ਲੇਖ : ਭਰੂਣ ਹੱਤਿਆ
ਭਰੂਣ ਹੱਤਿਆ
ਵਿਗਿਆਨਕ ਕਾਢਾਂ ਦੀ ਵੀ ਅਜੀਬ ਤੇ ਦਿਲਚਸਪ ਦੁਨੀਆਂ ਹੈ। ਜਿਸ ਸਾਧਨ ਨੂੰ ਪਹਿਲਾਂ ਵਿਗਿਆਨੀ ਮਨੁੱਖੀ ਕਲਿਆਣ ਲਈ ਉੱਤਮ ਤੇ ਸਾਰਥਕ ਸਮਝਦੇ ਹਨ, ਉਸਦੀ ਕੁਵਰਤੋਂ ਹੋਣ ਕਰਕੇ ਉਹ ਸਾਧਨ ਹੀ ਨਿੰਦਨੀਯ ਹੋ ਜਾਂਦਾ ਹੈ। ਬੱਚਿਆਂ ਦੇ ਕਲਿਆਣ ਲਈ ਵਿਗਿਆਨੀਆਂ ਨੇ (Foetus Growth) ਨੂੰ ਸਮਝਣ ਲਈ ਅਜਿਹੀ ਵਿਧੀ ਤਿਆਰ ਕੀਤੀ ਸੀ ਕਿ ਜਿਸ ਰਾਹੀਂ ਅਪੰਗ ਅਤੇ ਹੋਰ ਅਬਨਾਰਮਲ ਬੱਚਿਆਂ ਦੀਆਂ ਬੀਮਾਰੀਆਂ ਬਾਰੇ ਪਹਿਲਾਂ ਹੀ ਪਤਾ ਚਲ ਸਕੇ, ਤਾਂ ਜੋ ਵਿਗਿਆਨੀ ਉਸਦੀ ਤੰਦਰੁਸਤੀ ਲਈ ਵੀ ਕੰਮ ਕਰ ਸਕਣ। ਇਸ ਵਿਧੀ ਨਾਲ ਇਹ ਜਾਣਕਾਰੀ ਵੀ ਸੰਭਵ ਹੋ ਗਈ ਕਿ ਮਾਂ ਦੇ ਪੇਟ ਵਿੱਚ ਜੋ ਬੱਚਾ ਬਣ ਰਿਹਾ ਹੈ, ਉਹ ਲੜਕਾ ਹੈ ਜਾ ਲੜਕੀ ਤਾਂ ਉਸ ਨਾਲ ਇੱਕ ਗਲਤ ਪ੍ਰਥਾ ਵੀ ਚਲ ਪਈ।
ਇਹ ਕਿਸ ਤਰ੍ਹਾਂ ਦਾ ਦੁਖਾਂਤ ਹੈ ਕਿ ਨਰ ਤੇ ਮਾਦਾ ਦੇ ਰੂਪ ਵਿੱਚ ਲੜਕਾ ਅਤੇ ਲੜਕੀ ਮਨੁੱਖੀ ਜੀਵਨ ਦੇ ਦੋ ਰੂਪ ਹਨ, ਜਿਨ੍ਹਾਂ ਦੇ ਵਿੱਚ ਸਾਡੇ ਸੱਭਿਅਕ ਸਮਾਜ ਵਿੱਚ ਬੜਾ ਡੂੰਘਾ ਅੰਤਰ ਪਾਇਆ ਜਾਂਦਾ ਹੈ। ਲੜਕੇ ਦੇ ਪੈਦਾ ਹੋਣ ਤੇ ਸਾਰਾ ਪਰਿਵਾਰ ਖੁਸ਼ੀ ਨਾਲ ਮਿਉਂਦਾ ਨਹੀਂ ਤੇ ਖੁਸ਼ੀ ਜ਼ਾਹਿਰ ਕਰਨ ਲਈ ਕਈ ਤਰ੍ਹਾਂ ਦੇ ਢੰਗ ਅਪਣਾਏ ਜਾਂਦੇ ਹਨ, ਪਰ ਦੂਸਰੇ ਪਾਸੇ ਮਨੁੱਖੀ ਜੀਵਨ ਦਾ ਦੂਸਰਾ ਰੂਪ ਲੜਕੀ ਦੇ ਜਨਮ ਵੇਲੇ ਵਧਾਈ ਵੀ ਨਹੀਂ ਕਬੂਲ ਕੀਤੀ ਜਾਂਦੀ। ਜਿਸ ਦੇ ਜਨਮ ਸਮੇਂ ਹੀ ਮਾਂ-ਬਾਪ ਅਤੇ ਹੋਰ ਰਿਸ਼ਤੇਦਾਰਾਂ ਦਾ ਮੂੰਹ ਸੁੱਜ ਜਾਂਦਾ ਹੈ ਤੇ ਉਸ ਨੂੰ ਵੱਟਾ, ਪੱਥਰ ਆਦਿ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ, ਫਿਰ ਉਸ ਦੀ ਪਰਵਰਿਸ਼ ਕਿਸ ਤਰ੍ਹਾਂ ਉੱਤਮ ਹੋ ਸਕਦੀ ਹੈ। ਪੰਜਾਬ ਵਿੱਚ ਹੀ ਖ਼ਾਸ ਤੌਰ ‘ਤੇ ਮਾਲਵੇ ਵਿੱਚ ਜੰਮਦੀਆਂ ਧੀਆਂ ਦੀ ਸੰਘੀ ਘੁੱਟ ਦਿੱਤੀ ਜਾਂਦੀ ਰਹੀ ਹੈ, ਇਸ ਲੋਕ ਸੋਚ ਵਿੱਚ ਜੋ ਸਾਡੇ ਸਮਾਜ ਦੀ ਮਾਨਸਿਕਤਾ ਛੁਪੀ ਹੋਈ ਹੈ ਉਸ ਨੂੰ ਲੋਕ ਗੀਤਾਂ ਰਾਹੀਂ ਜ਼ਾਹਿਰ ਕੀਤਾ ਹੋਇਆ ਵੀ ਮਿਲਦਾ ਹੈ, ਜਦੋਂ ਇਸ ਭਾਵ ਨੂੰ ਪ੍ਰਗਟ ਕਰਦੀ ਹੋਈ ਇੱਕ ਲੋਕ ਸੱਤਰ ਹੈ ਕਿ “ਕੁੜੀ ਨੂੰ ਤਾਂ ਭੜੋਲੇ ਵਿੱਚ ਪਾ ਦੇਣਾ ਚਾਹੀਦਾ ਹੈ ਤੇ ਮੁੰਡੇ ਨੂੰ ਪਿਆਰ ਨਾਲ ਮੋਢੇ ਲਾ ਲੈਣਾ ਚਾਹੀਦਾ ਹੈ।”
ਜਦੋਂ ਦੀ ਇਹ ਦੁਨੀਆਂ ਬਣੀ ਹੈ, ਲੜਕੀ-ਲੜਕੇ ਵਿੱਚ ਫਰਕ ਰਿਹਾ ਹੈ, ਇਹ ਵਿਤਕਰਾ ਮਾੜਾ ਹੈ। ਕਦੇ ਸਮਾਂ ਸੀ ਕਿ ਲੜਕੀ ਦੀ ਸਾਡੇ ਸਮਾਜ ਵਿੱਚ ਬਹੁਤ ਕਦਰ ਸੀ ਤੇ ਉਹ ਆਪਣੇ ਵਰ ਦੀ ਚੋਣ ਲਈ ਸੁਅੰਬਰ ਰਚਾਉਂਦੀਆਂ ਸਨ। ਵਿਗਿਆਨੀ ਕੋਈ ਖੋਜ ਦੇ ਸਬੰਧ ਵਿੱਚ ਵਿਤਕਰਾ ਨਹੀਂ ਕਰਦੇ। Genetic Counrelling ਵਿਗਿਆਨ ਦੀ ਇੱਕ ਅਜਿਹੀ ਸ਼ਾਖਾ ਹੈ, ਜੋ ਲੋਕਾਂ ਦੇ ਭਲੇ ਲਈ ਕੰਮ ਕਰਦੀ ਹੈ। ਇਸ ਸ਼ਾਖਾ ਨਾਲ ਇਹ ਪਤਾ ਚਲਦਾ ਹੈ ਕਿ ਬੱਚਾ ਜੋ ਪਲ ਰਿਹਾ ਹੈ, ਉਸਦਾ ਵਿਕਾਸ ਕਿਵੇਂ ਹੋ ਰਿਹਾ ਹੈ। ਬੱਚਾ ਨਰ ਹੈ ਜਾਂ ਮਾਦਾ, ਇਹ ਜਾਣਨਾ ਤਾਂ ਸਾਧਾਰਨ ਗੱਲ ਸੀ ਪਰ ਜੋ ਭਾਰਤੀ ਹਾਲਾਤ ਮੁਤਾਬਕ ਅਸਾਧਾਰਣ ਤੇ ਗੰਭੀਰ ਰੂਪ ਧਾਰਨ ਕਰਨ ਲੱਗ ਪਏ। ਉਹ ਹੀ ਵਿਗਿਆਨੀ, ਜੋ ਜਾਨ ਬਚਾ ਰਹੇ ਸਨ ਤੇ ਅਪੰਗ ਪੈਦਾ ਹੋਣ ਵਾਲੇ ਬੱਚਿਆਂ ਲਈ ਪ੍ਰਯੋਗ ਕਰ ਰਹੇ ਸਨ, ਉਹ ਹੀ ਕਸਾਈ ਬਣ ਗਏ ਤੇ ਪੈਸੇ ਦੇ ਲਾਲਚ ਵਿੱਚ ਲੜਕੀ ਦੀ ਸੂਰਤ ਵਿੱਚ ਗਰਭਪਾਤ ਆਰੰਭ ਹੋ ਗਏ।
ਇਹ ਕਿਸ ਤਰ੍ਹਾਂ ਦਾ ਦੁਖਾਂਤਮਈ ਇਤਫ਼ਾਕ ਹੈ ਕਿ ਲੜਕੀ ਨੂੰ ਇਸ ਦੁਨੀਆਂ ਵਿੱਚ ਪ੍ਰਵੇਸ਼ ਕਰਨ ਸਮੇਂ ਹੀ ਤ੍ਰਿਸਕਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਕੀ ਪ੍ਰਮਾਤਮਾ ਨੇ ਦੋਹਾਂ ਦੇ ਜੰਮਣ ਸਮੇਂ ਕੋਈ ਵੱਖਰਾ ਢੰਗ ਰੱਖਿਆ ਹੈ? ਜਾਂ ਲੜਕੇ ਨੂੰ ਕੁੱਝ ਵੱਖਰੇ ਅਲੰਕਾਰ ਸਜਾ ਕੇ ਦੁਨੀਆਂ ਵਿੱਚ ਭੇਜਿਆ ਹੈ। ਫ਼ਰਕ ਤਾਂ ਸਿਰਫ ਦੋਹਾਂ ਵਿੱਚ ਨਰ ਤੇ ਮਾਦਾ ਦੇ ਰੂਪ ਵਿੱਚ ਲਿੰਗ ਦਾ ਹੈ, ਜੋ ਪ੍ਰਕ੍ਰਿਤੀ ਦੀ ਹਰ ਸਾਹ ਲੈਣ ਵਾਲੀ ਵਸਤੂ ਵਿੱਚ ਹੈ। ਮੰਦਭਾਗੀ ਗੱਲ ਇਹ ਹੈ ਕਿ ਹਰ ਸਮੇਂ ‘ਤੇ ਮਨੁੱਖ ਦੀ ਮਾਨਸਿਕਤਾ ਸਦਾ ਮੁੰਡੇ ਦੇ ਜੰਮਣ ਨਾਲ ਖ਼ੁਸ਼ੀ ਭਰੀ ਰਹੀ ਹੈ ਤੇ ਲੜਕੀ ਨੂੰ ਪਹਿਲਾਂ ਆਪਣੇ ਆਪ ਨੂੰ ਕੋਸਣਾ ਹੀ ਨਸੀਬ ਹੁੰਦਾ ਹੈ। ਸੰਸਾਰ ਵਿੱਚ ਕਈ ਇਸਤਰੀ ਲੇਖਕਾਵਾਂ ਨੇ ਇਹ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਲਈ ਸਭ ਤੋਂ ਵੱਡਾ ਸੰਤਾਪ ਲੜਕੀ ਰੂਪ ਵਿੱਚ ਇਸ ਦੁਨੀਆਂ ਵਿੱਚ ਆਉਣਾ ਹੀ ਹੈ। ਰੋਜ਼ ਕੀਤੇ ਜਾਂਦੇ ਵਿਤਕਰੇ ਕਾਰਨ ਉਨ੍ਹਾਂ ਵਿੱਚ ਇੱਕ ਤਰ੍ਹਾਂ ਦਾ ਵਿਦਰੋਹ ਪੈਦਾ ਹੁੰਦਾ ਹੈ ਤੇ ਇਹ ਵਿਦਰੋਹ ਹੀ ਉਨ੍ਹਾਂ ਦੇ ਕੋਮਲ ਹੱਥਾ ਵਿੱਚ ਕਲਮ ਫੜਾਉਂਦਾ ਹੈ, ਜਿਸ ਨਾਲ ਉਹ ਲੇਖਕਾਵਾਂ ਬਣਦੀਆਂ ਹਨ।
ਇਹ ਕਿਸ ਤਰ੍ਹਾਂ ਦਾ ਇਨਸਾਫ਼ ਹੈ ਕਿ ਜਦੋਂ ਇੱਕ ਦੋ ਲੜਕੀਆਂ ਤੋਂ ਬਾਅਦ ਕਿਸੇ ਨੂੰ, ਸਾਡੇ ਸਮਾਜ ਵਿੱਚ ਖ਼ਾਸ ਤੌਰ ‘ਤੇ ਪਿੰਡਾਂ ਵਿੱਚ ਲੜਕੇ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਹ ਵੱਡੀ ਕੁੜੀ ਨੂੰ ਸਕੂਲ ਤੋਂ ਪੜ੍ਹਨ ਤੋਂ ਹਟਾ ਲੈਂਦੇ ਹਨ ਕਿ ਉਸ ਨੇ ਆਪਣੇ ਭਾਈ ਦੀ ਪਰਵਰਿਸ਼ ਵਿੱਚ ਹਿੱਸਾ ਪਾਉਣਾ ਹੈ। ਕੁੱਝ ਲੋਕ ਇਹ ਕਹਿੰਦੇ ਹਨ ਕਿ ਹੁਣ ਉਹ ਸਮਾਂ ਨਹੀਂ ਰਿਹਾ ਤੇ ਇਹ ਵਿਤਕਰਾ ਦੂਰ ਹੋ ਗਿਆ ਹੈ। ਪਰ ਹਕੀਕਤ ਇਹ ਹੈ ਕਿ ਪਰਿਵਾਰ ਨਿਯੋਜਨ ਕਰਕੇ ਘੱਟ ਬੱਚੇ ਹੋਣ ਕਰਕੇ, ਇਸ ਵਿੱਚ ਕੁੱਝ ਅੰਤਰ ਆਇਆ ਹੈ ਪਰ ਅਜੇ ਵੀ ਲੜਕੇ ਦੀ ਮੰਗ ਵਧੇਰੇ ਹੈ।
ਕੁੜੀ ਨੂੰ ਤਾਂ ਵਿਤਕਰੇ ਦੇ ਤਿੱਖੇ ਵਾਰ ਬਚਪਨ ਵਿੱਚ ਹੀ ਸਹਿਣੇ ਪੈ ਜਾਂਦੇ ਹਨ ਤੇ ਉਸ ਨੂੰ ਛੇਤੀ ਹੀ ਗਿਆਨ ਹੋ ਜਾਂਦਾ ਹੈ ਕਿ ਇਨਸਾਨੀ ਜੀਵਨ ਵਿੱਚ ਮੁੰਡੇ ਨਾਲੋਂ ਉਹ ਘਟੀਆ ਹੈ ਜਿਸ ਨੂੰ ਕੁੱਝ ਚਿੰਤਕ Second Sex ਦਾ ਨਾਂ ਵੀ ਦਿੰਦੇ ਹਨ। ਅਜਿਹੀ ਸੋਚ ਨਾਲ ਲੜਕੀ ਨੂੰ ਘਟੀਆਪਣ ਦਾ ਅਹਿਸਾਸ ਹੁੰਦਾ ਹੈ ਤੇ ਇਸ ਵਿੱਚੋਂ ਕਈ ਮਨੋਵਿਗਿਆਨਿਕ ਉਲਝਣਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਪੈਰ-ਪੈਰ ‘ਤੇ ਉਸ ਨੂੰ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹ ਲੜਕੀ ਹੈ, ਜਿਸ ਕਰਕੇ ਉਸ ਨਾਲ ਅਜਿਹਾ ਵਿਵਹਾਰ ਕੀਤਾ ਜਾ ਰਿਹਾ ਹੈ। ਕਦੇ ਇਸ ਬਾਰੇ ਵੀ ਕਿਸੇ ਸਮਾਜ ਚਿੰਤਕ ਨੇ ਸੋਚਿਆ ਹੈ ਕਿ ਲੜਕੀ ਨੂੰ ਬਚਪਨ ਵਿੱਚ ਜੋ ਖੇਡਾਂ ਖਿਡਾਈਆਂ ਜਾਂਦੀਆਂ ਹਨ, ਉਹ ਵੀ ਉਸ ਦੇ ਲੜਕੀ ਹੋਣ ਕਾਰਨ ਹੀ ਹਨ। ਗੁੱਡੀਆਂ ਪਟੋਲਿਆਂ ਨਾਲ ਖੇਡਣਾ, ਰੇਤ ਦੇ ਘਰ ਬਣਾਉਣੇ, ਗੁੱਡੇ ਗੁੱਡੀ ਦਾ ਵਿਆਹ ਰਚਾਉਣਾ, ਪੱਥਰ ਗੀਟੇ ਖੇਡਣੇ ਆਦਿ ਸਾਰੀਆਂ ਕੋਮਲ ਖੇਡਾਂ ਹਨ ਜੋ ਉਸ ਲਈ ਰਾਖਵੀਆਂ ਬਣ ਗਈਆਂ ਹਨ ਪਰ ਆਧੁਨਿਕ ਅਤੇ ਵਿਗਿਆਨਕ ਸੋਚ ਅਨੁਸਾਰ ਲੜਕੀ ਨਾਲ ਇਹ ਸਭ ਕੁੱਝ ਸੰਬੰਧਿਤ ਕਰਨਾ ਉਸ ਨਾਲ ਇਨਸਾਫ਼ ਨਹੀਂ। ਇਨ੍ਹਾਂ ਸਾਰੀਆਂ ਖੇਡਾਂ ਦਾ ਸੰਬੰਧ ਘਰ ਦੀ ਚਾਰ ਦੀਵਾਰੀ ਤੱਕ ਹੀ ਸੀਮਤ ਹੁੰਦਾ ਹੈ ਤੇ ਉਹ ਘਰ ਵਿੱਚ ਹੀ ਮੈਨਾ ਬਣ ਕੇ ਰਹਿ ਜਾਂਦੀ ਹੈ। ਜੇ ਅਸੀਂ ਹੁਣ ਮੰਗ ਕਰਦੇ ਹਾਂ ਕਿ ਲੜਕੀਆਂ ਵੀ ਹਾਕੀ, ਫੁੱਟਬਾਲ, ਕ੍ਰਿਕਟ ਜਾਂ ਦੌੜਾਂ ਵਿੱਚ ਮੈਡਲ ਲੈ ਕੇ ਆਉਣ ਤਾਂ ਫਿਰ ਬਚਪਨ ਵਿੱਚ ਉਨ੍ਹਾਂ ਨੂੰ ਇਨ੍ਹਾਂ ਖੇਡਾਂ ਤੋਂ ਦੂਰ ਕਿਉਂ ਕਰਦੇ ਹਾਂ।
ਬਚਪਨ ਦੀ ਮੰਜਿਲ ਨੂੰ ਪਾਰ ਕਰਦੀ ਹੋਈ ਜਦੋਂ ਉਹ ਜੁਆਨੀ ਦੇ ਦਹਿਲੀਜ਼ ‘ਤੇ ਪਹੁੰਚਦੀ ਹੈ ਤਾਂ ਉਸ ਨੂੰ ਜ਼ਿੰਦਗੀ ਦੀ ਪਹਿਲੀ ਲੱਕ ਪੀੜ ਹੁੰਦੀ ਹੈ, ਹੈਰਾਨ ਪ੍ਰੇਸ਼ਾਨ ਹੋਈ ਉਹ ਆਪਣੀ ਦੁੱਖ ਦੀ ਕਹਾਣੀ ਵੀ ਕਿਸੇ ਨੂੰ ਨਹੀਂ ਸੁਣਾਉਂਦੀ ਤੇ ਸ਼ਰਮ ਦੇ ਖਾਰੇ ਪਾਣੀਆਂ ਵਿੱਚੋਂ ਨਿਕਲ ਕੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕਰਦੀ ਕਿ ਇਹ ਤਾਂ ਉਸ ਲਈ ਇਸਤਰੀਤਵ ਦੇ ਪ੍ਰਵੇਸ਼ ਦਾ ਸਮਾਂ ਹੈ। ਆਪਣੀਆਂ ਵੱਡੀਆਂ ਸਖੀਆਂ ਸਹੇਲੀਆਂ ਤੋਂ ਉਸ ਨੂੰ ਮਾਸਕ ਧਰਮ ਦਾ ਪਤਾ ਚਲਦਾ ਹੈ। ਪਰ ਪਹਿਲੀ ਪੀੜ ਜ਼ਰੂਰ ਘੱਟ ਸਕਦੀ ਸੀ ਜੇ ਸਕੂਲ ਦੀ ਪਾਠ ਪੁਸਤਕ ਵਿੱਚ ਜਾਂ ਅਧਿਆਪਕਾਂ ਨੇ ਉਸ ਨੂੰ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਹੁੰਦੀ। ਪ੍ਰਕ੍ਰਿਤੀ ਨੇ ਹੀ ਮਰਦ ਅਤੇ ਇਸਤਰੀ ਵਿੱਚ ਇਹ ਮੁੱਢਲਾ ਭੇਦ ਰੱਖਿਆ ਹੈ, ਜਿਸ ਦੀ ਉਸ ਪੂਰੀ ਜਾਣਕਾਰੀ ਨਹੀਂ ਦਿੱਤੀ ਜਾਂਦੀ। ਜਦੋਂ ਇਹ ਸਭ ਕੁੱਝ ਜਾਣਨ ਦੀ ਉਸਦੀ ਉਮਰ ਹੁੰਦੀ ਹੈ, ਉਸ ਸਮੇਂ ਉਸ ਦੀਆਂ ਪਾਠ ਪੁਸਤਕਾਂ ਵਿੱਚ ਇੱਕ ਵੀ ਸਤਰ ਉਸ ਲਈ ਸਾਰਥਕ ਨਹੀਂ ਹੁੰਦੀ, ਪਰ ਜਦੋਂ ਉਹ ਵਿਸ਼ਵ ਵਿਦਿਆਲੇ ਵਿੱਚ ਵਿਗਿਆਨ ਦਾ ਅਧਿਐਨ ਕਰਦੀ ਹੈ ਤਾਂ ਸਮੇਂ ਇਸ ਦਾ ਗਿਆਨ ਉਸ ਨੂੰ ਕਰਾਇਆ ਜਾਂਦਾ ਹੈ। ਮਨੋਵਿਗਿਆਨਕ ਤੌਰ ‘ਤੇ ਜੋ ਗੰਢਾਂ ਉਸ ਦੇ ਮਨ ਵਿੱਚ ਬਣ ਚੁੱਕੀਆਂ ਹਨ ਉਨਾਂ ਨੂੰ ਫਿਰ ਖੁੱਲਣ ਵਿੱਚ ਢੇਰ ਸਮਾਂ ਦਿੱਤਾ ਜਾਂਦਾ ਹੈ। ਜ਼ਿੰਦਗੀ ਦੀ ਇਹ ਪ੍ਰਾਕ੍ਰਿਤਕ ਪੀੜਾ ਨੂੰ ਸਹਿੰਦੀ ਹੋਈ ਉਹ ਪੁਰਸ਼ਾਂ ਨੂੰ ਆਪਣੇ ਆਪ ਨਾਲੋਂ ਉੱਤਮ ਸਮਝਣ ਲੱਗ ਜਾਂਦੀ ਹੈ।
ਅਸੀਂ ਲੜਕੀ ਨੂੰ ਕਈ ਨਾਵਾਂ ਨਾਲ ਤੇ ਵਿਸ਼ੇਸ਼ਣਾਂ ਨਾਲ ਸੰਬੋਧਿਤ ਕਰਦੇ ਹਾਂ, ਜੋ ਉਸ ਦੀ ਸ਼ਖ਼ਸੀਅਤ ਨਾਲ ਇਨਸਾਫ਼ ਨਹੀਂ ਕਰਦੇ ਤੇ ਆਧੁਨਿਕ ਯੁੱਗ ਵਿੱਚ ਅਪ੍ਰਸੰਗਿਕ ਜਿਹੇ ਲੱਗਦੇ ਹਨ। ਜਦੋਂ ਅਸੀਂ ਉਸ ਨੂੰ ਗਊ ਵਰਗੀ ਅਸੀਲ’, ਗਾਂ, ਕੂੰਜ, ਚਿੜੀ ਆਦਿ ਨਾਵਾਂ ਨਾਲ ਬੁਲਾਉਂਦੇ ਹਾਂ ਤਾਂ ਇਸ ਨਾਲ ਉਸ ਵਿੱਚ ਵਿਸ਼ਵਾਸ ਨਹੀਂ ਪੈਦਾ ਹੁੰਦਾ ਸਗੋਂ ਇਸ ਸਮੇਂ ਉਹ ਇਹ ਮਹਿਸੂਸ ਕਰਦੀ ਹੈ ਕਿ ਇਹ ਕੇਵਲ ਉਸ ਲਈ ਵਿਸ਼ੇਸ਼ਣ ਬਣੇ ਹਨ, ਮੁੰਡਿਆਂ ਨੂੰ ਇਨ੍ਹਾਂ ਨਾਵਾਂ ਨਾਲ ਕਿਉਂ ਨਹੀਂ ਪੁਕਾਰਿਆ ਜਾਂਦਾ। ਜੇ ਅਸੀਂ ਲੜਕੀ ਲੜਕੇ ਵਿੱਚ ਬਰਾਬਰੀ ਚਾਹੁੰਦੇ ਹਾਂ ਤਾਂ ਸਾਨੂੰ ਇਨ੍ਹਾਂ ਵਿਸ਼ੇਸ਼ਣਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਜੁਆਨ ਹੁੰਦੀ ਕੁੜੀ ਨੂੰ ਜਦੋਂ ਕਿਸੇ ਕੰਮ ਬਾਹਰ ਜਾਣਾ ਪੈਂਦਾ ਹੈ ਤਾਂ ਉਸ ਨੂੰ ਸੁਰੱਖਿਆ ਦੀਆਂ ਚਾਰ ਅੱਖਾਂ ਵੀ ਨਾਲ ਲਿਜਾਣੀਆਂ ਪੈਂਦੀਆਂ ਹਨ। ਅਜਿਹੇ ਸਮੇਂ ਉਹ ਇਹ ਮਹਿਸੂਸ ਕਰਦੀ ਹੈ ਕਿ ਉਹ ਕਮਜ਼ੋਰ ਤੇ ਨਿਤਾਣੀ ਹੈ। ਆਧੁਨਿਕ ਯੁੱਗ ਵਿੱਚ ਪੜ੍ਹਾਈ ਦੇ ਖੇਤਰ ਵਿੱਚ ਲੜਕੀਆਂ ਉਚੇਰੀ ਪੜ੍ਹਾਈ ਵਿੱਚ ਜ਼ਿਆਦਾ ਮਿਕਦਾਰ ਵਿੱਚ ਕਾਰਜਸ਼ੀਲ ਹਨ। ਉਨ੍ਹਾਂ ਨੂੰ ਅਨੇਕਾਂ ਥਾਵਾਂ ‘ਤੇ ਆਪਣੇ ਸ਼ਹਿਰ ਤੋਂ ਬਾਹਰ ਵੀ ਪ੍ਰੀਖਿਆਵਾਂ ਲਈ ਤੇ ਨੌਕਰੀਆਂ ਲਈ ਜਾਣਾ ਪੈਂਦਾ ਹੈ ਪ੍ਰੰਤੂ ਅਜੇ ਵੀ ਸਮਾਜ ਵਿੱਚ ਪੜ੍ਹੀ-ਲਿਖੀ ਲੜਕੀ ਨੂੰ ਅਸੀਂ ਆਜ਼ਾਦੀ ਨਹੀਂ ਦਿੰਦੇ ਤੇ ਸਦਾ ਉਸ ਨਾਲ ਸੁਰੱਖਿਅਕ ਨੂੰ ਭੇਜਦੇ ਹਾਂ। ਰੋਜ਼ ਅਖ਼ਬਾਰਾਂ ਵਿੱਚ ਲੜਕੀਆਂ ਨਾਲ ਹੁੰਦੇ ਦੁਰਵਿਹਾਰ ਕਾਰਨ ਸਾਡੇ ਅੰਦਰ ਵੀ ਇੱਕ ਤਰ੍ਹਾਂ ਦਾ ਭੈਅ ਪੈਦਾ ਹੁੰਦਾ ਹੈ ਤੇ ਅਸੀਂ ਕੋਈ ਵੀ ਜੋਖਮ ਨਹੀਂ ਲੈਣਾ ਚਾਹੁੰਦੇ ਤੇ ਸਦਾ ਰੱਖਿਆ ਵਿੱਚ ਹੀ ਰੱਖਿਆ ਦੇ ਸੁਨਹਿਰੀ ਅਸੂਲ ਨੂੰ ਸਾਹਮਣੇ ਰੱਖਦੇ ਹਾਂ ਜਿਸ ਨਾਲ ਇਵੇਂ ਜਾਪਦਾ ਹੈ ਕਿ ਲੜਕੀ ਦੀ ਜ਼ਿੰਮੇਵਾਰੀ ਦੀ ਪੰਡ ਤਾਂ ਸਾਨੂੰ ਸਾਰੀ ਜਿੰਦਗੀ ਚੁੱਕਣੀ ਹੀ ਪੈਣੀ ਹੈ।
ਲੜਕੀਆਂ ਨੂੰ ਭਾਰੇ ਕੰਮ ਕਰਦਿਆਂ ਤੋਂ ਰੋਕਣਾ, ਹਨੇਰੇ ਸਵੇਰੇ ਬਾਹਰ ਨਾ ਜਾਣ ਦੇਣਾ, ਉੱਚਾ ਬੋਲਣ ਤੇ ਬਹੁਤਾ ਹੱਸਣ ਤੋਂ ਮਨ੍ਹਾ ਕਰਨਾ, ਹਰ ਸਮੇਂ ਘਰ ਦੇ ਕੰਮਾਂ ਵਿੱਚ ਰੁਝਾਈ ਰੱਖਣਾ ਆਦਿ ਸਾਰੀਆਂ ਗੱਲਾਂ ਆਧੁਨਿਕ ਲੜਕੀ ਨੂੰ ਜਾਇਜ਼ ਨਹੀਂ ਲੱਗਦੀਆਂ ਤੇ ਉਸ ਅੰਦਰ ਕੀਤੇ ਜਾਂਦੇ ਵਿਤਕਰੇ ਦੀ ਭਾਵਨਾ ਕਈ ਤਰ੍ਹਾਂ ਦੇ ਮਨੋਵਿਗਿਆਨਿਕ ਦੋਸ਼ਾਂ ਨੂੰ ਜਨਮ ਦੇਂਦੀ ਹੈ।
ਪੋਸ਼ਾਕ ਸੰਬੰਧੀ ਵੀ ਸਾਡਾ ਦ੍ਰਿਸ਼ਟੀਕੋਣ ਸੰਕੀਰਣ ਹੁੰਦਾ ਹੈ, ਜਦੋਂ ਅਸੀਂ ਪੂਰੀ ਤਰ੍ਹਾਂ ਦਖ਼ਲਅੰਦਾਜ਼ੀ ਕਰਨਾ ਆਪਣਾ ਪੂਰਾ ਫਰਜ਼ ਸਮਝਦੇ ਹਾਂ। ਇਹ ਇੱਕ ਅਜਿਹਾ ਖੇਤਰ ਹੈ ਜਿਸ ਵਿੱਚ ਹਰ ਕੋਈ ਪੂਰੀ ਖੁੱਲ ਮਾਣਨਾ ਚਾਹੁੰਦਾ ਹੈ। ਜ਼ਰੂਰੀ ਨਹੀਂ ਕਿ ਹਰ ਲੜਕੀ ਬੈੱਲ ਬਾਟਮ ਅਤੇ ਮੁੰਡਿਆਂ ਵਰਗੇ ਕੱਪੜਿਆਂ ਨੂੰ ਵਰਤ ਕੇ ਆਪਣੀ ਲੜਕੀ ਹੋਣ ਦੇ ਅਹਿਸਾਸ ਨੂੰ ਘੱਟ ਕਰੇ ਪਰ ਹਰ ਲੜਕੀ ਦੀ ਆਪਣੀ ਇੱਕ ਸ਼ਖ਼ਸੀਅਤ ਤੇ ਵੱਖਰਾ ਸੁਭਾਅ ਜਾਂ ਜੀਵਨ ਸ਼ੈਲੀ ਹੁੰਦੀ ਹੈ ਜਿਸ ਨੂੰ ਬਣਾਉਣ ਦੀ ਉਸ ਨੂੰ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ।
ਉਹ ਕਿਹੜੇ ਰੋਜ਼ਗਾਰ ਜਾਂ ਕੰਮ ਹਨ, ਜੋ ਲੜਕੀਆਂ ਨਹੀਂ ਕਰ ਸਕਦੀਆਂ ਪਰ ਵੇਖਿਆ ਇਹ ਗਿਆ ਹੈ ਕਿ ਕੁੱਝ ਕਿੱਤੇ ਲੜਕੀਆਂ ਲਈ ਹੀ ਵੱਖਰੇ ਸਮਝੇ ਜਾ ਰਹੇ ਹਨ ਤੇ ਦੂਸਰੇ ਮੁੰਡਿਆਂ ਵਾਲੇ ਕੰਮਾਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨਾ ਦੇ ਬਰਾਬਰ ਹੈ। ਲੜਕੀਆਂ ਲਈ ਇਹ ਕਹਿਣਾ ਕਿ ਇਹ ਕੇਵਲ ਨਰਸਾਂ, ਅਧਿਆਪਕਾਵਾਂ, ਪ੍ਰਾਈਵੇਟ ਸੈਕਟਰੀਆਂ, ਖਾਣਾ ਬਣਾਉਣ ਵਾਲੀਆਂ ਹੀ ਬਣ ਸਕਦੀਆਂ ਹਨ, ਇਹ ਉਨ੍ਹਾਂ ਨਾਲ ਇਨਸਾਫ਼ ਕਰਨ ਵਾਲੀ ਗੱਲ ਨਹੀਂ ਤੇ ਨਾਰੀ ਜਾਤ ਨੂੰ ਇਵੇਂ ਮਹਿਸੂਸ ਕੀਤਾ ਜਾਂਦਾ ਹੈ ਕਿਉਂਕਿ ਉਹ ਕਮਜ਼ੋਰ ਹੈ, ਕੋਮਲ ਹੈ ਇਸ ਲਈ ਖ਼ਤਰੇ ਤੇ ਭਾਰੇ ਕੰਮ ਉਹ ਨਹੀਂ ਕਰ ਸਕਦੀ।
ਇਸ ਤਰ੍ਹਾਂ ਦੀ ਮਾਨਸਿਕਤਾ ਦੇ ਭਰਮ ਨੂੰ ਤੋੜਨ ਦੀ ਲੋੜ ਹੈ ਅਤੇ ਹਰ ਉਹ ਕੰਮ, ਕੇਵਲ ਸਟੇਸ਼ਨਾਂ ‘ਤੇ ਬੋਰੀਆਂ ਤੇ ਕੁਲੀਆਂ ਦੇ ਕੰਮ ਨੂੰ ਛੱਡ ਕੇ, ਉਹ ਕਿਹੜਾ ਕੰਮ ਹੈ ਜਿਹੜਾ ਪੁਰਸ਼ ਕਰ ਸਕਦਾ ਹੈ ਤੇ ਇਸਤਰੀ ਨਹੀਂ ਕਰੁ ਸਕਦੀ। ਹੁਣ ਸਮਾਂ ਆ ਗਿਆ ਹੈ ਕਿ ਲੜਕੀਆਂ ਫੌਜ ਵਿੱਚ ਵੀ ਭਰਤੀ ਹੋ ਰਹੀਆਂ ਹਨ ਤੇ ਪੁਲਿਸ ਵਿੱਚ ਵੀ। ਉਨ੍ਹਾਂ ਨੇ ਕਿਰਨ ਬੇਦੀ ਦੀ ਤਰ੍ਹਾਂ ਮਰਦਾਂ ਦੀਆਂ ਮੁਸ਼ਕਾਂ ਖੂਬ ਕੱਸੀਆਂ ਹਨ। ਅਰਥ ਸ਼ਾਸਤਰ ਵਿੱਚ ਕੰਮ ਉਸ ਨੂੰ ਆਖਦੇ ਹਨ ਜਿਸ ਰਾਹੀਂ ਸਾਨੂੰ ਕੁੱਝ ਆਮਦਨ ਹੁੰਦੀ ਹੈ। ਇਸ ਤਰ੍ਹਾਂ ਇਸਤਰੀ ਹੁਣ ਆਪਣੀ ਯੋਗਤਾ ਅਨੁਸਾਰ ਹਰ ਉਹ ਕੰਮ ਕਰ ਸਕਦੀ ਹੈ ਜਿਸ ਨਾਲ ਉਸ ਨੂੰ ਆਰਥਿਕ ਲਾਭ ਹੋ ਸਕਦਾ ਹੈ।
ਲੜਕੀਆਂ ਜੇ ਲੜਕਿਆਂ ਨਾਲ ਪੂਰੀ ਤਰ੍ਹਾਂ ਬਰਾਬਰੀ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਪੁਰਸ਼ ਨੂੰ ਆਪਣੇ ਆਪ ਨਾਲੋਂ ਉੱਤਮ ਸਮਝਣ ਦੀ ਪ੍ਰਵਿਰਤੀ ਤੋਂ ਮੁਕਤ ਹੋਣ ਦੀ ਲੋੜ ਹੈ। ਆਪਣੇ ਸੰਸਕਾਰਾਂ ਦੇ ਜੂਲੇ ਨੂੰ ਗੱਲੋਂ ਲਾਹੁਣਾ ਚਾਹੀਦਾ ਹੈ ਤੇ ਪਤੀ ਨੂੰ ਪਰਮੇਸ਼ਵਰ ਸਮਝ ਕੇ ਆਪਣੇ ਆਪ ਨਾਲ ਬੇਇਨਸਾਫੀ ਕਰਨ ਦੀ ਲੋੜ ਨਹੀਂ, ਸਗੋਂ ਪਤੀ-ਪਤਨੀ ਤਾਂ ਦੋਵੇਂ ਇਸ ਸੰਸਾਰਿਕ ਜੀਵਨ ਦੀ ਗੱਡੀ ਦੇ ਦੋ ਮਜ਼ਬੂਤ ਪਹੀਏ ਹਨ, ਜਿਨ੍ਹਾਂ ਨਾਲ ਜੀਵਨ ਰੂਪੀ ਗੱਡੀ ਸਾਵੀਂ ਚੱਲ ਸਕਦੀ ਹੈ।
ਜਦੋਂ ਲੜਕੀ ਦੇ ਜਨਮ ਵੇਲੇ ਲੜਕੇ ਵਾਂਗ ਹੀ ਬਰਾਬਰ ਦੀ ਖੁਸ਼ੀ ਹੋਵੇਗੀ, ਜਦੋਂ ਲੜਕੀਆਂ ਨਾਲ ਹਰ ਵੇਲੇ ਪਹਿਰੇਦਾਰ ਨਹੀਂ ਬਿਠਾਏ ਜਾਣਗੇ, ਜਦੋਂ ਲੜਕੀ ਜੀਵਨ ਦੇ ਵਿਵਹਾਰ ਵਿੱਚ ਪੁਰਸ਼ਾਂ ਵਾਂਗ ਸ਼ਾਮਿਲ ਹੋ ਸਕੇਗੀ ਤਾਂ ਉਸ ਸਮੇਂ ਹੀ ਇਸ ਸੋਚ ਤੋਂ ਵੀ ਅਸੀਂ ਮੁਕਤ ਹੋਵਾਂਗੇ ਕਿ ਕੁੜੀ ਨੂੰ ਭੜੋਲੇ ਪਾਉਣਾ ਹੈ ਤੇ ਮੁੰਡੇ ਨੂੰ ਮੋਢੇ ਲਾਉਣ ਹੈ। ਲੜਕੇ ਪ੍ਰਤੀ ਮੋਹ, ਲਾਲਚ, ਸੁਆਰਥ ਦੀ ਭਾਵਨਾ ਜੁੜੀ ਹੋਈ ਹੈ ਤੇ ਸਾਡੇ ਭਾਰਤੀ ਸੰਸਕਾਰ ਇਸ ਵਿੱਚ ਵਾਧ ਕਰਦੇ ਹਨ। ਵਿਗਿਆਨ ਦੀ ਖੋਜ ਮਾੜੀ ਨਹੀਂ, ਉਹ ਤਾਂ ਬੱਚਿਆਂ ਦੇ ਭਲੇ ਲਈ ਸੀ, ਪਰ ਅਸੀਂ ਆਪਣੀ ਮੰਦੀ ਸੋਚ ਕਾਰਨ ਵਿਗਿਆਨੀਆਂ ਨੂੰ ਵੀ ਗਲਤ ਰਾਹਾਂ ਤੇ ਤੋਰ ਦਿੱਤਾ। ਲੋੜ ਇਸ ਗੱਲ ਦੀ ਹੈ ਕਿ ਅਜਿਹੀ ਚੇਤੰਨਤਾ ਪੈਦਾ ਕੀਤੀ ਜਾਵੇ ਜਿੱਥੇ ਸੰਪੂਰਣ ਰੂਪ ਵਿੱਚ ਲੜਕੇ-ਲੜਕੀ ਦੀ ਸਮਾਨਤਾ ਹੋਵੇ ਤੇ ਵਿਗਿਆਨ ਜਿਸ ਸਮੇਂ ਬੱਚਾ ਉਸਰਦਾ ਹੈ, ਉਸ ਸਮੇਂ ਤੋਂ ਹੀ ਉਸ ਦੀ ਸਿਹਤ ਲਈ ਸਾਰਥਕ ਖੋਜ ਕਰ ਸਕਣ।