ਲੇਖ : ਭਰੂਣ-ਹੱਤਿਆ
ਭਰੂਣ-ਹੱਤਿਆ
ਜਾਣ-ਪਛਾਣ : ਸਾਡਾ ਦੇਸ਼ ਸੱਚ ਅਤੇ ਅਹਿੰਸਾ ਦਾ ਪੁਜਾਰੀ ਮੰਨਿਆ ਜਾਂਦਾ ਹੈ। ਸਾਡੀ ਅਰਦਾਸ ਸਰਬੱਤ ਦੇ ਭਲੇ ਲਈ ਹੁੰਦੀ ਹੈ ਪਰ ਬਾਵਜੂਦ ਇਸ ਦੇ, ਇਸ ਸ਼ਾਂਤੀ, ਸੱਚ ਅਤੇ ਅਹਿੰਸਾ ਦੇ ਅਲੰਬਰਦਾਰ ਦੇਸ਼ ਦੇ ਮੱਥੇ ਉਤੇ ਇੱਕ ਸਮਾਜਕ ਕਲੰਕ ਲੱਗ ਚੁੱਕਾ ਹੈ। ਇਸ ਕਲੰਕ ਨੂੰ ‘ਭਰੂਣ-ਹੱਤਿਆ’ ਦਾ ਨਾਂ ਦਿੱਤਾ ਗਿਆ ਹੈ। ਅੱਜ ਵਿਕਸਤ ਪ੍ਰਾਂਤਾਂ ਵਿੱਚ ‘ਭਰੂਣ-ਹੱਤਿਆ’ ਦਾ ਅਮਾਨਵੀ ਕਰਮ ਪ੍ਰਚੰਡ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਭਰੂਣ-ਹੱਤਿਆ ਵਰਗਾ ਕੁਕਰਮ ਸਾਡੇ ਲਈ ਇੱਕ ਨਵੀਂ ਸਮਾਜਕ ਚੁਣੌਤੀ ਹੈ। ਪੁਰਾਣੇ ਸਮਿਆਂ ਵਿੱਚ ਸਤੀ ਪ੍ਰਥਾ, ਬਾਲ-ਵਿਆਹ ਵਰਗੀਆਂ ਪ੍ਰਥਾਵਾਂ ਪ੍ਰਚੱਲਤ ਸਨ ਅਤੇ ਜੰਮਦੀ ਕੁੜੀ ਦਾ ਗਲਾ ਘੁੱਟ ਕੇ ਮਾਰ ਦਿੱਤਾ ਜਾਂਦਾ ਸੀ ਪਰ ਹੁਣ ਕੁੜੀ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਂ ਦੀ ਕੁੱਖ ਵਿੱਚ ਮਾਰ ਦਿੱਤਾ ਜਾਂਦਾ ਹੈ।
ਭਰੂਣ-ਹੱਤਿਆ ਦਾ ਅਰਥ : ਗਰਭਵਤੀ ਮਾਂ ਦੀ ਕੁੱਖ ਵਿੱਚ ਵਿਕਸਤ ਹੋ ਰਿਹਾ ਬੱਚਾ ਜਦੋਂ ਅੱਠ ਹਫ਼ਤਿਆਂ ਦਾ ਹੁੰਦਾ ਹੈ, ਤਾਂ ਉਸ ਨੂੰ ‘ਭਰੂਣ’ ਕਿਹਾ ਜਾਂਦਾ ਹੈ। ਇਸ ਸਮੇਂ ਉਸ ਦੇ ਸਾਰੇ ਅੰਗ ਅਰਥਾਤ ਲਿੰਗ ਵੀ ਪਛਾਣਿਆ ਜਾ ਸਕਦਾ ਹੈ। ਜਦੋਂ ਇਸਨੂੰ ਗਰਭਪਾਤ ਦੁਆਰਾ ਖ਼ਤਮ ਕਰ ਦਿੱਤਾ ਜਾਂਦਾ ਹੈ ਤਾਂ ਇਸਨੂੰ ‘ਭਰੂਣ-ਹੱਤਿਆ’ ਕਿਹਾ ਜਾਂਦਾ ਹੈ। ਪਰ ਅੱਜ ਸਾਡੇ ਦੇਸ਼ ਵਿੱਚ ਸਿਰਫ਼ ਮਾਦਾ ਭਰੂਣ-ਹੱਤਿਆ ਹੀ ਹੋ ਰਹੀ ਹੈ। ਭਾਵ ਜੇਕਰ ਪੇਟ ਵਿੱਚ ਪਲਣ ਵਾਲਾ ਬੱਚਾ ਮਾਦਾ (ਲੜਕੀ) ਹੈ ਤਾਂ ਉਸ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ।
ਮਾਦਾ ਭਰੂਣ-ਹੱਤਿਆ ਦੇ ਕਾਰਨ : ਭਰੂਣ-ਹੱਤਿਆ ਮੂਲ ਰੂਪ ਵਿੱਚ ਔਰਤ ਦੀ ਹੋਂਦ ਨਾਲ ਸਬੰਧਿਤ ਸਮੱਸਿਆ ਹੈ। ਇਸ ਦੇ ਪਿਛੋਕੜ ਵਿੱਚ ਸਤੀ ਪ੍ਰਥਾ, ਬਾਲ-ਵਿਆਹ, ਮੁੰਡੇ ਦੀ ਇੱਛਾ, ਦਾਜ ਦੀ ਲਾਹਨਤ, ਸਮਾਜ ਵਿੱਚ ਅਸੁਰੱਖਿਆ ਦੀ ਭਾਵਨਾ ਆਦਿ ਕਈ ਕਾਰਨ ਹਨ। ਇਸ ਲਈ ਇਹ ਔਰਤ ਨਾਲ ਸੰਬੰਧਿਤ ਜ਼ਿੰਮੇਵਾਰੀਆਂ ਤੋਂ ਭੱਜਣ ਦਾ ਸੌਖਾ ਤਰੀਕਾ ਸਮਝਿਆ ਜਾਂਦਾ ਰਿਹਾ ਹੈ। ਇਸੇ ਸੋਚ ਨੇ ਹੀ ਪਹਿਲਾਂ-ਪਹਿਲ ਕੁੜੀ ਨੂੰ ਜੰਮਦਿਆਂ ਵੇਲੇ ਹੀ ਮਾਰ-ਮੁਕਾਉਣ ਦਾ ਤਰੀਕਾ ਲੱਭਿਆ ਤੇ ਬਾਅਦ ਵਿੱਚ ਜਨਮ ਤੋਂ ਪਹਿਲਾਂ ਹੀ ਖ਼ਾਤਮਾ ਕਰ ਦੇਣ ਦਾ। ਅਜਿਹਾ ਅਲਟਰਾ – ਸਾਊਂਡ ਸਕੈਨ ਰਾਹੀਂ ਨਰ ਜਾਂ ਮਾਦਾ ਭਰੂਣ ਦਾ ਪਤਾ ਲੱਗ ਜਾਣ ਕਾਰਨ ਹੀ ਹੋਇਆ ਸੰਭਵ ਹੈ।
ਗਿਆਨ-ਵਿਗਿਆਨ ਦੀ ਦੁਰਵਰਤੋਂ : ‘ਅਲਟਰਾ-ਸਾਊਂਡ ਸਕੈਨ’ ਜੋ ਕਿ ਸਰੀਰ ਦੀਆਂ ਅੰਦਰੂਨੀ ਬਿਮਾਰੀਆਂ ਤੇ ਨੁਕਸਾਂ ਦਾ ਪਤਾ ਲਾਉਣ ਲਈ ਬਣਾਈ ਗਈ ਸੀ ਪਰ ਮਨੁੱਖ ਨੇ ਇਸ ਦੀ ਵਰਤੋਂ ਭਰੂਣ ਦੇ ਨਰ ਜਾਂ ਮਾਦਾ ਹੋਣ ਦੀ ਜਾਣਕਾਰੀ ਲੈਣ ਲਈ ਸ਼ੁਰੂ ਕਰ ਦਿੱਤੀ। ਇਸ ਕਿੱਤੇ ਵਿੱਚ ਰੁੱਝੇ ਵਪਾਰੀ ਬਿਰਤੀ ਵਾਲੇ ਮਾਹਰਾਂ ਨੇ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਮਾਦਾ ਭਰੂਣ ਦੀ ਸੂਚਨਾ ਮਿਲਣ ‘ਤੇ ਇਸ ਦੀ ਸਫ਼ਾਈ ਕਰਵਾਏ ਜਾਣ ਦੀ ਸਹੂਲਤ ਦਿੱਤੀ ਜਾਣ ਲੱਗ ਪਈ। ਸਿੱਟੇ ਵਜੋਂ ਹੌਲੀ-ਹੌਲੀ ਅਲਟਰਾ-ਸਾਊਂਡ ਸਕੈਨ ਕੇਂਦਰ ਤੇ ਨਰਸਿੰਗ ਹੋਮ ਥਾਂ-ਥਾਂ ‘ਤੇ ਖੁੱਲ੍ਹ ਗਏ। ਹੌਲੀ-ਹੌਲੀ ਭਰੂਣ-ਹੱਤਿਆ ਦੇ ਕਿੱਤੇ ਨੇ ਸਮਾਜ ਦੇ ਭਵਿੱਖ ਦੀ ਭਿਆਨਕ ਤਸਵੀਰ ਪੇਸ਼ ਕਰ ਦਿੱਤੀ।
ਜੀਵ ਹੱਤਿਆ : ਸਮੇਂ ਦਾ ਸੱਚ ਇੱਕ ਵੇਲਾ ਸੀ ਜਦੋਂ ਸਾਡੇ ਦੇਸ਼ ਵਿੱਚ ਜੇਕਰ ਕਿਸੇ ਨੂੰ ਵੱਡੀ ਤੋਂ ਵੱਡੀ ਸਹੁੰ ਖਵਾਉਣੀ ਹੁੰਦੀ ਤਾਂ ਉਸ ਨੂੰ ਕਿਹਾ ਜਾਂਦਾ ਸੀ ਕਿ ਪਿੱਪਲ ਦਾ ਇੱਕ ਪੱਤਾ ਤੋੜਿਆ ਜਾਵੇ। ਫਿਰ ਇੱਥੇ ਬਿੱਲੀ ਮਾਰਨ ਜਾਂ ਗਊ ਮਾਰਨ ਨੂੰ ਮਹਾਂ-ਪਾਪ ਸਮਝਿਆ ਜਾਂਦਾ ਸੀ। ਇੱਥੇ ਹਰ ਜੀਵ ਆਤਮਾ ਵਿੱਚ ਪਰਮਾਤਮਾ ਦਾ ਵਾਸਾ ਮੰਨਿਆ ਜਾਂਦਾ ਸੀ ਤਾਂ ਕੀ ਮਾਦਾ ਭਰੂਣ ਹੱਤਿਆ ਕੁਦਰਤ ਦੀ, ਕੁਦਰਤ ਦੇ ਕਾਦਰ ਦੀ ਤੋਹੀਨ ਨਹੀਂ। ਜ਼ਰਾ ਸੋਚੋ ਕਿ ਜੇਕਰ ਔਰਤ ਨਾ ਹੁੰਦੀ ਤਾਂ ਕੀ ਹੁੰਦਾ ? ਇਸ ਸਬੰਧੀ ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ
…ਗਰ ਔਰਤ ਨਾ ਹੋਤੀ ਬਾਗ਼ੋ-ਆਲਮ ਮੇਂ; ਤੋ ਕਿਆ ਹੋਤਾ ?
ਸਾਰਾ ਆਲਮ ਏਕ ਨੁਕਤੇ ਪੇ ਸਿਮਟ ਕੇ ਰਹਿ ਗਿਆ ਹੋਤਾ।
ਭਾਰਤ ਦੇ ਰਿਸ਼ੀਆਂ-ਮੁਨੀਆਂ ਨੇ ਔਰਤ ਨੂੰ ‘ਮਾਤਰੀ ਸ਼ਕਤੀ’ ਕਹਿ ਕੇ ਸਨਮਾਨਿਆ ਹੈ। ਔਰਤ ਨੂੰ ਦੇਵੀ ਅਤੇ ਸ਼ਕਤੀ ਦਾ ਨਾਮ ਦੇਣ ਵਾਲਾ ਵਰਤਮਾਨ ਸਮਾਜ ਔਰਤਾਂ ਨੂੰ ਹੁਣ ਜਨਮ ਲੈਣ ਤੋਂ ਪਹਿਲਾਂ ਹੀ ਮਾਰ-ਮੁਕਾਉਣ ‘ਤੇ ਤੁਲਿਆ ਹੋਇਆ ਹੈ। ਇਹ ਬਹੁਤ ਹੀ ਵੱਡੀ ਤੇ ਗੰਭੀਰ ਸਮਾਜਕ ਬੁਰਾਈ ਹੈ। ਸਮਾਜ ‘ਚ ਅਜਿਹੀ ਸੋਚ ਬਦਲਣ ਦੀ ਅਹਿਮ ਲੋੜ ਹੈ।
ਔਰਤ ਉਤੇ ਜ਼ੁਲਮ : ਭਾਵੇਂ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਅੱਜ ਵੀ ਔਰਤ ਉੱਤੇ ਤਸ਼ੱਦਦ ਵਧ ਰਿਹਾ ਹੈ। ਜਿਵੇਂ ਕਤਲ, ਬਲਾਤਕਾਰ, ਸਾੜ ਦੇਣਾ, ਵੇਸਵਾਪਣ, ਦਾਜ ਦੀ ਬਲੀ, ਤਲਾਕ, ਭਰੂਣ-ਹੱਤਿਆ ਤਾਂ ਆਮ ਜਿਹੀਆਂ ਗੱਲਾਂ ਹੋ ਗਈਆਂ ਹਨ। ਅੱਜ ਔਰਤ ਕਿਸੇ ਵੀ ਉਮਰ ਵਿੱਚ, ਕਿਸੇ ਵੀ ਥਾਂ ‘ਤੇ ਕਿਸੇ ਵੀ ਹਾਲਤ ਵਿੱਚ ਸੁਰੱਖਿਅਤ ਨਹੀਂ ਹੈ। ਇਹ ਸਥਿਤੀ ਵੀ ਭਰੂਣ ਹੱਤਿਆ ਨੂੰ ਉਤਸ਼ਾਹਿਤ ਕਰਦੀ ਹੈ।
ਭਰੂਣ-ਹੱਤਿਆ ਨੂੰ ਰੋਕਣ ਲਈ ਸਰਕਾਰੀ ਉਪਰਾਲੇ : 2001 ਈ: ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਨੇ ਨਰ ਅਤੇ ਮਾਦਾ ਦੇ ਅਨੁਪਾਤ ਨੂੰ ਚਿੰਤਾਜਨਕ ਸਥਿਤੀ ਵਿੱਚ ਪੇਸ਼ ਕੀਤਾ। ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਹਰ ਸਾਲ ਘਟ ਰਹੀ ਹੈ ਜੋ ਕਿ ਭਵਿੱਖ ਲਈ ਖ਼ਤਰੇ ਦੀ ਘੰਟੀ ਹੈ। ਇਸ ਲਈ 1994 ਈ: ਵਿੱਚ ਹੀ ਸਰਕਾਰ ਨੇ ਭਰੂਣ ਦੇ ਨਰ ਜਾਂ ਮਾਦਾ ਦੇ ਰੂਪ ਵਿੱਚ ਹੋਣ ਦੀ ਜਾਣਕਾਰੀ ਦੇਣ ਦੀ ਸੰਭਾਵਨਾ ਵਾਲੀ ਸੂਚਨਾ ਤਕਨਾਲੋਜੀ ‘ਤੇ ਰੋਕ ਲਾਉਣ ਲਈ ਪ੍ਰੀ-ਨੇਟਲ ਡਾਇਆਗਨੋਸਟਿਕ ਟੈਕਨਾਲੋਜੀ ਐਕਟ ਬਣਾਇਆ ਪਰ ਇਸ ਵਿੱਚ ਤਸੱਲੀਬਖਸ਼ ਸਿੱਟੇ ਪ੍ਰਾਪਤ ਨਾ ਹੋਏ। ਫਿਰ ਸਮੇਂ-ਸਮੇਂ ਸਮਾਜਕ ਜਥੇਬੰਦੀਆਂ ਦੇ ਸਹਿਯੋਗ ਨਾਲ ਜਸਟਿਸ ਕਮੇਟੀਆਂ ਬਣਾਈਆਂ ਗਈਆਂ। ਸੁਪਰੀਮ ਕੋਰਟ ਦੀ ਦਖਲਅੰਦਾਜ਼ੀ ਹੋਣ ਲੱਗ ਪਈ।
ਭਰੂਣ-ਹੱਤਿਆ ਰੋਕਣ ਦੇ ਸੁਝਾਅ : ਭਰੂਣ-ਹੱਤਿਆ ਰੋਕਣ ਲਈ ਸੁਝਾਅ ਇਹ ਹਨ :
ਲਿੰਗ ਨਿਰਧਾਰਨ ਟੈਸਟ ਕਾਨੂੰਨੀ ਤੌਰ ‘ਤੇ ਮੁਕੰਮਲ ਬੰਦ ਕੀਤੇ ਜਾਣ। ਫਿਰ ਵੀ ਜੇਕਰ ਕੋਈ ਸ਼ੱਕ ਜਾਂ ਸ਼ਿਕਾਇਤ ਆਵੇ ਤਾਂ ਸਬੰਧਿਤ ਹਸਪਤਾਲ ਜਾਂ ਕਲੀਨਿਕ ਬੰਦ ਕਰ ਦਿੱਤਾ ਜਾਵੇ। ਸਕੂਲਾਂ – ਕਾਲਜਾਂ ਵਿੱਚ ਨੈਤਿਕ ਸਿੱਖਿਆ ਦਿੱਤੀ ਜਾਵੇ। ਦਹੇਜ-ਵਿਰੋਧੀ ਸਖ਼ਤ ਬਿੱਲ ਪਾਸ ਕੀਤੇ ਜਾਣ। ਬਲਾਤਕਾਰੀ ਨੂੰ ਸਖ਼ਤ ਤੋਂ ਸਖ਼ਤ ਸਜਾਵਾਂ ਦਿੱਤੀਆਂ ਜਾਣ। ਪਰੰਪਰਾਗਤ ਸੋਚ ਨੂੰ ਬਦਲਿਆ ਜਾਵੇ ਤੇ ਮੁੰਡੇ-ਕੁੜੀ ਵਿੱਚ ਕੋਈ ਅੰਤਰ ਨਾ ਕੀਤਾ ਜਾਵੇ। ਗਰਭਪਾਤ ਕਰਨ ਤੇ ਕਰਾਉਣ ਵਾਲਿਆਂ ਨੂੰ ਵੱਧ ਤੋਂ ਵੱਧ ਜੁਰਮਾਨਾ ਤੇ ਸਜ਼ਾ ਹੋਵੇ। ਭਰੂਣ ਹੱਤਿਆ ਦੀ ਖ਼ਬਰ ਦੇਣ ਵਾਲੇ ਦਾ ਨਾਂ ਗੁਪਤ ਰੱਖ ਕੇ ਉਸ ਨੂੰ ਇਨਾਮ ਦਿੱਤਾ ਜਾਵੇ। ਡਾਕਟਰੀ ਸਹੂਲਤਾਂ ਦੀ ਦੁਰਵਰਤੋਂ ‘ਤੇ ਰੋਕ ਲਾਈ ਜਾਵੇ। ਪਿੰਡਾਂ ਅਤੇ ਸ਼ਹਿਰਾਂ ਵਿੱਚ ਇਸ ਵਿਸ਼ੇ ‘ਤੇ ਸੈਮੀਨਾਰ ਕਰਵਾ ਕੇ ਲੋਕਾਂ ਨੂੰ ਸਿੱਖਿਅਤ ਕੀਤਾ ਜਾਵੇ। ਔਰਤ ਨੂੰ ਸਮਾਜ ਵਿੱਚ ਪੂਰਾ ਇੱਜ਼ਤ-ਮਾਣ ਦਿੱਤਾ ਜਾਵੇ।
ਸਾਰੰਸ਼ : ਅੰਤ ਵਿੱਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਭਰੂਣ-ਹੱਤਿਆ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਸਾਨੂੰ ਆਪਣੀ ਸੋਚ ਬਦਲਣੀ ਪਵੇਗੀ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਭਰੂਣ-ਹੱਤਿਆ ਕਾਰਨ ਆਉਣ ਵਾਲੇ ਭਵਿੱਖ ਵਿੱਚ ਔਰਤਾਂ ਤਾਂ ਨਾਂ-ਮਾਤਰ ਹੀ ਰਹਿ ਜਾਣਗੀਆਂ, ਜਿਸਦੇ ਸਿੱਟੇ ਵਜੋਂ ਸਾਡੇ ਸਮਾਜ ਵਿੱਚ ਔਰਤਾਂ ਪ੍ਰਤੀ ਅਪਰਾਧਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ ਤੇ ਸਮਾਜ ਦੀਆਂ ਨੈਤਿਕ ਤੇ ਮਾਨਵੀ ਕਦਰਾਂ-ਕੀਮਤਾਂ ਨੂੰ ਢਾਹ ਲੱਗ ਸਕਦੀ ਹੈ। ਇਸ ਲਈ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਸਮਾਜ ਦੇ, ਤੋਂ ਭਰੂਣ-ਹੱਤਿਆ ਦੇ ਕਲੰਕ ਨੂੰ ਬਹੁਤ ਛੇਤੀ ਮਿਟਾਉਣਾ ਹੈ।