ਲੇਖ : ਭ੍ਰਿਸ਼ਟਾਚਾਰ
ਭ੍ਰਿਸ਼ਟਾਚਾਰ
ਭ੍ਰਿਸ਼ਟਾਚਾਰ ਦਾ ਅਰਥ : ਭ੍ਰਿਸ਼ਟਾਚਾਰ ਨੂੰ ਅੰਗਰੇਜ਼ੀ ਵਿੱਚ Corruption ਕਿਹਾ ਜਾਂਦਾ ਹੈ ਜਿਸ ਤੋਂ ਭਾਵ ਹੈ—ਜਾਇਜ਼ – ਨਜਾਇਜ਼ ਢੰਗਾਂ ਨਾਲ ਪੈਸਾ ਕਮਾਉਣਾ। ਦੂਸਰਿਆਂ ਦੀ ਕਿਰਤ-ਕਮਾਈ ’ਤੇ ਪਲਣਾ ਅਤੇ ਲੋਕਾਂ ਦਾ ਖ਼ੂਨ ਚੂਸਣਾ। ਭ੍ਰਿਸ਼ਟਾਚਾਰ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ—ਭ੍ਰਿਸ਼ਟ ਅਤੇ ਆਚਾਰ। ਭਾਵ ਭ੍ਰਿਸ਼ਟ ਹੋ ਚੁੱਕਿਆ ਆਚਰਨ।
ਭ੍ਰਿਸ਼ਟਾਚਾਰ ਇੱਕ ਲਾਹਨਤ : ਸਾਡੇ ਸਮਾਜ ਵਿੱਚ ਬਹੁਤ ਸਾਰੀਆਂ ਬੁਰਾਈਆਂ ਦੀ ਪ੍ਰਧਾਨਤਾ ਹੈ, ਭ੍ਰਿਸ਼ਟਾਚਾਰ ਸਾਰੀਆਂ ਬੁਰਾਈਆਂ ਦੀ ਮੋਢੀ ਹੈ। ਅੱਜ ਸਦਾਚਾਰ ਦੀ ਥਾਂ ਭ੍ਰਿਸ਼ਟਾਚਾਰ ਨੇ ਮੱਲ ਲਈ ਹੈ। ਹਰ ਕੋਈ ਜਲਦੀ ‘ਚ ਬਿਨਾਂ ਹੱਥੀਂ ਕਿਰਤ ਕੀਤਿਆਂ ਕਰੋੜਪਤੀ ਬਣਨਾ ਚਾਹੁੰਦਾ ਹੈ। ਉਸ ਨੂੰ ਪੈਸਾ ਇਕੱਠਾ ਕਰਨ ਲਈ ਭਾਵੇਂ ਕਿੰਨੇ ਹੀ ਜਾਇਜ਼ – ਨਜਾਇਜ਼ ਢੰਗ-ਤਰੀਕ ਕਿਉਂ ਨਾ ਅਪਣਾਉਣੇ ਪੈਣ।
ਪੈਸਾ ਅਤੇ ਭ੍ਰਿਸ਼ਟਾਚਾਰ : ਅਜੋਕਾ ਵਿਆਪਕ ਭ੍ਰਿਸ਼ਟਾਚਾਰ ਸਾਡੀ ਭ੍ਰਿਸ਼ਟ ਬੁੱਧੀ, ਪੈਸੇ ਨਾਲ ਅਤਿਅੰਤ ਪਿਆਰ ਤੇ ਸਵਾਰਥੀਪੁਣੇ ਦੀ ਦੇਣ ਹੈ। ਅਸੀਂ ਹਰਾਮ ਦੀ ਕਮਾਈ ਨਾ ਕੇਵਲ ਆਪ ਖਾ ਰਹੇ ਹਾਂ ਸਗੋਂ ਬੱਚਿਆਂ ਨੂੰ ਵੀ ਖੁਆ ਰਹੇ ਹਾਂ। ਅਜਿਹੀ ਪ੍ਰਵਿਰਤੀ ਵਾਲੇ ਸਮੇਂ ਨੂੰ ਭ੍ਰਿਸ਼ਟ ਯੁੱਗ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗਾ। ਮਾਇਆ ਦੀ ਲਾਲਸਾ ਏਨੀ ਵਧ ਗਈ ਹੈ ਕਿ ਧਰਮ-ਈਮਾਨ ਤੇ ਸ਼ਰਮ-ਹਯਾ ਵੇਖਣ ਨੂੰ ਨਹੀਂ ਮਿਲਦੇ। ਗੁਰੂ ਨਾਨਕ ਦੇਵ ਜੀ ਅਜਿਹੇ ਸਮੇਂ ਦੀ ਤਸਵੀਰ ਕਾਨੀਬੰਦ ਕਰਦੇ ਹੋਏ ਲਿਖਦੇ ਹਨ :
ਸਰਮੁ ਧਰਮੁ ਦੋਇ ਛਪ ਖਲੋਏ
ਕੂੜ ਫਿਰੈ ਪ੍ਰਧਾਨ ਵੇ ਲਾਲੋ ॥
ਪੈਸਾ ਕਮਾਉਣ ਦੇ ਢੰਗ : ਹਰ ਖੇਤਰ ਵਿੱਚ ਉਹ ਭਾਵੇਂ ਸਰਕਾਰੀ ਹੋਵੇ ਜਾਂ ਗ਼ੈਰ-ਸਰਕਾਰੀ, ਹੱਦੋਂ-ਵੱਧ ਬੇਨਿਯਮੀਆਂ ਹਨ। ਰਿਸ਼ਵਤਾਂ, ਸਿਫ਼ਾਰਸ਼ਾਂ ਨਾਲ ਲੋਕ ਦੁਰਾਚਾਰੀ ਤੇ ਭ੍ਰਿਸ਼ਟ ਬਣ ਗਏ ਹਨ। ਚਪੜਾਸੀ ਤੋਂ ਲੈ ਕੇ ਮੰਤਰੀਆਂ ਤੱਕ ਰਿਸ਼ਵਤ ਦਾ ਬੋਲਬਾਲਾ ਹੈ। ਹਰ ਪਾਸੇ ਕਰੋੜਾਂ ਅਰਬਾਂ ਦੇ ਘਪਲੇ ਹੋ ਰਹੇ ਹਨ, ਹੇਰਾਫੇਰੀਆਂ ਕਰਕੇ ਨਜਾਇਜ਼ ਕੰਮ ਕੀਤੇ ਜਾ ਰਹੇ ਹਨ ਪਰ ਇਹ ਸਾਰਾ ਬੋਝ ਆਮ ਜਨਤਾ ’ਤੇ ਹੀ ਪਾਇਆ ਜਾਂਦਾ ਹੈ। ਵੱਡੇ-ਵੱਡੇ ਅਫ਼ਸਰਾਂ, ਮੰਤਰੀਆਂ ਦੀਆਂ ਜੇਬਾਂ ਭਰਨ ਲਈ ਗ਼ਰੀਬਾਂ ਦਾ ਖ਼ੂਨ ਚੂਸਿਆ ਜਾਂਦਾ ਹੈ। ਮਹਾਨ ਅਦਾਕਾਰ ਤੇ ਲੇਖਕ ਬਲਰਾਜ ਸਾਹਨੀ ਨੇ ਠੀਕ ਹੀ ਕਿਹਾ ਹੈ “ਕੁਝ ਲੋਕਾਂ ਦੀਆਂ ਜੇਬਾਂ ਭਰਨ ਲਈ ਬਹੁ-ਗਿਣਤੀ ਦੀਆਂ ਜੇਬਾਂ ਖ਼ਾਲੀ ਕੀਤੀਆਂ ਜਾਂਦੀਆਂ ਹਨ।”
ਇਨਸਾਨੀਅਤ ਦਾ ਖ਼ਾਤਮਾ : ਅੱਜ ਸ਼ਰੀਫ ਵਿਅਕਤੀ ਦੀ ਕੋਈ ਪੁੱਛ-ਪੜਤਾਲ ਨਹੀਂ। ਇੱਕ ਆਦਮੀ ਸੱਤਾ ਅਤੇ ਪੈਸੇ ਦੇ ਜ਼ੋਰ ਨਾਲ ਸ਼ਰੇਆਮ ਗੁੰਡਾਗਰਦੀ ਕਰਦਾ ਹੈ। ਵੱਡੇ-ਵੱਡੇ ਘਪਲੇਬਾਜ਼ ਮਾਮੂਲੀ ਕੇਸ ਦਰਜ ਹੋਣ ਤੋਂ ਬਾਅਦ ਨਿਰਦੋਸ਼ ਸਾਬਤ ਹੋ ਜਾਂਦੇ ਹਨ। ਹੁਣ ਰਿਸ਼ਵਤ ਦੇਣਾ ਤੇ ਲੈਣਾ ਇੱਕ ਸਧਾਰਨ ਵਿਹਾਰ ਬਣ ਚੁੱਕਿਆ ਹੈ—ਰਿਸ਼ਵਤ ਲੈਣ ਵਾਲਾ ਨਿਰਸੰਕੋਚ ਆਪਣਾ ਹੱਕ ਜਾਣ ਕੇ ਲੈ ਰਿਹਾ ਹੈ ਅਤੇ ਦੇਣ ਵਾਲਾ ਇਸ ਨੂੰ ਅਟੱਲ ਮਜਬੂਰੀ ਸਮਝ ਕੇ ਖਿੜੇ-ਮੱਥੇ ਦੇ ਰਿਹਾ ਹੈ। ਅਸਲ ਵਿੱਚ ਸਾਡਾ ਰਾਸ਼ਟਰੀ ਚਰਿੱਤਰ ਮਿੱਟੀ ਵਿੱਚ ਮਿਲ ਚੁੱਕਿਆ ਹੈ। ਅਸੀਂ ਇਮਾਨਦਾਰ ਨੂੰ ‘ਧਰਮ-ਪੁੱਤਰ ਯੁਧਿਸ਼ਟਰ’ ਕਹਿ ਕੇ ਛੇੜਦੇ ਹਾਂ। ਇਹ ਕੈਂਸਰ ਉੱਪਰੋਂ (ਮੰਤਰੀਆਂ ਤੋਂ) ਹੇਠਾਂ (ਆਮ ਸੇਵਾਦਾਰ) ਤੱਕ ਆਪਣੀਆਂ ਜੜ੍ਹਾਂ ਫੈਲਾ ਚੁੱਕਿਆ ਹੈ। ਭਾਵੇਂ ਸਾਡੇ ਨਿਆਂ-ਘਰ ਲੋਕ-ਹਿਤ ਪ੍ਰਾਰਥਨਾ-ਪੱਤਰਾਂ ਦੇ ਅਧਾਰ ‘ਤੇ ਸਖ਼ਤ ਕਾਨੂੰਨੀ ਕਾਰਵਾਈ ਕਰ ਰਹੇ ਹਨ ਪਰ ਭ੍ਰਿਸ਼ਟ ਹਵਾ ਨੇ ਅਜੇ ਤੱਕ ਕੋਈ ਵਿਸ਼ੇਸ਼ ਮੋੜਾ ਨਹੀਂ ਖਾਧਾ।
ਭਾਰਤ ਵਿੱਚ ਭ੍ਰਿਸ਼ਟਾਚਾਰ ਦਾ ਪਿਛੋਕੜ : ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਪਹਿਲੇ ਪ੍ਰਧਾਨ ਮੰਤਰੀ ਪੰ: ਜਵਾਹਰ ਲਾਲ ਨਹਿਰੂ ਦੇ ਰਾਜ-ਕਾਲ ਵਿੱਚ ਇਹ ਕੈਂਸਰ ਕਿਤੇ-ਕਿਤੇ ਦਿਸਣ ਲੱਗ ਪਿਆ। ਸ੍ਰੀਮਤੀ ਇੰਦਰਾ ਗਾਂਧੀ ਦੇ ਰਾਜ-ਸ਼ਾਸਨ ਵਿੱਚ ਭਾਵੇਂ ਸੰਕਟ-ਕਾਲ ਦੇ ਅਧਿਕਾਰਾਂ ਨੇ ਇਸ ਨੂੰ ਵਧਣ ਨਾ ਦਿੱਤਾ ਪਰ ਇਸ ਦੀ ਜੜ੍ਹ ਕਾਇਮ ਰਹੀ। ਰਾਜੀਵ ਗਾਂਧੀ ਦੇ ਰਾਜ ਵਿੱਚ ਇਸ ਦੀਆਂ ਜੜ੍ਹਾਂ ਫ਼ੈਲਣ ਲੱਗ ਪਈਆਂ। ਉਪਰੰਤ ਨਰਸਿਮ੍ਹਾ ਰਾਓ ਦੇ ਕਾਲ ਵਿੱਚ ਕਈ ਰਾਜਸੀ ਨੇਤਾ ਕਰੋੜਾਂ ਰੁਪਿਆਂ ਦੇ ਸਕੈਂਡਲਾਂ ਵਿੱਚ ਕਚਹਿਰੀਆਂ ਵਿੱਚ ਪੇਸ਼ ਹੋ ਕੇ ਨਸ਼ਰ ਹੋਣ ਲੱਗ ਪਏ ਜੋ ਹੁਣ ਤੱਕ ਨਿਰੰਤਰ ਜਾਰੀ ਹਨ।
ਅਜੋਕੀ ਰਾਜਨੀਤੀ ਹੀ ਭ੍ਰਿਸ਼ਟਾਚਾਰ ਦੀ ਜਨਮਦਾਤੀ ਹੈ : ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸਾਡੀ ਰਾਜਨੀਤੀ ਭ੍ਰਿਸ਼ਟਾਚਾਰ ਦੀ ਜਨਮਦਾਤੀ ਹੈ। ਸਾਡੇ ਸੱਤਾਧਾਰੀ ਨੇਤਾਵਾਂ ਦੀ ਸਮੂਲੀਅਤ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ। ਵੋਹਰਾ ਰਿਪੋਰਟ ਨੇ ਵੀ ਸਿਆਸਤ ਤੇ ਅਪਰਾਧ ਦੇ ਸੰਬੰਧਾਂ ਦੀ ਚੋਲੀ ਤੇ ਦਾਮਨ ਨਾਲ ਤੁਲਨਾ ਕੀਤੀ ਹੈ। ਸਾਡੇ ਲੋਕ-ਰਾਜੀ ਢਾਂਚੇ ਵਿੱਚ ਜਨਤਾ ਦੇ ਚੁਣੇ ਹੋਏ ਮੰਤਰੀ, ਸੰਸਦੀ ਮੈਂਬਰ ਤੇ ਰਾਜ ਸਭਾਵਾਂ ਦੇ ਮੈਂਬਰ ਕਨੂੰਨ ਨੂੰ ਟਿੱਚ ਜਾਣਦੇ ਹਨ। ਵੋਟਾਂ ’ਚ ਕਰੋੜਾਂ ਰੁਪਏ ਖ਼ਰਚ ਕੇ ਮਗਰੋਂ ਘਰਬਾਂ ਰੁਪਏ ਇਕੱਠੇ ਕੀਤੇ ਜਾ ਰਹੇ ਹਨ।
ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ : ਹਰ ਖੇਤਰ ‘ਚ ਭ੍ਰਿਸ਼ਟਾਚਾਰ ਦਾ ਬੋਲ ਬਾਲਾ ਹੈ। ਪਿੰਡ ਦੇ ਸਰਪੰਚ, ਪੰਚਾਇਤ ਸਕੱਤਰ, ਬਲਾਕ-ਸੰਮਤੀ ਤੇ ਪੰਚਾਇਤ-ਅਫ਼ਸਰ ਸਰਕਾਰੀ ਗਰਾਂਟਾਂ ਡੂੰਗੀ ਜਾ ਰਹੇ ਹਨ। ਬਿਜਲੀ ਵਿਭਾਗ ਵਿੱਚ ਬਿਜਲੀ ਦੀ ਚੋਰੀ ਬਿਜਲੀ-ਕਰਮਚਾਰੀਆਂ ਨਾਲ ਮਿਲਜੁਲ ਕੇ ਹੋ ਰਹੀ ਹੈ। ਹਸਪਤਾਲਾਂ ਵਿੱਚ ਮਰੀਜ਼ਾਂ ਲਈ ਆਈਆਂ ਸਰਕਾਰੀ ਦਵਾਈਆਂ ਬਾਹਰਲੀਆਂ ਦੁਕਾਨਾਂ ਵਿੱਚ ਵਿਕਦੀਆਂ ਹਨ। ਨਾਲੇ ਸਰਕਾਰੀ ਡਾਕਟਰਾਂ ਦਾ ਧਿਆਨ ਸਰਕਾਰੀ ਹਸਪਤਾਲ ਨਾਲੋਂ ਘਰੋਗੀ ਕਲੀਨਿਕਾਂ ਨੂੰ ਚਲਾਉਣ ਵੱਲ ਵਧੇਰੇ ਹੈ। ਰੇਲਵੇ-ਵਿਭਾਗ ਵਿੱਚ ਭਾਵੇਂ ਕੰਪਿਊਟਰਾਂ ਦੀ ਵਰਤੋਂ ਨੇ ਕੁਝ ਠੱਲ੍ਹ ਪਾਈ ਹੈ ਪਰ ਫਿਰ ਵੀ ਟਿਕਟ-ਚੈੱਕਰ, ਮਾਲ ਬੁੱਕ ਕਰਨ ਵਾਲੇ ਤੇ ਹੋਰ ਕਰਮਚਾਰੀ ਜਿਵੇਂ-ਕਿਵੇਂ ਆਪਣੇ ਹੱਥ ਰੰਗ ਹੀ ਲੈਂਦੇ ਹਨ। ਪੁਲਿਸ ਵਿਭਾਗ ਵਿੱਚ ਤਾਂ ਕੇਵਲ ਐੱਫ.ਆਈ.ਆਰ. ਦਰਜ ਕਰਾਉਣ ਲਈ ਕਈ ਪਾਪੜ ਵੇਲਣੇ ਪੈਂਦੇ ਹਨ। ਵਿਜੀਲੈਂਸ ਵਿਭਾਗ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਬਣਾਇਆ ਗਿਆ ਪਰ ਇਸ ਦੇ ਜ਼ਿੰਮੇਵਾਰ ਕਰਮਚਾਰੀ ਵੀ ਰੰਗੇ ਹੱਥੀਂ ਫੜ੍ਹੇ ਗਏ ਹਨ। ਅਧਿਆਪਕ ਸਕੂਲ/ ਕਾਲਜ ਵਿੱਚ ਦਿਲ ਲਾ ਕੇ ਪੜ੍ਹਾਉਣ ਨਾਲੋਂ ਘਰ ਪ੍ਰਾਈਵੇਟ ਪੜ੍ਹਾਉਣ ਵਿੱਚ ਲੱਗੇ ਹੋਏ ਹਨ। ਲੋਕ-ਨਿਰਮਾਣ ਵਿਭਾਗ ਵਿੱਚ ਤਾਂ ਠੇਕੇ ‘ਤੇ ਦਿੱਤੇ ਕੰਮਾਂ ਵਿੱਚ ਨਿਸ਼ਚਿਤ ਕਮਿਸ਼ਨ ਤਾਂ ਸਬੰਧਿਤ ਅਫ਼ਸਰਾਂ ਨੂੰ ਦੇਣੀ ਹੀ ਪੈਂਦੀ ਹੈ ਪਰ ਇਸ ਤੋਂ ਛੁੱਟ ਸੀਮਿੰਟ, ਰੇਤ, ਬੱਜਰੀ, ਲੁੱਕ, ਸਰੀਆ ਤੇ ਇੱਟਾਂ ਆਦਿ ਦੀ ਵੀ ਘਪਲੇਬਾਜ਼ੀ ਹੋ ਰਹੀ ਹੈ। ਸਰਕਾਰੀ ਨੌਕਰੀ ਲੈਣ ਜਾਂ ਬਦਲੀ ਕਰਾਉਣ, ਕਿਸੇ ਕੰਮ ਲਈ ਲਾਇਸੰਸ ਲੈਣ, ਵਿਦੇਸ਼ ਜਾਣ ਲਈ ਪਾਸਪੋਰਟ-ਵੀਜ਼ਾ ਲੈਣ ਆਦਿ ਅਨੇਕ ਕੰਮ ਚੜ੍ਹਾਵੇ ਚਾੜ੍ਹਨ ਨਾਲ ਹੋ ਰਹੇ ਹਨ। ਵਪਾਰ ਵਿੱਚ ਤਾਂ ਹਰ ਪੱਧਰ ‘ਤੇ ਮਿਲਾਵਟ ਤੇ ਠੱਗੀ ਠੋਰੀ ਕਾਰਨ ਬਹੁਤ ਮੰਦਾ ਹਾਲ ਹੈ। ਅੱਜ ਗੁਰਧਾਮਾਂ ਦੀ ਮਾਇਆ ਵੀ ਜੰਦਰੇ ਲੱਗੀਆਂ ਗੋਲਕਾਂ ਦੇ ਹੁੰਦਿਆਂ ਪੁਜਾਰੀਆਂ, ਗ੍ਰੰਥੀਆਂ ਤੇ ਮੌਲਵੀਆਂ ਦੁਆਰਾ ਖਿਸਕਾਈ ਜਾ ਰਹੀ ਹੈ। ਕਈ ਪੱਤਰਕਾਰ ਮੁੱਠੀ ਗਰਮ ਹੋਣ ‘ਤੇ ਕਿਸੇ ਦੀ ਕਰਤੂਤ ਨੂੰ ਜਨਤਾ ਤੱਕ ਨਹੀਂ ਪਹੁੰਚਾਉਂਦੇ।
ਭ੍ਰਿਸ਼ਟਾਚਾਰ ਦੂਰ ਕਰਨ ਲਈ ਸੁਝਾਅ : ਭ੍ਰਿਸ਼ਟਾਚਾਰ ਦੂਰ ਕਰਨ ਲਈ ਕੁੱਝ ਸੁਝਾਅ ਇਹ ਹਨ :
1. ਵੋਟਰ ਸੋਚ-ਸਮਝ ਕੇ ਨੇਕ-ਨੀਅਤ ਤੇ ਸਿਆਣੇ ਨੇਤਾ ਨੂੰ ਵੋਟ ਪਾਉਣ।
2. ਚੋਣਾਂ ਮਾਮੂਲੀ ਸਰਕਾਰੀ ਖ਼ਰਚ ‘ਤੇ ਹੋਣੀਆਂ ਚਾਹੀਦੀਆਂ ਹਨ।
3. ਪੁਲਿਸ ਨੂੰ ਕਾਨੂੰਨ ਅਨੁਸਾਰ ਕੰਮ ਕਰਨ ਦੀ ਪੂਰੀ ਖੁੱਲ੍ਹ ਹੋਣੀ ਚਾਹੀਦੀ ਹੈ।
4. ਸਰਕਾਰੀ ਅਫ਼ਸਰਾਂ ਤੇ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਨੂੰ ਲੋਕ-ਪਾਲ ਅੱਗੇ ਜਵਾਬਦੇਹ ਹੋਣਾ ਚਾਹੀਦਾ ਹੈ।
5. ਸਭ ਰਾਜਸੀ ਪਾਰਟੀਆਂ ਤੇ ਉਨ੍ਹਾਂ ਦੇ ਨੇਤਾਵਾਂ ਨੂੰ ਕਰ-ਵਿਭਾਗ ਨੂੰ ਆਪਣੀ ਜਾਇਦਾਦ/ਆਮਦਨ ਦਾ ਵੇਰਵਾ ਦੇਣਾ ਚਾਹੀਦਾ ਹੈ।
6. ਰਿਸ਼ਵਤ ਦੇਣ ਤੇ ਲੈਣ ਨੂੰ ਗ਼ੈਰ-ਕਾਨੂੰਨੀ ਤੇ ਗ਼ੈਰ – ਇਖ਼ਲਾਕੀ ਕਰਾਰ ਦੇਣਾ ਚਾਹੀਦਾ ਹੈ।
7. ਸਾਰੇ ਕਰਮਚਾਰੀ—ਨਿੱਕੇ ਤੇ ਵੱਡੇ-ਯੋਗਤਾ ਦੇ ਅਧਾਰ ‘ਤੇ ਰੱਖੇ ਜਾਣ।
8. ਸਭ ਤੋਂ ਅਹਿਮ ਹੈ ਕਿ ਸਾਨੂੰ ਆਪਣੇ ਚਰਿੱਤਰ ਨੂੰ ਸਾਫ਼-ਸੁਥਰਾ ਬਣਾਉਣਾ ਚਾਹੀਦਾ ਹੈ।
ਸਾਰੰਸ਼ : ਸਮਾਜ ਨੂੰ ਆਦਰਸ਼ਕ ਬਣਾਉਣ ਲਈ ਸਾਨੂੰ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਪਵੇਗਾ। ਇਸ ਮਨੋਰਥ ਲਈ ਸਾਨੂੰ ਆਰਥਕ ਕਾਣੀ – ਵੰਡ ਦਾ ਭੋਗ ਪਾਉਣਾ ਪਵੇਗਾ। ਭ੍ਰਿਸ਼ਟਾਚਾਰ ਦੇ ਕੋਹੜ ਦਾ ਬੀਜ ਨਾਸ ਕਰ ਕੇ ਹੀ ਦੇਸ਼ ਦੀ ਉੱਨਤੀ ਹੋ ਸਕਦੀ ਹੈ। ਸਰਕਾਰ ਨੂੰ ਭ੍ਰਿਸ਼ਟਾਚਾਰੀਆਂ ਨੂੰ ਪ੍ਰੇਮ – ਪਿਆਰ ਨਾਲ ਜਾਂ ਕਾਨੂੰਨ ਦੇ ਡੰਡੇ ਨਾਲ਼ ਸੋਧਣਾ ਚਾਹੀਦਾ ਹੈ। ਇਸੇ ਵਿੱਚ ਦੇਸ਼ ਦੀ ਉੱਨਤੀ ਤੇ ਸ਼ਾਂਤੀ ਦਾ ਭੇਤ ਛੁਪਿਆ ਹੋਇਆ ਹੈ।