿੱਚ ਵਿਸ਼ੇਸ਼ ਤੌਰ ‘ਤੇ ਯੋਗਦਾਨ ਪਾਇਆ ਹੈ ਪਰ ਫਿਰ ਵੀ ਕਵਿਤਾ ਦੇ ਖੇਤਰ ਵਿੱਚ ਆਪ ਦੀ ਪ੍ਰਾਪਤੀ ਵਧੇਰੇ ਗੌਰਵਮਈ ਅਤੇ ਪ੍ਰਭਾਵਸ਼ਾਲੀ ਹੈ। ਆਪ ਤੋਂ ਪਹਿਲਾਂ ਪੰਜਾਬੀ ਕਵਿਤਾ ਵਿੱਚ ਗੁਰਮਤਿ ਤੇ ਕਿੱਸਾਕਾਰੀ ਹੀ ਪ੍ਰਚਲਿਤ ਸੀ ਪਰ ਭਾਈ ਸਾਹਿਬ ਨੇ ਪੰਜਾਬੀ ਕਾਵਿ ਨੂੰ ਪੱਛਮੀ ਰੰਗ-ਢੰਗ ਵਿੱਚ ਰੰਗ ਦਿੱਤਾ। ਇਸੇ ਕਾਰਨ ਉਨ੍ਹਾਂ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਪਿਤਾਮਾ ਹੋਣ ਦਾ ਮਾਣ ਪ੍ਰਾਪਤ ਹੈ।
ਭਾਈ ਵੀਰ ਸਿੰਘ ਦਾ ਜਨਮ ਤੇ ਪੰਜਾਬ ਵਿੱਚ ਸਿੰਘ ਸਭਾ ਲਹਿਰ ਦੀ ਸਥਾਪਨਾ ਇੱਕੋ ਸਮੇਂ ਵਿੱਚ ਵਾਪਰੀਆਂ। ਬਾਅਦ ਵਿੱਚ ਭਾਈ ਵੀਰ ਸਿੰਘ ਹੀ ਇਸ ਲਹਿਰ ਦੇ ਸੰਚਾਲਕ ਬਣੇ। ਭਾਈ ਸਾਹਿਬ ਨੇ ਗੁਰਮਤਿ ਵਿਚਾਰਧਾਰਾ ਤੇ ਗੁਰਬਾਣੀ ਨੂੰ ਵੀਹਵੀਂ ਸਦੀ ਦੇ ਪੰਜਾਬੀਆਂ ਤੱਕ ਪਹੁੰਚਾਉਣ ਲਈ ਬੜੇ ਸ਼ਲਾਘਾਯੋਗ ਉਪਰਾਲੇ ਕੀਤੇ। ਸਿੱਖ ਇਤਿਹਾਸ ਨੂੰ ਨਵੀਆਂ ਲੀਹਾਂ ਅਨੁਸਾਰ ਲਿਖਿਆ, ਗੁਰਮਤਿ ਇਤਿਹਾਸ ਨਾਲ ਸਬੰਧਿਤ ਪੁਸਤਕਾਂ ਦੀ ਸੰਪਾਦਨਾ ਕੀਤੀ।
ਇਸ ਮਹੱਤਵਪੂਰਨ ਕਾਰਜ ਦੇ ਨਾਲ-ਨਾਲ ਆਪ ਨੇ ਸਿਰਜਣਾਤਮਕ ਖੇਤਰ ਵਿੱਚ ਵੀ ਵਡਮੁੱਲਾ ਯੋਗਦਾਨ ਪਾਇਆ। ਆਧੁਨਿਕ ਪੰਜਾਬੀ ਕਵਿਤਾ ਨੂੰ ਨਵਾਂ ਰੂਪ ਪ੍ਰਦਾਨ ਕੀਤਾ। ਭਾਈ ਵੀਰ ਸਿੰਘ ਦੀਆਂ ਪ੍ਰਮੁੱਖ ਰਚਨਾਵਾਂ ਇਸ ਪ੍ਰਕਾਰ ਹਨ : ਸੁੰਦਰੀ, ਬਿਜੈ ਸਿੰਘ, ਸਤਵੰਤ ਕੌਰ, ਮਹਾਂਕਾਵਿ ਰਾਣਾ ਸੂਰਤ, ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ, ਮਟਕ ਹੁਲਾਰੇ, ਪ੍ਰੀਤ ਵੀਣਾ, ਕੰਬਦੀ ਕਲਾਈ, ਮੇਰੇ ਸਾਈਆਂ ਜੀਓ।
ਪ੍ਰਕਿਰਤੀ ਚਿਤਰਨ : ਭਾਈ ਵੀਰ ਸਿੰਘ ਨੂੰ ‘ਕੁਦਰਤ ਦਾ ਕਵੀ’ ਕਿਹਾ ਜਾਂਦਾ ਹੈ। ਆਪ ਨੇ ਪ੍ਰਕਿਰਤੀ ਦੇ ਵੱਖਰੇ – ਵੱਖਰੇ ਰੂਪਾਂ ਨੂੰ ਪ੍ਰਤੀਕਾਤਮਕ ਅਰਥ ਪ੍ਰਦਾਨ ਕੀਤੇ। ਪ੍ਰਕਿਰਤੀ ਦੇ ਹਰ ਕਣ ਵਿੱਚ ਪਰਮਾਤਮਾ ਦਾ ਵਾਸਾ ਹੈ। ਇਸ ਲਈ ਪ੍ਰਕਿਰਤੀ ਦਾ ਸਬੰਧ ਪਰਮਾਤਮਾ ਨਾਲ ਜੁੜ ਗਿਆ। ਪ੍ਰਕਿਰਤੀ ਨੂੰ ਮਾਧਿਅਮ ਬਣਾ ਕੇ ਪਰਮਾਤਮਾ ਤੱਕ ਪਹੁੰਚਾਇਆ ਜਾ ਸਕਦਾ ਹੈ। ਭਾਈ ਵੀਰ ਸਿੰਘ ਨੇ ਪ੍ਰਕਿਰਤੀ ਨੂੰ ਵਿਸਮਾਦਜਨਕ ਰੂਪ ਵਿੱਚ ਪੇਸ਼ ਕੀਤਾ ਹੈ; ਜਿਵੇਂ :
ਵੈਰੀ ਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿਚ ਵੱਜਦਾ
ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇੱਕ ਸਿੱਜਦਾ।
ਭਾਈ ਸਾਹਿਬ ਨੇ ਪ੍ਰਕਿਰਤੀ ਦਾ ਮਾਨਵੀਕਰਨ ਵੀ ਕੀਤਾ ਹੈ। ਪ੍ਰਕਿਰਤਕ ਵਸਤਾਂ ਦੇ ਮੂੰਹੋਂ ਗੱਲਾਂ ਅਖਵਾਈਆਂ ਗਈਆਂ ਹਨ, ਜਿਵੇਂ :
ਹਾਇ, ਨਾ ਧਰੀਕ ਸਾਨੂੰ; ਹਾਇ, ਵੇ ਨਾ ਮਾਰ ਖਿੱਚਾਂ
ਹਾਇ, ਨਾ ਵਿਛੋੜ, ਗਲ ਲਗਿਆਂ ਨੂੰ ਪਾਪੀਆ
ਰਹੱਸਵਾਦੀ ਚਿਤਰਨ :
ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ ਅਸਾਂ ਧਾ ਗਲਵੱਕੜੀ ਪਾਈ
ਨਿਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ
ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ : ‘ਲਹਿਰਾਂ ਦੇ ਹਾਰ’ ਪੁਸਤਕ ਵਿੱਚ ‘ਤ੍ਰੇਲ ਤੁਪਕੇ’ ਵਾਲੇ ਭਾਗ ਵਿੱਚ ਭਾਈ ਸਾਹਿਬ ਦੀਆਂ ਸਾਰੀਆਂ ਕਵਿਤਾਵਾਂ ਚਾਰ-ਚਾਰ ਤੁਕਾਂ ਵਾਲੀਆਂ ਹਨ। ਇਹਨਾਂ ਦੇ ਵਿਸ਼ੇ ਅਧਿਆਤਮਕ ਤੇ ਸਦਾਚਾਰਕ ਹਨ। ਆਪ ਦੀਆਂ ਛੋਟੀਆਂ ਕਵਿਤਾਵਾਂ ਵਿੱਚ ਸਭ ਤੋਂ ਵੱਡਾ ਗੁਣ ਇਹ ਹੈ ਕਿ ਛੋਟੀਆਂ ਕਵਿਤਾਵਾਂ ਵਿੱਚ ਭਾਈ ਸਾਹਿਬ ਨੇ ਵੱਡੀ ਗੱਲ ਨੂੰ ਬੜੇ ਸੁੰਦਰ ਢੰਗ ਨਾਲ ਚਾਰ-ਚਾਰ ਸਤਰਾਂ ਵਿੱਚ ਹੀ ਕਹਿ ਦਿੱਤਾ ਹੈ। ਜਿਵੇਂ :
1. ਹੋਸ਼ਾਂ ਨਾਲੋਂ ਮਸਤੀ ਚੰਗੀ, ਰੱਖਦੀ ਸਦਾ ਟਿਕਾਣੇ।
2. ਦੇਹ ਇੱਕ ਬੂੰਦ ਸੁਰਾਹੀਉਂ ਸਾਨੂੰ ਇੱਕ ਹੀ ਦੇਹ ਸਾਈਂ।
ਮਹਾਂਕਾਵਿ ਲੇਖਕ : ਭਾਈ ਸਾਹਿਬ ਪੰਜਾਬੀ ਸਾਹਿਤ ਵਿੱਚ ਸਭ ਤੋਂ ਪਹਿਲੇ ਮਹਾਂਕਾਵਿ ਲੇਖਕ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਨੇ ਮਹਾਂਕਾਵਿ ‘ਰਾਣਾ ਸੂਰਤ ਸਿੰਘ’ ਲਿਖ ਕੇ ਸਿੱਖ ਰਹੱਸਵਾਦ ਦੀ ਵਿਆਖਿਆ ਕੀਤੀ ਹੈ। ਇਸ ਵਿੱਚ ਕਾਲਪਨਿਕ ਉਡਾਰੀਆਂ ਦੀ ਸਿਖ਼ਰ ਹੈ।
ਭਾਈ ਵੀਰ ਸਿੰਘ ਨੇ ‘ਸਮਾਂ’ ਕਵਿਤਾ ਵਿੱਚ ਮਨੁੱਖ ਨੂੰ ਸਮੇਂ ਦੀ ਕਦਰ ਕਰਨ ਬਾਰੇ ਸੁਚੇਤ ਕੀਤਾ ਹੈ, ਜਿਵੇਂ :
ਰਹੀ ਵਾਸਤੇ ਘੱਤ, ਸਮੇਂ ਨੇ ਇੱਕ ਨਾ ਮੰਨੀ
ਫੜ-ਫੜ ਰਹੀ ਧਰੀਕ, ਸਮੇਂ ਖਿਸਕਾਈ ਕੰਨੀ
ਇਹ ਠਹਿਰਨ ਜਾਚ ਨਾ ਜਾਣਦਾ,
ਲੰਘ ਗਿਆ ਨਾ ਮੁੜ ਕੇ ਆਂਵਦਾ
ਆਪ ਗੁਲਾਬ ਦੇ ਫੁੱਲ ਤੋੜਨ ਵਾਲੇ ਨੂੰ ਪ੍ਰਕਿਰਤੀ ਦੀ ਸੁੰਦਰਤਾ ਨਾਲ ਖਿਲਵਾੜ ਕਰਨ ਤੋਂ ਰੋਕਦੇ ਆਖਦੇ ਹਨ:
ਡਾਲੀ ਨਾਲੋਂ ਤੋੜ ਨਾ ਸਾਨੂੰ
ਅਸਾਂ ਹੱਟ ਮਹਿਕ ਦੀ ਲਾਈ…….
(ਲਹਿਰਾਂ ਦੇ ਹਾਰ)
ਵਿਸ਼ੇਸ਼ ਸਨਮਾਨ : ਆਪ ਦੀ ਮਹਾਨ ਸਾਹਿਤਕ ਦੇਣ ਸਦਕਾ ਪੰਜਾਬ (ਉਸ ਵੇਲੇ ਪੂਰਬੀ ਪੰਜਾਬ) ਯੂਨੀਵਰਸਿਟੀ ਨੇ 1948 ਈ: ਵਿੱਚ ਆਪ ਨੂੰ ਡਾਕਟਰ ਆਫ਼ ਓਰੀਐਂਟਲ ਲਰਨਿੰਗ (Doctor of Oriental Learning) ਦੀ ਡਿਗਰੀ ਦਿੱਤੀ। 1952 ਈ: ਵਿੱਚ ਪੰਜਾਬ ਸਰਕਾਰ ਨੇ ਆਪ ਨੂੰ ਪੰਜਾਬ ਵਿਧਾਨ-ਸਭਾ (Punjab Legislative Council) ਦਾ ਮੈਂਬਰ ਅਤੇ 1954 ਈ: ਵਿੱਚ ਭਾਰਤ ਸਰਕਾਰ ਨੇ ਆਪ ਨੂੰ ਕੇਂਦਰੀ ਸਾਹਿਤ ਅਕਾਦਮੀ ਦਾ ਮੈਂਬਰ ਨਾਮਜ਼ਦ ਕੀਤਾ। 1954 ਈ: ਵਿੱਚ ਹੀ ਆਪ ਨੂੰ ਸਿੱਖ ਵਿਦਿਅਕ ਕਾਨਫ਼ਰੰਸ (ਬੰਬਈ) ਵਿੱਚ ‘ਅਭਿਨੰਦਨ ਗ੍ਰੰਥ’ ਭੇਟ ਕੀਤਾ ਗਿਆ। 1955 ਈ: ਵਿੱਚ ਆਪ ਨੂੰ ਕੇਂਦਰੀ ਸਾਹਿਤ ਅਕਾਦਮੀ ਨੇ ‘ਮੇਰੇ ਸਾਈਆਂ ਜੀਓ’ ਪੁਸਤਕ ਦੇ ਅਧਾਰ ‘ਤੇ ਪੰਜ ਹਜ਼ਾਰ ਰੁਪਏ ਦਾ ਇਨਾਮ ਦਿੱਤਾ। 1956 ਈ: ਵਿੱਚ ਆਪ ਨੂੰ ਗਣਰਾਜ ਦਿਵਸ ਦੇ ਅਵਸਰ ‘ਤੇ ਰਾਸ਼ਟਰਪਤੀ ਨੇ ‘ਪਦਮ ਵਿਭੂਸ਼ਣ’ ਦੀ ਮਹਾਨ ਪਦਵੀ ਦੇ ਕੇ ਸਨਮਾਨਿਆ। ਆਪ ਲਗਭਗ
65-70 ਸਾਲ ਸਾਹਿਤ-ਸੇਵਾ ਕਰਕੇ 13 ਜੂਨ, 1957 ਈ: ਨੂੰ ਸਵਰਗਵਾਸ ਹੋਏ।