ਭੈਣ ਭਰਾ ਦਾ ਰਿਸ਼ਤਾ
ਇਸ ਦੁਨਿਆਵੀ ਜੀਵਨ ਵਿਚ ਭੈਣ ਤੇ ਭਰਾ ਦਾ ਪਿਆਰ ਹੀ ਇਕ ਸੁਭਾਵਿਕ ਵੇਗ ਵਾਲਾ ਪਿਆਰ ਹੁੰਦਾ ਹੈ। ਇਹ ਪਿਆਰ ਭੈਣ ਦੇ ਦਿਲ ਵਿਚ ਬਚਪਨ ਵਿਚ ਇਸ ਤਰ੍ਹਾਂ ਪੈਦਾ ਹੁੰਦਾ ਹੈ, ਜਿਵੇਂ ਬਰਫਾਨੀ ਚੋਟੀਆਂ ਵਿਚ ਆਪਣੇ ਆਪ ਹੀ ਚਸ਼ਮੇ ਵਹਿ ਤੁਰਦੇ ਹਨ, ਜਿਵੇਂ ਦਰਖਤਾਂ ਵਿਚ ਆਪਣੇ ਆਪ ਹੀ ਟਹਿਣੀਆਂ ਤੇ ਪੱਤੇ ਉੱਗ ਆਉਂਦੇ ਹਨ, ਜਿਵੇਂ ਫੁੱਲਾਂ ਵਿਚ ਖੁਸ਼ਬੂ ਪੈਦਾ ਹੋ ਜਾਂਦੀ ਹੈ। ਬਚਪਨ ਵਿਚ ਭੈਣ ਭਾਈ ਜਿਹੜੇ ਰਲ ਕੇ ਖੇਡਾਂ ਖੇਡਦੇ ਹਨ, ਵਡੇਰੀ ਉਮਰ ਵਿਚ ਉਨ੍ਹਾਂ ਦੀਆਂ ਯਾਦਾਂ ਬਣ ਜਾਂਦੀਆਂ ਹਨ, ਜਿਨ੍ਹਾਂ ਨੂੰ ਯਾਦ ਕਰ-ਕਰ ਕੇ ਉਹ ਬਚਪਨ ਦੇ ਭੈਣ-ਭਾਈ ਪਿਆਰ ਨੂੰ ਯਾਦ ਕਰਦੇ ਹਨ। ਸੰਸਾਰਕ ਜੀਵਨ ਵਿਚ ਇਹ ਭੈਣ ਹੀ ਤਾਂ ਹੈ ਜੋ ਆਪਣੇ ਭਾਈ ਨੂੰ ਸਦਾਚਾਰਕ ਗੁਣਾਂ ਨਾਲ ਭਰਪੂਰ ਕਰਦੀ ਹੈ, ਅਚੇਤ ਹੀ ਆਪਣੇ ਭਾਈ ਅੰਦਰ ਇਹ ਅਹਿਸਾਸ ਪੈਦਾ ਕਰ ਦੇਂਦੀ ਹੈ ਕਿ ਸਾਰੀ ਦੁਨੀਆਂ ਦੀਆਂ ਇਸਤਰੀਆਂ ਸਨਮਾਨ ਕਰਨ ਯੋਗ ਹਨ। ਇਕ ਅੰਗਰੇਜ਼ੀ ਸਦਾਚਾਰ ਵਿਚ ਕਹਾਵਤ ਕਹੀ ਜਾਂਦੀ ਹੈ ਕਿ ਲੜਕਾ ਇਕ ਦਰਜਨ ਲੜਕੀਆਂ ਨਾਲੋਂ ਵੀ ਖਰੂਦੀ ਹੁੰਦਾ ਹੈ। ਇਹ ਭੈਣ ਦੀਆਂ ਅੱਖਾਂ ਦੀ ਸ਼ਰਮ ਹੀ ਹੈ, ਜਿਸ ਨਾਲ ਉਸਦੇ ਖਰੂਦੀਪਣ ਵਿਚ ਬਚਪਨ ਵਿਚ ਠਲ੍ਹ ਪੈਂਦੀ ਹੈ। ਪਲੇਟੋ ਕਹਿੰਦਾ ਹੈ ਕਿ ਬਚਪਨ ਵਿਚ ਲੜਕੇ ਜੰਗਲੀ ਜਾਨਵਰਾਂ ਵਰਗੇ ਹੁੰਦੇ ਹਨ ਪਰ ਇਹ ਭੈਣਾਂ ਹੀ ਹਨ, ਜਿਨ੍ਹਾਂ ਕਰਕੇ ਉਹ ਜੀਵਨ ਵਿਚ ਵਡੇਰੇ ਹੋ ਕੇ ਸਮੁੰਦਰ ਦੀ ਤਰ੍ਹਾਂ ਸ਼ਾਂਤ ਹੋ ਜਾਂਦੇ ਹਨ। ਗੈਟੇ ਕਹਿੰਦਾ ਹੈ ਕਿ ਇਨ੍ਹਾਂ ਇਸਤਰੀਆਂ ਕਰਕੇ ਜੀਵਨ ਵਿਚ ਸਲੀਕਾ ਆਉਂਦਾ ਹੈ ਤੇ ਸਾਊ ਸਭਿਆਚਾਰ ਦਾ ਨਿਰਮਾਣ ਹੁੰਦਾ ਹੈ।
ਭੈਣ-ਭਰਾ ਦੇ ਪਿਆਰ ਦੀਆਂ ਕਈ ਪਰਤਾਂ ਹਨ, ਜਿਨ੍ਹਾਂ ਭੈਣਾਂ ਦੇ ਵੀਰ, ਪਿਤਾ ਦਾ ਸਾਇਆ ਨਾ ਰਹਿਣ ਕਰਕੇ ਨਹੀਂ ਹੁੰਦੇ ਤੇ ਵਡੇਰੀ ਉਮਰ ਦੇ ਹੋਣ ਕਰਕੇ ਉਹ ਭੈਣ ਤੇ ਪਿਤਾ ਦੋਹਾਂ ਰਿਸ਼ਤਿਆਂ ਦੀ ਭੂਮਿਕਾ ਨਿਭਾਉਂਦੇ ਹਨ। ਪਿਤਾ ਦੇ ਸਾਏ ਕਰਕੇ ਇਹ ਪਿਆਰ ਅਨਭੋਲ ਸ਼ਾਂਤ ਸੁੱਤੇ ਪਾਣੀਆਂ ਦੀ ਤਰ੍ਹਾ ਅਨਭੋਲ ਹੁੰਦਾ ਹੈ ਪ੍ਰੰਤ ਜਦੋਂ ਪਿਤਾ ਦਾ ਸਾਇਆ ਨਹੀਂ ਰਹਿੰਦਾ ਤਾਂ ਭਾਈ ਆਪ ਆਪਣੀ ਭੈਣ ਲਈ ਯੋਗ ਵਰ ਦੀ ਤਲਾਸ਼ ਕਰਦੇ ਹਨ, ਕਹਾਰਾਂ ਹੱਥ ਉਨ੍ਹਾਂ ਨੂੰ ਸਜੀ-ਸੰਵਰੀ ਡੋਲੀ ‘ਤੇ ਬਿਠਾਉਂਦੇ ਹਨ ਤੇ ਆਪਣੇ ਫਰਜਾਂ ਦੀ ਪੂਰਤੀ ਕਰਦੇ ਹੋਏ ਖੁਸ਼ੀ ਵਿਚ ਛੱਮ-ਛੱਮ ਅਥਰੂ ਕੇਰਦੇ ਹਨ ਤਾਂ ਉਹ ਕਦੇ ਪਲ ਜਾਇਆ ਕਰਨ ਤੋਂ ਬਿਨਾਂ ਸਫਲਤਾ ਦੀ ਨੀਲੀ ਘੋੜੀ ‘ਤੇ ਬੈਠ ਕੇ ਆਉਂਦੇ ਹਨ ਤੇ ਭੈਣ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਹਲ ਕਰਦੇ ਹਨ।
ਇਹ ਸਹੀ ਹੈ ਕਿ ਅੱਜ ਦੇ ਪਦਾਰਥਵਾਦ ਕਰਕੇ ਜਿਥੇ ਜ਼ਮੀਨ, ਜਾਇਦਾਦ ਤੇ ਧਨ ਦੀ ਵੰਡ ਧੌਣ ਅਕੜਾ ਕੇ
ਸਾਹਮਣੇ ਖੜ੍ਹ ਜਾਂਦੀ ਹੈ ਤਾਂ ਉਸ ਸਮੇਂ ਉਨ੍ਹਾਂ ਦੇ ਪਾਕ ਪਵਿਤਰ ਰਿਸ਼ਤੇ ਵਿਚ ਵਿਸ਼ ਘੋਲਿਆ ਜਾਂਦਾ ਹੈ ਪਰ ਅੱਜ ਵੀ ਭਾਰਤੀ ਸੰਸਕ੍ਰਿਤੀ ਵਿਚ ਭੈਣ ਤੇ ਭਾਈ ਦਾ ਪਿਆਰ ਦੋਫਾੜ ਨਹੀਂ ਹੋਇਆ ਤੇ ਭੈਣ ਸਦਾ ਭਾਈ ਦੀ ਖੈਰ ਹੀ ਮੰਗਦੀ ਹੈ। ਬਹੁਤੀਆਂ ਹਾਲਤਾਂ ਵਿਚ ਤਾਂ ਭੈਣਾਂ ਆਪਣੀ ਜਾਇਦਾਦ ਦਾ ਹੱਕ ਛੱਡ ਹੀ ਦੇਂਦੀਆਂ ਹਨ ਪਰ ਹਮੇਸ਼ਾ ਲਈ ਆਪਣੇ ਭਾਈ ਉਤੇ ਪਿਆਰ, ਕੁਰਬਾਨੀ ਦਾ ਹੱਕ ਬਣਾਈ ਰਖਦੀਆਂ ਹਨ।
ਭੈਣਾਂ ਲਈ ਭਾਈ ਸੁਰੱਖਿਆ ਦਾ ਚਿੰਨ੍ਹ ਹੁੰਦੇ ਹਨ, ਹਰ ਪ੍ਰਕਾਰ ਦੀ ਸੁਰੱਖਿਆ ਕਰਨੀ ਭਾਈ ਦੇ ਕਰਤਵ ਵਿਚ ਆਰਥਕ, ਨੈਤਿਕ, ਜਜ਼ਬਾਤੀ ਤੌਰ ‘ਤੇ ਭੈਣ ਨੂੰ ਹੌਸਲੇ ਵਿਚ ਰਖਣਾ ਉਨ੍ਹਾਂ ਦਾ ਮੁੱਖ ਆਦਰਸ਼ ਬਣ ਜਾਂਦਾ ਹੈ। ਇਹ ਆਪਸੀ ਭੈਣ-ਭਰਾ ਦਾ ਪ੍ਰਣ ਹਰ ਸਾਲ ਰੱਖੜੀ ਵਾਲੇ ਦਿਨ ਦੁਹਰਾਇਆ ਜਾਂਦਾ ਹੈ। ਰੱਖੜੀ ਤਾਂ ਇਕ ਪਰੰਪਰਾਗਤ ਧਾਗਾ ਹੈ ਪ੍ਰੰਤੂ ਸਕੇ ਭੈਣ ਭਾਈ ਤਾਂ ਧੁਰੋਂ ਹੀ ਇਸ ਬੰਧਨ ਵਿਚ ਬੱਝ ਚੁੱਕੇ ਹੁੰਦੇ ਹਨ। ਇਹ ਭੈਣ ਭਰਾ ਦਾ ਪਿਆਰ ਹੀ ਤਾਂ ਹੈ ਜੋ ਜੀਵਨ ਵਿਚ ਦੋਹਾਂ ਦੇ ਸਵੈਮਾਣ ਨੂੰ ਬਣਾਈ ਰਖਦਾ ਹੈ। ਭਰਾ ਚਾਹੇ ਕੋਲ ਹੋਵੇ ਜਾਂ ਦੂਰ, ਭੈਣ ਕੋਈ ਵੀ ਅਜਿਹਾ ਅਨੈਤਿਕ ਕੰਮ ਨਹੀਂ ਕਰਨਾ ਚਾਹੁੰਦੀ ਜਿਸ ਨਾਲ ਉਹ ਆਪਣੇ ਭਾਈ ਦੀਆਂ ਨਜ਼ਰਾਂ ਤੋਂ ਗਿਰ ਜਾਵੇ। ਜਦੋਂ ਕਿਤੇ ਵੀ ਉਨ੍ਹਾਂ ਦੀ ਇਜ਼ਤ ਸੰਕਟ ਵਿਚ ਹੁੰਦੀ ਹੈ ਤਾਂ ਉਹ ਜਾਨ ਵਾਰ ਦੇਂਦੀਆਂ ਹਨ ਪਰ ਇਜ਼ਤ ਨਾਲ ਸਮਝੌਤਾ ਨਹੀਂ ਕਰਦੀਆਂ। ਦੇਸ਼ ਦੀ ਆਜ਼ਾਦੀ ਦੇ ਸਮੇਂ ਕਈ ਸਿੱਖ ਅਤੇ ਹਿੰਦੂ ਔਰਤਾਂ ਨੇ ਆਪਣੀ ਇਜ਼ਤ ਸੰਭਾਲਣ ਲਈ ਖੂਹਾਂ ਵਿਚ ਛਾਲਾਂ ਮਾਰ ਕੇ ਆਪਣੀ ਜਾਨ ਦੇ ਦਿੱਤੀ, ਪਰ ਪਰਾਏ ਪੁਰਸ਼ਾਂ ਦੀ ਹਵਸ ਦਾ ਸ਼ਿਕਾਰ ਨਹੀਂ ਬਣੀਆਂ। ਇਹ ਸਵੈਮਾਣ ਦੇ ਸੂਹੇ ਫੁਲ ਉਨ੍ਹਾਂ ਦੇ ਭਾਈਆਂ ਨੇ ਹੀ ਤਾਂ ਉਨ੍ਹਾਂ ਦੇ ਮਨ ਅੰਦਰ ਪੈਦਾ ਕੀਤੇ ਸਨ।
ਭੈਣ-ਭਾਈ ਦੇ ਪਿਆਰ ਦਾ ਇਹ ਸੰਕਲਪ ਫਿਰ ਉਚੇਰਾ ਹੋ ਕੇ ਕੁਰਬਾਨੀ, ਮਰਿਯਾਦਾ, ਭਰਾਤਰੀਪੁਣਾ, ਨੈਤਿਕ ਉੱਚਤਾ ਵਿਚ ਬਦਲ ਜਾਂਦਾ ਹੈ। ਇਹ ਹੀ ਕਾਰਨ ਹੈ ਕਿ ਰੱਖੜੀ ਵਾਲੇ ਦਿਨ ਭੈਣਾਂ ਫੌਜੀਆਂ ਨੂੰ ਰੱਖੜੀ ਬੰਨ੍ਹਦੀਆਂ
ਹਨ। ਭਾਈ ਵੀ ਜਿਥੇ ਕਿਤੇ ਵੀ ਔਰਤ ਜਾਤੀ ਨਾਲ ਬਦਸਲੂਕੀ ਤੇ ਜ਼ੁਲਮ ਹੁੰਦਾ ਹੈ, ਉਥੇ ਆਪਣੀਆਂ ਜਾਨਾਂ ਵਾਰ ਕੇ ਉਨ੍ਹਾਂ ਦੀ ਰਖਿਆ ਕਰਦੇ ਹਨ। ਬੰਗਲਾ ਦੇਸ਼ ਬਣਨ ਵੇਲੇ ਸਿੱਖ ਫੌਜੀਆਂ ਨੇ ਮੁਸਲਮਾਨ ਔਰਤਾਂ ਦੀ ਲਾਜ ਆਪਣੀਆਂ ਪੱਗਾਂ ਨਾਲ ਬਚਾਈ ਸੀ।
ਅੱਜ ਦੇ ਯੁੱਗ ਵਿਚ ਔਰਤ ਦੀ ਆਜ਼ਾਦੀ ਨੇ ਇਸਤਰੀ ਦੀਆਂ ਸੰਭਾਵਨਾਵਾਂ ਵਿਚ ਵਧੇਰੇ ਸ਼ਕਤੀ ਭਰੀ ਹੈ ਤੇ ਉਹ ਆਪਣੇ ਪਰਾਏ ਨੂੰ ਤਿਆਗ ਰਹੀ ਹੈ। ਬਿਜਲੀ ਦੇ ਆਧੁਨਿਕ ਅਨੁਕਰਣਾ ਨੇ ਤੇ ਮਨੋਰੰਜਨ ਦੇ ਵਿਵਧ ਟੀ.ਵੀ. ਚੈਨਲਾਂ ਨੇ ਉਸਦੀ ਸ਼ਰਮ ਦੀ ਅੱਖ ਕੁਝ ਧੁੰਦਲੀ ਕਰ ਦਿਤੀ ਹੈ। ਔਰਤ ਦੀ ਆਜ਼ਾਦੀ ਦੀ ਗੱਲ ਕਰਨ ਵਾਲੇ ਪੈਰੋਕਾਰਾਂ ਨੂੰ ਇਸਤਰੀ ਦੀ ਜਿਸਮਾਨੀ ਨੁਮਾਇਸ਼ ਅਤੇ ਖੁੱਲ ਸਾਹਮਣੇ ਇਕ ਲਛਮਣ ਰੇਖਾ ਬਣਾਉਣੀ ਹੋਵੇਗੀ। ਇਹ ਲਛਮਣ ਰੇਖਾ ਭੈਣ-ਭਾਈ ਦੇ ਆਪਸੀ ਪਿਆਰ ਨੇ ਸਦਾ ਤੋਂ ਬਣਾਈ ਹੋਈ ਹੈ, ਉਹ ਇਹ ਹੈ ਕਿ ਆਧੁਨਿਕ ਇਸਤਰੀ ਅਜਿਹਾ ਕੋਈ ਵੀ ਕਰਮ ਨਹੀਂ ਕਰੇਗੀ ਜਿਸ ਨਾਲ ਉਸਦੇ ਭਾਈ ਦੀ ਅੱਖ ਸ਼ਰਮ ਨਾਲ ਨੀਵੀਂ ਹੁੰਦੀ ਹੋਵੇ। ਇਹ ਅਹਿਸਾਸ ਉਸਨੂੰ ਆਪਣੇ ਧੁਰ ਅੰਦਰੋਂ ਹੋਵੇਗਾ, ਜਿਸਦੀ ਉਹ ਪਾਲਣਾ ਕਰੇਗੀ। ਜੇ ਉਹ ਚਾਹੁੰਦੀ ਹੈ ਕਿ ਉਸਦੇ ਵੀਰ ਦੀਆਂ ਪਹਿਰੇਦਾਰ ਅੱਖਾਂ ਦੀ ਦ੍ਰਿਸ਼ਟੀ ਉਸਨੂੰ ਮਿਲਦੀ ਰਹੇ ਤਾਂ ਭਾਰਤੀ ਹੀ ਕੀ ਸਮੁਚੇ ਵਿਸ਼ਵ ਵਿਚ ਵੀ ਅਜੇ ਵੀ ਨਾਰੀ ਪੁਰਸ਼ ਦੀਆਂ ਨਜ਼ਰਾਂ ਵਿਚ ਬੇਸ਼ਰਮ ਨਹੀਂ ਅਖਵਾਉਣਾ ਚਾਹੁੰਦੀ।
ਭੈਣ ਲਈ ਭਾਈ ਸਹੀ ਅਰਥਾਂ ਵਿਚ ਚੰਦਨ ਦਾ ਬੂਟਾ ਹੈ ਜਿਸ ਵਿੱਚੋਂ ਸਦਾ ਖੁਸ਼ਬੂ ਆਉਂਦੀ ਰਹਿੰਦੀ ਹੈ ਤੇ ਉਹ ਖੁਸ਼ਬੂਦਾਰ ਬੂਟੇ ਚੰਦਨ ਦੇ ਹੋਣ ਜਾਂ ਧਣੀਏ ਦੇ ਭੈਣ ਨੂੰ ਕਦੇ ਵੀ ਗਿਰਦੇ ਹੋਏ ਨਹੀਂ ਦੇਖ ਸਕਦੇ। ਦੁਨੀਆ ਵਿਚ ਅਜੇ ਕੋਈ ਵੀ ਸਭਿਅਤਾ ਜਾਂ ਸੰਸਕ੍ਰਿਤੀ ਅਜਿਹੀ ਨਹੀਂ ਜਿਥੇ ਔਰਤ ਦੀ ਇੱਜ਼ਤ ਨੂੰ ਨੀਲਾਮ ਹੁੰਦਾ ਦੇਖਦੇ ਹੋਏ ਮਾਨਵ ਦੀਆਂ ਅੱਖਾਂ ਨੀਵੀਆਂ ਨਹੀਂ ਹੁੰਦੀਆਂ। ਅਮਰੀਕਾ ਦੁਨੀਆ ਦਾ ਸਭ ਤੋਂ ਅਮੀਰ ਤੇ ਵਿਕਸਿਤ ਦੇਸ਼ ਹੈ, ਜਿਥੇ ਔਰਤ ਨੂੰ ਆਜ਼ਾਦੀ ਸਭ ਮੁਲਕਾਂ ਤੋਂ ਵਧ ਹੈ ਪਰ ਇਹ ਗੱਲ ਸਭ ਦੁਨੀਆਂ ਜਾਣਦੀ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਕਲਿੰਟਨ ਆਪਣੀ ਗੱਦੀ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ ਸੀ ਕਿਉਂਕਿ ਉਸ ਨੇ ਆਪਣੀ ਇਕ ਕਰਮਚਾਰੀ ਮੋਨਿਕਾ ਲੇਵਿੰਸਕੀ ਨਾਲ ਨਜਾਇਜ ਸੰਬੰਧ ਸਥਾਪਿਤ ਕੀਤੇ ਸਨ। ਇਸ ਤਰ੍ਹਾਂ ਬ੍ਰਿਟੇਨ ਵਿਚ ਵੀ ਇਕ ਮੰਤਰੀ ਦੇ ਖਿਲਾਫ ਉਸਦੀ ਪਤਨੀ ਨੇ ਪਰਦਾਫਾਸ਼ ਕੀਤਾ ਹੈ ਕਿ ਉਸਦੇ ਪਤੀ ਦੇ ਲਈ ਇਸਤਰੀਆਂ ਨਾਲ ਨਜਾਇਜ਼ ਸਬੰਧ ਰਹੇ ਹਨ ਜਿਸ ਨਾਲ ਉਸਦੇ ਪਤੀ ਦੇ ਰਾਜਨੀਤਕ ਭਵਿਖ ਤੇ ਪ੍ਰਸ਼ਨ ਚਿੰਨ੍ਹ ਲਗ ਗਿਆ ਹੈ।
ਇਸਤਰੀ ਦੀ ਸਭ ਤੋਂ ਵੱਡੀ ਪੂੰਜੀ ਉਸ ਦੀ ਆਬਰੂ ਹੈ, ਉਹ ਉਸਨੇ ਆਪਣੇ ਭਾਈ ਤੇ ਭਾਈਚਾਰੇ ਦੋਹਾਂ ਦੇ ਸਾਹਮਣੇ ਸੱਚੀ-ਸੁੱਚੀ ਬਣਾ ਕੇ ਰਖਣੀ ਹੈ ਤੇ ਜੇ ਉਸਨੇ ਇਸ ਪੂੰਜੀ ਨੂੰ ਸ਼ਰੇਆਮ ਲੁਟਾ ਦਿਤਾ ਤਾਂ ਉਹ ਕੱਖਾਂ ਤੋਂ ਵੀ ਹੌਲੀ ਹੋ ਜਾਂਦੀ ਹੈ। ਇਸਤਰੀ ਚਾਹੇ ਕੱਖਾਂ ਦੀ ਕੁੱਲੀ ਵਿਚ ਰਹੇ, ਝੁੱਗੀਆਂ ਝੌਂਪੜੀਆਂ ਵਿਚ ਨਿਵਾਸ ਕਰੇ ਜਾਂ ਕੋਠੀਆਂ ਤੇ ਮਹਿਲਾਂ ਵਾਲੀ ਹੋਵੇ, ਆਪਣੇ ਭਾਈਆਂ ਦੇ ਸਾਹਮਣੇ ਉਸਦੀ ਕੀਮਤ ਬਰਾਬਰ ਦੀ ਹੀ ਹੁੰਦੀ ਹੈ। ਭਾਈ ਦੀ ਸੌਗਾਤ ਤਾਂ ਇਸਤਰੀ ਨੂੰ ਰੱਬੀ ਦਾਤ ਵਜੋਂ ਮਿਲੀ ਹੁੰਦੀ ਹੈ ਤੇ ਇਸ ਦਾਤ ਦਾ ਕੋਈ ਬਨਾਉਟੀ ਬਦਲ ਨਹੀਂ ਹੋ ਸਕਦਾ। ਜਿਨ੍ਹਾਂ ਇਸਤਰੀਆਂ ਦੇ ਸਕੇ ਭਾਈ ਨਹੀਂ ਹੁੰਦੇ, ਉਹ ਭਾਈ ਦੀ ਕਮੀ ਪੂਰੀ ਕਰਨ ਲਈ ਮੂੰਹ ਬੋਲੇ ਭਾਈ ਬਣਾਉਂਦੀਆਂ ਹਨ ਤੇ ਉਨ੍ਹਾਂ ਨੂੰ ਰੱਖੜੀ ਬੰਨ੍ਹਣ ਤਕ ਵੀ ਜਾਂਦੀਆਂ ਹਨ ਪਰ ਅਜਿਹੇ ਕੋਮਲ ਭਾਵੀ ਤੇ ਕੋਮਲ ਤੰਦਾਂ ਵਾਲੇ ਰਿਸ਼ਤੇ ਸੋਚ ਸਮਝ ਕੇ ਬਣਾਉਣੇ ਚਾਹੀਦੇ ਹਨ ਕਿਉਂਕਿ ਦੁਨੀਆ ਤੇ ਸਮਾਜ ਦੀਆਂ ਨਜ਼ਰਾਂ ਵਿਚ ਤਾਂ ਤੁਸੀਂ ਭੈਣ-ਭਾਈ ਨਹੀਂ ਹੋ ਤੇ ਸਮਾਜ ਹਮੇਸ਼ਾ ਤੁਹਾਨੂੰ ਸ਼ੱਕ ਦੀਆਂ ਨਿਗਾਹਾਂ ਨਾਲ ਵੇਖ ਸਕਦਾ ਹੈ। ਸਮਾਜ ਨੂੰ ਤੁਸੀਂ ਕਿਸ ਤਰ੍ਹਾਂ ਯਕੀਨ ਦੁਆ ਸਕਦੇ ਹੋ ਕਿ ਤੁਸੀਂ ਬਿਲਕੁਲ ਪਵਿੱਤਰ ਰਿਸ਼ਤੇ ਨਿਭਾਅ ਰਹੇ ਹੋ। ਦੂਸਰੀ ਗੱਲ ਇਹ ਹੈ ਕਿ ਇਨ੍ਹਾਂ ਮੂੰਹ ਬੋਲੇ ਭੈਣ ਭਾਈ ਦੇ ਰਿਸ਼ਤੇ ਵਿਚ ਤੁਹਾਨੂੰ ਆਪ ਵੀ ਫਿਸਲਣ ਦਾ ਡਰ ਰਹਿੰਦਾ ਹੈ ਕਿਉਂਕਿ ਜਦੋਂ ਵੀ ਕਿਤੇ ਜਿਸਮਾਨੀ ਨਿਕਟਤਾ ਕਦੇ ਵਧੇਰੇ ਮਿਲਦੀ ਹੈ ਤਾਂ ਮਨੁੱਖ ਭਾਵਨਾਵਾਂ ਦੇ ਵਹਿਣ ਵਿਚ ਵਹਿ ਕੇ ਜਿਸਮਾਨੀ ਖਿੱਚ ਨੂੰ ਕਬੂਲਦਾ ਹੋਇਆ ਨੈਤਿਕਤਾ ਦੇ ਆਸਣ ਤੋਂ ਡਿਗ ਸਕਦਾ ਹੈ। ਕਈ ਮਿਸਾਲਾਂ ਸਮਾਜ ਵਿਚ ਦੇਖਣ ਨੂੰ ਮਿਲਦੀਆਂ ਹਨ ਜਦੋਂ ਭੈਣ-ਭਾਈ ਦੇ ਮੂੰਹ ਬੋਲੇ ਰਿਸ਼ਤੇ ਤੋਂ ਇਹ ਸਬੰਧ ਬਣਨੇ ਸ਼ੁਰੂ ਹੋਏ ਤੇ ਆਖਰ ਵਿਚ ਆ ਕੇ ਘਰ ਪਤੀ ਪਤਨੀ ਦੇ ਰਿਸ਼ਤੇ ਵਿਚ ਪ੍ਰਵਾਨ ਚੜ੍ਹੇ। ਅਜਿਹੀ ਸਥਿਤੀ ਨਿਰਸੰਦੇਹ ਭੈਣ-ਭਾਈ ਦੇ ਰਿਸ਼ਤੇ ਦੀ ਖੁਸਬੂ ਨੂੰ ਘਟਾਉਂਦੀ ਹੈ। ਭੈਣ ਲਈ ਭਾਈ ਅਤੇ ਭਾਈ ਲਈ ਭੈਣ ਦੋਵੇਂ ਰਿਸ਼ਤੇ ਹੀ ਪਾਕ ਪਵਿੱਤਰਤਾ ਦੀ ਸੁਗੰਧਾਂ ਨਾਲ ਭਰਪੂਰ ਹੁੰਦੇ ਹਨ, ਇਸ ਖੁਸ਼ਬੂ ਦੇ ਆਧਾਰ ਉਤੇ ਹੀ ਸਾਡੇ ਸਮਾਜ ਦੀ ਸਦਾਚਾਰਕ ਤੌਰ ‘ਤੇ ਨੀਂਹ ਉਸਰਦੀ ਹੈ ਅਤੇ ਇਹ ਨੀਂਹ ਜਿੰਨੀ ਮਜ਼ਬੂਤ ਹੋਵੇਗੀ, ਓਨਾ ਹੀ ਅਸੀਂ ਆਪਣਾ ਸਮਾਜ ਬਲਵਾਨ ਬਣਾ ਸਕਾਂਗੇ।