ਲੇਖ : ਭਗਤ ਪੂਰਨ ਸਿੰਘ
ਭਗਤ ਪੂਰਨ ਸਿੰਘ
“ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨ॥”
ਜਾਣ-ਪਛਾਣ : ਅਕਸਰ ਕਿਹਾ- ਸੁਣਿਆ ਜਾਂਦਾ ਹੈ ਕਿ ਜੇਕਰ ਰੱਬ ਨੂੰ ਪਾਉਣਾ ਹੈ ਉਸ ਦੀ ਸਾਜੀ ਹੋਈ ਕੁਦਰਤ ਨਾਲ ਪਿਆਰ ਕਰੋ, ਮਨੁੱਖਤਾ ਨਾਲ ਸਾਂਝ ਪਾਓ, ਮਾਨਵਤਾ ਦੀ ਸੇਵਾ ਕਰੋ, ਦੀਨ ਦੁਖੀਆਂ ਤੇ ਮਜਬੂਰਾਂ ਦੀ ਬਾਂਹ ਫੜ੍ਹੋ। ਪਰ ਸਾਨੂੰ ਸਿਰਫ ਆਪਣੀਆਂ ਲੋੜਾਂ ਤੇ ਖੁਸ਼ੀਆਂ ਦੀ ਹੀ ਪਰਵਾਹ ਹੁੰਦੀ ਹੈ। ਸੰਸਾਰ ਵਿੱਚ ਬਹੁਤ ਹੀ ਵਿਰਲੇ-ਟਾਂਵੇਂ ਜਿਹੇ ਇਨਸਾਨ ਹੁੰਦੇ ਹਨ ਜੋ ਦੀਨ-ਦੁਖੀਆਂ ਦੀ ਮਦਦ ਲਈ ਮੈਦਾਨ ਵਿੱਚ ਨਿਤਰਦੇ ਹਨ। ਉਨ੍ਹਾਂ ਦੀ ਬਾਂਹ ਫੜ ਕੇ ਉਨ੍ਹਾਂ ਨੂੰ ਜਿਊਣਯੋਗ ਬਣਾਉਂਦੇ ਹਨ। ਠੀਕ ਇਸੇ ਤਰ੍ਹਾਂ ਇਸ ਪਦਾਰਥਵਾਦੀ ਸਵਾਰਥੀ ਯੁੱਗ ਵਿੱਚ 20ਵੀਂ ਸਦੀ ਦੇ ਦਰਵੇਸ਼, ਯੁੱਗ ਪੁਰਸ਼, ਮਾਨਵਤਾ ਦੇ ਪੁਜਾਰੀ, ਮਨੁੱਖਤਾ ਦੇ ਮਸੀਹਾ ਤੇ ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਜੀ (ਪਿੰਗਲਵਾੜੇ) ਹੋਏ ਹਨ। ਉਹ ਆਪਣੀ ਪਛਾਣ ਆਪ ਹਨ।
ਜਨਮ ਅਤੇ ਬਚਪਨ : ਮਨੁੱਖਤਾ ਦੇ ਮਸੀਹਾ ਭਗਤ ਪੂਰਨ ਸਿੰਘ ਦਾ ਜਨਮ 4 ਜੂਨ 1904 ਈਸਵੀ ਨੂੰ ਪਿੰਡ ਰਾਜੇਵਾਲ (ਰੋਹਣੋਂ) ਤਹਿਸੀਲ ਖੰਨਾ ਵਿਖੇ ਮਾਤਾ ਮਹਿਤਾਬ ਕੌਰ ਤੇ ਪਿਤਾ ਸ਼ਿੱਬੂ ਮੱਲ ਦੇ ਗ੍ਰਹਿ ਵਿਖੇ ਹੋਇਆ। ਆਪ ਦਾ ਪਿਤਾ ਸ਼ਿੱਬੂ ਮੱਲ ਭਾਵੇਂ ਅਮੀਰ ਸ਼ਾਹੂਕਾਰ ਸੀ ਪਰ 1913 ਈ: ਵਿੱਚ ਅਕਾਲ ਪੈਣ ਕਰਕੇ ਇਨ੍ਹਾਂ ‘ਤੇ ਅਤਿ ਦੀ ਗਰੀਬੀ ਆ ਗਈ ਅਤੇ ਆਪ ਦੀ ਮਾਂ ਮਹਿਤਾਬ ਕੌਰ ਨੂੰ ਆਪਣੇ ਪੁੱਤਰ ਦੀ ਪੜ੍ਹਾਈ ਜਾਰੀ ਰੱਖਣ ਲਈ ਲਾਹੌਰ ਵਿੱਚ ਸ: ਹਰਨਾਮ ਸਿੰਘ ਹੋਰਾਂ ਦੇ ਕੋਲ 10 ਰੁਪਏ ਮਹੀਨਾ ਉਪਰ ਨੌਕਰੀ ਕਰਨੀ ਪਈ। ਆਪ ਦਾ ਬਚਪਨ ਦਾ ਨਾਂਅ ‘ਰਾਮ ਜੀ ਦਾਸ’ ਸੀ।
ਸਿੱਖ ਧਰਮ ਗ੍ਰਹਿਣ ਕਰਨਾ : ਆਪ ਨੇ ਆਪਣੀ ਮਾਂ ਦੀਆਂ ਸਿੱਖਿਆਵਾਂ ਤੇ ਸਿੱਖੀ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ 1923 ਈ: ਵਿੱਚ ਸਿੱਖ ਧਰਮ ਵਿੱਚ ਪ੍ਰਵੇਸ਼ ਕਰ ਲਿਆ ਤੇ ਰਾਮ ਜੀ ਦਾਸ ਤੋਂ ‘ਪੂਰਨ ਸਿੰਘ’ ਬਣ ਗਏ। ਆਪ ਜੀ ਨੇ 1924 ਈ: ਤੋਂ 1947 ਈਸਵੀ ਤੱਕ ਗੁਰਦੁਆਰਾ ਡੇਹਰਾ ਸਾਹਿਬ ਦੀ ਛਤਰ ਛਾਇਆ ਹੇਠ ਆਪਣਾ ਜੀਵਨ ਬਤੀਤ ਕੀਤਾ।
ਪਿੰਗਲਵਾੜੇ ਦੀ ਸਥਾਪਨਾ : ਭਗਤ ਪੂਰਨ ਸਿੰਘ ਨੇ ਇੱਕ ਪੂਰਨ ਗੁਰਸਿੱਖ ਬਣ ਕੇ ਮਨੁੱਖਤਾ ਦੀ ਸੇਵਾ ਕਰਨ ਦਾ ਬਿਖਮ ਪੈਂਡਾ ਚੁਣਿਆ। 1934 ਈਸਵੀ ਵਿੱਚ ਤਕਰੀਬਨ 30 ਕੁ ਸਾਲ ਦੀ ਉਮਰ ਵਿੱਚ ਆਪ ਨੇ ਇੱਕ ਲਾਵਾਰਿਸ ਤੇ ਲੂਲ੍ਹੇ ਬੱਚੇ ਦੀ ਸੇਵਾ ਦੀ ਜ਼ਿੰਮੇਵਾਰੀ ਚੁੱਕੀ। ਭਗਤ ਜੀ ਦੀ ਸੇਵਾ ਦਾ ਸਫਰ ਲਾਹੌਰ ਦੀਆਂ ਸੜਕਾਂ ਤੋਂ ਸ਼ੁਰੂ ਹੋਇਆ ਤੇ ਅੰਮ੍ਰਿਤਸਰ ਵਿਖੇ ਪਿੰਗਲਵਾੜੇ ਦੀ ਸਥਾਪਨਾ ਨਾਲ ਅੱਗੇ ਤੁਰਿਆ, ਵਧਿਆ ਤੇ ਨਿਰੰਤਰ ਗਤੀਸ਼ੀਲ ਹੈ। ਆਪ ਨੇ ਸਮਾਜ ਵੱਲੋਂ ਠੁਕਰਾਏ ਦੀਨ-ਦੁਖੀਆਂ, ਮੰਦਬੁੱਧੀ, ਬਜ਼ੁਰਗਾਂ, ਅਪਾਹਜਾਂ, ਲਵਾਰਿਸਾਂ, ਲੰਗੜੇ-ਲੂਲ੍ਹੇ, ਅੰਨ੍ਹਿਆਂ ਤੇ ਬੇਸਹਾਰਿਆਂ ਨੂੰ ਗਲ ਨਾਲ ਲਾਇਆ। ਪੰਜਾਬ ਦੇ ਇਤਿਹਾਸ ਵਿੱਚ ਇੱਕ ਗਰੀਬੜੇ ਜਿਹੇ ਸਿੱਖ ਦੇ ਤੌਰ ‘ਤੇ ਇਕੱਲੇ ਹੀ ਵੱਡੀ ਪੱਧਰ ‘ਤੇ ਸਿੱਖੀ ਤੇ ਸੇਵਾ ਦਾ ਬੀੜਾ ਚੁੱਕਣ ਵਾਲੇ ਸੇਵਾ ਦੀ ਮੂਰਤ, ਪਿਆਰ ਦੇ ਮੁਜੱਸਮੇ, ਭਗਤ ਪੂਰਨ ਸਿੰਘ ਨੇ ਸੇਵਾ-ਸੰਭਾਲ ਲਈ ਅਰੰਭੇ ਕਾਰਜ ਨੂੰ ‘ਪਿੰਗਲਵਾੜੇ’ ਵਿੱਚ ਤਬਦੀਲ ਕਰ ਦਿੱਤਾ। ਆਪ ਦਾ ਇਹ ਮਹਾਨ ਸ਼ਲਾਘਾਯੋਗ ਉਪਰਾਲਾ ਸੇਵਾ ਦੇ ਖੇਤਰ ਵਿੱਚ ਲਾ-ਮਿਸਾਲ ਉਦਾਹਰਨ ਬਣ ਗਿਆ ਹੈ।
ਵਧੀਆ ਪ੍ਰਕਾਸ਼ਕ : ਭਗਤ ਪੂਰਨ ਸਿੰਘ ਇੱਕ ਦੂਰ ਅੰਦੇਸ਼ ਲੇਖਕ ਅਤੇ ਵਧੀਆ ਪ੍ਰਕਾਸ਼ਕ ਵੀ ਸਨ। ਆਪ ਨੇ ਆਪਣੀ ਜ਼ਿੰਦਗੀ ਦੇ ਅੰਤਿਮ ਪੜਾਅ ਤੱਕ ਅਜਿਹਾ ਸਾਹਿਤ ਰਚਿਆ, ਛਾਪਿਆ, ਵੰਡਿਆ ਤੇ ਵੰਡਾਇਆ ਜੋ ਆਉਣ ਵਾਲੀ ਹੁਸੀਨ ਜ਼ਿੰਦਗੀ ਲਈ ਮਾਰਗ ਦਰਸ਼ਨ ਕਰਦਾ ਸੀ।
ਦੇਹਾਂਤ : ਸੇਵਾ ਦੀ ਇਹ ਜਗਦੀ ਜੋਤ 5 ਅਗਸਤ 1992 ਈਸਵੀ ਨੂੰ ਸਦਾ ਲਈ ਬੁਝ ਗਈ। ਬੇਸ਼ੱਕ ਆਪ ਸਰੀਰਕ ਤੌਰ ‘ਤੇ ਸਾਡੇ ਵਿੱਚ ਨਹੀਂ ਹਨ ਪਰ ਆਪ ਦੀ ਹੋਂਦ ਆਪ ਦੇ ਨੇਕ ਉਪਰਾਲਿਆਂ ਕਾਰਨ ਹਮੇਸ਼ਾ ਲੋਕ ਦਿਲਾਂ ਵਿੱਚ ਬਣੀ ਰਹੇਗੀ।
ਪਿੰਗਲਵਾੜਾ ਨਾਮੀ ਸੰਸਥਾ ਦੀ ਸਥਾਪਨਾ ਨੇ ਆਪ ਨੂੰ ਸਚਮੁੱਚ ਮਾਨਵਤਾ ਦੇ ਮਸੀਹਾ, ਮਨੁੱਖਤਾ ਦੇ ਪੁਜਾਰੀ ਤੇ ਪਿਆਰ ਦੇ ਮੁਜੱਸਮੇ ਦੀ ਉਪਾਧੀ ਦਿੱਤੀ ਹੈ।
ਪਿੰਗਲਵਾੜੇ ਦੀ ਉੱਤਰਾਧਿਕਾਰੀ : ਭਗਤ ਜੀ ਵੱਲੋਂ ਮਾਨਵਤਾ ਦੀ ਸੇਵਾ ਲਈ ਅਰੰਭੇ ਕਾਰਜ ਨੂੰ ਉਨ੍ਹਾਂ ਦੀ ਉੱਤਰਾਧਿਕਾਰੀ ਡਾ: ਇੰਦਰਜੀਤ ਕੌਰ ਜੀ ਨੇ ਉਸੇ ਹੀ ਸੇਵਾ ਭਾਵਨਾ ਤੇ ਸ਼ਿੱਦਤ ਨਾਲ ਅੱਗੇ ਜਾਰੀ ਰੱਖਿਆ ਹੈ। ਇਸ ਸਮੇਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮ੍ਰਿਤਸਰ ਦੀਆਂ ਪ੍ਰਮੁੱਖ ਬ੍ਰਾਂਚਾਂ ਸ੍ਰੀ ਗੋਇੰਦਵਾਲ ਸਾਹਿਬ, ਧੂਰੀ ਰੋਡ ਸੰਗਰੂਰ, ਪਲਸੌਰਾ ਚੰਡੀਗੜ੍ਹ, ਲੁਧਿਆਣਾ ਆਦਿ ਤੋਂ ਇਲਾਵਾ 23 ਏਕੜ ਮਾਨਾਂਵਾਲਾ (ਅੰਮ੍ਰਿਤਸਰ) ਬ੍ਰਾਂਚ, ਭਗਤ ਪੂਰਨ ਸਿੰਘ ਆਦਰਸ਼ ਸਕੂਲ, ਭਗਤ ਪੂਰਨ ਸਿੰਘ ਮਸਨੂਈ ਅੰਗ ਕੇਂਦਰ, ਭਗਤ ਪੂਰਨ ਸਿੰਘ ਆਪਣਾ ਘਰ (ਬਿਰਧ ਘਰ), ਲੜਕੀਆਂ ਦਾ ਹੋਸਟਲ, ਅਜਾਇਬ ਘਰ ਆਦਿ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹਨ।
ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਪਿੰਗਲਵਾੜਾ ਸੰਸਥਾ ਦੀਨ-ਦੁਖੀਆਂ ਲਈ ਆਪਣੀ ਹੀ ਕਿਸਮ ਦਾ ਇੱਕ ਸਵਰਗ ਹੈ, ਜਿਸ ਨੂੰ ਭਗਤ ਪੂਰਨ ਸਿੰਘ ਜੀ ਨੇ ਇਸ ਦੁਨੀਆਂ ‘ਤੇ ਸਥਾਪਤ ਕੀਤਾ ਹੈ।